ਜਦੋਂ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਦੇ ਸਟਾਫ਼ ਨੇ ‘ਵਧੀਆ ਗੁਸਲਖ਼ਾਨੇ’ ਲਈ ਲੜਾਈ ਲੜੀ

ਭਾਰਤ ਸਰਕਾਰ ਦਾ ਵਿੱਤ ਮੰਤਰਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਸਰਕਾਰ ਦਾ ਵਿੱਤ ਮੰਤਰਾਲੇ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਖ਼ਾਸ ਮੋਹਰ ਵਾਲੇ ਤੌਲੀਏ, ਉਚੀਆਂ-ਨੀਵੀਆਂ ਕੀਤੀਆਂ ਜਾ ਸਕਣ ਵਾਲੀਆਂ ਖ਼ਾਸ ਕੁਰਸੀਆਂ ਜੋ ਤੁਹਾਨੂੰ ਕਮਰੇ ਵਿੱਚ ਦੂਜਿਆਂ ਨਾਲੋਂ ਉੱਚਾ ਕਰ ਦੇਣ, ਮਿਲਣ ਲਈ ਇਜਾਜ਼ਤ ਲੈਣ ਵਾਲਿਆਂ ਦੀਆਂ ਅਰਜ਼ੀਆਂ ਦਾ ਹੜ੍ਹ ਅਤੇ ਸਮੇਂ ਦੀ ਪਾਬੰਦੀ ਸੁਧਾਰਨ ਲਈ ਇੱਕ ਨਿਰੰਤਰ ਜਾਰੀ ਰਹਿਣ ਵਾਲਾ ਯੁੱਧ।

ਭਾਰਤੀ ਨੌਕਰਸ਼ਾਹੀ ਦੀਆਂ ਇਹ ਕੁਝ ਖ਼ਾਸੀਅਤਾਂ ਹਨ ਜੋ ਇੱਕ ਉੱਘੇ ਅਰਥ ਸ਼ਾਸਤਰੀ ਅਤੇ ਭਾਰਤ ਸਰਕਾਰ ਦੇ ਸਾਬਕਾ ਚੀਫ਼ ਇਕਨਾਮਿਕ ਅਡਵਾਈਜ਼ਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਦੇਖੀਆਂ।

ਕੌਸ਼ਿਕ ਬਾਸੂ, ਜੋ ਬਾਅਦ ਵਿੱਚ ਵਰਲਡ ਬੈਂਕ ਦੇ ਮੁੱਖ ਅਰਥ ਸ਼ਾਸਤਰੀ ਬਣੇ, ਤੇ ਕੌਰਨਲ ਯੂਨੀਵਰਸਿਟੀ,ਅਮਰੀਕਾ ਵਿੱਚ ਪ੍ਰੋਫ਼ੈਸਰ ਸਨ।

ਉਹ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸੱਦੇ ’ਤੇ ਯੂਨੀਵਰਸਿਟੀ ਤੋਂ ਛੁੱਟੀ ਲੈ ਕੇ ਭਾਰਤ ਆਏ। ਸਾਲ 2009 ਵਿੱਚ ਭਾਰਤੀ ਵਿੱਤ ਮੰਤਰਾਲਾ ਦਾ ਹਿੱਸਾ ਬਣ ਗਏ।

ਇਹ ਵੀ ਪੜ੍ਹੋ:

ਪਾਲਿਸੀਮੇਕਰਸ ਜਨਰਲ (ਸਾਈਮਨ ਅਤੇ ਸ਼ਕੂਸਟਰ ਵੱਲੋਂ ਪ੍ਰਕਾਸ਼ਿਤ) ਵਿੱਚ ਛਪੀਆਂ ਸਮਰਿਤੀਆਂ ਵਿੱਚ ਉਨ੍ਹਾਂ ਨੇ ਭਾਰਤੀ ਨੌਕਰਸ਼ਾਹੀ ਬਾਰੇ ਕਈ ਦਿਲਚਸਪ ਕਿੱਸੇ ਬਿਆਨ ਕੀਤੇ ਹਨ।

ਯੈੱਸ ਸਰ!

ਭਾਰਤੀ ਦਫਤਰਾਂ ਵਿੱਚ ਸਰ ਸ਼ਬਦ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ।

ਸਰਕਾਰੀ ਮੀਟਿੰਗਾਂ ਦੌਰਾਨ ਪ੍ਰੋਫ਼ੈਸਰ ਬਾਸੂ ਨੇ ਇੱਕ ਦਿਨ ਤੈਅ ਕੀਤਾ ਕਿ ਕਿਉਂ ਨਾ ਇਸ ਸ਼ਬਦ ਦੇ ਇਸਤੇਮਾਲ ਨੂੰ ਗਿਣਿਆ ਜਾਵੇ।

ਬਾਸੂ ਯਾਦ ਕਰਦੇ ਹੋਏ ਦੱਸਦੇ ਹਨ,"ਇੱਕ ਸੀਨੀਅਰ ਅਧਿਕਾਰੀ ਨੇ ਇੱਕ ਮੰਤਰੀ ਦੀ ਮੌਜੂਦਗੀ ਵਿੱਚ ਇੱਕ ਮਿੰਟ ਦੌਰਾਨ 16 ਵਾਰ ‘ਹਾਂਜੀ ਸਰ’ ਸ਼ਬਦ ਦੀ ਵਰਤੋਂ ਕੀਤੀ।”

ਭਾਰਤ ਸਰਕਾਰ ਦੇ ਸਾਬਕਾ ਚੀਫ਼ ਇਕਨਾਮਿਕ ਅਡਵਾਈਜ਼ਰ ਕੌਸ਼ਿਕ ਬਾਸੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਸਰਕਾਰ ਦੇ ਸਾਬਕਾ ਚੀਫ਼ ਇਕਨਾਮਿਕ ਅਡਵਾਈਜ਼ਰ ਕੌਸ਼ਿਕ ਬਾਸੂ ਮੁਤਾਬਕ ਇਹ ਰੀਤਾਂ ਬ੍ਰਿਟਿਸ਼ ਰਾਜ ਕਰਕੇ ਹੈ

ਇਹ ਮੰਨਦਿਆਂ ਕਿ ਜੇ ਉਸ ਅਫ਼ਸਰ ਨੂੰ ਯੈੱਸ ਸਰ ਕਹਿਣ ਲਈ ਅੱਧੇ ਸੈਕਿੰਡ ਦਾ ਟਾਈਮ ਲੱਗਦਾ ਹੈ, ਤਾਂ ਬਾਸੂ ਨੇ ਹਿਸਾਬ ਲਗਾਇਆ ਕਿ ਉਸ ਅਧਿਕਾਰੀ ਦੇ ਗੱਲਬਾਤ ਦੌਰਾਨ ਸਮੇਂ ਦਾ 13 ਫ਼ੀਸਦ ਕੇਵਲ ਸਰ ਕਹਿਣ ਵਿੱਚ ਹੀ ਲੱਗ ਗਿਆ ਸੀ।

ਕੀ ਸਾਡੇ ਕੋਲ ਇਸ ਲਈ 'ਪਹਿਲਾਂ ਤੋਂ ਪ੍ਰਵਾਨਗੀ' ਹੈ?

ਮਹਾਤਮਾ ਗਾਂਧੀ ਨੇ ਇੱਕ ਵਾਰ ਕਿਹਾ ਸੀ, “ਮੈਨੂੰ ਮੇਰੀ ਆਗਿਆ ਤੋਂ ਬਿਨਾਂ ਦੁਖੀ ਨਹੀਂ ਕਰ ਸਕਦਾ ਹੈ।”

ਪ੍ਰੋਫ਼ੈਸਰ ਬਾਸੂ ਨੇ ਦੇਖਿਆ ਕਿ ਸਰਕਾਰ ਵਿੱਚ ਹਰ ਛੋਟੇ ਤੋਂ ਛੋਟੇ ਕੰਮ ਲਈ ਆਗਿਆ ਜਾਂ ਪ੍ਰਵਾਨਗੀ ਲੈਣ ਦੀ ਲੋੜ ਪੈਂਦੀ ਹੈ।

ਭਾਰਤ ਸਰਕਾਰ ਦੀ ਦੇਸ਼ ਦੇ ਰੁਜ਼ਗਾਰ ਵਿੱਚ 57 ਫ਼ੀਸਦ ਹਿੱਸੇਦਾਰੀ ਹੈ।

"ਕਿਸੇ ਕੰਮ ਲਈ ਆਗਿਆ ਦੀ ਬੇਨਤੀ ਹੇਠਲੇ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਜਾਂਦੀ ਹੈ ਅਤੇ ਅਤੇ ਇਸ ਦਾ ਸਾਰਾ ਵੇਰਵਾ ਉੱਪਰ ਤੱਕ ਜਾਂਦਾ ਹੈ। ਉੱਪਰ ਮਤਲਬ ਮੰਤਰੀ ਤੱਕ।"

ਲੋਕ ਹਰ ਇੱਕ ਚੀਜ਼ ਲਈ ਪ੍ਰਵਾਨਗੀ ਮੰਗਦੇ ਹਨ-ਆਪਣੇ ਬਿਮਾਰ ਰਿਸ਼ਤੇਦਾਰ ਨੂੰ ਮਿਲਣ ਜਾਣ ਲਈ ਇੱਕ ਦਿਨ ਦੀ ਛੁੱਟੀ ਤੋਂ ਲੈ ਕੇ ਮੰਤਰਾਲੇ ਵਿੱਚ ਪਰੋਸੀ ਜਾਣ ਵਾਲੀ ਕੌਫ਼ੀ ਦੇ ਬ੍ਰੈਂਡ ਬਦਲਣ ਤੱਕ।

ਟਾਇਲਟ ਸਾਫ਼ ਰੱਖਣ ਲਈ ਦੂਸਰੇ ਕਰਮਚਾਰੀ ਦੀ ਲੋੜ ਤੱਕ ਲਈ ਵੀ ਆਗਿਆ ਮੰਗੀ ਜਾਂਦੀ ਹੈ।

ਕੌਸ਼ਿਕ ਬਾਸੂ

ਤਸਵੀਰ ਸਰੋਤ, Kaushik Basu

ਪ੍ਰੋਫ਼ੈਸਰ ਬਾਸੂ ਲਿਖਦੇ ਹਨ,"ਇਹ ਸਾਰੇ ਅਰਜ਼ੀਆਂ ਗੱਤੇ ਦੀਆਂ ਫਾਈਲਾਂ ਵਿੱਚ ਧਾਗਿਆਂ ਨਾਲ ਬੰਨ੍ਹੀਆਂ ਹੋਈਆਂ, ਇੱਕ ਤੋਂ ਦੂਸਰੇ ਕਮਰੇ ਵਿੱਚ ਅਫ਼ਸਰਸ਼ਾਹੀ ਦੀ ਪ੍ਰਵਾਨਗੀ ਲਈ ਘੁੰਮਦੀਆਂ ਰਹਿੰਦੀਆਂ ਹਨ।"

ਦਰਵਾਜ਼ਾ ਨਾ ਖੜਕਾਓ

ਪ੍ਰੋਫ਼ੈਸਰ ਬਾਸੂ ਨੂੰ ਲੱਗਿਆ ਕਿ ਦਫ਼ਤਰ ਵਿੱਚ ਦਰਵਾਜ਼ਾ ਖੜਕਾਉਣਾ ਗ਼ੈਰ-ਸੱਭਿਅਕ ਮੰਨਿਆ ਜਾਂਦਾ ਹੈ।

"ਜਾਂ ਤੇ ਤੁਹਾਡੇ ਕੋਲ ਕਿਸੇ ਵਿਅਕਤੀ ਦੇ ਦਫ਼ਤਰ ਅੰਦਰ ਜਾਣ ਦੀ ਆਗਿਆ ਹੈ ਜਾਂ ਨਹੀਂ ਹੈ। ਜੇਕਰ ਤੁਹਾਡੇ ਕੋਲ ਆਗਿਆ ਹੈ ਤਾਂ ਨਿਯਮ ਅਨੁਸਾਰ ਤੁਸੀਂ ਸਿੱਧਾ ਅੰਦਰ ਚਲੇ ਜਾਓ।”

"ਇਸ ਰਿਵਾਜ਼ ਅਨੁਸਾਰ ਢਲਣ ਵਿੱਚ ਮੈਨੂੰ ਕੁਝ ਸਮਾਂ ਲੱਗਿਆ। (ਕਿਉਂਕਿ) ਪੱਛਮ ਵਿੱਚ (ਜਿੱਥੋਂ ਪ੍ਰੋਫ਼ੈਸਰ ਬਾਸੂ ਆਏ ਸਨ) ਕਿਸੇ ਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਦਰਵਾਜ਼ਾ ਖੜਕਾਉਣ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ।"

ਇਹ ਵੀ ਪੜ੍ਹੋ:

ਇਸ ਅਨੁਸਾਰ ਢੱਲਣ ਵਿੱਚ ਵੀ ਉਨ੍ਹਾਂ ਨੂੰ ਥੋੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਬਾਸੂ ਲਿਖਦੇ ਹਨ ,"ਇਸ ਆਦਤ ਨੂੰ ਅਪਣਾਉਣ ਵਿੱਚ ਇੱਕ ਹੋਰ ਮੁਸ਼ਕਲ ਸਾਹਮਣੇ ਆਈ। ਭਾਰਤ ਵਿੱਚ ਸਿੱਲ੍ਹੇ ਮੌਸਮ ਕਾਰਨ ਦਰਵਾਜ਼ੇ ਫੁੱਲ ਕੇ ਜਾਮ ਹੋ ਜਾਂਦੇ ਹਨ ਅਤ ਕਈ ਵਾਰ ਖੋਲ੍ਹਣ ਵਾਲੇ ਨੂੰ ਉਸ ਨੂੰ ਖੋਲ੍ਹਣ ਲਈ ਧੱਕਾ ਮਾਰਨਾ ਪੈਂਦਾ ਸੀ।"

"ਸਿੱਟੇ ਵਜੋਂ ਨਾ ਸਿਰਫ ਤੁਸੀਂ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਜਾ ਰਹੇ ਹੁੰਦੇ ਹੋ ਪਰ ਕਦੇ-ਕਦੇ ਤੋਪ ਦੇ ਗੋਲੇ ਵਾਂਗ ਉਨ੍ਹਾਂ ਦੇ ਕਮਰੇ ਵਿੱਚ ਪਹੁੰਚਦੇ ਹੋੱ ਕਿਉਂਕਿ ਦਰਵਾਜ਼ਾ ਇਕਦਮ ਖੁੱਲ੍ਹ ਜਾਂਦਾ ਹੈ।

"ਦੇਰੀ ਤੋਂ ਬਚਿਆ ਜਾਵੇ"

ਵਿੱਤ ਮੰਤਰਾਲ ਵਿੱਚ ਆਪਣੇ ਕਾਰਜਕਾਲ ਦੌਰਾਨ ਪ੍ਰੋਫ਼ੈਸਰ ਬਾਸੂ ਨੇ ਪਤਾ ਲਗਿਆ ਕਿ ਦਫ਼ਤਰੀ ਫਾਈਲਾਂ ਵਿੱਚ ਅਕਸਰ ਦੋ ਪੇਜ ਹੁੰਦੇ ਸੀ ਜਿਨ੍ਹਾਂ ਵਿੱਚ ਸੀਨੀਅਰ ਅਫ਼ਸਰਾਂ ਦੁਆਰਾ ਆਮ ਵਰਤੇ ਜਾਣ ਵਾਲੇ ਸ਼ਬਦ ਲਿਖੇ ਹੁੰਦੇ ਸਨ। ਬਾਸੂ ਅਨੁਸਾਰ ਕੁੱਲ ਮਿਲਾ ਕੇ ਇਹ 44 ਸ਼ਬਦ ਸਨ ਜੋ ਅਕਸਰ ਵਰਤੇ ਜਾਂਦੇ ਸਨ।

ਹੈਰਾਨੀ ਦੀ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਕਈ ਸ਼ਬਦ ਦਫ਼ਤਰੀ ਕੰਮਾਂ ਵਿੱਚ ਦੇਰੀ ਤੋਂ ਬਚਣ ਅਤੇ ਸਮੇਂ ਦੇ ਪਾਬੰਦ ਹੋਣ ਲਈ ਬੇਨਤੀ ਕਰਨ ਵਾਲੇ ਸਨ।

  • ਛੇਤੀ ਕੀਤਾ ਜਾਵੇ
  • ਦੇਰੀ ਨਾ ਕੀਤੀ ਜਾਵੇ
  • ਦੇਰੀ ਤੋਂ ਬਾਅਦ ਤਰੀਕ ਵਿਚ ਵਾਧਾ ਨਹੀਂ ਕੀਤਾ ਜਾਵੇਗਾ
  • ਦੇਰੀ ਦਾ ਕਾਰਨ ਦੱਸਿਆ ਜਾਵੇ
  • ਬਿਨਾਂ ਦੇਰੀ ਅੱਜ ਹੀ/ਜਲਦੀ ਤੋਂ ਜਲਦੀ ਜਵਾਬ ਦਿੱਤਾ ਜਾਵੇ
  • ਅੱਜ ਹੀ ਜਾਰੀ ਕਰੋ

ਪ੍ਰੋਫ਼ੈਸਰ ਬਾਸੂ ਲਿਖਦੇ ਹਨ ,"ਜੇਕਰ ਏਨੀਆਂ ਮਿੰਨਤਾਂ ਤੋਂ ਬਾਅਦ ਵੀ ਭਾਰਤ ਸਮੇਂ ਦਾ ਪਾਬੰਦ ਨਹੀਂ ਹੋ ਸਕਿਆ ਤਾਂ ਇਸ ਦੀ ਦ੍ਰਿੜ੍ਹਤਾ ਦੀ ਸ਼ਲਾਘਾ ਕਰਨੀ ਬਣਦੀ ਹੈ।"

ਉੱਤਰ ਪ੍ਰਦੇਸ਼ ਦੇ ਇੱਕ ਸਰਕਾਰੀ ਦਫ਼ਤਰ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦਾਤਰ ਸਰਕਾਰ ਦਫ਼ਤਰਾਂ ਵਿੱਚ ਕਰਮਚਾਰੀਆਂ ਨੂੰ ਉਚੀਆਂ-ਨੀਵੀਆਂ ਹੋ ਸਕਣ ਵਾਲੀਆਂ ਕੁਰਸੀਆਂ ਨਹੀਂ ਮਿਲਦੀਆਂ

ਇਸ ਦੇ ਨਾਲ ਹੀ ਉਹ ਮੰਨਦੇ ਹਨ ਕਿ ਕਿ ਮੌਜੂਦਾ ਭਾਰਤ ਦੱਸ -ਪੰਦਰਾਂ ਸਾਲ ਪਹਿਲਾਂ ਵਾਲੇ ਭਾਰਤ ਤੋਂ ਕਾਫ਼ੀ ਜ਼ਿਆਦਾ ਸਮੇਂ ਦਾ ਪਾਬੰਦ ਹੈ।

ਕੀ ਤੁਹਾਡੇ ਕੋਲ ਸਹੀ ਕੁਰਸੀ ਹੈ?

ਪ੍ਰੋਫ਼ੈਸਰ ਬਾਸੂ ਅਨੁਸਾਰ ਦਫ਼ਤਰੀ ਬੈਠਕਾਂ ਵਿੱਚ ਰੁਤਬਾ ਮਹੱਤਵਪੂਰਨ ਹੈ। ਤੁਹਾਡੀ ਉੱਚੀ ਕੁਰਸੀ ਵੀ ਰੁਤਬੇ ਨੂੰ ਥੋੜ੍ਹਾ ਵਧਾ ਦਿੰਦੀ ਹੈ।

"ਜੇਕਰ ਦਫ਼ਤਰ ਦੀ ਬੈਠਕ ਵਿੱਚ ਤੁਹਾਡੀ ਕੁਰਸੀ ਥੋੜ੍ਹੀ ਉੱਚੀ ਹੈ ਅਤੇ ਤੁਸੀਂ ਆਪਣੇ ਸਾਥੀਆਂ ਵੱਲ ਨਜ਼ਰ ਝੁਕਾ ਕੇ ਗੱਲ ਕਰਦੇ ਹੋ ਤਾਂ ਇਸ ਦਾ ਥੋੜ੍ਹਾ ਫ਼ਾਇਦਾ ਮਿਲਦਾ ਹੈ।"

ਇਸ ਨੂੰ ਹਾਸਲ ਕਰਨ ਲਈ ਪ੍ਰੋਫ਼ੈਸਰ ਬਾਸੂ ਨੇ ਇੱਕ ਸੌਖਾ ਤਰੀਕਾ ਲੱਭਿਆ।

"ਜ਼ਿਆਦਾਤਰ ਭਾਰਤੀ ਦਫਤਰਾਂ ਵਿੱਚ ਅਜਿਹੀਆਂ ਕੁਰਸੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸੱਜੇ ਹੱਥ ਇੱਕ ਛੋਟਾ ਲੀਵਰ ਹੁੰਦਾ ਹੈ। ਆਪਣੇ ਵੱਲ ਜ਼ਿਆਦਾ ਧਿਆਨ ਨਾ ਖਿੱਚਦੇ ਹੋਏ ਤੁਸੀਂ ਹੌਲੀ ਜਿਹੀ ਉਸ ਲੀਵਰ ਨੂੰ ਉੱਪਰ ਨੂੰ ਖਿੱਚੋ।”

“ਧਿਆਨ ਰਹੇ ਕਿ ਇਸਨੂੰ ਜ਼ਿਆਦਾ ਜ਼ੋਰ ਨਾਲ ਉਪਰ ਨਹੀਂ ਖਿੱਚਣਾ ਨਹੀਂ ਤਾਂ ਤੁਸੀਂ ਕੁਰਸੀ ’ਤੇ ਬੁੜਕ ਜਾਓਗੇ ਅਤੇ ਮਜ਼ਾਕੀਆ ਸਥਿਤੀ ਬਣ ਜਾਵੇਗੀ।"

"ਹੌਲੀ ਜਿਹੇ ਅਜਿਹਾ ਕਰਕੇ ਤੁਸੀਂ ਥੋੜ੍ਹਾ ਉੱਪਰ ਉੱਠ ਜਾਓਗੇ। ਇਸ ਵਿੱਚ ਇੱਕੋ ਖ਼ਤਰਾ ਇਹੀ ਹੈ ਕਿ ਜੇਕਰ ਮੀਟਿੰਗ ਵਿੱਚ ਮੌਜੂਦ ਬਾਕੀ ਜਣਿਆਂ ਨੇ ਵੀ ਅਜਿਹਾ ਕੀਤਾ ਤਾਂ ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਮਿਲੇਗਾ।ਸਭ ਦੀਆਂ ਕੁਰਸੀਆਂ ਉੱਚੀਆਂ ਉੱਠ ਜਾਣਗੀਆਂ ਅਤੇ ਲੱਤਾਂ ਇੱਕ ਦੂਜੇ ਨਾਲ ਉਲਝਣਗੀਆਂ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਰੁਤਬੇ ਮੁਤਾਬਕ ਤੌਲੀਏ

ਪ੍ਰੋਫ਼ੈਸਰ ਬਾਸੂ ਦੇ ਵਿੱਤ ਮੰਤਰਾਲੇ ਵਿੱਚ ਜਾਣ ਤੋਂ ਬਾਅਦ ਉਨ੍ਹਾਂ ਦੇ ਸਟਾਫ ਨੂੰ ਸਭ ਤੋਂ ਪਹਿਲਾਂ ਜੋ ਜੰਗ ਲੜਨੀ ਪਈ ਉਹ ਸੀ ਬਾਥਰੂਮ ਲਈ।

ਬਾਸੂ ਲਿਖਦੇ ਹਨ,"ਮੰਤਰਾਲੇ ਦੀ ਪਹਿਲੀ ਮੰਜ਼ਿਲ ’ਤੇ ਇੱਕ ਵੱਡਾ ਸੋਹਣਾ ਚੰਗੀ ਤਰ੍ਹਾਂ ਦੇਖ-ਰੇਖ ਕਰਕੇ ਰੱਖਿਆ ਗਿਆ ਬਾਥਰੂਮ ਸੀ ਜੋ ਸਕੱਤਰਾਂ ਲਈ ਸੀ- ਜੋ ਕਿ ਮੰਤਰਾਲੇ ਦਾ ਸਭ ਤੋਂ ਉੱਚਾ ਅਹੁਦਾ ਹੈ। ਵਿੱਤ ਸਕੱਤਰ, ਮਾਲੀਆ ਸਕੱਤਰ ਅਤੇ ਖਰਚ ਸਕੱਤਰ ਇਸ ਬਾਥਰੂਮ ਦੀ ਵਰਤੋਂ ਕਰਦੇ ਸਨ।"

"ਇਸ ਬਾਥਰੂਮ ਵਿੱਚ ਤੌਲੀਏ ਰੱਖਣ ਲਈ ਤਿੰਨ ਰੈਕ ਸਨ ਜਿਨ੍ਹਾਂ ਵਿੱਚ ਤਿੰਨ ਬਹੁਤ ਵਧੀਆ ਤੋਲੀਏ ਰੱਖੇ ਹੁੰਦੇ ਸਨ। ਵਿੱਤ ਸਕੱਤਰ, ਮਾਲੀਆ ਸਕੱਤਰ ਅਤੇ ਐਕਸਪੈਂਡੀਚਰ ਸਕੱਤਰ ਲਈ ਨਿਸ਼ਾਨ ਲਗਾ ਕੇ ਰੱਖੇ ਹੋਏ ਸਨ।"

ਬਾਸੂ ਦੇ ਸਟਾਫ ਨੇ ਜ਼ੋਰ ਦੇ ਕੇ ਆਖਿਆ ਕਿ ਪਹਿਲੀ ਮੰਜ਼ਿਲ ਉਪਰ ਬਣੇ ਉਸ ਬਾਥਰੂਮ ਨੂੰ ਵਰਤਣ ਦੇ ਬਾਸੂ ਵੀ ਹੱਕਦਾਰ ਹਨ।

ਬਾਸੂ ਅੱਗੇ ਲਿਖਦੇ ਹਨ,"ਜਿਵੇਂ ਉਨ੍ਹਾਂ ਦੀ ਅਣਖ ਨੂੰ ਕਿਸੇ ਨੇ ਸੱਟ ਮਾਰੀ ਹੋਵੇ। ਮੈਂ ਉਨ੍ਹਾਂ ਨੂੰ ਸਿੱਧਾ ਕਿਹਾ ਕਿ ਵਿੱਤ ਮੰਤਰੀ ਨਾਲ ਮਹਿੰਗਾਈ ਉੱਤੇ ਕਾਬੂ ਪਾਉਣ ਵਰਗੇ ਅਹਿਮ ਮਸਲਿਆਂ ਬਾਰੇ ਚਰਚਾ ਦੌਰਾਨ ਮੈਂ ਉਨ੍ਹਾਂ ਨੂੰ ਪਹਿਲੀ ਮੰਜ਼ਿਲ ’ਤੇ ਬਣੇ ਬਾਥਰੂਮ ਨੂੰ ਵਰਤਣ ਦੀ ਆਗਿਆ ਦੇਣ ਦੀ ਗੱਲ ਨਹੀਂ ਕਰ ਸਕਦਾ।"

ਪਰ ਉਨ੍ਹਾਂ ਦੇ ਸਟਾਫ ਨੇ ਜੰਗ ਜਾਰੀ ਰੱਖੀ ਅਤੇ ਅੰਤ ਪ੍ਰੋਫ਼ੈਸਰ ਬਾਸੂ ਨੂੰ ਉਸ 'ਸ਼ਾਨਦਾਰ' ਬਾਥਰੂਮ ਨੂੰ ਵਰਤਣ ਦੀ ਆਗਿਆ ਮਿਲ ਗਈ।

"ਮੈਨੂੰ ਖੁਸ਼ੀ ਅਤੇ ਹੈਰਾਨੀ ਹੋਈ ਜਦੋਂ ਮੈਂ ਉਸ ਬਾਥਰੂਮ ਵਿੱਚ ਸੀਈਏ (ਚੀਫ਼ ਇਕਨਾਮਿਕ ਅਡਵਾਈਜ਼ਰ) ਦੇ ਚਿੰਨ੍ਹ ਵਾਲਾ ਇੱਕ ਚੌਥਾ ਤੌਲੀਆ ਚੌਥੀ ਰੈਕ ਵਿੱਚ ਦੇਖਿਆ"

ਵਰਲਡ ਬੈਂਕ ਦੀ 2020 ਦੀ ਰਿਪੋਰਟ ਅਨੁਸਾਰ ਨਿਵੇਸ਼ ਅਤੇ ਵਪਾਰ ਵਿੱਚ ਅਸਾਨੀ ਦੇ ਮਾਮਲੇ ਵਿੱਚ ਭਾਰਤ 190 ਦੇਸ਼ਾਂ ਵਿੱਚੋਂ 63ਵੇਂ ਸਥਾਨ ’ਤੇ ਹੈ। ਬਹੁਤ ਸਾਰਾ ਸਰਕਾਰੀ ਕੰਮ ਫਾਈਲਾਂ ਕਾਗਜ਼ਾਂ ਅਤੇ ਰਿਵਾਇਤੀ ਤਰੀਕਿਆਂ ਵਿਚ ਉਲਝਿਆ ਰਹਿੰਦਾ ਹੈ।

ਮੈਂ ਪ੍ਰੋਫ਼ੈਸਰ ਬਾਸੂ ਨੂੰ ਪੁੱਛਿਆ ਕਿ ਭਾਰਤ ਦੀ ਨੌਕਰਸ਼ਾਹੀ ਵਿੱਚ ਇਹ ਰੀਤਾਂ ਬ੍ਰਿਟਿਸ਼ ਰਾਜ ਕਰਕੇ ਹਨ ਕਿਉਂਕਿ ਭਾਰਤੀ ਨੌਕਰਸ਼ਾਹੀਦੀ ਸ਼ੁਰੂਆਤ ਅੰਗਰੇਜ਼ਾਂ ਦੇ ਵੇਲੇ ਹੀ ਹੋਈ ਹੈ।

ਪ੍ਰੋਫ਼ੈਸਰ ਬਾਸੂ ਇਸ ਨਾਲ ਸਹਿਮਤ ਹਨ। ਉਨ੍ਹਾਂ ਕਿਹਾ, "ਇਹ ਬਸਤੀਵਾਦੀ ਸ਼ਾਸਨ ਵਿਧੀ ਦਾ ਹੀ ਨਤੀਜਾ ਹੈ ਜੋ ਇਸ ਲਈ ਬਚਿਆ ਅਤੇ ਚਲਦਾ ਆ ਰਿਹਾ ਹੈ ਕਿਉਂਕਿ ਨੌਕਰਸ਼ਾਹ ਜੋ ਬਹੁਤ ਸਮੇਂ ਤੋਂ ਇਸ ਨੌਕਰੀ ਵਿੱਚ ਹਨ, ਇਸ ਨੂੰ ਪਸੰਦ ਕਰਦੇ ਹਨ। ਇਹ ਇੱਕ ਤਰੀਕੇ ਦਾ ਸਟਾਕਹੋਮ ਸਿੰਡਰੋਮ ਹੀ ਹੈ।”

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)