ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ ਨੂੰ ਨਵਜੋਤ ਸਿੱਧੂ ਤੇ ਓਵੇਸ਼ੀ ਨੇ ਕਿਹਾ, ‘ਲੋਕਾਂ ਦੇ ਮੂਲ ਅਧਿਕਾਰ ’ਤੇ ਹਮਲਾ’

ਸ਼ਨੀਵਾਰ ਨੂੰ ਹਰਿਆਣਾ ਦੇ ਕਰਨਾਲ ਵਿਖੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਸੰਗਠਨਾਂ ਨੇ ਪੰਜਾਬ ਵਿੱਚ ਐਤਵਾਰ ਦੁਪਹਿਰ ਦੋ ਘੰਟੇ ਲਈ ਚੱਕਾ ਜਾਮ ਅਤੇ ਵਿਰੋਧ ਪ੍ਰਦਰਸ਼ਨ ਕੀਤਾ।

ਹਰਿਆਣਾ ਵਿੱਚ ਵੀ ਵੱਖ- ਵੱਖ ਜਗ੍ਹਾ ਵਿਰੋਧ ਪ੍ਰਦਰਸ਼ਨ ਦੇ ਨਾਲ- ਨਾਲ ਪੁਤਲੇ ਸਾੜੇ ਗਏ।

ਜਲੰਧਰ,ਅੰਮ੍ਰਿਤਸਰ,ਲੁਧਿਆਣਾ,ਪਟਿਆਲਾ ਸਮੇਤ ਕਈ ਸ਼ਹਿਰਾਂ ਵਿੱਚ ਮੁੱਖ ਹਾਈਵੇ ’ਤੇ ਜਾਮ ਲਗਾਇਆ ਗਿਆ। ਇਸ ਦੌਰਾਨ ਐਂਬੂਲੈਂਸ ਅਤੇ ਭਰਤੀਆਂ ਲਈ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਛੋਟ ਦਿੱਤੀ ਗਈ।

ਸ਼ਨੀਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਵਿਧਾਨ ਸਭਾ ਖੇਤਰ ਵਿੱਚ ਇੱਕ ਸਮਾਗਮ ਲਈ ਆਉਣਾ ਸੀ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਵਿਰੋਧ ਪ੍ਰਦਰਸ਼ਨ ਦੌਰਾਨ ਤੈਨਾਤ ਪੁਲਿਸ ਬਲ ਵੱਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ ਜਿਸ ਨਾਲ ਕਈ ਕਿਸਾਨ ਫੱਟੜ ਹੋ ਗਏ ਅਤੇ ਕਈਆਂ ਨੂੰ ਹਸਪਤਾਲ ਭੇਜਿਆ ਗਿਆ।

ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਬੀਤੇ ਕਈ ਮਹੀਨਿਆਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਗੇ ਤੇ ਉਹ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹਨ।

ਇਹ ਵੀ ਪੜ੍ਹੋ-

ਸ਼ਨੀਵਾਰ ਨੂੰ ਵੀ ਲਾਠੀਚਾਰਜ ਤੋਂ ਬਾਅਦ ਹਰਿਆਣਾ ਵਿੱਚ ਕਈ ਜਗ੍ਹਾ ਰੋਸ ਪ੍ਰਦਰਸ਼ਨ ਤੋਂ ਬਾਅਦ ਸੜਕਾਂ ਜਾਮ ਕੀਤੀਆਂ ਗਈਆਂ ਸਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਗਿਆ ਕਿ ਪੰਜਾਬ ਅਤੇ ਉਤਰਾਖੰਡ ਵਿੱਚ ਵੀ ਲਾਠੀਚਾਰਜ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਏ।

ਰਾਜਨੀਤਕ ਆਗੂਆਂ ਵੱਲੋਂ ਵਿਰੋਧ

ਕਿਸਾਨਾਂ ਉਪਰ ਲਾਠੀਚਾਰਜ ਦਾ ਵਿਰੋਧ ਸੜਕਾਂ ਤੋਂ ਸੋਸ਼ਲ ਮੀਡੀਆ ਤੱਕ ਦੇਖਿਆ ਗਿਆ। ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਨੇ ਹਰਿਆਣਾ ਸਰਕਾਰ ਦੀ ਇਸ ਬਾਰੇ ਨਿਖੇਧੀ ਕੀਤੀ।

ਹਰਿਆਣਾ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਹਰਿਆਣਾ ਸਰਕਾਰ ਦੇ ਖ਼ਿਲਾਫ਼ ਕਈ ਹੈਸ਼ਟੈਗ ਟ੍ਰੈਂਡ ਹੋ ਰਹੇ ਹਨ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਦੇ ਸਮਰਥਨ ਵਿੱਚ ਵੀ ਕੁਝ ਲੋਕ ਟਵੀਟ ਕਰ ਰਹੇ ਹਨ।

ਕਾਂਗਰਸ ਦੇ ਰਾਹੁਲ ਗਾਂਧੀ ਨੇ ਫੱਟੜ ਕਿਸਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਆਖਿਆ ਕਿ ਇੱਕ ਵਾਰ ਫਿਰ ਕਿਸਾਨ ਦਾ ਖ਼ੂਨ ਡੁੱਲ੍ਹਿਆ ਹੈ ਜਿਸ ਨਾਲ ਦੇਸ਼ ਦਾ ਸਿਰ ਚੁੱਕਿਆ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਉਪਰ ਲਾਠੀਚਾਰਜ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ਸੰਵਿਧਾਨ ਅਤੇ ਲੋਕਤੰਤਰ ਉੱਪਰ ਹਮਲਾ ਆਖਿਆ ਹੈ।

ਉਨ੍ਹਾਂ ਕਿਹਾ, “ਕਿਸਾਨਾਂ ਖਿਲਾਫ਼ ਕੀਤੀ ਗਈ ਕਾਰਵਾਈ ਭਾਰਤੀਆਂ ਦੇ ਉਸ ਮੂਲ ਅਧਿਕਾਰ ’ਤੇ ਹਮਲਾ ਹੈ ਜੋ ਕਈ ਕੁਰਬਾਨੀਆਂ ਤੋਂ ਬਾਅਦ ਹਾਸਲ ਕੀਤਾ ਗਿਆ ਹੈ। ਇਹ ਸੰਵਿਧਾਨ ਦੀ ਭਾਵਨਾ ’ਤੇ ਵੀ ਸਿੱਧਾ ਹਮਲਾ ਹੈ।”

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਉਪਰ ਲਾਠੀਚਾਰਜ ਨੂੰ ਗ਼ਲਤ ਦੱਸਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦੇਸ਼ ਦੇ ਅੰਨਦਾਤਾ ਨਾਲ ਇਸ ਤਰੀਕੇ ਦਾ ਵਤੀਰਾ ਠੀਕ ਨਹੀਂ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਸੀ।

ਇਸ ਵਿਰੋਧ ਪ੍ਰਦਰਸ਼ਨ ਨਾਲ ਸੰਬੰਧਿਤ ਸਥਾਨਕ ਅਧਿਕਾਰੀਆਂ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੈ।

ਏਆਈਐੱਮਆਈਐੱਮ ਦੇ ਆਗੂ ਅਸੁੱਦਦੀਨ ਓਵੇਸੀ ਨੇ ਐੱਸਡੀਐੱਮ ਦੇ ਵਾਇਰਲ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ, “ਭਾਰਤ ਵਿੱਚ ਮੁਜ਼ਾਹਰਾ ਕਰਨਾ ਨਾਗਰਿਕਾਂ ਦਾ ਮੂਲ ਅਧਿਕਾਰ ਹੈ। ਇਹ ਅਫ਼ਸਰ ਕਿਵੇਂ ਲੋਕਾਂ ਉੱਤੇ ਐਕਸ਼ਨ ਲੈਣ ਦਾ ਹੁਕਮ ਦੇ ਸਕਦਾ ਹੈ। ਖੱਟਰ ਸਰਕਾਰ ਹਰਿਆਣਾ ਵਿੱਚ ਕੀ ਕਰ ਰਹੀ ਹੈ। ਮੈਂ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ।”

ਖ਼ਬਰ ਏਜੰਸੀ ਏਐਨਆਈ ਮੁਤਾਬਕ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇਸ ਅਧਿਕਾਰੀ ਵੱਲੋਂ ਵਰਤੇ ਗਏ ਸ਼ਬਦਾਂ ਦੀ ਨਿੰਦਿਆ ਕੀਤੀ ਹੈ ਅਤੇ ਆਖਿਆ ਹੈ ਕਿ ਇਸ ਖ਼ਿਲਾਫ਼ ਸਰਕਾਰ ਵੱਲੋਂ ਐਕਸ਼ਨ ਲਿਆ ਜਾਵੇਗਾ।

ਪੰਜਾਬ, ਹਰਿਆਣਾ ਵਿੱਚ ਕਈ ਜਗ੍ਹਾ ਰੋਸ ਪ੍ਰਦਰਸ਼ਨ

ਕਰਨਾਲ ਵਿੱਚ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦੇ ਕੋਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦੇ ਕੋਲ ਪ੍ਰਦਰਸ਼ਨ ਕੀਤੇ ਗਏ ਅਤੇ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।

ਇਸ ਤੋਂ ਇਲਾਵਾ ਕੁਰੂਕਸ਼ੇਤਰ, ਰੋਹਤਕ,ਯਮੁਨਾਨਗਰ ਸਮੇਤ ਕਈ ਜਗ੍ਹਾ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਨੀਵਾਰ ਨੂੰ ਲਾਠੀਚਾਰਜ ਦੇ ਵਿਰੋਧ ਵਿੱਚ ਅੰਬਾਲਾ, ਜੀਂਦ, ਰਿਵਾੜੀ,ਨਰਵਾਣਾ, ਫਤਿਹਾਬਾਦ, ਸਿਰਸਾ, ਕੈਟਲਾਨਾ ਟੋਲ, ਗੋਹਾਨਾ ਭਿਵਾਨੀ, ਕੇਐਮਪੀ ਵਿਖੇ ਪ੍ਰਦਰਸ਼ਨ ਕੀਤਾ ਗਿਆ ਹੈ।

ਪੰਜਾਬ ਵਿੱਚ ਵੀ ਅੰਮ੍ਰਿਤਸਰ -ਪਠਾਨਕੋਟ ਹਾਈਵੇ ਦੋ ਘੰਟੇ ਲਈ ਜਾਮ ਕੀਤਾ ਗਿਆ। ਜਲੰਧਰ ਦੇ ਪੀਏਪੀ ਚੌਕ ਵਿਖੇ ਦੋ ਘੰਟੇ ਲਈ ਚੱਕਾ ਜਾਮ ਸੀ। ਲੁਧਿਆਣਾ ਚੰਡੀਗੜ੍ਹ ਰੋਡ ਅਤੇ ਦੋਰਾਹਾ ਰੋਪੜ ਰੋਡ ਵੀ ਬੰਦ ਕੀਤਾ ਗਿਆ।

ਪਟਿਆਲਾ ਰਾਜਪੁਰਾ ਮੇਨ ਹਾਈਵੇਅ ਉਪਰ ਵੀ ਚੱਕਾ ਜਾਮ ਹੋਇਆ। ਇਸ ਤੋਂ ਇਲਾਵਾ ਬਰਨਾਲਾ ਚੰਡੀਗੜ੍ਹ ਲੁਧਿਆਣਾ ਮੋਗਾ ਮਾਨਸਾ ਦੀ ਸੜਕਾਂ ਉੱਪਰ ਵੀ ਕਿਸਾਨ ਜਥੇਬੰਦੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ।

'ਕਿਸਾਨਾਂ ਲਈ ਪ੍ਰਸ਼ਾਸਨ ਦਰਵਾਜ਼ੇ ਹਮੇਸ਼ਾ ਖੁੱਲ੍ਹੇ

ਕਰਨਾਲ ਦੇ ਐਸਪੀ ਗੰਗਾ ਰਾਮ ਪੂਨੀਆ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕੱਲ੍ਹ ਹੋਏ ਘਟਨਾਕ੍ਰਮ ਉਪਰ ਮੀਡੀਆ ਨਾਲ ਗੱਲਬਾਤ ਕੀਤੀ।

ਨਿਸ਼ਾਂਤ ਯਾਦਵ ਨੇ ਕਿਹਾ ਕਿ ਜੇਕਰ ਕੱਲ ਹਲਕੇ ਬਲ ਦਾ ਪ੍ਰਯੋਗ ਨਾ ਕੀਤਾ ਜਾਂਦਾ ਤਾਂ ਹਾਈਵੇ ਉਪਰ ਲੰਬਾ ਜਾਮ ਲੱਗ ਸਕਦਾ ਸੀ। ਉਨ੍ਹਾਂ ਅਨੁਸਾਰ ਕਿਸਾਨਾਂ ਵੱਲੋਂ ਕੀਤੇ ਗਏ ਪਥਰਾਅ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਸੀ।

ਸਥਾਨਕ ਅਧਿਕਾਰੀ ਦੀ ਵਾਇਰਲ ਵੀਡੀਓ ਉੱਪਰ ਉਨ੍ਹਾਂ ਨੇ ਕਿਹਾ ਕਿ ਕੁਝ ਗਲਤ ਸ਼ਬਦਾਵਲੀ ਦਾ ਉਪਯੋਗ ਕੀਤਾ ਗਿਆ ਪਰ ਉਨ੍ਹਾਂ ਦਾ ਭਾਵ ਗ਼ਲਤ ਨਹੀਂ ਸੀ। ਨਿਸ਼ਾਂਤ ਯਾਦਵ ਨੇ ਇਸ ਬਾਰੇ ਖੇਦ ਵੀ ਪ੍ਰਗਟਾਇਆ।

ਸੋਮਵਾਰ ਨੂੰ ਹੋਣ ਵਾਲੀ ਬੈਠਕ ਬਾਰੇ ਪ੍ਰਸ਼ਾਸਨ ਨੇ ਕਿਹਾ ਕਿ ਕਿਸਾਨਾਂ ਲਈ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਹਨ ਅਤੇ ਜੇਕਰ ਕੋਈ ਆਪਣੀ ਗੱਲ ਕਹਿਣਾ ਚਾਹੁੰਦਾ ਹੈ ਤਾਂ ਕਹਿ ਸਕਦਾ ਹੈ। ਜੇਕਰ ਕਾਨੂੰਨੀ ਵਿਵਸਥਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਖ਼ਤ ਕਾਰਵਾਈ ਹੋਵੇਗੀ।

ਐੱਸਪੀ ਗੰਗਾ ਰਾਮ ਪੂਨੀਆ ਨੇ ਕਿਹਾ ਕਿ ਕੱਲ੍ਹ ਦੇ ਘਟਨਾਕ੍ਰਮ ਤੋਂ ਬਾਅਦ ਪੁਲੀਸ ਅਤੇ ਕਿਸਾਨਾਂ ਦੋਵਾਂ ਨੂੰ ਸੱਟਾਂ ਵੱਜੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਜ਼ਖ਼ਮੀ ਕਿਸਾਨਾਂ ਨੂੰ ਹਸਪਤਾਲ ਵੀ ਪਹੁੰਚਾਇਆ ਹੈ।

ਉਨ੍ਹਾਂ ਆਖਿਆ ਕਿ ਕੱਲ੍ਹ ਦੇ ਘਟਨਾਕ੍ਰਮ ਵਿੱਚ ਜੋ ਪ੍ਰਦਰਸ਼ਨਕਾਰੀ ਦੋਸ਼ੀ ਪਾਏ ਜਾਣਗੇ ਉਨ੍ਹਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)