ਕਸ਼ਮੀਰ: ਸਿੱਖ ਕੁੜੀਆਂ ਦੇ ਕਥਿਤ ਧਰਮ ਪਰਿਵਰਤਨ ਦਾ ਮਾਮਲੇ ਵਿੱਚ ਹੁਣ ਤੱਕ ਕੀ-ਕੀ ਪਤਾ - 5 ਅਹਿਮ ਖ਼ਬਰਾਂ

ਕੁਝ ਦਿਨ ਪਹਿਲਾਂ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਸਿੱਖ ਭਾਈਚਾਰੇ ਵਿੱਚੋਂ ਕੁਝ ਜਣਿਆਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਭਾਈਚਾਰੇ ਦੀਆਂ ਦੋ ਕੁੜੀਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਹੈ ਅਤੇ ਮੁਸਲਮਾਨਾਂ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਸਿੱਖ ਭਾਈਚਾਰੇ ਦੇ ਲੋਕਾਂ ਨੇ ਇਹ ਇਲਜ਼ਾਮ ਇਸ ਲਈ ਲਗਾਏ ਹਨ ਕਿਉਂਕਿ ਪਿਛਲੇ ਹਫ਼ਤੇ ਦੋ ਸਿੱਖ ਕੁੜੀਆਂ ਦੇ ਕਥਿਤ ਧਰਮ ਬਦਲੀ ਕਰਨ ਅਤੇ ਧੱਕੇ ਨਾਲ ਨਿਕਾਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ-

ਵਿਵਾਦ ਦੇ ਕੇਂਦਰ 'ਚ ਦੋ ਕੁੜੀਆਂ ਹਨ, ਦਨਮੀਤ ਕੌਰ ਅਤੇ ਮਨਮੀਤ ਕੌਰ।

ਹਾਲਾਂਕਿ, ਪੁਲਿਸ ਅਤੇ ਦੋਵੇਂ ਸਿੱਖ ਕੁੜੀਆਂ ਨੇ ਇੰਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਫਿਰ ਸਵਾਲ ਇਹ ਹੈ ਕਿ ਆਖ਼ਰਕਾਰ ਇਹ ਪੂਰਾ ਮਾਮਲਾ ਕੀ ਹੈ? ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਕਿਸਾਨ ਅੰਦੋਲਨ: ਕਿਸਾਨਾਂ ਵੱਲੋਂ ਸੰਸਦ ਅੱਗੇ ਮੁਜ਼ਾਹਰੇ ਦਾ ਐਲਾਨ

ਸਿੰਘੂ-ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੌਰਾਨ ਸੰਸਦ ਦੇ 19 ਜੁਲਾਈ ਤੋਂ ਸ਼ੁਰੂ ਹੋ ਰਹੇ ਮੌਨਸੂਨ ਸੈਸ਼ਨ ਦੌਰਾਨ ਸੰਸਦ ਅੱਗੇ ਮੁਜ਼ਾਹਰੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ।

ਭਾਰਤ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਪਿਛਲੇ ਕਰੀਬ 7 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ 3 ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ 'ਤੇ ਬੈਠੀਆਂ ਹਨ।

ਕਿਸਾਨਾਂ ਦੀ ਸਰਕਾਰ ਨਾਲ 11 ਗੇੜ ਦੀ ਗੱਲਬਾਤ ਨੇਪਰੇ ਨਹੀਂ ਚੜ੍ਹੀ ਹੈ, ਕਿਸਾਨ ਕਾਨੂੰਨ ਰੱਦ ਕਰਨ ਉੱਤੇ ਅੜੇ ਹੋਏ ਹਨ ਪਰ ਕੇਂਦਰ ਸਰਕਾਰ ਸੋਧਾਂ ਤੋਂ ਅੱਗੇ ਨਹੀਂ ਵਧ ਰਹੀ।

26 ਜਨਵਰੀ 2021 ਦੀ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਨਹੀਂ ਹੋ ਰਹੀ ਹੈ।

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਰਾਹੀ ਕਿਸਾਨਾਂ ਦੀ ਗੱਲਬਾਤ ਮੁਖ ਸ਼ੁਰੂ ਕਰਵਾਉਣ ਲਈ ਯਤਨ ਆਰੰਭੇ ਹਨ। ਕਿਸਾਨ ਆਗੂਆਂ ਨੇ ਹੋਰ ਕੀ ਕਿਹਾ ਇਹ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬਟਾਲਾ ਵਿੱਚ ਇੱਕ ਪਰਿਵਾਰ ਦੇ 4 ਜੀਆਂ ਦਾ ਗੋਲੀਆਂ ਮਾਰ ਕੇ ਕਤਲ, ਕੀ ਹੈ ਪੂਰਾ ਮਾਮਲਾ

ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਪਿੰਡ ਬੱਲੜਵਾਲ ਵਿੱਚ ਪੁਰਾਣੀ ਰੰਜਿਸ਼ ਕਰਕੇ ਖੇਤਾਂ ਵਿੱਚ ਕੰਮ ਕਰ ਰਹੇ ਇੱਕੋ ਪਰਿਵਾਰ ਦੇ ਮੈਂਬਰਾਂ 'ਤੇ ਸਿੱਧੀ ਫਾਇਰਿੰਗ ਕਰ ਦਿੱਤੀ ਗਈ।

ਘਟਨਾ ਨੂੰ ਕਥਿਤ ਤੌਰ ’ਤੇ ਮੌਜੂਦਾ ਪੰਚਾਇਤ ਮੈਂਬਰ ਸੁਖਜਿੰਦਰ ਸਿੰਘ ਉਨ੍ਹਾਂ ਦੇ ਭਰਾ ਜਤਿੰਦਰ ਸਿੰਘ ਵੱਲੋਂ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਸੁਖਜਿੰਦਰ ਸਿੰਘ ਦੀ ਪਤਨੀ ਨੂੰ ਵੀ ਸਹਿ-ਮੁਲਜ਼ਮ ਬਣਾਇਆ ਗਿਆ ਹੈ।

ਫਾਇਰਿੰਗ ਦੌਰਾਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਚਲੀ ਗਈ ਅਤੇ ਦੋ ਗੰਭੀਰ ਫੱਟੜ ਹੋ ਗਏ।

ਫੱਟੜਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਅਤੇ ਜਿੱਥੋਂ ਬਾਅਦ ਵਿੱਚ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਵਿਸਥਾਰ 'ਚ ਜਾਣਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਸ਼ਮੀਰ: '11 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਬੇਕਸੂਰ ਹਾਂ ਤਾਂ ਮੇਰਾ ਲੰਘਿਆ ਵਕਤ ਮੋੜ

ਸ਼੍ਰੀਨਗਰ ਦੇ ਰੈਨਾਵਾਰੀ ਇਲਾਕੇ ਦੇ ਵਸਨੀਕ ਬਸ਼ੀਰ ਅਹਿਮਦ ਬਾਬਾ ਨੂੰ ਸਾਲ 2010 'ਚ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਰਾਜਧਾਨੀ ਅਹਿਮਦਾਬਾਦ ਤੋਂ ਗ੍ਰਿਫਤਾਰ ਕੀਤਾ ਸੀ।

ਉਹ ਕਰੀਬ 11 ਸਾਲਾਂ ਬਾਅਦ ਜੇਲ੍ਹ 'ਚੋਂ ਰਿਹਾਅ ਹੋਏ ਹਨ।

ਉਸ ਸਮੇਂ ਉਹ ਗੁਜਰਾਤ 'ਚ ਸਥਿਤ ਇੱਕ ਸਵੈ-ਸੇਵੀ ਸੰਸਥਾ 'ਮਾਇਆ ਫਾਊਂਡੇਸ਼ਨ' 'ਚ ਇੱਕ ਵਾਰਕਸ਼ਾਪ 'ਚ ਹਿੱਸਾ ਲੈਣ ਲਈ ਗਏ ਹੋਏ ਸਨ।

42 ਸਾਲਾ ਬਸ਼ੀਰ ਵਿਗਿਆਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸ਼੍ਰੀਨਗਰ 'ਚ ਇੱਕ ਕੰਪਿਊਟਰ ਇੰਸਟੀਚਿਊਟ ਚਲਾਉਂਦੇ ਸਨ।

ਬਸ਼ੀਰ 'ਤੇ ਵਿਸਫੋਟਕ ਰੱਖਣ ਅਤੇ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਦਾ ਇਲਜ਼ਾਮ ਆਇਦ ਕੀਤਾ ਗਿਆ ਸੀ।

ਹਾਲਾਂਕਿ, ਗੁਜਰਾਤ ਦੀ ਇੱਕ ਅਦਾਲਤ ਨੇ ਪਿਛਲੇ ਹਫ਼ਤੇ ਹੀ ਬਸ਼ੀਰ ਨੂੰ ਸਾਰੇ ਇਲਜ਼ਾਮਾਂ ਤੋਂ ਬਾ-ਇੱਜ਼ਤ ਬਰੀ ਕਰਨ ਦਿੱਤਾ ਹੈ। ਤਫ਼ਸੀਲ 'ਚ ਬਸ਼ੀਰ ਦੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਫਿਲੀਪੀਨਜ਼ 'ਚ 92 ਸਵਾਰੀਆਂ ਲਿਜਾ ਰਿਹਾ ਫ਼ੌਜੀ ਜਹਾਜ਼ ਹਾਦਸੇ ਦਾ ਸ਼ਿਕਾਰ

ਦੱਖਣੀ ਫਿਲੀਪੀਨਜ਼ ਵਿੱਚ ਘੱਟੋ-ਘੱਟ 92 ਸਵਾਰੀਆਂ ਲਿਜਾ ਰਿਹਾ ਫ਼ੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਸਵਾਰੀਆਂ ਵਿੱਚ ਜ਼ਿਆਦਾਤਰ ਨਵੇਂ ਫੌਜੀ ਸਨ।

ਜਨਰਲ ਸਿਰੀਲਿਟੋ ਸੋਬੇਜਾਨਾ ਨੇ ਸਮਾਚਾਰ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਸੀ-130 ਜਹਾਜ਼ ਸੁਲੁ ਪ੍ਰਾਂਤ ਦੇ ਜੋਲੋ ਦੀਪ 'ਤੇ ਉਤਰਨ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਾਦਸੇ 'ਚ ਕਰੀਬ 42 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜਾਨਾਂ ਬਚਾਈਆਂ ਜਾ ਸਕੀਆਂ ਹਨ। ਵਧੇਰੇ ਜਾਣਕਾਰੀ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)