ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜੀ ਗਈ ਅਫ਼ਗਾਨਿਸਤਾਨ ਦੀ ਸੰਸਦ ਮੈਂਬਰ ਰੰਗੀਨਾ ਕਰਗਰ ਨੂੰ ਕਿਸ ਗੱਲ ਦਾ ਅਫ਼ਸੋਸ ਹੈ

    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜੀ ਗਈ ਅਫ਼ਗਾਨਿਸਤਾਨ ਦੀ ਸੰਸਦ ਮੈਂਬਰ ਰੰਗੀਨਾ ਕਰਗਰ ਨੇ ਕਿਹਾ ਹੈ ਕਿ ਹੁਣ ਉਹ ਮੁੜ ਭਾਰਤ ਨਹੀਂ ਆਵੇਗੀ।

ਇਸਤਾਂਬੁਲ ਤੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਰਗਰ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਦੀ ਇੱਕ ਚੁਣੀ ਹੋਈ ਪ੍ਰਤੀਨਿਧੀ ਹੈ ਅਤੇ ਉਸ ਨੂੰ ਭਾਰਤ ਤੋਂ ਬਿਹਤਰ ਸਲੂਕ ਦੀ ਉਮੀਦ ਸੀ।

ਰੰਗੀਨਾ ਕਰਗਰ ਮੂਲ ਤੌਰ 'ਤੇ ਅਫ਼ਗਾਨਿਸਤਾਨ ਦੇ ਫਰਿਆਬ ਸੂਬੇ ਦੀ ਵਸਨੀਕ ਹੈ ਅਤੇ ਉਨ੍ਹਾਂ ਦਾ ਪਰਿਵਾਰ ਇਨੀ ਦਿਨੀਂ ਰਾਜਧਾਨੀ ਕਾਬੁਲ 'ਚ ਹੈ। ਰੰਗੀਨਾ, ਉਸ ਦਾ ਇੱਕ ਸਾਲ ਦਾ ਬੱਚਾ ਅਤੇ ਉਸ ਦਾ ਪਤੀ ਇਸ ਸਮੇਂ ਇਸਤਾਂਬੁਲ ਵਿਖੇ ਹਨ।

ਰੰਗੀਨਾ ਨੇ ਬੀਬੀਸੀ ਨੂੰ ਦੱਸਿਆ ਕਿ, "ਮੈਂ 21 ਅਗਸਤ ਨੂੰ ਸਵੇਰੇ 6 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ ਸੀ, ਪਰ ਮੇਰੀ ਬਦਕਿਸਮਤੀ ਹੈ ਕਿ ਉਨ੍ਹਾਂ ਨੇ ਮੈਨੂੰ ਭਾਰਤ 'ਚ ਦਾਖਲ ਹੀ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਮੈਨੂੰ ਦੁਬਈ ਦੇ ਰਸਤੇ ਵਾਪਸ ਇਸਤਾਂਬੁਲ ਭੇਜ ਦਿੱਤਾ।"

ਰੰਗੀਨਾ ਅੱਗੇ ਕਹਿੰਦੀ ਹੈ ਕਿ "ਮੈਂ ਅਧਿਕਾਰੀਆਂ ਨੂੰ ਕਿਹਾ ਸੀ ਕਿ ਮੈਂ ਇੱਕ ਇੱਕਲੀ ਔਰਤ ਹਾਂ ਅਤੇ ਇਸ ਦੇ ਨਾਲ ਹੀ ਮੈਂ ਇੱਕ ਸੰਸਦ ਮੈਂਬਰ ਵੀ ਹਾਂ, ਪਰ ਉਨ੍ਹਾਂ ਨੇ ਮੈਨੂੰ ਸੁਰੱਖਿਆ ਲਈ ਖ਼ਤਰਾ ਮੰਨਦਿਆਂ ਵਾਪਸ ਹੀ ਭੇਜ ਦਿੱਤਾ।"

ਰੰਗੀਨਾ ਦੇ ਅਨੁਸਾਰ ਇਸ ਪੂਰੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਦੇ ਨੁਮਾਇੰਦੇ ਨੇ ਉਸ ਨਾਲ ਸੰਪਰਕ ਕੀਤਾ ਅਤੇ ਭਾਰਤ ਦਾ ਐਮਰਜੈਂਸੀ ਵੀਜ਼ਾ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।

ਅਫ਼ਗਾਨਿਸਤਾਨ 'ਚ ਸੁਰੱਖਿਆ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਕਾਬੁਲ ਹਵਾਈ ਅੱਡੇ 'ਤੇ ਵੀਰਵਾਰ ਨੂੰ ਹੋਏ ਬੰਬ ਧਮਾਕੇ 'ਚ ਅਮਰੀਕੀ ਸੈਨਿਕਾਂ ਸਮੇਤ ਘੱਟੋ ਘੱਟ 90 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ 31 ਅਗਸਤ ਨੂੰ ਕਾਬੁਲ ਵਿਖੇ ਜਾਰੀ ਸੁਰੱਖਿਆ ਮੁਹਿੰਮ ਨੂੰ ਖ਼ਤਮ ਕਰ ਰਿਹਾ ਹੈ। ਇਸ ਤੋਂ ਬਾਅਦ ਕਾਬੁਲ ਹਵਾਈ ਅੱਡਾ ਵੀ ਤਾਲਿਬਾਨ ਦੇ ਕਬਜ਼ੇ 'ਚ ਆ ਜਾਵੇਗਾ।

ਦੱਸਣਯੋਗ ਹੈ ਕਿ ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਦੌਰਾਨ ਅਫ਼ਗਾਨਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਉੱਥੋਂ ਚੱਲੇ ਗਏ ਸਨ।

ਭਾਰਤ ਨੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਲਈ ਐਮਰਜੈਂਸੀ ਈ-ਵੀਜ਼ਾ ਦਾ ਐਲਾਨ ਕੀਤਾ ਹੈ। ਪਰ ਅਫ਼ਗਾਨਿਸਤਾਨੀ ਨਾਗਰਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਵੀਜ਼ਾ ਆਸਾਨੀ ਨਾਲ ਨਹੀਂ ਮਿਲ ਰਿਹਾ ਹੈ।

ਇਹ ਵੀ ਪੜ੍ਹੋ:

ਹਵਾਈ ਅੱਡੇ 'ਤੇ ਕੀ ਵਾਪਰਿਆ?

ਦਰਅਸਲ ਰੰਗੀਨਾ ਡਿਪਲੋਮੈਟਿਕ ਪਾਸਪੋਰਟ 'ਤੇ ਭਾਰਤ ਪਹੁੰਚੀ ਸੀ। ਇਸ ਪਾਸਪੋਰਟ ਧਾਰਕ ਨੂੰ ਅਫ਼ਗਾਨਿਸਤਾਨ ਨਾਲ ਹੋਏ ਦੁਵੱਲੇ ਸਮਝੌਤੇ ਤਹਿਤ ਬਿਨ੍ਹਾਂ ਵੀਜ਼ੇ ਦੇ ਭਾਰਤ 'ਚ ਦਾਖਲ ਹੋਣ ਦੀ ਇਜਾਜ਼ਤ ਹੈ। ਅਫ਼ਗਾਨਿਸਤਾਨ ਵੀ ਭਾਰਤੀ ਡਿਪਲੋਮੈਟਾਂ ਨੂੰ ਇਹ ਸਹੂਲਤ ਦਿੰਦਾ ਹੈ।

ਪਰ ਹਵਾਈ ਅੱਡੇ 'ਤੇ ਤਾਇਨਾਤ ਅਮਲੇ ਨੇ ਰੰਗੀਨਾ ਨੂੰ ਦੁਬਈ ਦੀ ਉਡਾਣ ਜ਼ਰੀਏ ਵਾਪਸ ਇਸਤਾਂਬੁਲ ਭੇਜ ਦਿੱਤਾ ਸੀ।

ਰੰਗੀਨਾ ਦੱਸਦੀ ਹੈ, "ਭਾਰਤ ਵੱਲੋਂ ਜੇ ਪੀ ਸਿੰਘ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਮੈਨੂੰ ਐਮਰਜੈਂਸੀ ਵੀਜ਼ੇ ਲਈ ਅਰਜ਼ੀ ਦੇਣੀ ਚਾਹੀਦੀ ਹੈ। ਮੇਰਾ ਬੱਚਾ ਮਹਿਜ਼ ਇੱਕ ਸਾਲ ਦਾ ਹੈ, ਇਸ ਲਈ ਮੈਂ ਉਸ ਨੂੰ ਵੀ ਆਪਣੇ ਨਾਲ ਹੀ ਲਿਜਾਣਾ ਚਾਹੁੰਦੀ ਸੀ ਅਤੇ ਉਸ ਲਈ ਮੈਂ ਈ-ਵੀਜ਼ਾ ਦੀ ਅਰਜ਼ੀ ਲਗਾਈ ਸੀ। ਪਰ ਸਾਨੂੰ ਇਸ ਸਬੰਧੀ ਕੋਈ ਜਵਾਬ ਹੀ ਨਹੀਂ ਮਿਲਿਆ।"

ਜੇ ਪੀ ਸਿੰਘ ਭਾਰਤ ਦੇ ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ ਹਨ ਅਤੇ ਈਰਾਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨਾਲ ਜੁੜੇ ਮਾਮਲਿਆਂ ਦੇ ਇੰਚਾਰਜ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਰੰਗੀਨਾ ਦੱਸਦੀ ਹੈ, " ਮੈਂ ਭਾਰਤ ਲਈ ਆਪਣੀ ਉਡਾਣ ਤੋਂ ਪਹਿਲਾਂ ਆਪਣੇ ਬੱਚੇ ਲਈ ਵੀਜ਼ਾ ਅਰਜ਼ੀ ਭਰੀ ਸੀ, ਪਰ ਇੱਕ ਹਫ਼ਤਾ ਬੀਤਣ ਤੋਂ ਬਾਅਦ ਵੀ ਸਾਨੂੰ ਕੋਈ ਜਵਾਬ ਨਹੀਂ ਮਿਲਿਆ।"

"ਇੱਕ ਵਾਰ ਭਾਰਤ ਨੇ ਮੈਨੂੰ ਵਾਪਸ ਭੇਜ ਦਿੱਤਾ ਹੈ ਅਤੇ ਹੁਣ ਮੈਂ ਜਲਦੀ ਕਿਤੇ ਭਾਰਤ ਨਹੀਂ ਆ ਸਕਾਂਗੀ।"

ਭਾਰਤ ਦੇ ਰਵੱਈਏ ਦੀ ਆਲੋਚਨਾ

ਰੰਗੀਨਾ ਇਸ ਸਮੇਂ ਆਪਣੇ ਪਤੀ ਅਤੇ ਬੱਚੇ ਨਾਲ ਇਸਤਾਂਬੁਲ 'ਚ ਹੈ, ਪਰ ਉਸ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਕਾਬੁਲ 'ਚ ਹਨ। ਉਹ ਆਪਣੇ ਰਿਸ਼ਤੇਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹੈ।

ਰੰਗੀਨਾ ਕਹਿੰਦੀ ਹੈ, "ਮੇਰੇ ਪਰਿਵਾਰ ਦੇ ਮੈਂਬਰ ਸਰਕਾਰ ਵੱਲੋਂ ਤਾਲਿਬਾਨ ਦੇ ਵਿਰੁੱਧ ਲੜ੍ਹ ਰਹੇ ਹਨ, ਪਰ ਹੁਣ ਤਾਲਿਬਾਨ ਸੱਤਾ 'ਚ ਹੈ। ਅਫ਼ਗਾਨਿਸਤਾਨ ਦੇ ਹਾਲਾਤ ਬਹੁਤ ਹੀ ਖਰਾਬ ਹਨ । ਮੈਂ ਹਰ ਘੜ੍ਹੀ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਬਾਰੇ ਸੋਚਦੀ ਰਹਿੰਦੀ ਹਾਂ ਅਤੇ ਇਹ ਮੁੱਦਾ ਮੇਰੀ ਚਿੰਤਾ ਦਾ ਮੁੱਖ ਵਿਸ਼ਾ ਹੈ।"

"ਮੈਂ ਭਾਰਤ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਭਾਰਤ ਅਤੇ ਅਫ਼ਗਾਨਿਸਤਾਨ ਸਰਕਾਰਾਂ ਵਿਚਾਲੇ ਸੰਬੰਧ ਬਹੁਤ ਚੰਗੇ ਸਨ। ਅਸੀਂ ਇੱਕ ਦੂਜੇ ਦਾ ਬਹੁਤ ਸਾਥ ਦਿੱਤਾ ਹੈ ਕਈ ਮੰਚਾਂ 'ਤੇ ਇੱਕ ਦੂਜੇ ਦੇ ਸਮਰਥਨ 'ਚ ਖੜ੍ਹੇ ਹੋਏ ਹਾਂ। ਮੈਂ ਇੱਕ ਸੰਸਦ ਮੈਂਬਰ ਹਾਂ, ਇਸ ਲਈ ਮੈਨੂੰ ਇਹ ਉਮੀਦ ਨਹੀਂ ਸੀ ਕਿ ਭਾਰਤ ਮੇਰੇ ਨਾਲ ਕੁਝ ਅਜਿਹਾ ਵਿਵਹਾਰ ਕਰੇਗਾ।”

ਇਹ ਵੀ ਪੜ੍ਹੋ:

“ਮੈਂ ਇੱਕ ਔਰਤ ਹਾਂ ਅਤੇ ਮੈਂ ਇੱਕਲੀ ਹੀ ਸਫ਼ਰ ਕਰ ਰਹੀ ਸੀ। ਦੁਨੀਆ ਨੇ ਅਫ਼ਗਾਨਿਸਤਾਨ ਦੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਪਰ ਭਾਰਤ ਨੇ ਤਾਂ ਮੈਨੂੰ ਵਾਪਸ ਹੀ ਭੇਜ ਦਿੱਤਾ। ਭਾਰਤ ਦੇ ਇਸ ਵਤੀਰੇ ਤੋਂ ਮੈਂ ਬਹੁਤ ਨਿਰਾਸ਼ ਹਾਂ ਅਤੇ ਇਸ ਰਵੱਈਏ ਦੀ ਆਲੋਚਨਾ ਕਰਦੀ ਹਾਂ।"

ਉਹ ਅੱਗੇ ਕਹਿੰਦੀ ਹੈ ਕਿ "ਮੈਨੂੰ ਹਵਾਈ ਅੱਡੇ ਤੋਂ ਵਾਪਸ ਭੇਜਣ ਤੋਂ ਬਾਅਦ ਹੀ ਭਾਰਤ ਨੇ ਅਫ਼ਗਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਭਾਰਤ 'ਚ ਆਉਣ ਦੀ ਇਜਾਜ਼ਤ ਦਿੱਤੀ ਹੈ। ਅਸੀਂ ਭਾਰਤ ਦੇ ਸਹਿਯੋਗੀ ਹਾਂ ਅਤੇ ਸਾਨੂੰ ਭਾਰਤ ਤੋਂ ਬਿਹਤਰ ਵਿਵਹਾਰ ਦੀ ਉਮੀਦ ਸੀ।"

ਕੀ ਕਹਿਣਾ ਹੈ ਭਾਰਤੀ ਵਿਦੇਸ਼ ਮੰਤਰਾਲੇ ਦਾ?

ਰਿਪੋਰਟਾਂ ਦੇ ਅਨੁਸਾਰ ਭਾਰਤ ਸਰਕਾਰ ਨੇ ਮੰਨਿਆ ਹੈ ਕਿ ਰੰਗੀਨਾ ਦੇ ਮਾਮਲੇ 'ਚ ਗਲਤੀ ਹੋਈ ਹੈ ਅਤੇ ਉਸ ਨਾਲ ਸੰਪਰਕ ਵੀ ਕੀਤਾ ਗਿਆ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਇਹ ਮਾਮਲਾ ਵੀਰਵਾਰ ਨੂੰ ਆਯੋਜਿਤ ਹੋਈ ਸਰਬ ਪਾਰਟੀ ਬੈਠਕ 'ਚ ਚੁੱਕਿਆ ਗਿਆ ਸੀ, ਜਿਸ 'ਚ ਸਰਕਾਰ ਨੇ ਇਹ ਗੱਲ ਕਹੀ ਹੈ।

ਰਿਪੋਰਟ ਮੀਡੀਆ ਦੀਆਂ ਰਿਪੋਰਟਾਂ 'ਚ ਕਿਹਾ ਗਿਆ ਹੈ ਅਫ਼ਗਾਨਿਸਤਾਨ 'ਚ ਭਾਰਤ ਦੇ ਸਫ਼ਾਰਤਖਾਨਿਆਂ 'ਚ ਮੌਜੂਦ ਅਫ਼ਗਾਨੀ ਨਾਗਰਿਕਾਂ ਦੇ ਪਾਸਪੋਰਟ ਤਾਲਿਬਾਨ ਲੈ ਗਏ ਸਨ, ਜਿਸ ਤੋਂ ਬਾਅਧ ਸੁਰੱਖਿਆ ਏਜੰਸੀਆਂ ਅਫ਼ਗਾਨਿਸਤਾਨ ਤੋਂ ਭਾਰਤ ਆ ਰਹੇ ਲੋਕਾਂ ਨੂੰ ਲੈ ਕੇ ਕੁਝ ਖ਼ਬਰਦਾਰ ਹੋ ਗਈਆਂ ਸਨ ਅਤੇ ਇਸ ਦੇ ਮੱਦੇਨਜ਼ਰ ਹੀ ਰੰਗੀਨਾ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ।

ਈ-ਵੀਜ਼ਾ 'ਚ ਆ ਰਹੀਆਂ ਮੁਸ਼ਕਲਾਂ

ਕਾਬੁਲ 'ਚ ਰਹਿ ਰਹੀ ਇੱਕ 19 ਸਾਲਾ ਵਿਦਿਆਰਥਣ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਭਾਰਤੀ ਦੂਤਾਵਾਸ 'ਚ ਸਿੱਖਿਆ ਵੀਜ਼ਾ ਲਈ ਅਰਜ਼ੀ ਦਿੱਤੀ ਸੀ, ਪਰ ਉਸ ਨੂੰ ਵੀਜ਼ਾ ਹਾਸਲ ਨਹੀਂ ਹੋਇਆ।

ਇਹ ਵਿਦਿਆਰਥਣ ਭਾਰਤ ਦੀ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੀ ਹੈ ਅਤੇ ਮੌਜੁਦਾ ਸਮੇਂ ਕਾਬੁਲ 'ਚ ਰਹਿੰਦਿਆਂ ਹੀ ਆਨਲਾਈਨ ਆਪਣੀ ਪੜ੍ਹਾਈ ਕਰ ਰਹੀ ਹੈ। ਹੁਣ ਉਸ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ , ਪਰ ਵੀਜ਼ਾ ਨਾ ਮਿਲਣ ਕਰਕੇ ਉਹ ਭਾਰਤ ਨਹੀਂ ਆ ਸਕੀ ਹੈ।

ਉਹ ਕਹਿੰਦੀ ਹੈ, " ਮੈਂ ਇਸ ਸਮੇਂ ਆਪਣੇ ਪਰਿਵਾਰ ਦੀਆਂ ਪੰਜ ਔਰਤਾਂ ਨਾਲ ਘਰ 'ਚ ਹੀ ਕੈਦ ਹਾਂ। ਸਾਡੇ ਘਰ ਦੇ ਬਾਹਰ ਤਾਲਿਬਾਨ ਖੜ੍ਹੇ ਹਨ। ਅਸੀਂ ਤਾਂ ਹੁਣ ਖਿੜਕੀ ਵੀ ਨਹੀਂ ਖੋਲ੍ਹ ਸਕਦੇ ਹਾਂ।"

"ਮੈਂ ਭਾਰਤ ਆ ਕੇ ਆਪਣੀ ਪੜ੍ਹਾਈ ਕਰਨਾ ਚਾਹੁੰਦੀ ਸੀ, ਪਰ ਭਾਰਤ ਨੇ ਤਾਂ ਮੈਨੂੰ ਵੀਜ਼ਾ ਹੀ ਨਹੀਂ ਦਿੱਤਾ। ਮੈਂ ਹੁਣ ਈ-ਵੀਜ਼ਾ ਲਈ ਅਰਜ਼ੀ ਪਾਈ ਹੈ, ਪਰ ਉਸ ਦਾ ਵੀ ਕੋਈ ਜਵਾਬ ਅਜੇ ਤੱਕ ਨਹੀਂ ਆਇਆ ਹੈ।"

31 ਅਗਸਤ ਤੋਂ ਬਾਅਦ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਲਈ ਤੈਨਾਤ ਅਮਰੀਕੀ ਅਤੇ ਨਾਟੋ ਫੌਜ ਦੇ ਜਵਾਨ ਵਾਪਸ ਪਰਤ ਜਾਣਗੇ। ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਤੋਂ ਬਾਅਦ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਕਿਸ ਦੇ ਹੱਥਾਂ 'ਚ ਹੋਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)