You’re viewing a text-only version of this website that uses less data. View the main version of the website including all images and videos.
ਅਫ਼ਗ਼ਾਨਿਸਤਾਨ ਦੀ ਰਾਣੀ ਦੀ ਕਹਾਣੀ ਜਿਸ ਨੇ ਸਾਰਿਆਂ ਦੇ ਸਾਹਮਣੇ ਆਪਣਾ ਨਕਾਬ ਹਟਾ ਦਿੱਤਾ ਸੀ
“ਔਰਤਾਂ ਨੂੰ ਪਰਦਾ ਨਹੀਂ ਕਰਨਾ ਚਾਹੀਦਾ ਅਤੇ ਮਰਦਾਂ ਨੂੰ ਇੱਕ ਤੋਂ ਵੱਧ ਵਿਆਹ ਨਹੀਂ ਕਰਵਾਉਣੇ ਚਾਹੀਦੇ।” ਇਹ ਉਸ ਔਰਤ ਦੇ ਵਿਚਾਰ ਸਨ ਜੋ ਅਫ਼ਗ਼ਾਨਿਸਤਾਨ ਦੀ ਰਾਣੀ ਬਣੀ।
ਜਦੋਂ ਅਮਾਨਉੱਲਾਹ ਖਾਨ ਨੇ 1919 ਵਿੱਚ ਅਫ਼ਗ਼ਾਨਿਸਤਾਨ ਵਿੱਚ ਸੱਤਾ ਸੰਭਾਲੀ ਤਾਂ ਉਨ੍ਹਾਂ ਦੀ ਪਤਨੀ ਸੁਰੱਈਆ ਤਰਜ਼ੀ ਦੇ ਵਿਚਾਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਵਿਚਾਰ ਉਸ ਦੇਸ਼ ਲਈ ਨਵੇਂ ਸਨ ਜੋ ਸਦੀਆਂ ਤੋਂ ਇੱਕ ਕਬਾਇਲੀ ਅਤੇ ਰੂੜੀਵਾਦੀ ਸੱਭਿਆਚਾਰ ਵਿੱਚ ਰਹਿ ਰਿਹਾ ਸੀ।
ਕੁਝ ਸਾਲਾਂ ਬਾਅਦ, ਅਮਾਨਉੱਲਾਹ ਖਾਨ ਨੇ ਆਪਣਾ ਅਹੁਦਾ ਅਮੀਰ ਤੋਂ ਬਦਲ ਕੇ ਬਾਦਸ਼ਾਹ ਕਰ ਦਿੱਤਾ ਅਤੇ ਉਹ ਅਫ਼ਗ਼ਾਨਿਸਤਾਨ ਦੇ ਸ਼ਾਹ ਬਣ ਗਏ।
ਉਨ੍ਹਾਂ ਦਾ ਸ਼ਾਸਨ 1929 ਤੱਕ ਚੱਲਿਆ। ਇਸ ਸਮੇਂ ਦੌਰਾਨ ਉਹ ਅਤੇ ਰਾਣੀ ਸੁਰੱਈਆ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਅਤੇ ਲੜਕੀਆਂ ਦੀ ਸਿੱਖਿਆ ਲਈ ਵਚਨਬੱਧ ਰਹੇ।
ਇਹ ਵੀ ਪੜ੍ਹੋ:
1926 ਵਿੱਚ ਅਮਾਨਉੱਲਾਹ ਖਾਨ ਨੇ ਇੱਕ ਬਿਆਨ ਵਿੱਚ ਕਿਹਾ ਸੀ, ''ਮੈਂ ਭਾਵੇਂ ਜਨਤਾ ਦਾ ਰਾਜਾ ਹਾਂ ਪਰ ਸਿੱਖਿਆ ਮੰਤਰੀ ਮੇਰੀ ਪਤਨੀ ਹੀ ਹੈ।''
ਉਨ੍ਹਾਂ ਦੇ ਇਸ ਬਿਆਨ ਨੇ ਅਫ਼ਗ਼ਾਨਿਸਤਾਨ ਵਿੱਚ ਸੁਰੱਈਆ ਦੀ ਭੂਮਿਕਾ ਨੂੰ ਸਪੱਸ਼ਟ ਕਰ ਦਿੱਤਾ ਸੀ।
ਅਮਾਨਉੱਲਾਹ ਖਾਨ ਅਤੇ ਸੁਰੱਈਆ ਤਰਜ਼ੀ ਦੀ ਸਭ ਤੋਂ ਛੋਟੀ ਧੀ ਰਾਜਕੁਮਾਰੀ ਇੰਡੀਆ ਨੇ 2014 ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਆਪਣੀ ਮਾਂ ਬਾਰੇ ਕਿਹਾ ਸੀ, "ਮੇਰੀ ਮਾਂ ਨੇ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਅਤੇ ਆਪਣੀਆਂ ਦੋ ਧੀਆਂ ਨੂੰ ਸਕੂਲ ਭੇਜ ਕੇ ਦੂਜੇ ਪਰਿਵਾਰਾਂ ਲਈ ਇੱਕ ਮਿਸਾਲ ਕਾਇਮ ਕੀਤੀ।"
1929 ਵਿੱਚ ਜਦੋਂ ਅਮਾਨਉੱਲਾਹ ਖਾਨ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੇ ਭਾਰਤ ਵਿੱਚ ਪਨਾਹ ਲਈ ਸੀ।
ਇੱਥੇ ਹੀ ਮੁੰਬਈ ਸ਼ਹਿਰ ਵਿੱਚ ਉਨ੍ਹਾਂ ਦੀ ਸਭ ਤੋਂ ਛੋਟੀ ਧੀ ਦਾ ਜਨਮ ਹੋਇਆ ਸੀ। ਇਸੇ ਕਾਰਨ, ਉਨ੍ਹਾਂ ਨੇ ਆਪਣੀ ਧੀ ਦਾ ਨਾਮ ਇੰਡੀਆ ਰੱਖਿਆ।
ਅਲ-ਜਜ਼ੀਰਾ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਇੰਡੀਆ ਨੇ ਕਿਹਾ ਸੀ, "ਮੇਰੀ ਮਾਂ ਦੀਆਂ ਪ੍ਰਾਪਤੀਆਂ ਦਾ ਅਫ਼ਗ਼ਾਨਿਸਤਾਨ ਦੇ ਲੋਕ ਅਜੇ ਵੀ ਸਤਿਕਾਰ ਕਰਦੇ ਹਨ।"
"ਲੋਕ ਅੱਜ ਵੀ ਮੇਰੀ ਮਾਂ ਦੇ ਭਾਸ਼ਣਾਂ ਨੂੰ ਯਾਦ ਕਰਦੇ ਹਨ। ਕਿਸ ਤਰ੍ਹਾਂ ਉਨ੍ਹਾਂ ਨੇ ਅਫ਼ਗ਼ਾਨ ਔਰਤਾਂ ਨੂੰ ਸੁਤੰਤਰ ਰਹਿਣ ਅਤੇ ਪੜ੍ਹਨ-ਲਿਖਣ ਲਈ ਪ੍ਰੇਰਿਤ ਕੀਤਾ।"
ਇਸ ਦੇ ਨਾਲ ਹੀ, ਇਤਿਹਾਸਕਾਰ ਕਹਿੰਦੇ ਹਨ ਕਿ ਰਾਣੀ ਸੁਰੱਈਆ ਆਪਣੇ ਯੁੱਗ ਦੀਆਂ ਵਿਲੱਖਣ ਔਰਤਾਂ ਵਿੱਚੋਂ ਇੱਕ ਸਨ।
'ਗਿਆਨ ਪ੍ਰਾਪਤ ਕਰੋ'
ਰਾਣੀ ਸੁਰੱਈਆ ਅਫ਼ਗ਼ਾਨਿਸਤਾਨ ਦੀਆਂ ਔਰਤਾਂ ਨਾਲ ਸਿੱਧੇ ਸੰਪਰਕ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਚਰਚਾ ਕਰਦੇ ਸਨ।
1926 ਵਿੱਚ ਅਫ਼ਗ਼ਾਨਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ 'ਤੇ ਦਿੱਤੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਔਰਤਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਸੀ, ''ਆਜ਼ਾਦੀ ਸਾਡੇ ਸਾਰਿਆਂ ਦੀ ਹੈ ਅਤੇ ਇਸ ਲਈ ਅਸੀਂ ਇਸ ਦਾ ਜਸ਼ਨ ਮਨਾਉਂਦੇ ਹਾਂ। ਪਰ ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਸ਼ੁਰੂ ਤੋਂ ਹੀ, ਸਾਡੇ ਦੇਸ਼ ਨੂੰ ਆਪਣੀ ਸੇਵਾ ਲਈ ਸਿਰਫ ਪੁਰਸ਼ਾਂ ਦੀ ਲੋੜ ਰਹੀ ਹੈ। ਮਹਿਲਾਵਾਂ ਦੀ ਵੀ ਹਿੱਸੇਦਾਰੀ ਹੋਣੀ ਚਾਹੀਦੀ ਹੈ, ਜਿਵੇਂ ਕਿ ਸਾਡੇ ਦੇਸ਼ ਦੇ ਸ਼ੁਰੂਆਤੀ ਸਾਲਾਂ ਅਤੇ ਇਸਲਾਮ ਦੇ ਉੱਭਰਣ ਦੇ ਸਮੇਂ ਸੀ।''
''ਸਾਨੂੰ ਉਨ੍ਹਾਂ ਦੀਆਂ ਉਦਾਹਰਣਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਅਸੀਂ ਸਾਰਿਆਂ ਨੇ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਲੈਣਾ ਹੈ ਅਤੇ ਸਿੱਖਿਆ ਪ੍ਰਾਪਤ ਕੀਤੇ ਬਿਨਾਂ ਅਜਿਹਾ ਨਹੀਂ ਕੀਤਾ ਜਾ ਸਕਦਾ।''
''ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ ਤਾਂ ਜੋ ਅਸੀਂ ਔਰਤਾਂ ਵੀ ਉਸੇ ਤਰ੍ਹਾਂ ਭੂਮਿਕਾ ਨਿਭਾ ਸਕੀਏ ਜਿਵੇਂ ਕਿ ਇਸਲਾਮ ਦੇ ਸ਼ੁਰੂਆਤੀ ਸਾਲਾਂ ਵਿੱਚ ਔਰਤਾਂ ਨੇ ਨਿਭਾਈ ਸੀ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
1921 ਵਿੱਚ, ਰਾਣੀ ਸੁਰੱਈਆ ਨੇ ਹੀ ਅਫ਼ਗ਼ਾਨਿਸਤਾਨ ਵਿੱਚ ਲੜਕੀਆਂ ਲਈ ਪਹਿਲਾ ਪ੍ਰਾਇਮਰੀ ਸਕੂਲ ਖੋਲ੍ਹਿਆ ਸੀ। ਕਾਬੁਲ ਵਿਖੇ ਖੋਲ੍ਹੇ ਗਏ ਇਸ ਸਕੂਲ ਦਾ ਨਾਂ ਸੀ ਮਸਤੂਰਾਤ ਸਕੂਲ।
ਅਰਬ ਨਿਊਜ਼ ਦੇ ਇੱਕ ਲੇਖ ਵਿੱਚ, ਜੋਨਾਥਨ ਗੋਰਨਾਲ ਅਤੇ ਸਈਦ ਸਲਾਉਦੀਨ ਨੇ ਦੱਸਿਆ ਸੀ ਕਿ 1928 ਵਿੱਚ, ਮਸਤੂਰਾਤ ਸਕੂਲ ਦੀਆਂ 15 ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਤੁਰਕੀ ਭੇਜਿਆ ਗਿਆ ਸੀ।
ਇਸ ਲੇਖ ਦਾ ਸਿਰਲੇਖ ਹੈ - ਅਫ਼ਗ਼ਾਨਿਸਤਾਨ ਦੀ ਰਾਣੀ ਸੁਰੱਈਆ: ਆਪਣੇ ਸਮੇਂ ਤੋਂ ਅੱਗੇ ਦੀ ਮਹਿਲਾ।
ਲੇਖ ਦੇ ਅਨੁਸਾਰ, ਮਸਤੂਰਾਤ ਸਕੂਲ ਵਿੱਚ ਪੜ੍ਹ ਰਹੀਆਂ ਕਾਬੁਲ ਦੇ ਪ੍ਰਭਾਵਸ਼ਾਲੀ ਪਰਿਵਾਰਾਂ ਦੀਆਂ 15 ਲੜਕੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਤੁਰਕੀ ਭੇਜਿਆ ਗਿਆ ਸੀ।
ਸਿੱਖਿਆ ਸ਼ਾਸਤਰੀ ਸ਼ੀਰੀਨ ਖਾਨ ਬੁਰਕੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ''ਕੁਆਰੀਆਂ ਕੁੜੀਆਂ ਨੂੰ ਵਿਦੇਸ਼ ਭੇਜਣ ਦੀ ਅਫ਼ਗ਼ਾਨਿਸਤਾਨ ਦੇ ਬਹੁਤ ਸਾਰੇ ਵਰਗਾਂ ਵਿੱਚ ਤਿੱਖੀ ਆਲੋਚਨਾ ਹੋਈ।''
ਲੜਕੀਆਂ ਨੂੰ ਪੜ੍ਹਾਈ ਲਈ ਤੁਰਕੀ ਭੇਜਣ ਦੇ ਇਸ ਕਦਮ ਨੂੰ ਅਫ਼ਗ਼ਾਨਿਸਤਾਨ ਵਿੱਚ ਪੱਛਮੀ ਸੱਭਿਆਚਾਰ ਨੂੰ ਅਪਣਾਉਣ ਦੇ ਰੂਪ ਵਿੱਚ ਦੇਖਿਆ ਗਿਆ।
ਲੈਂਡ ਆਫ਼ ਦਿ ਅਨਕੌਂਕਰੇਬਲ- ਦਿ ਲਾਈਵਜ਼ ਆਫ਼ ਕੰਟੈਂਪਰੇਰੀ ਅਫ਼ਗ਼ਾਨ ਵਿਮੇਨ ਕਿਤਾਬ ਦੀ ਲੇਖਿਕਾ ਸ਼ੀਰੀਨ ਬੁਰਕੀ ਦਾ ਕਹਿਣਾ ਹੈ ਕਿ ਅਫ਼ਗ਼ਾਨਿਸਤਾਨ ਦਾ ਸ਼ਾਸਕ ਵਰਗ, ਔਰਤਾਂ ਨੂੰ ਜਿਹੜੀ ਬਰਾਬਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਅਫ਼ਗਾਨਿਸਤਾਨ ਦੀ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਸੀ।
ਮਾਪਿਆਂ ਦਾ ਪ੍ਰਭਾਵ
ਰਾਣੀ ਸੁਰੱਈਆ ਤਰਜ਼ੀ ਦੇ ਪਿਤਾ ਮਹਿਮੂਦ ਤਰਜ਼ੀ, ਇੱਕ ਪ੍ਰਭਾਵਸ਼ਾਲੀ ਅਫ਼ਗ਼ਾਨ ਨੇਤਾ ਅਤੇ ਬੁੱਧੀਜੀਵੀ ਸਨ ਜੋ ਆਪਣੇ ਦੇਸ਼ ਵਿੱਚ ਉਦਾਰਵਾਦੀ ਨੀਤੀਆਂ ਲੈ ਕੇ ਆਏ।
ਉਨ੍ਹਾਂ ਦੀ ਸੋਚ ਦਾ ਪ੍ਰਭਾਵ ਨਾ ਸਿਰਫ਼ ਉਨ੍ਹਾਂ ਦੀ ਆਪਣੀ ਧੀ ਸੁਰੱਈਆ 'ਤੇ ਸੀ, ਸਗੋਂ ਉਨ੍ਹਾਂ ਦੇ ਸਭ ਤੋਂ ਪੱਕੇ ਪੈਰੋਕਾਰ 'ਤੇ ਵੀ ਸੀ। ਉਨ੍ਹਾਂ ਦਾ ਇਹੀ ਪੈਰੋਕਾਰ ਬਾਅਦ ਵਿੱਚ ਉਨ੍ਹਾਂ ਦਾ ਜਵਾਈ ਅਤੇ ਅਫ਼ਗ਼ਾਨਿਸਤਾਨ ਦਾ ਸ਼ਾਸਕ ਬਣਿਆ।
ਸੈਨ ਡਿਏਗੋ ਸਟੇਟ ਯੂਨੀਵਰਸਿਟੀ ਵਿੱਚ ਮਹਿਲਾ ਪ੍ਰੋਫ਼ੈਸਰ ਐਮਰੀਟਾ ਹੁਮਾ ਅਹਿਮਦ ਗੋਸ਼ ਕਹਿੰਦੇ ਹਨ, ''ਤਰਜ਼ੀ ਨੇ ਮਹਿਲਾਵਾਂ ਲਈ ਨੀਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਵਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਸਿਰਫ ਇੱਕ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਪੜ੍ਹਨ ਅਤੇ ਕੰਮ ਕਰਨ ਦੇ ਮੌਕੇ ਦਿੱਤੇ। ਇਹ ਔਰਤਾਂ ਬਿਨਾਂ ਬੁਰਕੇ ਦੇ ਜਨਤਕ ਥਾਵਾਂ 'ਤੇ ਨਜ਼ਰ ਆਉਂਦੀਆਂ ਸਨ।'
ਹੁਮਾ ਗੋਸ਼ ਅੱਗੇ ਕਹਿੰਦੇ ਹਨ, ''ਅਮਾਨਉੱਲਾਹ ਨੇ ਬੁਰਕੇ ਅਤੇ ਬਹੁ-ਵਿਆਹ ਦੇ ਵਿਰੁੱਧ ਜਨਤਕ ਮੁਹਿੰਮ ਚਲਾਈ। ਉਨ੍ਹਾਂ ਨੇ ਸਿਰਫ਼ ਕਾਬੁਲ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਲੜਕੀਆਂ ਦੀ ਸਿੱਖਿਆ ਉੱਤੇ ਜ਼ੋਰ ਦਿੱਤਾ।''
''ਇੱਕ ਜਨਤਕ ਸਭਾ ਵਿੱਚ ਅਮਾਨਉੱਲਾਹ ਨੇ ਕਿਹਾ ਸੀ ਕਿ ਇਸਲਾਮ ਔਰਤਾਂ ਨੂੰ ਆਪਣਾ ਸ਼ਰੀਰ ਲੁਕਾਉਣ ਜਾਂ ਵਿਸ਼ੇਸ਼ ਬੁਰਕਾ ਪਹਿਨਣ ਦਾ ਹੁਕਮ ਨਹੀਂ ਦਿੰਦਾ ਹੈ।''
''ਅਮਾਨਉੱਲਾਹ ਦਾ ਭਾਸ਼ਣ ਖਤਮ ਹੋਣ ਤੋਂ ਬਾਅਦ, ਸੁਰੱਈਆ ਨੇ ਆਪਣਾ ਨਕਾਬ ਹਟਾ ਦਿੱਤਾ ਅਤੇ ਉੱਥੇ ਮੌਜੂਦ ਔਰਤਾਂ ਨੇ ਵੀ ਅਜਿਹਾ ਹੀ ਕੀਤਾ।''
ਵੱਖ-ਵੱਖ ਮੌਕਿਆਂ 'ਤੇ ਲਈਆਂ ਗਈਆਂ ਤਸਵੀਰਾਂ ਵਿੱਚ ਸੁਰੱਈਆ ਨੂੰ ਟੋਪੀ (ਹੈਟ) ਪਹਿਨੇ ਹੋਏ ਵੀ ਦੇਖਿਆ ਜਾ ਸਕਦਾ ਹੈ।
ਪਰਿਵਾਰ
ਸੁਰੱਈਆ ਦਾ ਜਨਮ 24 ਨਵੰਬਰ, 1899 ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਹੋਇਆ ਸੀ। ਉਸ ਸਮੇਂ ਦਮਿਸ਼ਕ, ਓਸਮਾਨੀਆ ਸਲਤਨਤ ਦਾ ਹਿੱਸਾ ਸੀ।
ਸੁਰੱਈਆ ਦਾ ਬਚਪਨ ਇੱਥੇ ਹੀ ਲੰਘਿਆ ਅਤੇ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ। ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਅਫ਼ਗ਼ਾਨਿਸਤਾਨ ਵਾਪਸ ਆ ਗਿਆ।
ਸਾਲ 1901 ਵਿੱਚ ਜਦੋਂ ਅਮਾਨਉੱਲਾਹ ਖਾਨ ਦੇ ਪਿਤਾ ਹਬੀਬੁੱਲਾਹ ਖਾਨ ਅਫ਼ਗ਼ਾਨਿਸਤਾਨ ਦੇ ਅਮੀਰ ਬਣੇ, ਤਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਪਰਿਵਾਰ ਦੇਸ਼ ਵਾਪਸ ਆ ਗਏ ਸਨ।
ਸੁਰੱਈਆ ਦੇ ਪਿਤਾ ਤਰਜ਼ੀ ਨੂੰ ਵੀ ਸਰਕਾਰ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਵਿਕਾਸ ਦੀ ਜ਼ਿੰਮੇਵਾਰੀ ਸੰਭਾਲਣ ਦਾ ਸੱਦਾ ਦਿੱਤਾ ਗਿਆ ਸੀ।
ਰਾਜਕੁਮਾਰ ਅਮਾਨਉੱਲਾਹ ਖਾਨ ਅਤੇ ਸੁਰੱਈਆ ਤਰਜ਼ੀ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ ਅਤੇ 1913 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਹਬੀਬੁੱਲਾਹ ਖਾਨ ਦੇ ਕਤਲ ਤੋਂ ਬਾਅਦ ਅਮਾਨਉੱਲਾਹ ਖਾਨ ਆਪਣੇ ਪਿਤਾ ਦੀ ਥਾਂ ਅਮੀਰ ਬਣੇ ਅਤੇ ਦੇਸ਼ ਦੀ ਸੱਤਾ ਇਸ ਜੋੜੇ ਦੇ ਹੱਥਾਂ ਵਿੱਚ ਆ ਗਈ।
ਅਮਾਨਉੱਲਾਹ ਖਾਨ ਨੇ ਆਪਣੇ ਦੇਸ਼ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਇਆ ਅਤੇ 1919 ਵਿੱਚ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਨੂੰ ਆਜ਼ਾਦ ਐਲਾਨਿਆ।
ਅਲ ਜਜ਼ੀਰਾ ਦੀ ਪੱਤਰਕਾਰ ਤਾਨਯਾ ਗੌਦਸੂਜ਼ਿਆਂ ਨੇ 2014 ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਸੀ ਕਿ ਮਹਾਰਾਣੀ ਸੁਰੱਈਆ ਘੋੜੇ 'ਤੇ ਬੈਠ ਕੇ ਸ਼ਿਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਆਨਰੇਰੀ ਡਿਗਰੀ ਵੀ ਪ੍ਰਾਪਤ ਸੀ।
''ਉਨ੍ਹਾਂ ਦੀ ਸੀਰੀਅਨ ਮੂਲ ਦੀ ਮਾਂ ਅਸਮਾ ਰਸਮਿਆ ਤਰਜ਼ੀ ਨੇ ਅਫ਼ਗ਼ਾਨਿਸਤਾਨ ਵਿੱਚ ਮਹਿਲਾਵਾਂ ਦੀ ਪਹਿਲੀ ਪੱਤ੍ਰਿਕਾ ਸ਼ੁਰੂ ਕੀਤੀ ਸੀ, ਜਿਸ ਵਿੱਚ ਸਫਲ ਮਹਿਲਾਵਾਂ ਅਤੇ ਇਸਲਾਮਿਕ ਸੰਸਾਰ ਵਿੱਚ ਉੱਚਾ ਦਰਜਾ ਪ੍ਰਾਪਤ ਕਰਨ ਵਾਲਿਆਂ ਔਰਤਾਂ ਬਾਰੇ ਲੇਖ ਹੁੰਦੇ ਸਨ।''
ਇਰਸ਼ਾਦ-ਏ-ਨਿਸਵਾਂ ਨਾਮ ਦੀ ਇਸ ਪੱਤ੍ਰਿਕਾ ਦੇ ਪ੍ਰਕਾਸ਼ਨ ਵਿੱਚ ਧੀ ਸੁਰੱਈਆ ਵੀ ਆਪਣੀ ਮਾਂ ਦੀ ਮਦਦ ਕਰਦੇ ਸਨ। ਸੁਰੱਈਆ ਨੇ ਲਿੰਗ ਸਮਾਨਤਾ ਵਾਲੀ ਸਮੱਗਰੀ ਨੂੰ ਵੀ ਪ੍ਰਚਾਰਿਤ ਕੀਤਾ।
ਇਸ ਪੱਤ੍ਰਿਕਾ ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਕਾਸ਼ਨ ਪ੍ਰਕਾਸ਼ਿਤ ਹੋਏ।
ਅਫ਼ਗਾਨਿਸਤਾਨ ਦੀ ਰਾਣੀ ਦਾ ਦੌਰਾ
1927-28 ਵਿੱਚ ਰਾਣੀ ਸੁਰੱਈਆ ਅਤੇ ਉਨ੍ਹਾਂ ਦੇ ਪਤੀ ਨੇ ਯੂਰਪ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੂੰ ਬਹੁਤ ਸਾਰੇ ਸਨਮਾਨ ਪ੍ਰਾਪਤ ਹੋਏ।
ਗੋਰਨਾਲ ਅਤੇ ਸਲਾਹੂਦੀਨ ਦੇ ਅਨੁਸਾਰ, ਯੂਰਪ ਦੌਰੇ ਦੌਰਾਨ ਉਨ੍ਹਾਂ ਨੂੰ ਦੇਖਣ ਲਈ ਕਈ ਸ਼ਹਿਰਾਂ ਵਿੱਚ ਭਾਰੀ ਭੀੜ ਇਕੱਠੀ ਹੋਈ।
ਆਪਣੀ ਯਾਤਰਾ ਦੌਰਾਨ, ਇਸ ਸ਼ਾਹੀ ਜੋੜੇ ਨੇ ਜੋ ਵੇਖਿਆ, ਆਪਣੇ ਦੇਸ਼ ਪਰਤ ਕੇ ਉਸ ਨੂੰ ਇੱਥੇ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ।
ਪਰ ਇਸ ਦੌਰੇ 'ਤੇ ਲਈਆਂ ਗਈਆਂ ਕੁਝ ਤਸਵੀਰਾਂ ਨੇ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਨਾਰਾਜ਼ ਕਰ ਦਿੱਤਾ।
ਇਨ੍ਹਾਂ ਤਸਵੀਰਾਂ ਵਿੱਚ ਰਾਣੀ ਸੁਰੱਈਆ ਯੂਰਪ ਦੇ ਮਰਦਾਂ ਨਾਲ ਬਿਨਾਂ ਬੁਰਕੇ ਦੇ ਸਨ ਅਤੇ ਕੁਝ ਤਸਵੀਰਾਂ ਵਿੱਚ ਉਨ੍ਹਾਂ ਨੇ ਸਲੀਵਲੈੱਸ (ਬਿਨਾਂ ਬਾਜੂ) ਪਹਿਰਾਵਾ ਪਾਇਆ ਹੋਇਆ ਸੀ।
ਅਹਿਮਦ ਘੋਸ਼ ਕਹਿੰਦੇ ਹਨ, "ਰੂੜ੍ਹੀਵਾਦੀ ਮੌਲਵੀਆਂ ਅਤੇ ਖੇਤਰੀ ਨੇਤਾਵਾਂ ਨੇ ਇਨ੍ਹਾਂ ਤਸਵੀਰਾਂ ਨੂੰ ਦੇਸ਼ ਦੇ ਸੱਭਿਆਚਾਰ, ਧਰਮ ਅਤੇ ਸਨਮਾਨ ਦੇ ਨਾਲ ਇੱਕ ਧੋਖੇ ਵਜੋਂ ਵੇਖਿਆ।"
ਕੁਝ ਸਰੋਤ ਇਹ ਵੀ ਦਾਅਵਾ ਕਰਦੇ ਹਨ ਕਿ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਬ੍ਰਿਟਿਸ਼ ਸਾਮਰਾਜ ਨਾਲ ਜੁੜੇ ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਅਫ਼ਗ਼ਾਨਿਸਤਾਨ ਦੇ ਕਬਾਇਲੀ ਖੇਤਰਾਂ ਵਿੱਚ ਵੰਡਿਆ ਸੀ ਤਾਂ ਜੋ ਦੇਸ਼ ਵਿੱਚ ਅਸਥਿਰਤਾ ਫੈਲਾਈ ਜਾ ਸਕੇ।
ਸ਼ਾਹੀ ਪਰਿਵਾਰ ਦੇ ਵਿਰੁੱਧ ਨਾਰਾਜ਼ਗੀ ਵੱਧ ਰਹੀ ਸੀ ਅਤੇ ਆਖਿਰਕਾਰ 1929 ਵਿੱਚ ਉਨ੍ਹਾਂ ਨੂੰ ਦੇਸ਼ ਛੱਡ ਕੇ ਇਟਲੀ ਵਿੱਚ ਸ਼ਰਨ ਲੈਣੀ ਪਈ। ਇਸ ਦੇ ਨਾਲ ਹੀ ਉਨ੍ਹਾਂ ਦਾ ਅਫ਼ਗ਼ਾਨਿਸਤਾਨ ਦੇ ਵਿਕਾਸ ਦਾ ਕੰਮ ਵੀ ਰੁਕ ਗਿਆ।
1928 ਦੇ ਅੰਤ ਤੋਂ ਹੀ ਅਫ਼ਗ਼ਾਨਿਸਤਾਨ ਵਿੱਚ ਇੱਕ ਘਰੇਲੂ ਲੜਾਈ ਚੱਲ ਰਹੀ ਸੀ। ਇਸ ਦੌਰਾਨ ਹਬੀਬੁੱਲਾਹ ਕਾਲਕਨੀ ਨੇ ਕੁਝ ਸਮੇਂ ਲਈ ਸੱਤਾ ਹਾਸਿਲ ਕਰ ਲਈ ਪਰ ਅੰਤ ਵਿੱਚ ਸੱਤਾ ਮੁਹੰਮਦ ਨਾਦਿਰ ਸ਼ਾਹ ਦੇ ਹੱਥ ਆਈ, ਜੋ 1929 ਤੋਂ 1933 ਤੱਕ ਦੇਸ਼ ਦੇ ਸ਼ਾਸਕ ਰਹੇ।
ਨਾਦਿਰ ਸ਼ਾਹ ਨੇ ਲੜਕੀਆਂ ਲਈ ਖੋਲ੍ਹੇ ਗਏ ਸਕੂਲ ਬੰਦ ਕਰ ਦਿੱਤੇ ਅਤੇ ਬੁਰਕਾ ਦੁਬਾਰਾ ਲਾਗੂ ਕਰ ਦਿੱਤਾ।
ਹਾਲਾਂਕਿ, ਨਾਦਿਰ ਸ਼ਾਹ ਦੇ ਪੁੱਤਰ ਅਤੇ ਲੰਮੇ ਸਮੇਂ ਤੱਕ ਅਫ਼ਗ਼ਾਨਿਸਤਾਨ ਦੇ ਸ਼ਾਸਕ ਰਹੇ ਮੁਹੰਮਦ ਜ਼ਹੀਰ ਸ਼ਾਹ (1933-1973) ਦੇ ਸ਼ਾਸਨ ਦੌਰਾਨ ਅਮਾਨਉੱਲਾਹ ਦੇ ਕਾਰਜਕਾਲ ਦੀਆਂ ਨੀਤੀਆਂ ਨੂੰ ਹੌਲੀ-ਹੌਲੀ ਦੁਬਾਰਾ ਤੋਂ ਲਾਗੂ ਕੀਤਾ ਗਿਆ।
ਆਪਣੇ ਸਮੇਂ ਤੋਂ ਅੱਗੇ ਦੀ ਔਰਤ
ਆਪਣੇ ਪਤੀ ਦੀ ਮੌਤ ਦੇ ਅੱਠ ਸਾਲਾਂ ਬਾਅਦ, 1968 ਵਿੱਚ ਰਾਣੀ ਸੁਰੱਈਆ ਦੀ ਵੀ ਮੌਤ ਹੋ ਗਈ। ਉਸ ਸਮੇਂ ਉਹ ਇਟਲੀ ਵਿੱਚ ਹੀ ਸਨ।
ਉਨ੍ਹਾਂ ਦੀ ਲਾਸ਼ ਨੂੰ ਫੌਜੀ ਸਨਮਾਨਾਂ ਨਾਲ ਰੋਮ ਹਵਾਈ ਅੱਡੇ ਤੋਂ ਅਫ਼ਗ਼ਾਨਿਸਤਾਨ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕੀਤਾ ਗਿਆ।
1927 ਵਿੱਚ, ਟਾਈਮ ਮੈਗਜ਼ੀਨ ਨੇ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਸੀ ਅਤੇ ਉਨ੍ਹਾਂ ਦਾ ਚਿਹਰਾ ਇਸ ਮੈਗਜ਼ੀਨ ਦੇ ਕਵਰ ਉੱਤੇ ਸੀ।
ਪੱਤਰਕਾਰ ਸੁਈਨ ਹੇਨੇਜ਼ ਨੇ ਉਨ੍ਹਾਂ ਬਾਰੇ ਲਿਖਿਆ ਸੀ, ''ਅਫ਼ਗ਼ਾਨਿਸਤਾਨ ਦੀ ਰਾਣੀ ਅਤੇ ਰਾਜਾ ਅਮਾਨਉੱਲਾਹ ਖਾਨ ਦੀ ਪਤਨੀ ਹੋਣ ਦੇ ਨਾਤੇ, ਉਹ 1920 ਦੇ ਦਹਾਕੇ ਵਿੱਚ ਮੱਧ ਪੂਰਬ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਦੇ ਪ੍ਰਗਤੀਸ਼ੀਲ ਵਿਚਾਰਾਂ ਨੇ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਪਹਿਚਾਣ ਦਿੱਤੀ।''
ਪੰਜਾਹ ਸਾਲਾਂ ਬਾਅਦ, 1970 ਦੇ ਦਹਾਕੇ ਵਿੱਚ ਇੱਕ ਵਾਰ ਫਿਰ ਅਫ਼ਗ਼ਾਨਿਸਤਾਨ ਵਿੱਚ ਤਰਜ਼ੀ ਦੇ ਵਿਚਾਰ ਮੁੜ ਗੂੰਜਣ ਲੱਗੇ ਅਤੇ ਔਰਤਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਵਧੇਰੇ ਮੌਕੇ ਦਿੱਤੇ ਜਾਣ ਲੱਗੇ।
ਪੜ੍ਹਾਈ ਤੋਂ ਇਲਾਵਾ ਔਰਤਾਂ ਨੂੰ ਰਾਜਨੀਤੀ ਵਿੱਚ ਵੀ ਮੌਕਾ ਦਿੱਤਾ ਗਿਆ ਅਤੇ ਵਿਆਹ ਦੀ ਉਮਰ ਸੀਮਾ ਵੀ ਵਧਾ ਦਿੱਤੀ ਗਈ।
2018 ਵਿੱਚ ਮਾਡਰਨ ਡਿਪਲੋਮੇਸੀ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ, ਸ਼ੋਧਕਰਤਾ ਅਮਾਨਉੱਲਾਹ ਬਾਮਿਕ ਨੇ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਦੀ ਸਥਿਤੀ ਬਾਰੇ ਕਿਹਾ ਸੀ ਕਿ ਰਾਜਾ ਅਮਾਨਉੱਲਾਹ ਖਾਨ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਜਿਸ ਸੰਵਿਧਾਨਕ ਅੰਦੋਲਨ ਨੂੰ ਅੱਗੇ ਵਧਾਇਆ ਸੀ, ਉਸ ਦੀ ਬਦੌਲਤ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਨੂੰ ਕੁਝ ਅਜ਼ਾਦੀ ਅਤੇ ਮਨੁੱਖੀ ਅਧਿਕਾਰ ਪ੍ਰਾਪਤ ਹੋਏ।
''ਪਰ ਸੋਵੀਅਤ ਦੇ ਸਮਰਥਨ ਨਾਲ ਬਣੀ ਵਾਮਪੰਥੀ ਸਰਕਾਰ ਦੇ ਡਿੱਗਣ ਅਤੇ ਮੁਜਾਹਿਦੀਨ ਤੇ ਤਾਲਿਬਾਨ ਦੇ ਹੱਥ ਵਿੱਚ ਅਫ਼ਗ਼ਾਨਿਸਤਾਨ ਦੀ ਸੱਤਾ ਆਉਣ ਤੋਂ ਬਾਅਦ ਇਨ੍ਹਾਂ ਸਾਰੀਆਂ ਕਦਰਾਂ-ਕੀਮਤਾਂ ਨੂੰ ਦਫ਼ਨ ਕਰ ਦਿੱਤਾ ਗਿਆ।''
ਪਿਛਲੇ ਦੋ ਦਹਾਕਿਆਂ ਵਿੱਚ, ਅਫ਼ਗ਼ਾਨਿਸਤਾਨ ਦੀਆਂ ਔਰਤਾਂ ਨੇ ਮੁੜ ਆਜ਼ਾਦੀ ਪ੍ਰਾਪਤ ਕੀਤੀ ਸੀ। ਪਰ ਹੁਣ ਇੱਕ ਵਾਰ ਫਿਰ ਦੇਸ਼ ਉੱਤੇ ਤਾਲਿਬਾਨ ਦਾ ਸ਼ਾਸਨ ਹੈ ਅਤੇ ਡਰ ਹੈ ਕਿ ਔਰਤਾਂ ਦੇ ਸਮਾਜਿਕ ਅਤੇ ਮਨੁੱਖੀ ਅਧਿਕਾਰਾਂ ਨੂੰ ਖੋਹ ਲਿਆ ਜਾਵੇਗਾ।
ਹਾਲਾਂਕਿ, ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਪੜ੍ਹ ਸਕਣਗੀਆਂ ਅਤੇ ਨੌਕਰੀ ਕਰ ਸਕਣਗੀਆਂ।
ਕਾਬੁਲ ਵਿੱਚ ਇੱਕ ਪ੍ਰੈੱਸ ਵਾਰਤਾ ਵਿੱਚ ਮੁਜਾਹਿਦ ਨੇ ਕਿਹਾ, "ਅਸੀਂ ਆਪਣੇ ਢਾਂਚੇ ਦੇ ਤਹਿਤ ਔਰਤਾਂ ਨੂੰ ਪੜ੍ਹਨ ਅਤੇ ਕੰਮ ਕਰਨ ਦੀ ਆਜ਼ਾਦੀ ਦੇਵਾਂਗੇ। ਇਸਲਾਮ ਨੇ ਜੋ ਅਧਿਕਾਰ ਔਰਤਾਂ ਨੂੰ ਦਿੱਤੇ ਹਨ, ਉਹ ਉਨ੍ਹਾਂ ਨੂੰ ਮਿਲਣਗੇ।"
ਦੁਨੀਆ ਦੀਆਂ ਨਜ਼ਰਾਂ ਹੁਣ ਅਫ਼ਗ਼ਾਨਿਸਤਾਨ 'ਤੇ ਹਨ, ਖਾਸ ਕਰਕੇ ਔਰਤਾਂ ਦੇ ਲਈ। ਕਿਉਂਕਿ ਹਰ ਕੋਈ ਦੇਖ ਰਿਹਾ ਹੈ ਕਿ ਤਾਲਿਬਾਨ ਦੇ ਸ਼ਾਸਨ ਅਧੀਨ ਹੁਣ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਦਾ ਕੀ ਹੋਵੇਗਾ।
ਇਹ ਵੀ ਪੜ੍ਹੋ: