ਓਲੰਪਿਕ ਖੇਡਾਂ ਟੋਕੀਓ 2020: ਪੀਵੀ ਸਿੰਧੂ ਨੇ ਜਿੱਤ ਤੋਂ ਬਾਅਦ ਕਿਹਾ, ਬਹੁਤ ਦਬਾਅ ਹੇਠ ਮੈਡਲ ਹਾਸਲ ਹੋਇਆ

ਤਸਵੀਰ ਸਰੋਤ, Reuters
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ, ਟੋਕੀਓ ਤੋਂ
ਟੋਕਿਓ ਓਲੰਪਿਕ 'ਚ ਬੈਡਮਿੰਟਨ ਸਿੰਗਲਜ਼ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੀਵੀ ਸਿੰਧੂ ਦਾ ਕਹਿਣਾ ਹੈ ਕਿ ਜੇਕਰ ਰਿਓ ਓਲੰਪਿਕ 'ਚ ਹਾਸਲ ਹੋਏ ਚਾਂਦੀ ਦੇ ਤਗਮੇ ਨਾਲ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਉਨ੍ਹਾਂ ਦਾ ਇਸ ਵਾਰ ਦਾ ਕਾਂਸੀ ਦਾ ਤਗਮਾ ਵਧੇਰੇ ਦਬਾਅ ਅਤੇ ਜ਼ਿੰਮੇਵਾਰੀ ਨਾਲ ਖੇਡੀ ਗੇਮ ਤੋਂ ਬਾਅਦ ਹਾਸਲ ਹੋਇਆ ਹੈ।
ਬੀਬੀਸੀ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਆਪਣੇ ਦੋਵੇਂ ਮੈਡਲਾਂ ਦੀ ਤੁਲਨਾ ਨੂੰ ਕਿਵੇਂ ਵੇਖਦੀ ਹੈ ਤਾਂ ਉਨ੍ਹਾਂ ਨੇ ਕਿਹਾ, " ਉਸ ਸਮੇਂ ਮੈਂ ਬਹੁਤ ਹੀ ਨੌਜਵਾਨ ਸੀ ਅਤੇ ਲੋਕਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਸਨ। ਮੈਂ ਇੱਕ ਨਵੀਂ ਖਿਡਾਰੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਉਹ ਸਥਿਤੀ ਬਿਲਕੁਲ ਹੀ ਵੱਖਰੀ ਸੀ।"
" ਜੇਕਰ ਮੈਂ ਇਸ ਦੀ ਤੁਲਨਾ ਕਰਾਂ ਤਾਂ ਅਸਲ 'ਚ ਇਸ ਵਾਰ ਮੇਰੇ ਮੋਢਿਆਂ 'ਤੇ ਬਹੁਤ ਜ਼ਿਆਦਾ ਜ਼ਿੰਮੇਦਾਰੀ ਸੀ। ਬਹੁਤ ਉਤਰਾਅ-ਚੜਾਅ ਵੇਖਣ ਨੂੰ ਮਿਲੇ। ਪਰ ਮੇਰਾ ਪ੍ਰਦਰਸ਼ਨ ਕਾਫ਼ੀ ਵਧੀਆ ਰਿਹਾ।''
''ਮੈਂ ਆਪਣੀ ਖੇਡ ਸ਼ੈਲੀ 'ਚ ਬਹੁਤ ਸੁਧਾਰ ਕੀਤਾ ਹੈ। ਇੱਥੇ ਤਗਮਾ ਜਿੱਤਣਾ ਨਿਸ਼ਚਤ ਤੌਰ 'ਤੇ ਮੇਰੇ ਲਈ ਬਹੁਤ ਹੀ ਖੂਬਸੂਰਤ ਪਲ ਹੈ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, Reuters
ਸਿੰਧੂ ਨੇ ਕਿਹਾ, " ਮੈਂ ਬਹੁਤ ਖੁਸ਼ ਹਾਂ ਕਿ ਮੈਂ ਲਗਾਤਾਰ ਮੈਡਲ ਜਿੱਤੇ ਹਨ। ਪਹਿਲਾਂ 2016 'ਚ ਅਤੇ ਹੁਣ 2021 'ਚ। ਮੈਂ ਇਸ ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਜੇਕਰ ਤੁਸੀਂ ਪੂਰੀ ਤਨਦੇਹੀ ਨਾਲ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਮੈਡਲ ਜ਼ਰੂਰ ਮਿਲਦਾ ਹੈ।"
ਪੀਵੀ ਸਿੰਧੂ ਨੇ ਸਿੱਧੇ ਸੈਟਾਂ 'ਚ ਬਿੰਗ ਜਿਆਓ ਨੂੰ ਹਰਾ ਕੇ ਓਲੰਪਿਕ ਬੈਡਮਿੰਟਨ ਮੁਕਾਬਲੇ 'ਚ ਮਹਿਲਾ ਸਿੰਗਲ ਵਰਗ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸਿੰਧੂ ਨੇ 53 ਮਿੰਟ ਤੱਕ ਚੱਲੇ ਇਸ ਮੈਚ 'ਚ ਆਪਣੀ ਵਿਰੋਧੀ ਖਿਡਾਰਨ ਨੂੰ 21-13, 21-15 ਨਾਲ ਮਾਤ ਦਿੱਤੀ।
ਲਗਾਤਾਰ ਓਲੰਪਿਕ ਮੈਡਲ ਜਿੱਤਣਾ ਕਿਵੇਂ ਦਾ ਅਹਿਸਾਸ ਹੈ?
ਸਿੰਧੂ ਨੂੰ ਜਦੋਂ ਪੁੱਛਿਆ ਗਿਆ ਕਿ ਓਲੰਪਿਕ 'ਚ ਲਗਾਤਾਰ ਦੋ ਤਗਮੇ ਜਿੱਤ ਕੇ ਪਹਿਲੀ ਭਾਰਤੀ ਮਹਿਲਾ ਬਣਨ 'ਤੇ ਉਸ ਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਤਾਂ ਉਸ ਨੇ ਕਿਹਾ ਕਿ "ਕੁਝ ਸਮੇਂ ਤੱਕ ਤਾਂ ਅਜਿਹੇ ਕਿਸੇ ਵੀ ਅਹਿਸਾਸ ਨੇ ਪ੍ਰਭਾਵਿਤ ਨਹੀਂ ਕੀਤਾ ਸੀ। ਪਰ ਮੈਚ ਖ਼ਤਮ ਹੋਣ ਤੋਂ ਬਾਅਦ ਮੈਨੂੰ ਨਹੀਂ ਪਤਾ ਸੀ ਕਿ ਇਸ ਮੌਕੇ ਕੀ ਕਹਾਂ।''
''ਮੈਂ ਸੁੰਨ ਖੜੀ ਸੀ ਅਤੇ ਲਗਭਗ 5-6 ਸੈਕਿੰਡ ਬਾਅਦ ਚੀਕੀ। ਇਸ ਤੋਂ ਬਾਅਦ ਮੈਂ ਆਪਣੇ ਕੋਚ ਨੂੰ ਗਲੇ ਲਗਾ ਲਿਆ।"

ਤਸਵੀਰ ਸਰੋਤ, Reuters
ਸਿੰਧੂ ਨੇ ਆਪਣੇ ਕੋਚ ਪਾਰਕ ਤਾਈ-ਸੇਂਗ ਦੀ ਭੂਮਿਕਾ ਬਾਰੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ " ਉਹ ਸੱਚਮੁੱਚ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਉਨ੍ਹਾਂ ਨੇ ਮੇਰੇ 'ਤੇ ਬਹੁਤ ਮਿਹਨਤ ਕੀਤੀ ਹੈ ਅਤੇ ਮੈਂ ਉਨ੍ਹਾਂ ਦੀ ਬਹੁਤ ਧੰਨਵਾਦੀ ਹਾਂ।''
''ਤੁਸੀਂ ਸਾਰੇ ਵੀ ਜਾਣਦੇ ਹੋ ਕਿ ਉਹ ਪੂਰਾ ਸਮਾਂ ਮੇਰੇ ਨਾਲ ਹੀ ਰਹੇ ਹਨ। ਇੱਥੋਂ ਤੱਕ ਕਿ ਉਹ ਲੌਕਡਾਊਨ ਅਤੇ ਹੋਰ ਕਾਰਨਾਂ ਕਰਕੇ ਵੀ ਆਪਣੇ ਘਰ ਨਹੀਂ ਗਏ ਸਨ। ਮੈਨੂੰ ਯਕੀਨ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਯਾਦ ਜ਼ਰੂਰ ਆ ਰਹੀ ਹੋਵੇਗੀ।''
''ਉਹ ਹਰ ਰੋਜ਼ ਕਿਹਾ ਕਰਦੇ ਸਨ ਕਿ ਅਸੀਂ ਕਰ ਸਕਦੇ ਹਾਂ ਅਤੇ ਸਾਨੂੰ ਸਿਰਫ ਓਲੰਪਿਕ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਅੰਤ 'ਚ ਅਸੀਂ ਮਿਲ ਕੇ ਇਹ ਸਾਬਤ ਕਰ ਹੀ ਦਿੱਤਾ ਅਸੀਂ ਵਧੀਆ ਕੀਤਾ ਹੈ। ਇਸ ਦਾ ਸਿਹਰਾ ਮੇਰੇ ਕੋਚ ਪਾਰਕ ਨੂੰ ਵੀ ਜਾਂਦਾ ਹੈ।''
ਇਹ ਵੀ ਪੜ੍ਹੋ:
ਸੈਮੀਫਾਈਨਲ 'ਚ ਹਾਰ ਦੇ ਦੁੱਖ ਨੂੰ ਕਿਵੇਂ ਕੀਤਾ ਦੂਰ?
ਸੈਮੀਫਾਈਨਲ 'ਚ ਹਾਰਨ 'ਤੇ ਸਿੰਧੂ ਨੇ ਕਿਹਾ ਕਿ ਮੈਂ ਬਹੁਤ ਹੀ ਉਦਾਸ ਅਤੇ ਦੁਖੀ ਸੀ ਅਤੇ ਇਸ ਸਥਿਤੀ ਤੋਂ ਬਾਹਰ ਆਉਣਾ ਸੌਖਾ ਨਹੀਂ ਸੀ।
ਸਿੰਧੂ ਨੇ ਦੱਸਿਆ, " ਮੈਂ ਸਵੇਰੇ ਛੇਤੀ ਉੱਠ ਗਈ ਸੀ। ਬੀਤੇ ਦਿਨ ਮੈਂ ਬਹੁਤ ਹੀ ਦੁਖੀ ਅਤੇ ਨਿਰਾਸ਼ ਸੀ, ਪਰ ਮੇਰੇ ਕੋਚ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ, ਸਾਡੇ ਕੋਲ ਦੂਜਾ ਮੌਕਾ ਹੈ ਅਤੇ ਕਾਂਸੀ ਦੇ ਤਗਮੇ ਅਤੇ ਚੌਥੇ ਸਥਾਨ 'ਚ ਬਹੁਤ ਅੰਤਰ ਹੁੰਦਾ ਹੈ। ਮੇਰੇ ਮਾਤਾ-ਪਿਤਾ ਵੀ ਦੁਖੀ ਸਨ , ਪਰ ਫਿਰ ਵੀ ਉਹ ਮੈਨੂੰ ਪ੍ਰੇਰਿਤ ਕਰ ਰਹੇ ਸਨ। ਮੈਨੂੰ ਪਤਾ ਹੈ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਲੁਕਾ ਰਹੇ ਸਨ।"

ਤਸਵੀਰ ਸਰੋਤ, EPA
ਸਿੰਧੂ ਨੇ ਅੱਗੇ ਕਿਹਾ ਕਿ ਉਹ ਪੂਰਾ ਦਿਨ ਮੈਚ ਦੇ ਸ਼ੂਰੂ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਉਸ ਦੇ ਦਿਮਾਗ 'ਚ ਲਗਾਤਾਰ ਇਹੀ ਚੱਲ ਰਿਹਾ ਸੀ।
ਇਸ ਮੈਚ ਲਈ ਉਨ੍ਹਾਂ ਨੇ ਕੋਈ ਵਿਸ਼ੇਸ਼ ਰਣਨੀਤੀ ਅਪਣਾਈ ਸੀ ਦੇ ਸਵਾਲ 'ਤੇ ਸਿੰਧੂ ਨੇ ਕਿਹਾ ਕਿ ਉਸ ਨੇ ਕੋਈ ਖਾਸ ਰਣਨੀਤੀ ਨਹੀਂ ਅਪਣਾਈ ਸੀ।
ਉਹ ਕਹਿੰਦੀ ਹੈ, " ਉਹ (ਬਿੰਗ ਜਿਆਓ) ਬਹੁਤ ਵਧੀਆ ਅਤੇ ਟਰੀਕੀ ਖਿਡਾਰਨ ਹੈ। ਉਹ ਖੇਡ ਦੌਰਾਨ ਆਪਣੀ ਵਿਰੋਧੀ ਨੂੰ ਬਹੁਤ ਬੁਰੀ ਤਰ੍ਹਾਂ ਫਸਾ ਦਿੰਦੀ ਹੈ। ਇੱਕ ਹੋਰ ਗੱਲ ਕਿ ਉਹ ਖੱਬੇ ਹੱਥ ਦੀ ਖਿਡਾਰਨ ਹੈ।''
''ਇਸ ਲਈ ਮੇਰੇ ਲਈ ਰੈਲੀ 'ਚ ਰਹਿਣਾ ਬਹੁਤ ਮਹੱਤਵਪੂਰਨ ਸੀ ਕਿਉਂਕਿ ਮੈਂ ਕੋਈ ਵੀ ਗ਼ਲਤੀ ਨਹੀਂ ਕਰਨਾ ਚਾਹੁੰਦੀ ਸੀ। ਉਹ ਮੇਰੇ ਹਰ ਹਮਲਾਵਰ ਸਟ੍ਰੋਕ ਦਾ ਡੱਟ ਕੇ ਸਾਹਮਣਾ ਕਰ ਰਹੀ ਸੀ।''
''ਅਜਿਹੇ 'ਚ ਮੇਰੇ ਲਈ ਬਹੁਤ ਜ਼ਰੂਰੀ ਸੀ ਕਿ ਮੈਂ ਸਬਰ ਰੱਖਾਂ ਅਤੇ ਅਗਲਾ ਸਟ੍ਰੋਕ ਖੇਡਾਂ ਅਤੇ ਮੈਚ 'ਚ ਬਣੀ ਰਹਾਂ। ਇਸ ਲਈ ਮੈਨੂੰ ਲੱਗਦਾ ਹੈ ਕਿ ਪਹਿਲਾਂ ਤਾਂ ਮੈਂ ਗੇਮ 'ਚ ਬੜ੍ਹਤ ਕਾਇਮ ਰੱਖੀ ਅਤੇ ਉਹ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਹਰ ਪੁਆਇੰਟ ਮਹੱਤਵਪੂਰਨ ਹੁੰਦਾ ਹੈ।"
''ਤਗਮਾ ਹਾਸਲ ਹੋਣ ਤੋਂ ਬਾਅਦ ਜਸ਼ਨ ਮਨਾਉਣ ਦੇ ਸਵਾਲ 'ਤੇ ਸਿੰਧੂ ਨੇ ਕਿਹਾ, " ਬੇਸ਼ਕ ਮੈਂ ਇਹ ਕਰਾਂਗੀ। ਮੈਂ ਉਸ ਪਲ 'ਚ ਰਹਿ ਰਹੀ ਹਾਂ ਅਤੇ ਜਿੰਨਾ ਹੋ ਸਕੇ ਉਸ ਦਾ ਆਨੰਦ ਲੈ ਰਹੀ ਹਾਂ।"

ਤਸਵੀਰ ਸਰੋਤ, EPA
ਮੈਚ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਕਿਸ ਨਾਲ ਗੱਲ ਕੀਤੀ? ਇਸ ਸਵਾਲ ਦੇ ਜਵਾਬ 'ਚ ਸਿੰਧੂ ਨੇ ਕਿਹਾ, " ਸਭ ਤੋਂ ਪਹਿਲਾਂ ਮੈਂ ਆਪਣੇ ਕਜ਼ਨਜ਼ ਨਾਲ ਗੱਲ ਕੀਤੀ। ਉਹ ਬਹੁਤ ਖੁਸ਼ ਸਨ ਅਤੇ ਇਸ ਜਿੱਤ ਦੀ ਘੜੀ ਵਿੱਚ ਮੈਂ ਉਨ੍ਹਾਂ ਨੂੰ ਬਹੁਤ ਯਾਦ ਕੀਤਾ।''
''ਹੁਣ ਮੈਂ ਛੇਤੀ ਤੋਂ ਛੇਤੀ ਵਾਪਸ ਜਾਣਾ ਚਾਹੁੰਦੀ ਹਾਂ ਅਤੇ ਆਪਣੀ ਜਿੱਤ ਦੇ ਜਸ਼ਨ ਉਨ੍ਹਾਂ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ। ਇਸ ਮੌਕੇ ਮੈਂ ਆਪਣੇ ਪਰਿਵਾਰਕ ਮੈਂਬਰਾਂ, ਦੋਸਤ-ਮਿੱਤਰਾਂ ਅਤੇ ਪ੍ਰਸ਼ੰਸਕਾਂ ਨੂੰ ਵੀ ਬਹੁਤ ਯਾਦ ਕੀਤਾ।"
ਮਹਾਮਾਰੀ ਦੇ ਦੌਰ 'ਚ ਮੈਡਲ ਜਿੱਤਣਾ ਕਿੰਨਾ ਮੁਸ਼ਕਲ ਸੀ?
" ਮਹਾਮਾਰੀ ਦੇ ਦੌਰ 'ਚ ਤਗਮਾ ਜਿੱਤਣਾ ਸਿੱਧੇ ਤੌਰ 'ਤੇ ਮੁਸ਼ਕਲ ਨਹੀਂ ਸੀ ਕਿਉਂਕਿ ਜਦੋਂ ਤੁਸੀਂ ਮੈਚ ਖੇਡਣ ਜਾਂਦੇ ਹੋ ਤਾਂ ਉਸ ਸਮੇਂ ਤੁਸੀਂ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਦੇ ਹੋ। ਤੁਸੀਂ ਸਿਰਫ ਤਾਂ ਸਿਰਫ ਆਪਣਾ ਧਿਆਨ ਮੈਚ 'ਤੇ ਹੀ ਕੇਂਦਰਿਤ ਕਰਦੇ ਹੋ ਅਤੇ ਆਪਣਾ ਸਰਬੋਤਮ ਪ੍ਰਦਰਸ਼ਨ ਦਿੰਦੇ ਹੋ।''

ਤਸਵੀਰ ਸਰੋਤ, Reuters
''ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਕਿ ਇਸ ਮਹਾਮਰੀ ਦੌਰ 'ਚ ਲੌਕਡਾਊਨ ਰਿਹਾ ਅਤੇ ਟ੍ਰੇਨਿੰਗ ਵੀ ਨਹੀਂ ਕਰ ਸਕਦੇ ਸੀ। ਜਿਸ ਕਰਕੇ ਮੈਂ ਆਪਣੇ ਘਰ 'ਚ ਰਹਿੰਦਿਆਂ ਹੀ ਸਿਖਲਾਈ ਕੀਤੀ। ਮੇਰੇ ਪਿਤਾ ਜੀ ਮੈਨੂੰ ਕਸਰਤ ਕਰਵਾਉਂਦੇ ਸਨ। ਪਰ ਜਦੋਂ ਲੌਕਡਾਊਨ ਹਟਿਆ ਤਾਂ ਅਸੀਂ ਟ੍ਰੇਨਿੰਗ ਸ਼ੁਰੂ ਕੀਤੀ। ਸਰਕਾਰ ਨੇ ਵੀ ਸਾਡਾ ਪੂਰਾ ਸਮਰਥਨ ਕੀਤਾ।"
ਹੁਣ ਤੁਹਾਡੀ ਅਗਲੀ ਯੋਜਨਾ ਕੀ ਹੈ? ਕੀ ਸਿੰਧੂ ਮੈਡਲ ਜਿੱਤਣ ਦੀ ਹੈਟ੍ਰਿਕ ਲਗਾਉਣ ਦੀ ਤਿਆਰੀ ਕਰੇਗੀ?
ਇਸ ਸਵਾਲ ਦੇ ਜਵਾਬ 'ਚ ਸਿੰਧੂ ਨੇ ਕਿਹਾ, " ਮੈਂ ਅਜੇ ਤਾਂ ਇਸ ਪਲ ਦਾ ਆਨੰਦ ਮਾਣ ਰਹੀ ਹਾਂ ਅਤੇ ਕੁਝ ਸਮਾਂ ਮੈਨੂੰ ਇਸ 'ਚ ਹੀ ਰਹਿਣ ਦਿਓ। ਇਹ ਬਹੁਤ ਵਧੀਆ ਸਵਾਲ ਹੈ। ਮੈਂ ਜ਼ਰੂਰ ਸ਼ੇਅਰ ਕਰਾਂਗੀ, ਪਰ ਇਸ ਮੌਕੇ ਨਹੀਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














