ਅਫ਼ਗਾਨਿਸਤਾਨ : ਤਾਲਿਬਾਨ ਭਾਰਤ ਨਾਲ ਪਾਕਿਸਤਾਨ ਰਾਹੀ ਵਪਾਰ ਦਾ ਇਛੁੱਕ

ਤਾਲਿਬਾਨ ਨੇ ਭਾਰਤ ਨਾਲ ਅਫ਼ਗਾਨਿਸਤਾਨ ਦੇ ਸਬੰਧਾਂ ਉਪਰ ਅਹਿਮ ਬਿਆਨ ਦਿੱਤਾ ਹੈ।

ਅੰਗਰੇਜ਼ੀ ਅਖ਼ਬਾਰ ' ਟਾਈਮਜ਼ ਆਫ ਇੰਡੀਆ' ਵਿੱਚ ਛਪੀ ਖ਼ਬਰ ਮੁਤਾਬਕ ਤਾਲਿਬਾਨ ਦੇ ਦੋਹਾ ਦਫਤਰ ਦੇ ਉਪ ਮੁਖੀ ਸ਼ੇਰ ਮੁਹੰਮਦ ਅੱਬਾਸ ਨੇ ਇੱਕ ਵੀਡੀਓ ਮੈਸੇਜ ਵਿੱਚ ਆਖਿਆ ਹੈ ਕਿ ਅਫ਼ਗਾਨਿਸਤਾਨ ਭਾਰਤ ਨਾਲ ਪਹਿਲਾਂ ਵਰਗੀ ਹੀ ਰਾਜਨੀਤਿਕ, ਆਰਥਿਕ ,ਵਪਾਰਕ ਅਤੇ ਸੱਭਿਆਚਾਰਕ ਸਾਂਝ ਚਾਹੁੰਦਾ ਹੈ ।

ਟੀਵੀ ਉਤੇ ਦਿੱਤੇ ਬਿਆਨ ਮੁਤਾਬਿਕ ਤਾਲਿਬਾਨ ਪਾਕਿਸਤਾਨ ਰਾਹੀਂ ਭਾਰਤ ਨਾਲ ਵਪਾਰ ਕਰਨ ਦਾ ਵੀ ਇੱਛੁਕ ਹੈ। ਭਾਰਤ ਦੀ ਸਹਾਇਤਾ ਨਾਲ ਵਿਕਸਿਤ ਹੋਏ ਇਰਾਨ ਦੇ ਚਾਬਹਾਰ ਬੰਦਰਗਾਹ ਰਾਹੀਂ ਵਪਾਰ ਬਾਰੇ ਵੀ ਤਾਲਿਬਾਨ ਨੇਤਾ ਨੇ ਸਕਾਰਾਤਮਕ ਬਿਆਨ ਦਿੱਤੇ ਹਨ।

ਇਹ ਵੀ ਪੜ੍ਹੋ-

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ਼ ਗਾਨੀ ਦੇਸ਼ ਛੱਡ ਗਏ ਸਨ ਅਤੇ ਦੇਸ਼ ਵਿੱਚ ਸਰਕਾਰ ਅਤੇ ਵਪਾਰ ਬਾਰੇ ਅਸਪਸ਼ਟਤਾ ਹੈ।

ਭਾਰਤ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਅਤੇ ਮਨੁੱਖੀ ਅਧਿਕਾਰ ਕੌਂਸਲ ਵਿੱਚ ਆਪਣੇ ਬਿਆਨ ਦੌਰਾਨ ਤਾਲਿਬਾਨ ਦਾ ਨਾਮ ਨਹੀਂ ਲਿਆ ਗਿਆ।

ਇਸ ਬਿਆਨ ਵਿੱਚ ਆਖਿਆ ਗਿਆ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਦਹਿਸ਼ਤਗਰਦੀ ਸਮੂਹ ਦੁਆਰਾ ਆਸਪਾਸ ਦੇ ਦੇਸ਼ਾਂ ਵਿੱਚ ਉੱਪਰ ਨਿਸ਼ਾਨੇ ਲਈ ਵਰਤੀ ਜਾ ਸਕਦੀ ਹੈ।

ਖ਼ਬਰ ਅਨੁਸਾਰ ਭਾਰਤ ਦੁਆਰਾ ਤਾਲਿਬਾਨ ਨੂੰ ਅਧਿਕਾਰਿਤ ਰੂਪ ਵਿੱਚ ਮਾਨਤਾ ਨਹੀਂ ਦਿੱਤੀ ਪਰ ਇਸ ਦੇ ਨਾਲ ਹੀ ਤਾਲਿਬਾਨ ਨਾਲ ਗੱਲਬਾਤ ਦੇ ਆਸਾਰ ਨੂੰ ਵੀ ਰੱਦ ਨਹੀਂ ਕੀਤਾ ਜਾ ਰਿਹਾ।

ਹਰੀਸ਼ ਰਾਵਤ ਨੇ ਦਿੱਤਾ ਸਪੱਸ਼ਟੀਕਰਨ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਬਿਆਨ ਉੱਪਰ ਸਪੱਸ਼ਟੀਕਰਨ ਦਿੱਤਾ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ 'ਦੀ ਖ਼ਬਰ ਮੁਤਾਬਕ ਰਾਵਤ ਨੇ ਸਾਫ ਕੀਤਾ ਹੈ ਕਿ ਮੁੱਖ ਮੰਤਰੀ ਸਰਕਾਰ ਚਲਾਉਂਦੇ ਹਨ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਨੂੰ ਦੇਖਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਰੀਸ਼ ਰਾਵਤ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਕਮਾਨ ਸੰਭਾਲਣਗੇ।

ਰਾਵਤ ਦੇ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਧੜੇ ਵੱਲੋਂ ਸਵਾਲ ਚੁੱਕੇ ਗਏ ਸਨ ਅਤੇ ਕੈਪਟਨ ਧੜੇ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਰਾਹੀਂ ਰਾਤ ਦੇ ਭੋਜਨ ਦੁਆਰਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵਿੱਚ ਕਈ ਵਿਧਾਇਕ ਸ਼ਾਮਲ ਹੋਏ ਸਨ।

ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਪਰਗਟ ਸਿੰਘ ਨੇ ਆਖਿਆ ਕਿ ਜਦੋਂ ਰਾਜ ਸਭਾ ਮੈਂਬਰ ਮਲਿਕਅਰਜੁਨ ਖੜਗੇ ਦੁਆਰਾ ਤਿੰਨ ਮੈਂਬਰੀ ਪੈਨਲ ਵਿੱਚ ਆਖਿਆ ਗਿਆ ਸੀ ਕਿ ਪੰਜਾਬ ਵਿੱਚ ਪਾਰਟੀ ਰਾਹੁਲ ਗਾਂਧੀ ,ਸੋਨੀਆ ਗਾਂਧੀ ਦੀ ਛਤਰ ਛਾਇਆ ਹੇਠ ਚੋਣ ਲੜੇਗੀ ਤਾਂ ਹਰੀਸ਼ ਰਾਵਤ ਵੱਲੋਂ ਮੁੱਖ ਮੰਤਰੀ ਸੰਬੰਧੀ ਬਿਆਨ ਕਿਉਂ ਦਿੱਤਾ ਗਿਆ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਹਰੀਸ਼ ਰਾਵਤ ਚੰਡੀਗੜ੍ਹ ਆ ਰਹੇ ਹਨ, ਜਿਸ ਉੱਪਰ ਸਾਰੇ ਕਾਂਗਰਸੀ ਆਗੂਆਂ ਦੀਆਂ ਨਜ਼ਰਾਂ ਹਨ।

ਇਡਾ ਤੂਫ਼ਾਨ ਕਾਰਨ ਨਿਓ ਓਰਲੀਅਨਜ਼ ਦੇ ਲੱਖਾਂ ਲੋਕ ਪ੍ਰਭਾਵਿਤ

ਅਮਰੀਕਾ ਦੇ ਨਿਊ ਓਰਲੀਅਨਜ਼ ਸ਼ਹਿਰ ਦੀ ਬਿਜਲੀ ਇਡਾ ਤੂਫਾਨ ਕਰਕੇ ਗੁੱਲ ਹੋ ਗਈ ਹੈ, ਜਿਸ ਨਾਲ ਚਾਰ ਲੱਖ ਲੋਕ ਪ੍ਰਭਾਵਿਤ ਹੋਏ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਮੁਤਾਬਕ ਇਹ ਅਮਰੀਕਾ ਨੂੰ ਪ੍ਰਭਾਵਿਤ ਕਰਨ ਵਾਲੇ ਹੁਣ ਤੱਕ ਸਭ ਤੋਂ ਤੇਜ਼ ਤੂਫ਼ਾਨਾਂ ਵਿੱਚ ਸ਼ਾਮਿਲ ਹੈ।ਅਮਰੀਕਾ ਦੇ ਕੌਮੀ ਮੌਸਮ ਵਿਭਾਗ ਮੁਤਾਬਕ ਇਸ ਤੂਫਾਨ ਨਾਲ ਮਿਸੀਸਿਪੀ ਦਰਿਆ ਦਾ ਵਹਾਅ ਪ੍ਰਭਾਵਿਤ ਹੋਇਆ ਹੈ ਅਤੇ ਸ਼ਹਿਰ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਵਧ ਗਈ ਹੈ।

ਇਹ ਤੂਫ਼ਾਨ ਕੈਟਰੀਨਾ ਤੂਫਾਨ ਦੇ ਲਗਪਗ ਡੇਢ ਦਹਾਕੇ ਬਾਅਦ ਆਇਆ ਹੈ। 2005 ਵਿੱਚ ਕੈਟਰੀਨਾ ਤੂਫ਼ਾਨ ਕਾਰਨ 1800ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਜਾ ਰਿਹਾ ਹੈ। ਸ਼ਹਿਰ ਦੇ ਹਵਾਈ ਅੱਡੇ 'ਤੇ ਐਤਵਾਰ ਨੂੰ ਸਾਰੀਆਂ ਉਡਾਣਾਂ ਰੱਦ ਹੋਣ ਕਾਰਨ ਭੀੜ ਹੋ ਗਈ ਹੈ। ਇਸ ਤੂਫਾਨ ਦੀ ਰਫਤਾਰ 150 ਮੀਲ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ ਅਤੇ ਰਾਹਤ ਕਾਰਜਾਂ ਲਈ ਫੌਜ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਸਹਾਇਤਾ ਦੀ ਤਿਆਰੀ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)