ਅਫਗਾਨਿਸਤਾਨ: ਤਾਲਿਬਾਨ ਦੇ ਕਬਜ਼ੇ ਵਾਲੇ ਮੁਲਕ ਤੋਂ ਭਾਰਤ ਪਹੁੰਚਣ ਦੀ 8 ਦਿਨ ਦੀ ਇਸ ਔਰਤ ਦੀ ਜੱਦੋਜਹਿਦ

    • ਲੇਖਕ, ਨੇਹਾ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

ਬਾਕੀ ਦੇਸ਼ਾਂ ਵਾਂਗ ਭਾਰਤ ਵੀ ਆਪਣੇ ਨਾਗਰਿਕਾਂ ਅਤੇ ਸਥਾਨਕ ਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਣ ਲਈ ਬਚਾਅ ਮੁਹਿੰਮ ਚਲਾ ਰਿਹਾ ਹੈ। ਫਿਰ ਵੀ ਕਈ ਲੋਕ ਪਲ-ਪਲ ਵਧ ਰਹੀ ਅਫ਼ਰਾ-ਤਫ਼ਰੀ ਦੌਰਾਨ ਉੱਥੇ ਫ਼ਸੇ ਹੋਏ ਹਨ।

ਕਾਬੁਲ ਵਿੱਚ ਫ਼ਸੀ ਇੱਕ ਭਾਰਤੀ ਔਰਤ ਨੇ ਸਾਡੇ ਨਾਲ ਆਪਣੇ ਪਿਛਲੇ ਕੁਝ ਦਿਨਾਂ ਦੀ ਹੱਡਬੀਤੀ ਸਾਂਝੀ ਕੀਤੀ।

ਲਤੀਫ਼ਾ (ਬਦਲਿਆ ਹੋਇਆ ਨਾਮ) ਨੇ 19 ਅਗਸਤ ਲਈ ਕਾਬੁਲ ਤੋਂ ਦਿੱਲੀ ਦੀ ਇੱਕ ਏਅਰ ਇੰਡੀਆ ਦੀ ਉਡਾਣ ਬੁੱਕ ਕਰਵਾਈ ਸੀ।

ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਪਰ ਕਬਜ਼ਾ ਕੀਤਾ ਹੈ, ਏਅਰ ਇੰਡੀਆ ਸਮੇਤ ਉੱਥੋਂ ਜਾਣ ਵਾਲੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਮੁਲਤਵੀ ਪਈਆਂ ਹਨ।

ਮੇਰੀ ਲਤੀਫ਼ਾ ਨਾਲ 21 ਅਗਸਤ ਦੀ ਸ਼ਾਮ ਨੂੰ ਗੱਲ ਹੋਈ ਸੀ। ਉਸ ਸਮੇਂ ਉਹ ਲਗਭਗ 20 ਘੰਟਿਆਂ ਤੋਂ ਕਾਬੁਲ ਹਵਾਈ ਅੱਡੇ ਦੇ ਬਾਹਰ ਇੱਕ ਮਿੰਨੀ ਬਸ ਵਿੱਚ ਬੈਠੀ ਹੋਈ ਸੀ।

ਉੱਥੇ ਉਸ ਕੋਲ ਨਾ ਕੁਝ ਖਾਣ ਨੂੰ ਸੀ ਅਤੇ ਨਾ ਹੀ ਪਖਾਨੇ ਤੱਕ ਕੋਈ ਪਹੁੰਚ। ਇਹ ਸਭ ਮੁਸ਼ਕਲਾਂ ਲਤੀਫ਼ਾ ਝੱਲ ਰਹੀ ਸੀ ਕਿ ਸ਼ਾਇਦ ਭਾਰਤ ਦੇ ਐਮਰਜੈਂਸੀ ਬਚਾਅ ਕਾਰਜ ਦੌਰਾਨ ਉਸ ਨੂੰ ਵੀ ਉੱਥੋਂ ਕੱਢ ਲਿਆ ਜਾਵੇਗਾ।

ਭਾਰਤ ਲਤੀਫ਼ਾ ਦਾ ਪੇਕਾ ਦੇਸ ਹੈ ਅਤੇ ਅਫ਼ਗਾਨਿਸਤਾਨ ਸਹੁਰੇ। ਇਸ ਕਾਰਨ ਲਤੀਫ਼ਾ ਦਾ ਦੋਵਾਂ ਦੇਸਾਂ ਵਿੱਚ ਆਉਣਾ-ਜਾਣਾ ਲੱਗਿਆ ਹੀ ਰਹਿੰਦਾ ਹੈ। ਉਸ ਦੇ ਪਰਿਵਾਰ ਦੋਵਾਂ ਦੇਸਾਂ ਵਿੱਚ ਹਨ।

ਇਹ ਵੀ ਪੜ੍ਹੋ:

15 ਅਗਸਤ

ਪੰਦਰਾਂ ਅਗਸਤ ਦੀ ਸਵੇਰ ਜਦੋਂ ਲਤੀਫ਼ਾ ਉੱਠੀ ਤਾਂ ਪਤਾ ਲੱਗਿਆ ਕਿ ਕਾਬੁਲ ਵਿੱਚ ਸਥਿਤ ਬਹੁਤੀਆਂ ਅੰਬੈਸੀਆਂ ਰਾਤੋ-ਰਾਤ ਬੰਦ ਹੋ ਗਈਆਂ ਸਨ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਪਹਿਲਾ ਮੌਕਾ ਮਿਲਦਿਆਂ ਹੀ ਕਾਬੁਲ ਵਿੱਚੋਂ ਕੱਢਿਆ ਜਾ ਰਿਹਾ ਸੀ।

ਲਤੀਫ਼ਾ ਦਾ ਪਤੀ ਚਾਹੁੰਦਾ ਸੀ ਕਿ ਉਹ ਜਿੰਨੀ ਜਲਦੀ ਹੋ ਸਕੇ ਅਫ਼ਗਾਨਿਸਤਾਨ ਵਿੱਚੋਂ ਨਿਕਲ ਜਾਵੇ ਅਤੇ ਭਾਰਤੀ ਹੋਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋਰ ਵੀ ਜ਼ਿਆਦਾ ਸੀ।

ਲਤੀਫ਼ਾ ਨੇ ਪਾਸਪੋਰਟ ਚੁੱਕਿਆ ਅਤੇ ਨੀਲਾ ਬੁਰਕਾ ਪਾ ਕੇ ਨਿਕਲ ਗਈ। ਜੋੜਾ ਭਾਰਤੀ ਅੰਬੈਸੀ ਵੱਲ ਭੱਜਿਆ ਤਾਂ ਜੋ ਭਾਰਤ ਲਈ ਰਵਾਨਗੀ ਦੇ ਸੂਰਤੇ ਹਾਲ ਪਤਾ ਕੀਤੇ ਜਾ ਸਕਣ ਅਤੇ ਨਾਲ ਹੀ ਲਤੀਫ਼ਾ ਦੇ ਪਤੀ ਅਤੇ ਸਹੁਰਿਆਂ ਲਈ ਭਾਰਤ ਦਾ ਵੀਜ਼ਾ ਹਾਸਲ ਕੀਤਾ ਜਾ ਸਕੇ।

"ਜਦੋ ਅਸੀਂ ਭਾਰਤੀ ਅੰਬੈਸੀ ਪਹੁੰਚੇ ਤਾਂ ਖ਼ੁਸ਼ਕਿਸਮਤੀ ਨਾਲ ਉਹ ਅਜੇ ਖੁੱਲ਼੍ਹੀ ਸੀ। ਹਾਲਾਂਕਿ ਹਵਾ ਵਿੱਚ ਤਣਾਅ ਤੁਸੀਂ ਮਹਿਸੂਸ ਕਰ ਸਕਦੇ ਸੀ। ਉਹ ਸਾਰੇ ਕਾਗਜ਼ਾਤ ਨਸ਼ਟ ਕਰ ਰਹੇ ਸਨ। ਅੰਬੈਸੀ ਦੇ ਅਮਲੇ ਨੇ ਦੱਸਿਆ ਕਿ ਉਹ ਉਸ ਦਿਨ ਸ਼ਾਮ ਤੱਕ ਕੰਮ ਕਰਨਗੇ। ਮੈਨੂੰ ਇੱਥੇ ਅਫ਼ਗਾਨਿਸਤਾਨ ਵਿੱਚ ਆਪਣੇ ਬਾਕੀ ਪਰਿਵਾਰ ਲਈ ਵੀਜ਼ਾ ਚਾਹੀਦਾ ਸੀ। ਉਨ੍ਹਾਂ ਨੇ ਮੈਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਪਾਸਪੋਰਟਸ ਨਾਲ ਸ਼ਾਮ ਨੂੰ ਆਉਣ ਲਈ ਕਿਹਾ ਤਾਂ ਮੈਂ ਵਾਪਸ ਘਰ ਆ ਗਈ।"

ਘਰ ਵਾਪਸ ਜਾਂਦਿਆਂ ਉਨ੍ਹਾਂ ਨੂੰ ਸਿਰਫ਼ ਅਫ਼ਰਾ-ਤਫ਼ਰੀ ਅਤੇ ਬੇਸਹਾਰਾ ਲੋਕ ਹੀ ਨਜ਼ਰ ਆਏ।

ਲੋਕ ਤਾਲਿਬਾਨ ਤੋਂ ਡਰਦੇ ਇੱਧਰ-ਉੱਧਰ ਭੱਜ ਰਹੇ ਸਨ। ਮੇਰੇ ਪਤੀ ਨੇ ਮੇਰਾ ਹੱਥ ਫੜਿਆ ਅਤੇ ਅਸੀਂ ਘਰ ਵੱਲ ਭੱਜੇ।

ਮੈਨੂੰ ਇੰਝ ਜਾਪਿਆ ਜਿਵੇਂ ਸਾਰਾ ਕਾਬੁਲ ਸ਼ਹਿਰ ਸੜਕਾਂ ਉੱਤੇ ਉਤਰ ਆਇਆ ਹੋਵੇ ਅਤੇ ਹਵਾਈ ਅੱਡੇ ਵੱਲ ਦੌੜ ਰਿਹਾ ਹੋਵੇ। ਇਹ ਬਹੁਤ ਭਿਆਨਕ ਸੀ। ਜਦੋਂ ਮੈਂ ਘਰ ਵਾਪਸ ਆਈ ਤਾਂ ਇਮਾਰਤ ਦਾ ਸਕਿਊਰਿਟੀ ਸਟਾਫ਼ ਨੇ ਆਪਣੀ ਵਰਦੀ ਬਦਲ ਕੇ ਕੁਰਤਾ-ਪਜਾਮਾ ਪਾ ਲਿਆ ਸੀ। ਮੇਰੀ ਇਮਾਰਤ ਨੂੰ ਤਾਲਿਬਾਨ ਨੇ ਘੇਰ ਲਿਆ ਸੀ।"

ਖ਼ੁਸ਼ਕਿਸਮਤੀ ਨਾਲ ਲਤੀਫ਼ਾ ਨੂੰ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ ਲਈ ਵੀ ਉਸ ਸ਼ਾਮ ਭਾਰਤ ਦਾ ਵੀਜ਼ਾ ਮਿਲ ਗਿਆ।

ਫਿਰ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਆਉਣ ਵਾਲ਼ੇ ਫ਼ੋਨ ਕਾਲ ਦੀ ਉਡੀਕ ਸ਼ੁਰੂ ਕੀਤੀ। ਲਤੀਫ਼ਾ ਦੇ ਭਾਰਤੀ ਹੋਣ ਕਾਰਨ ਉਨ੍ਹਾਂ ਨੂੰ ਪਹਿਲ ਦਿੱਤੀ ਜਾਣੀ ਸੀ।

19 ਅਗਸਤ

19 ਅਗਸਤ ਨੂੰ ਭਾਰਤੀ ਵਿਦੇਸ਼ ਮੰਤਰਾਲਾ ਤੋਂ ਇੱਕ ਸੁਨੇਹਾ ਮਿਲਿਆ ਕਿ ਸੁਰੱਖਿਆ ਕਾਰਨਾਂ ਕਰਕੇ ਮੈਨੂੰ ਕਾਬੁਲ ਹਵਾਈ ਅੱਡੇ ਦੇ ਨਜ਼ਗੀਕ ਇੱਕ ਤੈਅ ਜਗ੍ਹਾ 'ਤੇ ਪਹੁੰਚਣਾ ਪਵੇਗਾ।ਉਦੋਂ ਤੱਕ ਹੋਰ ਲੋਕ ਵੀ ਉੱਥੇ ਪਹੁੰਚ ਜਾਣਗੇ।ǀ

ਮੈਂ ਆਪਣਾ ਪਰਿਵਾਰ ਪਿੱਛੇ ਛੱਡ ਕੇ ਜਾ ਰਹੀ ਸੀ ਅਤੇ ਇਹ ਸੌਖਾ ਨਹੀਂ ਸੀ।

ਮੇਰੇ ਪਰਿਵਾਰ ਨੂੰ ਮੇਰੀ ਸੁਰੱਖਿਆ ਦੀ ਫ਼ਿਕਰ ਹੋ ਰਹੀ ਸੀ ਪਰ ਇਸ ਬਾਰੇ ਸੋਚਣ ਦਾ ਕੋਈ ਸਮਾਂ ਹੀ ਨਹੀਂ ਸੀ। ਅਸੀਂ ਆਪਣੇ ਨਾਲ ਸਿਰ਼ਫ਼ ਇੱਕ ਸਫ਼ਰੀ-ਬੈਗ ਲੈ ਕੇ ਜਾ ਸਕਦੇ ਸੀ।

ਇਸ ਲਈ ਮੈਂ ਆਪਣੇ ਨਾਲ ਸਿਰਫ਼ ਆਪਣਾ ਲੈਪਟਾਪ, ਹਾਰਡ ਡਰਾਈਵ, ਫ਼ੋਨ ਅਤੇ ਇੱਕ ਪਾਵਰ ਬੈਂਕ ਹੀ ਲਿਆ।

ਉਸ ਤੋਂ ਪਹਿਲਾਂ ਹੀ ਉੱਥੇ ਹੋਰ 220 ਯਾਤਰੀ ਉਡੀਕ ਕਰ ਰਹੇ ਸਨ। ਇਹ ਭਾਰਤੀ ਮੁਸਲਮਾਨ, ਹਿੰਦੂ, ਸਿੱਖ ਅਤੇ ਕੁਝ ਅਫ਼ਗਾਨ ਪਰਿਵਾਰ ਸਨ।

ਇਹ ਜਗ੍ਹਾ ਵੀ ਸੁਰੱਖਿਅਤ ਨਹੀਂ ਸੀ ਅਤੇ ਅਗਲੇ ਦੋ ਦਿਨ ਬਹੁਤ ਫਿਕਰ ਵਿੱਚ ਲੰਘੇ।

"ਇੱਥੇ ਕੋਈ ਇੰਤਜ਼ਾਮ ਨਹੀਂ ਸੀ। ਸਾਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਸਾਨੂੰ ਇੱਥੋਂ ਕਦੋਂ ਕੱਢਿਆ ਜਾਵੇਗਾ। ਅੰਦਰ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਸੀ। ਸਗੋਂ ਤਾਲਿਬਾਨ ਇਸ ਜਗ੍ਹਾ 'ਤੇ ਪਹਿਰਾ ਦੇ ਰਹੇ ਸਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਇੱਥੇ ਹਮਲਾ ਨਾ ਕਰ ਦੇਵੇ। ਸਾਨੂੰ ਬੜਾ ਨਿਤਾਣਾਪਨ ਮਹਿਸੂਸ ਹੋਇਆ। ਡਰ ਦੇ ਮਾਰੇ ਅਸੀਂ ਸੌਂ ਵੀ ਨਹੀਂ ਸਕੇ।"

20 ਅਗਸਤ

ਵੀਹ ਅਗਸਤ ਨੂੰ ਰਾਤ 10 ਵਜੇ ਅਚਾਨਕ ਇਵੈਕੁਏਸ਼ਨ ਦੇ ਹੁਕਮ ਆ ਗਏ। 10-11.30 ਵਜੇ ਦੇ ਦਰਮਿਆਨ ਲਗਭਗ 150 ਸਵਾਰੀਆਂ ਮਿੰਨੀ ਬਸਾਂ ਵਿੱਚ ਹਵਾਈ ਅੱਡੇ ਵੱਲ ਰਵਾਨਾ ਹੋਈਆਂ। ਹਰ ਬਸ ਵਿੱਚ ਸਿਰਫ਼ 21 ਸੀਟਾਂ ਸਨ।

ਸਾਨੂੰ ਤਾਲਿਬਾਨ ਲੈ ਕੇ ਜਾ ਰਹੇ ਸਨ। ਤਾਲਿਬਾਨ ਦੀ ਇੱਕ ਗੱਡੀ ਅੱਗੇ ਸੀ ਅਤੇ ਇੱਕ ਪਿੱਛੇ। ਅਸੀਂ ਅੱਧੀ ਰਾਤ 12.30 ਵਜੇ ਕਾਬੁਲ ਹਵਾਈ ਅੱਡੇ 'ਤੇ ਪਹੁੰਚੇ।

ਦੇਸ ਛੱਡਣ ਵਾਲੇ ਬਹੁਤ ਸਾਰੇ ਲੋਕਾਂ ਦਾ ਇਕੱਠ ਹਵਾਈ ਅੱਡੇ ਦੇ ਬਾਹਰ ਉਡੀਕ ਕਰ ਰਿਹਾ ਸੀ। ਭੀੜ ਨੂੰ ਕਾਬੂ ਕਰਨ ਲਈ ਇੱਕ ਪਾਸਿਓਂ ਤਾਲਿਬਾਨ ਅਤੇ ਦੂਜੇ ਪਾਸੇ ਤੋਂ ਅਮਰੀਕੀ ਗੋਲੀਆਂ ਚਲਾ ਰਹੇ ਸਨ।

ਸਾਨੂੰ ਹਵਾਈ ਅੱਡੇ ਦੇ ਉੱਤਰੀ ਗੇਟ ਵੱਲ ਲਿਜਾਇਆ ਗਿਆ ਜਿਸ ਦੀ ਵਰਤੋਂ ਜ਼ਿਆਦਾਤਰ ਮਿਲਟਰੀ ਵੱਲੋਂ ਕੀਤੀ ਜਾਂਦੀ ਸੀ।

ਹਾਲਾਂਕਿ ਇਹ ਲੋਕ ਹਵਾਈ ਅੱਡੇ ਤੱਕ ਪਹੁੰਚ ਗਏ ਪਰ ਇਹ ਉਨ੍ਹਾਂ ਦੇ ਦੁੱਖਾਂ ਦਾ ਅੰਤ ਨਹੀਂ ਸੀ।

ਅਮਰੀਕਨਾਂ ਨੇ ਉਨ੍ਹਾਂ ਨੂੰ ਹਵਾਈ ਅੱਡੇ ਦੇ ਅੰਦਰ ਦਾਖ਼ਲਾ ਦੇਣ ਤੋਂ ਮਨ੍ਹਾਂ ਕਰ ਦਿੱਤਾ। 20-21 ਅਗਸਤ ਦੀ ਦਰਮਿਆਨੀ ਰਾਤ ਉਨ੍ਹਾਂ ਨੇ ਹਵਾਈ ਅੱਡੇ ਦੇ ਬਾਹਰ ਹੀ ਖੜ੍ਹੀ ਉਸ ਬਸ ਵਿੱਚ ਲੰਘਾਈ। ਹਵਾਈ ਅੱਡੇ ਦੇ ਬਾਹਰ ਇਵੈਕੁਏਸ਼ਨ ਦੀ ਕੋਈ ਯੋਜਨਾ ਕੰਮ ਕਰਦੀ ਨਜ਼ਰ ਨਹੀਂ ਆ ਰਹੀ ਸੀ।

"ਉੱਥੇ ਸਾਡੇ ਨਾਲ ਬੱਚੇ, ਔਰਤਾਂ ਅਤੇ ਬੀਮਾਰ ਲੋਕ ਸਨ। ਅਸੀਂ ਸੜਕ ਉੱਪਰ ਫ਼ਸੇ ਹੋਏ ਸੀ। ਕੁਝ ਔਰਤਾਂ ਨੂੰ ਮਹਾਵਾਰੀ ਆਈ ਹੋਈ ਸੀ ਪਰ ਸਾਡੇ ਕੋਲ ਪਖਾਨੇ ਤੱਕ ਜਾਣ ਦਾ ਕੋਈ ਜ਼ਰੀਆ ਨਹੀਂ ਸੀ। ਅਸੀਂ ਖੁੱਲ੍ਹੇ ਅਕਾਸ਼ ਥੱਲੇ ਬੈਠੇ ਸੀ ਅਤੇ ਕੋਈ ਵੀ ਸਾਡੇ ਉੱਪਰ ਹਮਲਾ ਕਰ ਸਕਦਾ ਸੀ।"

21 ਅਗਸਤ

ਲਤੀਫ਼ਾ ਅਤੇ ਹੋਰ ਯਾਤਰੀਆਂ ਲਈ ਇਹ ਇੱਕ ਮੁਸ਼ਕਲ ਰਾਤ ਸੀ ਪਰ ਸਵੇਰ ਤਾਂ ਹੋਰ ਵੀ ਭਿਆਨਕ ਸੀ।

ਸਵੇਰੇ 9.30 ਵਜੇ ਤਾਲਿਬਾਨ ਸਾਡੀਆਂ ਬਸਾਂ ਵਿੱਚ ਆ ਗਏ ਅਤੇ ਸਾਡੇ ਕੁਆਰਡੀਨੇਟਰ ਨੂੰ ਸਵਾਲ-ਜਵਾਬ ਕਰਨ ਲੱਗ ਪਏ। ਉਨ੍ਹਾਂ ਨੇ ਉਸ ਦਾ ਫ਼ੌਨ ਖੋਹ ਲਿਆ ਅਤੇ ਥੱਪੜ ਮਾਰਿਆ। ਸਾਨੂੰ ਨਹੀ ਪਤਾ ਸੀ ਕਿ ਕੀ ਹੋ ਰਿਹਾ ਹੈ।

ਸਾਰੀਆਂ ਸੱਤੇ ਬਸਾ ਨੂੰ ਹੁਣ ਤਾਲਿਬਾਨ ਚਲਾ ਰਹੇ ਸਨ ਅਤੇ ਕਿਸੇ ਅਣਪਛਾਤੀ ਥਾਂ ਵੱਲ ਲੈ ਕੇ ਜਾ ਰਹੇ ਸਨ।

ਇਹ ਵੀ ਪੜ੍ਹੋ:

ਸਾਨੂੰ ਇੱਕ ਸਨਅਤੀ ਖੇਤਰ ਵਿੱਚ ਲੈ ਜਾ ਕੇ ਬੰਦੀ ਬਣਾ ਲਿਆ ਗਿਆ। ਉਹ ਤਾਲਿਬਾਨ ਕਾਫ਼ੀ ਗੱਭਰੂ ਸਨ ਕੁਝ ਤਾਂ ਆਪਣੇ ਸਤਾਰਵਿਆਂ-ਅਠਾਰਵਿਆਂ ਵਿੱਚ ਲੱਗ ਰਹੇ ਸਨ।

ਸਾਨੂੰ ਡਰ ਲੱਗ ਰਿਹਾ ਸੀ। ਸਾਨੂੰ ਲੱਗ ਰਿਹਾ ਸੀ ਅਸੀਂ ਆਪਣੇ ਪਰਿਵਾਰਾਂ ਨੂੰ ਮੁੜ ਨਹੀਂ ਮਿਲ ਸਕਾਂਗੇ।"

ਔਰਤਾਂ ਅਤੇ ਮਰਦਾਂ ਨੂੰ ਇੱਕ ਪਾਰਕ ਵਿੱਚ ਵੱਖਰਿਆਂ ਕਰਕੇ ਬਿਠਾਇਆ ਗਿਆ। ਤਾਲਿਬਾਨ ਉਨ੍ਹਾਂ ਦੇ ਪਾਸਪੋਰਟ ਲੈ ਕੇ ਸਵਾਲ ਪੁੱਛਣ ਲੱਗੇ। ਤਾਲਿਬਾਨ ਔਰਤਾਂ ਜੋ ਅਫ਼ਗਾਨਾਂ ਨਾਲ਼ ਵਿਆਹੀਆਂ ਹੋਈਆਂ ਸਨ ਬਾਕੀ ਭਾਰਤੀਆਂ ਤੋਂ ਵੱਖ ਕਰ ਲਈਆਂ ਗਈਆਂ।

"ਮੈਂ ਕਿਹਾ ਕਿ ਮੈਂ ਇੱਕ ਭਾਰਤੀ ਹਾਂ ਅਤੇ ਭਾਰਤੀਆਂ ਨਾਲ ਰਹਿਣਾ ਚਾਹੁੰਦੀ ਹਾਂ ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਅਫ਼ਗਾਨਾਂ ਨਾਲ ਹੀ ਰਹਿਣਾ ਪਵੇਗਾ। ਮੈਨੂੰ ਆਪਣੇ ਭਾਰਤੀ ਭੈਣ-ਭਰਾਵਾਂ ਦੀ ਹੋਣੀ ਬਾਰੇ ਸੋਚ ਕੇ ਡਰ ਲੱਗ ਰਿਹਾ ਸੀ।"

ਇੱਕ ਤਾਲਿਬਾਨ ਨੇ ਮੈਨੂੰ ਪੁੱਛਿਆ- ਤੂੰ ਇਹ ਦੇਸ ਕਿਉਂ ਛੱਡਣਾ ਚਾਹੁੰਦੀ ਹੈਂ? ਅਸੀਂ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਨੇ ਪੁੱਛਿਆ ਕੀ ਮੈਂ ਵਾਪਸ ਆਵਾਂਗੀ। ਮੈਂ ਕਿਹਾ ਨਹੀਂ ਸਾਨੂੰ ਤੁਹਾਡੇ ਤੋਂ ਡਰ ਲਗਦਾ ਹੈ। ਉਨ੍ਹਾਂ ਨੇ ਸਾਨੂੰ ਕਿਹਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਅਤੇ ਸਾਨੂੰ ਪੀਣ ਲਈ ਪਾਣੀ ਦਿੱਤਾ ਪਰ ਨਜ਼ਰਾਂ ਨਹੀਂ ਮਿਲਾਈਆਂ। ਫਿਰ ਸਾਨੂੰ ਦੱਸਿਆ ਕਿ ਸਾਡੀ ਸੁਰੱਖਿਆ ਨੂੰ ਖ਼ਤਰਾ ਸੀ ਅਤੇ ਉਹ ਸਾਡੀ ਸੁਰੱਖਿਆ ਯਕੀਨੀ ਬਣਾ ਰਹੇ ਸਨ।"

ਕੁਝ ਘੰਟਿਆਂ ਬਾਅਦ ਲਤੀਫ਼ਾ ਨੂੰ ਅਫਗ਼ਾਨਾਂ ਅਤੇ ਹੋਰ ਭਾਰਤੀ ਔਰਤਾਂ ਨਾਲ ਬਸ ਵਿੱਚ ਬਿਠਾ ਦਿੱਤਾ ਗਿਆ, ਜੋ ਅਫ਼ਗਾਨਾਂ ਨਾਲ ਵਿਆਹੀਆਂ ਹੋਈਆਂ ਸਨ। ਹੋਰ ਭਾਰਤੀ ਔਰਤਾ ਉਨ੍ਹਾਂ ਨੂੰ ਹਵਾਈ ਅੱਡੇ ਵੱਲ ਜਾਂਦਿਆਂ ਰਸਤੇ ਵਿੱਚ ਮਿਲੀਆਂ।

ਸਵੇਰੇ ਦੋ ਵਜੇ ਉਹ ਹਵਾਈ ਅੱਡੇ ਦੇ ਉੱਤਰੀ ਗੇਟ ਉੱਪਰ ਵਾਪਸ ਪਹੁੰਚ ਗਏ ਸਨ। ਹਵਾਈ ਅੱਡੇ ਦੇ ਜਾਣ ਲਈ ਉਡੀਕ ਇੱਕ ਵਾਰ ਫਿਰ ਸ਼ੁਰੂ ਹੋ ਗਈ।

ਵਿਦੇਸ਼ ਮੰਤਰਾਲਾ ਹਵਾਈ ਅੱਡੇ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੋਸ਼ਿਸ਼ ਸਫ਼ਲ ਨਹੀਂ ਹੋ ਰਹੀ ਸੀ। ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਆਇਆ ਕਿ ਉਨ੍ਹਾਂ ਨੂੰ ਸਾਡੇ ਤਾਲਿਬਾਨ ਵੱਲੋ ਬੰਦੀ ਬਣਾਏ ਜਾਣ ਬਾਰੇ ਕੁਝ ਪਤਾ ਨਹੀਂ ਸੀ।

ਸਾਨੂੰ ਨਹੀਂ ਪਤਾ ਸੀ ਕਿ ਕੀ ਗੱਲਬਾਤ ਚੱਲ ਰਹੀ ਸੀ ਪਰ ਮੈਨੂੰ ਉਸ ਸਮੇਂ ਬੜਾ ਫ਼ਸਿਆ- ਫ਼ਸਿਆ ਅਤੇ ਅਸਹਾਇ ਮਹਿਸੂਸ ਹੋ ਰਿਹਾ ਸੀ।

ਜੇ ਉਨ੍ਹਾਂ ਨੂੰ ਪੱਕਾ ਨਹੀਂ ਪਤਾ ਸੀ ਤਾਂ ਉਨ੍ਹਾਂ ਨੂੰ ਸਾਨੂੰ ਘਰਾਂ ਤੋਂ ਨਹੀਂ ਬੁਲਾਉਣਾ ਚਾਹੀਦਾ ਸੀ। ਅਸੀਂ ਆਪਣੇ ਘਰਾਂ ਦੇ ਅੰਦਰ ਲੁਕੇ ਰਹਿੰਦੇ। ਇੰਨੇ ਖ਼ਤਰੇ ਵਿੱਚ ਅਸੀਂ ਬਾਹਰ ਨਾ ਨਿਕਲਦੇ। ਹੁਣ ਸਗੋਂ ਅਸੀਂ ਖੁੱਲ੍ਹੇ ਵਿੱਚ ਸੀ ਅਤੇ ਖ਼ਤਰੇ ਵਿੱਚ ਸੀ।

ਸ਼ਾਮ 5 ਵਜੇ -ਵਿਦੇਸ਼ ਮੰਤਰਾਲਾ ਨੇ ਉਨ੍ਹਾਂ ਨੂੰ ਦੱਸਿਆ ਕਿ ਅਗਲੇ 15-20 ਮਿੰਟਾਂ ਵਿੱਚ ਉਨ੍ਹਾਂ ਨੂੰ ਹਵਾਈ ਅੱਡੇ ਦੇ ਅੰਦਰ ਲੈ ਕੇ ਜਾਣਗੇ, ਅਜਿਹਾ ਵੀ ਨਾ ਹੋ ਸਕਿਆ।

ਸ਼ਾਮ 6 ਵਜੇ- ਵਿਦੇਸ਼ ਮੰਤਰਾਲਾ ਵੱਲੋਂ ਇੱਕ ਹੋਰ ਫ਼ੋਨ ਆਇਆ ਅਤੇ ਉਨ੍ਹਾਂ ਨੂੰ ਸੇਫ਼ ਹਾਊਸ ਵਾਪਸ ਜਾਣ ਲਈ ਕਿਹਾ ਗਿਆ। ਹਰ ਕੋਸ਼ਿਸ਼ ਤਵੇ ਤੇ ਬੂੰਦ ਵਰਗੀ ਲੱਗ ਰਹੀ ਸੀ।

ਰਾਤ 8 ਵਜੇ - ਹਤਾਸ਼ ਅਤੇ ਨਿਰਾਸ਼ ਹੋਈ ਲਤੀਫਾ ਨੇ ਇਹ ਸੋਚਦੇ ਹੋਏ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਕਿ ਇੱਥੋਂ ਇੰਨੀ ਜਲਦੀ ਨਿੱਕਲਣ ਦੀ ਕੋਈ ਉਮੀਦ ਨਹੀਂ ਹੈ।

ਪਰ ਫਿਰ ਉਸੇ ਰਾਤ, ਭਾਰਤੀ ਹਵਾਈ ਫ਼ੌਜ ਦੇ ਸੀ-17 ਜਹਾਜ਼ ਦੁਆਰਾ ਭਾਰਤੀਆਂ ਅਤੇ ਅਫ਼ਗ਼ਾਨ ਲੋਕਾਂ ਦੇ ਇੱਕ ਸਮੂਹ ਨੂੰ ਕਾਮਯਾਬੀ ਨਾਲ ਉੱਥੋਂ ਬਾਹਰ ਕੱਢ ਲਿਆ ਗਿਆ ਅਤੇ ਲਤੀਫਾ ਵਰਗੇ ਬਹੁਤ ਸਾਰੇ, ਜੋ ਘਰ ਵਾਪਸ ਚਲੇ ਗਏ ਸਨ, ਪਿੱਛੇ ਰਹਿ ਗਏ।

ਰਾਤ 9:40 'ਤੇ - "ਹੋਰ ਲੋਕਾਂ ਨੇ ਮੈਨੂੰ ਦੱਸਿਆ ਕਿ ਇਹ ਸਭ ਬਹੁਤ ਜਲਦੀ ਹੋਇਆ। ਸੇਫ ਹਾਊਸ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਨੂੰ ਵਾਪਸ ਏਅਰਪੋਰਟ ਲੈ ਕੇ ਗਏ ਸੀ। ਮੈਂ ਬਸ ਨਿੱਕਲਦੇ-ਨਿੱਕਲਦੇ ਰਹਿ ਗਈ। ਉਨ੍ਹਾਂ ਕੋਲ ਇੰਨਾ ਸਮਾਂ ਨਹੀਂ ਸੀ ਕਿ ਮੈਨੂੰ ਦੱਸ ਸਕਣ ਅਤੇ ਮੈਂ ਪਿੱਛੇ ਰਹਿ ਗਈ। ਹੁਣ ਉਹ ਸਾਰੇ ਏਅਰਪੋਰਟ ਦੇ ਅੰਦਰ ਹਨ।"

"ਮੈਂ ਸੇਫ ਹਾਊਸ ਛੱਡਣ ਲਈ ਆਪਣੇ ਆਪ ਨਾਲ ਜ਼ਬਰਦਸਤੀ ਨਹੀਂ ਕਰਨਾ ਚਾਹੁੰਦੀ। ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਚੁੱਕੇ ਸੀ। ਪਰ ਮੈਨੂੰ ਅਜੇ ਵੀ ਉਮੀਦ ਹੈ ਕਿਉਂਕਿ ਮੈਨੂੰ ਕਿਹਾ ਗਿਆ ਹੈ ਕਿ ਹੋਰ ਜਹਾਜ਼ ਵੀ ਨਿੱਕਲਣਗੇ।"

22 ਅਗਸਤ

ਵਿਦੇਸ਼ ਮੰਤਰਾਲੇ ਨੇ ਦਿਨ ਭਰ ਵਿੱਚ ਦੋ ਵਾਰ ਲਤੀਫ਼ਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦਾ ਨਾਮ, ਬਾਹਰ ਕੱਢੇ ਜਾਣ ਵਾਲੇ ਲੋਕਾਂ ਦੀ ਨਵੀਂ ਸੂਚੀ ਵਿੱਚ ਜੋੜ ਦਿੱਤਾ ਗਿਆ।

23 ਅਗਸਤ

ਭਾਰਤੀ ਮੰਤਰਾਲੇ ਵੱਲੋਂ ਲਤੀਫ਼ਾ ਨਾਲ ਸਵੇਰੇ 2 ਵੱਜ ਕੇ 30 ਮਿੰਟ 'ਤੇ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਵੇਰੇ 5 ਵੱਜ ਕੇ 30 ਮਿੰਟ ਤੱਕ ਇੱਕ ਖਾਸ ਸਥਾਨ 'ਤੇ ਪਹੁੰਚਣ ਲਈ ਕਿਹਾ ਗਿਆ। ਬੱਸਾਂ ਨੇ ਸਵੇਰੇ 6 ਵੱਜ ਕੇ 30 ਮਿੰਟ 'ਤੇ ਹਵਾਈ ਅੱਡੇ ਲਈ ਰਵਾਨਾ ਹੋਣਾ ਸੀ। ਇਨ੍ਹਾਂ ਵਿੱਚ, ਉਹ ਲੋਕ ਜਾਣ ਵਾਲੇ ਸਨ ਜੋ ਪਿੱਛੇ ਛੁੱਟ ਗਏ ਸਨ।

ਸਵੇਰੇ 8 ਵਜੇ- ਮਹਿਜ਼ 21 ਸੀਟਾਂ ਦੀ ਸਮਰੱਥਾ ਵਾਲੀਆਂ ਦੋ ਮਿੰਨੀ ਬੱਸਾਂ, 70-80 ਯਾਤਰੀਆਂ ਨੂੰ ਲੈ ਕੇ ਸਵੇਰੇ 8 ਵਜੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਮੁੱਖ ਗੇਟ 'ਤੇ ਪਹੁੰਚੀਆਂ। ਬਾਹਰ ਦਾ ਦ੍ਰਿਸ਼ ਪਹਿਲਾਂ ਨਾਲੋਂ ਵੀ ਬੁਰਾ ਸੀ।

"ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਆਪਣੀ ਕਿਸਮਤ ਅਜ਼ਮਾ ਰਹੇ ਸਨ। ਅਸੀਂ ਦੇਖਿਆ ਕਿ ਤਾਲਿਬਾਨ ਲੋਕਾਂ ਨੂੰ ਕੋੜਿਆਂ ਨਾਲ ਮਾਰ ਰਹੇ ਸਨ। ਉਹ ਹਵਾ ਵਿੱਚ ਗੋਲੀਬਾਰੀ ਕਰ ਰਹੇ ਸਨ। ਸਾਨੂੰ ਸਾਰੀਆਂ ਖਿੜਕੀਆਂ ਬੰਦ ਰੱਖਣ ਅਤੇ ਪਰਦੇ ਖਿੱਚਣ ਲਈ ਕਿਹਾ ਗਿਆ ਸੀ। ਇਹ ਬਹੁਤ ਡਰਾਉਣਾ ਸੀ।"

ਸਵੇਰੇ 8:45 ਵਜੇ - ਲਤੀਫ਼ਾ ਨੂੰ ਲਿਜਾ ਰਹੀ ਬੱਸ ਮੁੱਖ ਗੇਟ ਰਾਹੀਂ, ਸਹੀ-ਸਲਾਮਤ ਹਵਾਈ ਅੱਡੇ ਵਿੱਚ ਦਾਖਲ ਹੋਈ।

"ਬਹੁਤ ਮੁਸ਼ਕਿਲ ਨਾਲ, ਅਸੀਂ ਅੰਦਰ ਜਾਣ ਵਿੱਚ ਸਫਲ ਹੋਏ। ਮੁੱਖ ਗੇਟ 'ਤੇ ਤਾਲਿਬਾਨ ਦੇ ਮੈਂਬਰ ਸਨ ਅਤੇ ਕੁਝ ਮੈਂਬਰਾਂ ਨੂੰ ਤਾਂ ਅਸੀਂ ਗੇਟ ਦੇ ਅੰਦਰ ਵੀ ਵੇਖਿਆ। ਸਾਨੂੰ ਹੋਰ ਅੰਦਰ ਲਿਆਂਦਾ ਗਿਆ ਹੈ ਅਤੇ ਇੱਥੇ ਅਸੀਂ ਅਮਰੀਕੀ ਸੈਨਿਕਾਂ ਨੂੰ ਵੇਖ ਸਕਦੇ ਹਾਂ। ਉਹ ਸਾਡੇ ਵੱਲ ਹੱਥ ਹਿਲਾ ਰਹੇ ਹਨ। ਕੁਝ ਭਾਰਤੀ ਅਧਿਕਾਰੀ ਸਾਨੂੰ ਲੈਣ ਆਏ ਹਨ ਅਤੇ ਸਾਡੇ ਪਾਸਪੋਰਟਾਂ ਦੀ ਜਾਂਚ ਕਰ ਰਹੇ ਹਨ।"

ਸਵੇਰੇ 10 ਵਜੇ - ਸਾਰੀਆਂ ਮਹਿਲਾ ਯਾਤਰੀਆਂ ਨੂੰ ਇੱਕ ਅਸਥਾਈ ਤੰਬੂ ਦੇ ਹੇਠਾਂ ਬਿਠਾਇਆ ਗਿਆ ਅਤੇ ਉਨ੍ਹਾਂ ਨੂੰ ਅਮਰੀਕੀਆਂ ਵੱਲੋਂ ਖਾਣ ਲਈ ਭੋਜਨ ਦਿੱਤਾ ਗਿਆ।

ਦੁਪਹਿਰ 11:20 'ਤੇ - "ਅਮਰੀਕੀ ਆਏ ਅਤੇ ਸਾਨੂੰ ਤੰਬੂ ਤੋਂ ਬਾਹਰ ਕੱਢ ਦਿੱਤਾ। ਹੁਣ ਅਸੀਂ ਤਪਦੇ ਸੂਰਜ ਹੇਠਾਂ, ਸੜਕ 'ਤੇ ਬੈਠੇ ਹਾਂ। ਅਸੀਂ ਭਾਰਤੀ ਜਹਾਜ਼ ਦੇ ਉਤਰਨ ਦੀ ਉਡੀਕ ਕਰ ਰਹੇ ਹਾਂ। ਅਸੀਂ ਸੁਣਿਆ ਕਿ ਉਹ ਅਮਰੀਕੀਆਂ ਤੋਂ ਲੈਂਡਿੰਗ ਦੀ ਆਗਿਆ ਮਿਲਣ ਦੀ ਉਡੀਕ ਕਰ ਰਹੇ ਹਨ।"

ਦੁਪਹਿਰ 12:04 'ਤੇ - "ਮੈਂ ਭਾਰਤੀ ਫੌਜੀ ਜਹਾਜ਼ ਨੂੰ ਦੂਰ ਰਨਵੇ ਉੱਤੇ ਵੇਖ ਸਕਦੀ ਹਾਂ। ਹੁਣ ਸਾਨੂੰ ਜਹਾਜ਼ ਵਿੱਚ ਸਵਾਰ ਹੋਣ ਲਈ ਲੈ ਕੇ ਜਾ ਰਹੇ ਹਨ।"

ਦੁਪਹਿਰ 12:20 'ਤੇ - "ਅਸੀਂ ਹੁਣ ਭਾਰਤੀ ਫੌਜੀ ਜਹਾਜ਼ ਦੇ ਅੰਦਰ ਹਾਂ ਅਤੇ ਉਹ ਸਾਨੂੰ ਤਜਾਕਿਸਤਾਨ ਲੈ ਜਾ ਰਹੇ ਹਨ।"

ਦੁਪਹਿਰ 1 ਵਜੇ - ਜਦੋਂ ਅਸੀਂ ਜਾਣਕਾਰੀ ਲਈ ਲਤੀਫ਼ਾ ਨੂੰ ਦੁਪਹਿਰ 1 ਵਜੇ ਫੋਨ ਕੀਤਾ ਤਾਂ ਉਨ੍ਹਾਂ ਦਾ ਮੋਬਾਈਲ ਬੰਦ ਆਉਂਦਾ ਹੈ। ਇਸਦਾ ਮਤਲਬ ਸ਼ਾਇਦ ਇਹ ਹੈ ਭਾਰਤ ਆਉਣ ਲਈ ਜਹਾਜ਼ ਨੇ ਕਾਬੁਲ ਤੋਂ ਤਾਜਿਕਿਸਤਾਨ ਲਈ ਉਡਾਣ ਭਰ ਲਈ ਹੈ।

24 ਅਗਸਤ

ਭਾਰਤੀ ਸਮੇਂ ਅਨੁਸਾਰ ਸਵੇਰੇ 9 ਵੱਜ ਕੇ 40 ਮਿੰਟ 'ਤੇ ਲਤੀਫ਼ਾ ਦਾ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਅਤੇ ਇਸ ਤਰ੍ਹਾਂ, ਘਰ ਪਹੁੰਚਣ ਦਾ ਲਤੀਫ਼ਾ ਦਾ ਸੰਘਰਸ਼ ਆਖਿਰ ਖ਼ਤਮ ਹੋ ਗਿਆ।

ਜਹਾਜ਼ ਉਤਰਨ ਤੋਂ ਤੁਰੰਤ ਬਾਅਦ ਮੈਂ ਉਨ੍ਹਾਂ ਨੂੰ ਫੋਨ ਕੀਤਾ ਅਤੇ ਕਿਹਾ "ਘਰ ਵਾਪਸੀ 'ਤੇ ਤੁਹਾਡਾ ਸੁਆਗਤ ਹੈ ਲਤੀਫ਼ਾ।"

ਹੁਣ ਉਹ ਰੋਣ ਲੱਗ ਪਏ ਅਤੇ ਕਿਹਾ, "ਮੈਨੂੰ ਨਹੀਂ ਪਤਾ ਕਿ ਇੱਥੇ ਆਉਣ ਦਾ ਕੀ ਮਤਲਬ ਹੈ। ਮੈਂ ਇੱਥੇ ਹਾਂ ਪਰ ਮੇਰੇ ਪਤੀ, ਮੇਰਾ ਪਰਿਵਾਰ ਅਜੇ ਵੀ ਅਫ਼ਗਾਨਿਸਤਾਨ ਵਿੱਚ ਹੀ ਹਨ। ਮੈਂ ਜਿਸ ਦਹਿਸ਼ਤ ਵਿੱਚੋਂ ਲੰਘ ਰਹੀ ਹਾਂ, ਉਹ ਮੈਨੂੰ ਅੰਦਰੋਂ ਖਾਏ ਜਾ ਰਹੀ ਹੈ।"

"ਜਦੋਂ ਅਸੀਂ ਕਾਬੁਲ ਵਿੱਚ ਸੀ, ਸਾਡੇ ਕੋਲ ਇਸ ਬਾਰੇ ਸੋਚਣ ਲਈ ਇੱਕ ਮਿੰਟ ਵੀ ਨਹੀਂ ਸੀ ਕਿ ਕੀ ਹੋ ਰਿਹਾ ਹੈ ਪਰ ਜਦੋਂ ਇੱਕ ਵਾਰ ਅਸੀਂ ਦੁਸ਼ਾਂਬੇ (ਤਜਾਕਿਸਿਤਾਨ) ਵਿੱਚ ਪਹੁੰਚ ਗਏ, ਚੀਜ਼ਾਂ ਅੰਦਰ ਖਾਣ ਲੱਗ ਪਈਆਂ। ਮੈਂ ਸੁੰਨ ਹੋ ਗਈ ਹਾਂ। ਮੈਂ ਬੱਸ ਹੁਣ ਪ੍ਰਾਰਥਨਾ ਕਰ ਰਹੀ ਹਾਂ ਕਿ ਮੇਰੇ ਪਤੀ ਅਤੇ ਸਹੁਰਾ ਪਰਿਵਾਰ ਵੀ ਜਲਦੀ ਹੀ ਉੱਥੋਂ ਨਿੱਕਲ ਜਾਣ। ਉਦੋਂ ਤੱਕ, ਮੈਨੂੰ ਨਹੀਂ ਲੱਗੇਗਾ ਕਿ ਮੈਂ ਘਰ ਪਹੁੰਚ ਗਈ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)