ਤਾਲਿਬਾਨ ਤੋਂ ਭੱਜਣ ਵਾਲੀ ਮੇਅਰ ਦਾ ਦਰਦ ਜੋ ਦੇਸ਼ ਛੱਡਣ ਵੇਲੇ ਉਸ ਦੀ ਮਿੱਟੀ ਆਪਣੇ ਨਾਲ ਲੈ ਆਈ

    • ਲੇਖਕ, ਜੋਸ਼ੂਆ ਨੇਵੈਟ
    • ਰੋਲ, ਬੀਬੀਸੀ ਨਿਊਜ਼

ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ, ਅਫ਼ਗਾਨਿਸਤਾਨ ਦੀ ਪਹਿਲੀ ਮਹਿਲਾ ਮੇਅਰਾਂ ਵਿੱਚੋਂ ਇੱਕ, ਜ਼ਰਿਫਾ ਗਫ਼ਾਰੀ ਲਈ ਭਿਆਨਕ ਪਲ ਸੀ।

ਜਿਵੇਂ ਹੀ ਤਾਲਿਬਾਨ ਲੜਾਕਿਆਂ ਨੇ ਅਫ਼ਗਾਨਿਤਾਨ ਦੀ ਰਾਜਧਾਨੀ ਨੂੰ ਆਪਣੇ ਕਬਜ਼ੇ 'ਚ ਲਿਆ, ਜ਼ਰਿਫਾ ਨੂੰ ਲੱਗਿਆ ਜਿਵੇਂ ਉਨ੍ਹਾਂ ਦੀ ਜ਼ਿੰਦਗੀ ਅਚਾਨਕ ਖਤਮ ਹੋਣ ਦੀ ਕਗਾਰ 'ਤੇ ਆ ਗਈ ਹੈ।

ਕੁਝ ਦਿਨਾਂ ਬਾਅਦ ਉਹ ਇੱਥੋਂ ਭੱਜ ਕੇ ਆਪਣੇ ਪਰਿਵਾਰ ਸਮੇਤ ਜਰਮਨੀ ਪਹੁੰਚ ਗਏ। ਉਨ੍ਹਾਂ ਨੇ ਬੀਬੀਸੀ ਨੂੰ ਆਪਣੇ ਭੱਜਣ ਦੀ ਪੂਰੀ ਕਹਾਣੀ ਸੁਣਾਈ, ਜੋ ਕਿਸੇ ਨਾਟਕ ਤੋਂ ਘੱਟ ਨਹੀਂ ਜਾਪਦੀ।

29 ਸਾਲਾ ਜ਼ਰਿਫਾ ਗਫ਼ਾਰੀ, ਇੱਕ ਉੱਘੇ ਜਨਤਕ ਅਧਿਕਾਰੀ ਅਤੇ ਔਰਤਾਂ ਦੇ ਅਧਿਕਾਰਾਂ ਲਈ ਆਵਾਜ਼ ਬਣ ਚੁੱਕੇ ਸਨ।

ਇਹ ਵੀ ਪੜ੍ਹੋ-

ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਇਸੇ ਅਕਸ ਨੇ ਉਨ੍ਹਾਂ ਨੂੰ ਤਾਲਿਬਾਨ ਲਈ ਖ਼ਤਰਾ ਬਣਾ ਦਿੱਤਾ, ਜੋ ਇਸਲਾਮ ਦੀ ਸਖ਼ਤ ਵਿਆਖਿਆ ਅਨੁਸਾਰ ਔਰਤਾਂ ਦੀ ਭੂਮਿਕਾ ਨੂੰ ਸੀਮਿਤ ਕਰਨ ਲਈ ਜਾਣੇ ਜਾਂਦੇ ਹਨ।

ਗਫ਼ਾਰੀ ਕਹਿੰਦੇ ਹਨ "ਮੇਰੀ ਆਵਾਜ਼ ਵਿੱਚ ਉਹ ਸ਼ਕਤੀ ਹੈ ਜੋ ਬੰਦੂਕਾਂ ਵਿੱਚ ਵੀ ਨਹੀਂ ਹੈ।"

ਪਹਿਲਾਂ ਭਾਵੇਂ ਉਹ ਤਾਲਿਬਾਨ ਦੇ ਇੰਨੀ ਤੇਜ਼ੀ ਨਾਲ ਸੱਤਾ ਵਿੱਚ ਆਉਣ ਕਾਰਨ ਡਰੇ ਹੋਏ ਸਨ ਪਰ ਇਸ ਦਾ ਵਿਰੋਧ ਵੀ ਕਰ ਰਹੇ ਸਨ। ਪਰ ਉਨ੍ਹਾਂ ਦੀ ਆਸ਼ਾ ਹੁਣ ਨਿਰਾਸ਼ਾ ਵਿੱਚ ਬਦਲ ਗਈ ਹੈ।

ਜਿਵੇਂ ਹੀ ਤਾਲਿਬਾਨ ਨੇ ਕਬਜ਼ਾ ਕੀਤਾ, ਉਸ ਤੋਂ ਕੁਝ ਸਮੇਂ ਬਾਅਦ ਹੀ ਗਫ਼ਾਰੀ ਨੂੰ ਆਪਣਾ ਘਰ ਛੱਡ ਕੇ ਕਿਤੇ ਹੋਰ ਜਾਣ ਦੀ ਸਲਾਹ ਦਿੱਤੀ ਗਈ ਸੀ।

ਜਦੋਂ ਤਾਲਿਬਾਨ ਲੜਾਕੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਨਾਲ ਕੁੱਟਮਾਰ ਕੀਤੀ, ਉਸ ਤੋਂ ਬਾਅਦ ਹੀ ਗਫ਼ਾਰੀ ਦੀ ਸੁਰੱਖਿਆ ਲਈ ਚਿੰਤਾ ਵੱਧ ਗਈ ਸੀ।

ਪਿਛਲੇ ਸਾਲਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਰਹੀ ਹੈ। ਸਾਲ 2018 ਤੋਂ ਕਈ ਵਾਰ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ।

ਉਹ, 26 ਸਾਲ ਦੀ ਉਮਰ ਵਿੱਚ ਮੈਦਾਨ ਸ਼ਾਰ ਦੇ ਮੇਅਰ ਬਣੇ ਸਨ, ਜਿੱਥੇ ਤਾਲਿਬਾਨ ਨੂੰ ਵਿਆਪਕ ਤੌਰ 'ਤੇ ਸਮਰਥਨ ਪ੍ਰਾਪਤ ਸੀ।

ਪਿਛਲੇ ਸਾਲ ਦੇ ਅਖ਼ੀਰ ਵਿੱਚ ਉਨ੍ਹਾਂ ਨਾਲ ਦੁਸ਼ਮਣੀ ਤਹਿਤ ਹੀ ਉਨ੍ਹਾਂ ਦੇ ਪਿਤਾ ਦਾ ਕਤਲ ਹੋਇਆ ਸੀ।

ਉਨ੍ਹਾਂ ਦੇ ਪਿਤਾ ਅਫ਼ਗਾਨ ਸੈਨਾ ਦੇ ਇੱਕ ਸੀਨੀਅਰ ਮੈਂਬਰ ਸਨ ਅਤੇ ਗਫ਼ਾਰੀ ਨੂੰ ਸ਼ੱਕ ਹੈ ਕਿ ਤਾਲਿਬਾਨ ਵਿੱਚ ਉਨ੍ਹਾਂ ਦੇ ਦੁਸ਼ਮਣ ਸਨ।

ਅਗਸਤ ਦੇ ਅੱਧ ਵਿੱਚ ਜਦੋਂ ਤਾਲਿਬਾਨ ਸੱਤਾ ਵਿੱਚ ਆਏ, ਗਫ਼ਾਰੀ ਨੇ ਫ਼ੈਸਲਾ ਕੀਤਾ ਕਿ ਹੁਣ ਦੇਸ਼ ਛੱਡਣ ਦਾ ਸਮਾਂ ਆ ਗਿਆ ਹੈ।

'ਮੇਰੀ ਜ਼ਿੰਦਗੀ ਦਾ ਸਭ ਤੋਂ ਭੈੜਾ ਪਲ'

18 ਅਗਸਤ ਨੂੰ ਉਨ੍ਹਾਂ ਨੇ ਇੱਕ ਕਾਰ ਦਾ ਪ੍ਰਬੰਧ ਕੀਤਾ ਤਾਂ ਜੋ ਉਹ ਆਪਣਿਆਂ ਸਮੇਤ ਕਾਬੁਲ ਹਵਾਈ ਅੱਡੇ 'ਤੇ ਪਹੁੰਚ ਸਕਣ।

ਹਵਾਈ ਅੱਡੇ ਤੱਕ ਦੀ ਆਪਣੀ ਇਸ ਯਾਤਰਾ ਦੌਰਾਨ, ਉਹ ਕਾਰ ਵਿੱਚ ਇੱਕ ਫੁੱਟਵੇਲ (ਕਾਰ ਦੀ ਸੀਟ ਹੇਠਾਂ ਪੈਰ ਰੱਖਣ ਲਈ ਬਣੀ ਜਗ੍ਹਾ) ਵਿੱਚ ਲੁਕੇ ਰਹੇ।

ਹਰ ਵਾਰ ਜਦੋਂ ਉਨ੍ਹਾਂ ਦੀ ਕਾਰ ਤਾਲਿਬਾਨ ਚੌਕੀ ਤੋਂ ਲੰਘਦੀ ਤਾਂ ਉਹ ਹੇਠਾਂ ਨੂੰ ਹੋ ਜਾਂਦੇ ਅਤੇ ਢਕ ਕੇ ਲੁਕਾ ਦਿੱਤੇ ਜਾਂਦੇ।

ਉਨ੍ਹਾਂ ਦੱਸਿਆ, "ਜਦੋਂ ਅਸੀਂ ਹਵਾਈ ਅੱਡੇ ਦੇ ਗੇਟ 'ਤੇ ਪਹੁੰਚੇ, ਉੱਥੇ ਹਰ ਜਗ੍ਹਾ ਤਾਲਿਬਾਨ ਦੇ ਲੜਾਕੇ ਸਨ। ਮੈਂ ਆਪਣੇ ਆਪ ਨੂੰ ਲੁਕਾਉਣ ਲਈ ਸੰਘਰਸ਼ ਕਰ ਰਹੀ ਸੀ।"

ਹਵਾਈ ਅੱਡੇ 'ਤੇ, ਕਾਬੁਲ ਵਿੱਚ ਤੁਰਕੀ ਦੇ ਰਾਜਦੂਤ ਨੇ ਉਨ੍ਹਾਂ ਨੂੰ ਇਸਤਾਂਬੁਲ ਜਾਣ ਵਾਲੇ ਜਹਾਜ਼ ਵਿੱਚ ਸਵਾਰ ਹੋਣ ਲਈ ਸਹਾਇਤਾ ਕੀਤੀ। ਫਿਰ ਇਸਤਾਂਬੁਲ ਤੋਂ ਉਹ ਜਰਮਨੀ ਚਲੇ ਗਏ।

ਉਹ ਕਹਿੰਦੇ ਹਨ, "ਜਦੋਂ ਮੈਂ ਆਪਣੇ ਪਿਤਾ ਨੂੰ ਗੁਆਇਆ ਤਾਂ ਮੈਨੂੰ ਲੱਗਾ ਸ਼ਾਇਦ ਮੈਨੂੰ ਜ਼ਿੰਦਗੀ ਵਿੱਚ ਮੁੜ ਕਦੇ ਅਜਿਹਾ ਮਹਿਸੂਸ ਨਹੀਂ ਹੋਵੇਗਾ, ਪਰ ਜਦੋਂ ਮੈਂ ਆਪਣਾ ਦੇਸ਼ ਛੱਡਣ ਲਈ ਜਹਾਜ਼ ਵਿੱਚ ਸਵਾਰ ਹੋਈ, ਤਾਂ ਇਹ ਆਪਣੇ ਪਿਤਾ ਨੂੰ ਗੁਆਉਣ ਨਾਲੋਂ ਵੀ ਜ਼ਿਆਦਾ ਦਰਦਨਾਕ ਸੀ।"

ਇਹ ਵੀ ਪੜ੍ਹੋ-

ਗਫ਼ਾਰੀ ਨੇ ਕਿਹਾ, ਕਾਬੁਲ ਦੇ ਪਤਨ ਦਾ ਦਿਨ "ਮੇਰੀ ਜ਼ਿੰਦਗੀ ਦਾ ਸਭ ਤੋਂ ਭੈੜਾ ਪਲ" ਸੀ।

ਉਨ੍ਹਾਂ ਅੱਗੇ ਕਿਹਾ, "ਮੈਂ ਕਦੇ ਵੀ ਆਪਣੇ ਦਿਲ ਦੇ ਇਸ ਦਰਦ ਤੋਂ ਉੱਭਰ ਨਹੀਂ ਸਕਾਂਗੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਆਪਣਾ ਦੇਸ਼ ਛੱਡਣਾ ਪਵੇਗਾ।"

ਹੁਣ ਉਹ ਜਰਮਨੀ ਦੇ ਸ਼ਹਿਰ ਡਸਲਡੋਰਫ ਵਿੱਚ ਹਨ ਅਤੇ ਸੁਰੱਖਿਅਤ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਉਹ ਖੁਸ਼ਕਿਸਮਤ ਲੋਕਾਂ ਵਿੱਚੋਂ ਇੱਕ ਹਨ ਕਿਉਂਕਿ ਕਾਬੁਲ ਏਅਰਪੋਰਟ ਦੇ ਆਲੇ-ਦੁਆਲੇ ਦੇ ਹਾਲਾਤ ਤੇਜ਼ੀ ਨਾਲ ਖ਼ਤਰਨਾਕ ਹੁੰਦੇ ਜਾ ਰਹੇ ਸਨ।

ਉਨ੍ਹਾਂ ਨੇ ਸਹੁੰ ਚੁੱਕੀ ਹੈ ਕਿ ਉਹ ਰਾਜਨੇਤਾਵਾਂ ਅਤੇ ਵਿਸ਼ਵ ਭਰ ਦੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਦਾ ਧਿਆਨ, ਤਾਲਿਬਾਨ ਦੇ ਸ਼ਾਸਨ ਅਧੀਨ ਰਹਿ ਰਹੇ ਅਫ਼ਗਾਨਾਂ ਦੇ ਜੀਵਨ ਵੱਲ ਕਰਵਾਉਣਗੇ।

'ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ'

ਉਹ ਤਾਲਿਬਾਨ ਨਾਲ ਵੀ ਗੱਲ ਕਰਨ ਲਈ ਤਿਆਰ ਹੋਣਗੇ, ਕਿਉਂਕਿ "ਸਾਨੂੰ ਇੱਕ-ਦੂਜੇ ਨੂੰ ਸਮਝਣ ਦੀ ਲੋੜ ਹੈ।"

ਉਨ੍ਹਾਂ ਕਿਹਾ, "ਵਿਦੇਸ਼ੀ ਤਾਕਤਾਂ ਸਾਡੀ ਮਦਦ ਕਰਨ ਲਈ ਅੱਗੇ ਨਹੀਂ ਆ ਰਹੀਆਂ। ਇਹ ਸਮਾਂ ਹੈ ਜਦੋਂ ਸਾਨੂੰ ਆਪ ਤਾਲਿਬਾਨ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣਾ ਪਵੇਗਾ। ਮੈਂ ਇਹ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।"

ਫਿਰ ਵੀ, ਉਹ ਤਾਲਿਬਾਨ 'ਤੇ ਭਰੋਸਾ ਨਹੀਂ ਕਰਦੇ, ਖ਼ਾਸ ਕਰਕੇ ਔਰਤਾਂ ਦੇ ਅਧਿਕਾਰਾਂ ਦੇ ਮਾਮਲੇ ਵਿੱਚ।

ਪਿਛਲੀ ਵਾਰ ਜਦੋਂ 2001 ਤੋਂ ਪਹਿਲਾਂ ਉਹ ਸੱਤਾ ਵਿੱਚ ਸਨ, ਤਾਂ ਤਾਲਿਬਾਨ ਨੇ ਇੱਕ ਅਤਿ-ਰੂੜੀਵਾਦੀ ਢੰਗ ਨਾਲ ਇਸਲਾਮਿਕ ਕਾਨੂੰਨ ਲਾਗੂ ਕੀਤਾ ਸੀ, ਜਿਸ ਦੇ ਤਹਿਤ ਉਹ ਕੁੜੀਆਂ ਦੇ ਸਕੂਲ ਜਾਣ ਜਾਂ ਔਰਤਾਂ ਦੇ ਕੰਮ ਕਰਨ 'ਤੇ ਪਾਬੰਦੀ ਲਗਾਉਣ ਨੂੰ ਜਾਇਜ਼ ਠਹਿਰਾਉਂਦੇ ਸਨ।

ਪਿਛਲੇ ਹਫ਼ਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਸੀ ਕਿ ਔਰਤਾਂ "ਸਮਾਜ ਵਿੱਚ ਬਹੁਤ ਸਰਗਰਮ ਹੋਣਗੀਆਂ ਪਰ ਇਸਲਾਮ ਦੇ ਦਾਇਰੇ ਵਿੱਚ ਰਹਿੰਦੇ ਹੋਏ।"

ਪਰ ਗਫ਼ਾਰੀ ਦਾ ਖਦਸ਼ਾ ਹੈ, "ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਨੂੰ ਉਮੀਦ ਹੈ ਕਿ ਇੱਕ ਦਿਨ ਜਦੋਂ ਸਭ ਸੁਰੱਖਿਅਤ ਹੋ ਜਾਵੇਗਾ, ਉਹ ਅਫ਼ਗਾਨਿਸਤਾਨ ਜ਼ਰੂਰ ਪਰਤਣਗੇ।

ਉਹ ਕਹਿੰਦੇ ਹਨ, "ਉਹ ਮੇਰਾ ਦੇਸ਼ ਹੈ, ਮੈਂ ਉਸ ਨੂੰ ਬਣਾਇਆ ਹੈ। ਉਸ ਨੂੰ ਬਣਾਉਣ ਲਈ ਮੈਂ ਸਾਲਾਂ ਤੋਂ ਸੰਘਰਸ਼ ਕੀਤਾ ਹੈ।"

"ਮੈਂ ਆਪਣੇ ਦੇਸ਼ ਤੋਂ ਜਿਹੜੀ ਥੋੜ੍ਹੀ ਜਿਹੀ ਮਿੱਟੀ ਚੁੱਕ ਕੇ ਲਿਆਈ ਹਾਂ, ਉਸ ਨੂੰ ਮੈਂ ਵਾਪਸ ਉਸੇ ਦੇਸ਼ ਲੈ ਕੇ ਜਾਣਾ ਚਾਹੁੰਦੀ ਹਾਂ ਜਿੱਥੋਂ ਦੀ ਮਿੱਟੀ ਉਹ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)