ਓਲੰਪਿਕ ਖੇਡਾਂ ਟੋਕੀਓ 2020: ਗੁਰਜੀਤ ਕੌਰ ਦੇ ਪਿਤਾ ਜਦੋਂ 17 ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਛੱਡਣ ਜਾਂਦੇ ਸੀ ਤੇ ਕਈ ਘੰਟੇ ਉੱਥੇ ਹੀ ਖੜ੍ਹੇ ਰਹਿੰਦੇ
ਸ਼ੁਰੂਆਤੀ ਮੁਕਾਬਲਿਆਂ ਵਿੱਚ ਹਾਰ ਤੋਂ ਬਾਅਦ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਪਹਿਲਾਂ ਕੁਆਟਰਫਾਈਨਲ ਅਤੇ ਫਿਰ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਕੇ ਇਤਿਹਾਸ ਰਚਿਆ ਹੈ।
ਕੁਆਰਟਰਫਾਈਨਲ ਵਿੱਚ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿੱਚ ਸ਼ੁਮਾਰ ਆਸਟਰੇਲੀਆ ਨੂੰ ਹਰਾਇਆ ਹੈ ਅਤੇ ਇਸ ਮੈਚ ਵਿੱਚ ਭਾਰਤ ਲਈ ਇਕਲੌਤਾ ਗੋਲ ਪੰਜਾਬ ਦੀ ਗੁਰਜੀਤ ਕੌਰ ਨੇ ਕੀਤਾ ਹੈ।
ਭਾਰਤ ਦੀ ਮਹਿਲਾ ਹਾਕੀ ਟੀਮ ਵਿੱਚ ਗੁਰਜੀਤ ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੇ ਤੌਰ ਤੇ ਦੋ ਭੂਮਿਕਾਵਾਂ ਨਿਭਾਉਂਦੇ ਹਨ। ਗੁਰਜੀਤ ਕੌਰ ਅੰਮ੍ਰਿਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ।
ਕਈ ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਛੱਡਦੇ ਸਨ ਪਿਤਾ
ਖੇਡ ਪੱਤਰਕਾਰ ਸੌਰਭ ਦੁੱਗਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੁਰਜੀਤ ਕੌਰ ਭਾਰਤ ਹੀ ਨਹੀਂ ਦੁਨੀਆਂ ਦੇ ਬਿਹਤਰੀਨ ਡਰੈਗ ਫਲਿੱਕਰਜ਼ ਵਿੱਚੋਂ ਇੱਕ ਹਨ।
ਸ਼ੁਰੂਆਤ ਵਿੱਚ ਉਨ੍ਹਾਂ ਨੂੰ ਆਪਣੀ ਡ੍ਰੈਗ ਫਲਿਕਿੰਗ ਦੀ ਕਲਾ ਬਾਰੇ ਪਤਾ ਨਹੀਂ ਸੀ ਪਰ ਜਲੰਧਰ ਦੀ ਅਕੈਡਮੀ ਵਿੱਚ ਕੋਚ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਵੀ ਅਤੇ ਅਭਿਆਸ ਕਰਾ ਕੇ ਮਾਹਿਰ ਵੀ ਬਣਾਇਆ।
ਇਹ ਵੀ ਪੜ੍ਹੋ:
ਅੰਮ੍ਰਿਤਸਰ ਦੇ ਅਜਨਾਲਾ ਕੋਲ ਪਿੰਡ ਮਿਆਦੀ ਕਲਾਂ ਦੀ ਗੁਰਜੀਤ ਕੌਰ ਨੇ ਟੋਕੀਓ ਓਲੰਪਿਕਸ ਲਈ ਜਾਣ ਤੋਂ ਪਹਿਲਾਂ ਬੀਬੀਸੀ ਪੱਤਰਕਾਰ ਵੰਦਨਾ ਨਾਲ ਗੱਲਬਾਤ ਕਰਕੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ ।
ਉਨ੍ਹਾਂ ਦਾ ਪਿੰਡ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਹੋਣ ਕਰਕੇ ਸਹੂਲਤਾਂ ਦੀ ਕਮੀ ਸੀ ਪਰ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਓਲੰਪਿਕਸ ਵਿੱਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਅਤੇ ਹੁਣ ਇਹ ਸੁਪਨਾ ਪੂਰਾ ਹੋ ਗਿਆ ਹੈ। ਟੋਕੀਓ ਓਲੰਪਿਕਸ ਗੁਰਜੀਤ ਕੌਰ ਦੇ ਪਹਿਲੇ ਓਲੰਪਿਕਸ ਹਨ।
ਪਿੰਡ ਤੋਂ ਅਜਨਾਲਾ ਵਿਖੇ ਸਕੂਲ ਲਗਭਗ 17 ਕਿਲੋਮੀਟਰ ਦੂਰ ਸੀ ਅਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਾਈਕਲ 'ਤੇ ਛੱਡਣ ਜਾਂਦੇ ਸਨ ਅਤੇ ਓੱਥੇ ਹੀ ਰੁੱਕ ਜਾਂਦੇ ਸਨ ਅਗਲੀ ਪੜ੍ਹਾਈ ਲਈ ਹੋਸਟਲ ਜਾ ਕੇ ਗੁਰਜੀਤ ਕੌਰ ਨੂੰ ਖੇਡਾਂ ਬਾਰੇ ਪਤਾ ਲੱਗਿਆ ਅਤੇ ਫਿਰ ਉਨ੍ਹਾਂ ਦੀ ਖੇਡਾਂ ਵਿੱਚ ਰੁਚੀ ਵਧੀ।

ਤਸਵੀਰ ਸਰੋਤ, Getty Images
ਗੁਰਜੀਤ ਕੌਰ ਨੇ ਬੀਬੀਸੀ ਨੂੰ ਇੰਟਰਵਿਊ ਵਿੱਚ ਦੱਸਿਆ ਸੀ ਕਿ ਪਿੰਡ ਵਿੱਚ ਸ਼ੁਰੂਆਤ ਵਿੱਚ ਲੋਕਾਂ ਨੇ ਖੇਡਾਂ ਦੌਰਾਨ ਉਨ੍ਹਾਂ ਦੇ ਕੱਪੜਿਆਂ ਬਾਰੇ ਉਨ੍ਹਾਂ ਦੇ ਘਰਦਿਆਂ ਨਾਲ ਅਸਹਿਮਤੀ ਜਤਾਈ ਪਰ ਉਨ੍ਹਾਂ ਦੇ ਪਰਿਵਾਰ ਨੇ ਕਦੇ ਇਨ੍ਹਾਂ ਗੱਲਾਂ ਬਾਰੇ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ।
ਓਲੰਪਿਕਸ ਵਿੱਚ ਜਾਣ ਤੋਂ ਪਹਿਲਾਂ ਗੁਰਜੀਤ ਕੌਰ ਨੇ ਕੁੱਲ 87 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 60 ਗੋਲ ਕੀਤੇ ਹਨ। ਗੁਰਜੀਤ ਕੌਰ ਹਾਕੀ ਲਈ ਸੰਦੀਪ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ।
ਪਹਿਲੇ ਅੰਤਰਰਾਸ਼ਟਰੀ ਮੈਚ ਵਿੱਚ ਹੀ ਕੀਤਾ ਸੀ ਗੋਲ
ਵਧੀਆ ਖਿਡਾਰੀ ਦੀਆਂ ਖ਼ੂਬੀਆਂ ਬਾਰੇ ਪੁੱਛੇ ਜਾਣ 'ਤੇ ਗੁਰਜੀਤ ਕੌਰ ਨੇ ਦੱਸਿਆ ਕਿ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਜੋ ਟੀਚਾ ਅਸੀਂ ਮਿੱਥਿਆ ਹੁੰਦਾ ਹੈ, ਉਸ 'ਤੇ ਅਸੀਂ ਜ਼ਰੂਰ ਪਹੁੰਚਦੇ ਹਾਂ ਜੇਕਰ ਅਸੀਂ ਮਿਹਨਤ ਕਰੀਏ।
ਆਪਣੀ ਡ੍ਰੈਗ ਫਲਿਕਿੰਗ ਦੀ ਕਲਾ ਨਾਲ ਗੁਰਜੀਤ ਕੌਰ ਨੇ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿੱਚ ਹੀ ਗੋਲ ਸਕੋਰ ਕੀਤਾ ਸੀ ਅਤੇ ਫਿਰ ਕਦੇ ਮੁੜ ਕੇ ਨਹੀਂ ਦੇਖਿਆ।
ਇਹ ਵੀ ਪੜ੍ਹੋ:
2019 ਵਿੱਚ ਐਫਆਈਐਚ ਮਹਿਲਾਵਾਂ ਦੀ ਸੀਰੀਜ਼ ਦੇ ਫਾਈਨਲ ਵਿੱਚ ਭਾਰਤ ਨੇ ਸੋਨ ਤਮਗਾ ਜਿੱਤਿਆ ਸੀ ਜਿਸ ਵਿੱਚ ਗੁਰਜੀਤ ਕੌਰ ਨੇ ਸਭ ਤੋਂ ਵੱਧ ਗੋਲ ਕੀਤੇ ਸਨ। ਇਹ ਮੁਕਾਬਲਾ ਜਾਪਾਨ ਵਿਖੇ ਹੋਇਆ ਸੀ।
ਜਿੱਥੇ ਪੁਰਸ਼ਾਂ ਦੀ ਹਾਕੀ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਹਨ ਉੱਥੇ ਮਹਿਲਾ ਹਾਕੀ ਟੀਮ ਵਿੱਚ ਸਿਰਫ਼ ਗੁਰਜੀਤ ਕੌਰ ਹੀ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ।
'ਕੁੜੀਆਂ ਦੀ ਹਾਕੀ ਵੱਲ ਵੀ ਧਿਆਨ ਦੇਵੇ ਪੰਜਾਬ ਸਰਕਾਰ'
ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੀਆਂ ਖਿਡਾਰਨਾਂ ਪਿੱਛੇ ਕਿਉਂ ਹਨ ਪੁੱਛੇ ਜਾਣ ਤੇ ਗੁਰਜੀਤ ਕੌਰ ਨੇ ਦੱਸਿਆ ਸੀ," ਪੰਜਾਬ ਵਿੱਚ ਕੋਚ, ਮੈਦਾਨ ਅਤੇ ਹੋਸਟਲ ਦੀ ਕਮੀ ਹੈ। ਮਾਪਿਆਂ ਦੇ ਪੱਖੋਂ ਸੋਚੀਏ ਤਾਂ ਉਨ੍ਹਾਂ ਲਈ ਇੱਕ ਜ਼ਿੰਮੇਵਾਰ ਕੋਚ ਬਹੁਤ ਮਹੱਤਵਪੂਰਨ ਹੁੰਦਾ ਹੈ।''
''ਆਉਣ ਵਾਲੇ ਸਮੇਂ ਵਿੱਚ ਕੁੜੀਆਂ ਦੀ ਹਾਕੀ ਬਿਲਕੁਲ ਖ਼ਤਮ ਹੋ ਜਾਵੇਗੀ। ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।"
ਮੈਚ ਤੋਂ ਪਹਿਲਾਂ ਦੀ ਰਣਨੀਤੀ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਇਸ ਬਾਰੇ ਵੀ ਗੁਰਜੀਤ ਕੌਰ ਨੇ ਗੱਲ ਕੀਤੀ ਸੀ।

ਤਸਵੀਰ ਸਰੋਤ, Getty Images
"ਮੈਚ ਤੋਂ ਪਹਿਲਾਂ ਮੀਟਿੰਗ ਵਿੱਚ ਹੀ ਅਟੈਕ, ਡਿਫੈਂਸ ਅਤੇ ਇਹ ਸਾਰੀ ਰਣਨੀਤੀ ਤਿਆਰ ਹੋ ਜਾਂਦੀ ਹੈ।''
''ਚੇਂਜਿੰਗ ਰੂਮ ਵਿੱਚ ਮੈਚ ਤੋਂ ਪਹਿਲਾਂ ਸਪੀਕਰ 'ਤੇ ਗਾਣੇ ਲਗਾ ਕੇ ਕੋਈ ਨੱਚ ਰਿਹਾ ਹੁੰਦਾ ਹੈ ਅਤੇ ਮਾਹੌਲ ਨੂੰ ਹਲਕਾ- ਫੁਲਕਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
''ਸਭ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਬਿਹਤਰੀਨ ਪ੍ਰਦਰਸ਼ਨ ਕਰੀਏ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















