ਬਟਾਲਾ ਵਿੱਚ ਇੱਕ ਪਰਿਵਾਰ ਦੇ 4 ਜੀਆਂ ਦਾ ਗੋਲੀਆਂ ਮਾਰ ਕੇ ਕਤਲ, ਕੀ ਹੈ ਪੂਰਾ ਮਾਮਲਾ-ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੇ ਦੱਸਿਆ ਹੈ ਕਿ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਪਿੰਡ ਬੱਲੜਵਾਲ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਖੇਤਾਂ ਵਿੱਚ ਪਿੰਡ ਦੇ ਮਜੂਦਾ ਪੰਚਾਇਤ ਮੈਂਬਰ ਅਤੇ ਉਸਦੇ ਵਲੋਂ ਖੇਤਾਂ ਵਿੱਚ ਕੰਮ ਕਰ ਰਹੇ ਇੱਕੋ ਪਰਿਵਾਰ ਦੇ ਮੈਂਬਰਾਂ ਦੇ ਉਪਰ ਸਿੱਧੀ ਫਾਇਰਿੰਗ ਕਰ ਦਿੱਤੀ ਗਈ।

ਘਟਨਾ ਨੂੰ ਮੌਜੂਦਾ ਪੰਚਾਇਤ ਮੈਂਬਰ ਸੁਖਜਿੰਦਰ ਸਿੰਘ ਉਨ੍ਹਾਂ ਦੇ ਭਰਾ ਜਤਿੰਦਰ ਸਿੰਘ ਵੱਲੋਂ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਸੁਖਜਿੰਦਰ ਸਿੰਘ ਦੀ ਪਤਨੀ ਨੂੰ ਵੀ ਸਹਿ-ਮੁਲਜ਼ਮ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ-

ਫਾਇਰਿੰਗ ਦੌਰਾਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਚੱਲੀ ਅਤੇ ਦੋ ਗੰਭੀਰ ਫਟੱੜ ਹੋ ਗਏ। ਫਟੱੜਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਅਤੇ ਜਿੱਥੋਂ ਬਾਅਦ ਵਿੱਚ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।

ਉਧਰ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਕ ਔਰਤ ਸਮੇਤ ਤਿੰਨ ਜਣਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ |

ਪੀੜਤਾਂ ਨੇ ਕੀ ਦੱਸਿਆ

ਇਸ ਮਾਮਲੇ ਬਾਰੇ ਪੀੜਤ ਪਰਿਵਾਰ ਦੇ ਜੀਅ ਜਸਪਾਲ ਸਿੰਘ ਅਤੇ ਪਿੰਡ ਦੇ ਲੰਬੜਦਾਰ ਬਲਵੀਰ ਸਿੰਘ ਨੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਹੀ ਪੰਚਾਇਤ ਮੈਂਬਰ ਸੁਖਜਿੰਦਰ ਸਿੰਘ ਉਰਫ਼ ਸੋਨੀ ਨਾਲ ਉਨ੍ਹਾਂ ਦਾ ਪੁਰਾਣਾ ਰੌਲਾ ਚੱਲ ਰਿਹਾ ਸੀ।

ਐਤਵਾਰ ਕਰੀਬ ਸਵੇਰੇ 6 ਵਜੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਉਪਰ ਸੁਖਵਿੰਦਰ ਸਿੰਘ ਸੋਨੀ ਅਤੇ ਉਸਦੇ ਭਰਾ ਨੇ ਸਿੱਧੀ ਫਾਇਰਿੰਗ ਕਰ ਦਿੱਤੀ ਅਤੇ ਫਾਇਰਿੰਗ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ।

ਪੀੜਤ ਨੇ ਦੱਸਿਆ ਕਿ ਇਸ ਫਾਇਰਿੰਗ ਵਿੱਚ ਉਸਦੇ ਪਿਤਾ ਮੰਗਲ ਸਿੰਘ ਵੱਡਾ ਭਰਾ ਸੁਖਵਿੰਦਰ ਸਿੰਘ ਛੋਟਾ ਭਰਾ ਜਸਬੀਰ ਸਿੰਘ ਅਤੇ ਉਸਦੇ ਪੁੱਤਰ ਬਬਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ਦੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਪੁਲਿਸ ਨੇ ਕੀ ਦੱਸਿਆ

ਇਸ ਮਾਮਲੇ 'ਚ ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਮੁਲਜ਼ਮ ਸੁਖਜਿੰਦਰ ਸਿੰਘ ਸੋਨੀ ਮਜੂਦਾ ਪੰਚਾਇਤ ਮੈਂਬਰ ਹੈ ਅਤੇ ਇਨ੍ਹਾਂ ਦੋਹਾਂ ਪਰਿਵਾਰਾਂ ਦੀ ਆਪਸੀ ਰੰਜਿਸ਼ ਪੰਚਾਇਤੀ ਚੋਣਾਂ ਤੋਂ ਚਲ ਰਹੀ ਸੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਲੜਕੀ ਅਤੇ ਲੜਕੇ ਦੇ ਪ੍ਰੇਮ ਸੰਬੰਧਾਂ ਦੀ ਵੀ ਰੰਜਿਸ਼ ਸੀ ਇਸੇ ਨੂੰ ਲੈਕੇ ਮੁਲਜ਼ਮ ਵਲੋਂ ਹਮਲਾ ਕੀਤਾ ਗਿਆ ਅਤੇ ਕੀਤੀ ਫਾਇਰਿੰਗ ਵਿੱਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ|

ਉਧਰ ਪੁਲਿਸ ਅਧਕਾਰੀ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਲੈਕੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

ਪੁਲਿਸ ਵਲੋਂ ਜਸਪਾਲ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਤਿੰਨ ਮੁਲਜ਼ਮਾਂ ਸੁਖਜਿੰਦਰ ਸਿੰਘ ਸੋਨੀ ਤੇ ਉਸਦੀ ਪਤਨੀ ਅਤੇ ਸੁਖਜਿੰਦਰ ਦੇ ਭਰਾ ਜਤਿੰਦਰ ਸਿੰਘ ਦੇ ਖਿਲਾਫ 302,307 , 120b ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਖਾਲਿਸਤਾਨ ਟਾਈਗਰ ਫੋਰਸ ਦੇ ਤਿੰਨ ਕਾਰਕੁਨ ਗ੍ਰਿਫ਼ਤਾਰ ਕਰਨ ਦਾ ਦਾਅਵਾ

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਮੋਗਾ ਪੁਲਿਸ ਨੇ ਸਮਾਲਸਰ ਨੇੜਿਉਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਫ਼ਿਰੌਤੀ ਅਤੇ ਟਾਰਗੇਟ ਕਿਲਿੰਗ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਕਤਸਰ ਦੇ ਪਿੰਡ ਈਨਾ ਖੇੜਾ ਦੇ ਵਸਨੀਕ ਯਾਦਵਿੰਦਰ ਸਿੰਘ ਉਰਫ ਯਾਦੀ, ਤਰਨਤਾਰਨ ਦੇ ਪਿੰਡ ਚੱਕ ਵਾਲਾਣ ਦੇ ਰਛਪਾਲ ਸਿੰਘ ਅਤੇ ਮੁਕਤਸਰ ਦੇ ਪਿੰਡ ਮਾਝਾ ਪੱਟੀ ਦੇ ਤਲਵਿੰਦਰ ਸਿੰਘ ਉਰਫ ਮਿੰਟੂ ਵਜੋਂ ਦੱਸੀ ਗਈ ਹੈ।

ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਸਲੇਟੀ ਰੰਗ ਦੀ ਸ਼ੇਵਰਲੇਟ ਕਰੂਜ਼ ਕਾਰ (ਡੀ.ਐੱਲ .3 ਸੀਏਈ 4302), ਇੱਕ 0.32 ਬੋਰ ਪਿਸਤੌਲ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਮੋਗਾ ਪੁਲਿਸ ਨੇ ਹਾਲ ਹੀ ਵਿੱਚ ਲਵਪ੍ਰੀਤ ਸਿੰਘ ਉਰਫ ਰਵੀ, ਰਾਮ ਸਿੰਘ ਉਰਫ ਸੋਨੂੰ ਅਤੇ ਕਮਲਜੀਤ ਸ਼ਰਮਾ ਉਰਫ ਕਮਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਟਾਰਗੇਟ ਕਿਲਿੰਗ ਸਾਜਿਸ਼ ਦਾ ਪਰਦਾਫਾਸ਼ ਕਰਨ ਦੀ ਗੱਲ ਕਹੀ ਸੀ।

ਉਸ ਵਿੱਚ ਡੇਰਾ ਪ੍ਰੇਮੀ ਦੇ ਕਤਲ, ਇੱਕ ਪੁਜਾਰੀ ਉੱਤੇ ਫਾਇਰਿੰਗ, ਸੁੱਖਾ ਲੰਮੇ ਕਤਲ ਕੇਸ, ਸੁਪਰਸ਼ਾਈਨ ਮਰਡਰ ਕੇਸ ਸਮੇਤ ਕਈ ਗੁੰਡਾਗਰਦੀ ਦੀਆਂ ਘਟਨਾਵਾਂ ਸ਼ਾਮਲ ਸਨ।

ਅਰਸ਼ ਡਾਲਾ ਇਨ੍ਹਾਂ ਸਾਰੇ ਜੁਰਮਾਂ ਦਾ ਮੁੱਖ ਸਾਜ਼ਿਸ਼ਕਰਤਾ ਹੈ।

ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਅਰਸ਼ ਡਾਲਾ ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਖੇ ਮਠਿਆਈ ਦੀ ਦੁਕਾਨ ਦੇ ਮਾਲਕ ਨੂੰ ਜਾਨ ਦੀ ਧਮਕੀ ਦੇ ਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਉਨ੍ਹਾਂ ਕਿਹਾ ਕਿ ਅਰਸ਼ ਨੇ ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਮਠਿਆਈ ਦੀ ਦੁਕਾਨ ਦੇ ਮਾਲਕ ਤੋਂ ਫਿਰੌਤੀ ਇਕੱਠੀ ਕਰਨ ਦਾ ਕੰਮ ਸੌਂਪਿਆ ਸੀ। ਤਿੰਨਾਂ ਮੁਲਜ਼ਮਾਂ ਨੇ ਅਰਸ਼ ਡਾਲਾ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਨਾ ਕਬੂਲ ਕੀਤਾ ਹੈ।

ਪੁਲਿਸ ਮੁਤਾਬਕ ਯਾਦਵਿੰਦਰ ਯਾਦੀ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਸੀ।

ਐੱਸਐੱਸਪੀ ਗਿੱਲ ਨੇ ਕਿਹਾ, "ਜਦੋਂ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਟਾਰਗੇਟ ਕਤਲਾਂ ਦੀਆਂ ਘਟਨਾਵਾਂ ਦੀ ਜਾਂਚ ਨੂੰ ਆਪਣੇ ਹੱਥ ਵਿੱਚ ਲਿਆ ਹੈ, ਅਸੀਂ ਇਨ੍ਹਾਂ ਤੱਥਾਂ ਨੂੰ ਕੌਮੀ ਏਜੰਸੀ ਨਾਲ ਵੀ ਸਾਂਝਾ ਕੀਤਾ ਹੈ।"

ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਨਾਲ ਕਿਹੜੇ ਮੁੱਦੇ ਉੱਤੇ ਸੁਰ ਮਿਲਾਈ

ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਦੀਆਂ 300 ਮੁਫ਼ਤ ਯੂਨਿਟਾਂ ਅਤੇ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੀ ਵਕਾਲਤ ਕੀਤੀ ਹੈ।

ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਇਸ ਬਾਰੇ ਗੱਲ ਕੀਤੀ।ਉਨ੍ਹਾਂ ਨੇ ਇਹ ਵੀ ਕਿਹਾ ਕਿ ਘਰੇਲੂ ਅਤੇ ਉਦਯੋਗਿਕ ਉਪਭੋਗਤਾਵਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇ।

ਪੰਜਾਬ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਬਿਜਲੀ ਸਪਲਾਈ ਦਾ ਭਾਰੀ ਸੰਕਟ ਚੱਲ ਰਿਹਾ ਹੈ।

ਜਲੰਧਰ ਤੋਂ ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਅਤੇ ਸੰਗਰੂਰ ਤੋਂ ਸੁਖਚਰਨ ਪ੍ਰੀਤ ਮੁਤਾਬਕ ਪੰਜਾਬ ਵਿਚ ਸਨਅਤ ਨੂੰ ਤਿੰਨ ਦਿਨ ਦਾ ਕੱਟ ਲਾਇਆ ਜਾ ਰਿਹਾ ਹੈ, ਇਸ ਕੱਟ ਨੂੰ ਅੱਜ ਖ਼ਤਮ ਕਰਨ ਦਾ ਸ਼ਡਿਊਲ ਹੈ।

ਸਨਅਤੀ ਕੱਟ ਲਾਕੇ ਖੇਤੀ ਅਤੇ ਘਰੇਲੂ ਸਪਲਾਈ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਗਰਮੀ ਕਾਰਨ ਵਧੀ ਮੰਗ ਪੂਰੀ ਨਹੀਂ ਹੋ ਰਹੀ ਤੇ ਲੰਬੇ ਲੰਬੇ ਕੱਟ ਲੱਗ ਰਹੇ ਹਨ।

ਜਿਸ ਕਾਰਨ ਲੋਕ ਸੜਕਾਂ ਉੱਤੇ ਹਨ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਚੋਣਾਂ ਲਈ ਲੋਕਾਂ ਨਾਲ 300 ਯੂਨਿਟ ਮੁਫ਼ਤ ਬਿਜਲੀ ਤੇ 24 ਘੰਟੇ ਸਪਲਾਈ ਦਾ ਦਾਅਵਾ ਕਰ ਦਿੱਤਾ।

ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, "ਪੰਜਾਬ ਪਹਿਲਾਂ ਹੀ 9 ਹਜ਼ਾਰ ਕਰੋੜ ਸਬਸਿਡੀ ਦੇ ਰਿਹਾ ਹੈ ਪਰ ਸਾਨੂੰ ਘਰੇਲੂ ਅਤੇ ਉਦਯੋਗਿਕ ਉਪਭੋਗਤਾਵਾਂ ਨੂੰ 10-12 ਰੁਪਏ ਪ੍ਰਤੀ ਯੂਨਿਟ ਸਰਚਾਰਜ ਦੀ ਬਜਾਇ 3-5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦੇਣੀ ਚਾਹੀਦੀ ਹੈ।"

"ਇਸ ਦੇ ਨਾਲ ਹੀ 24 ਘੰਟੇ ਦੀ ਸਪਲਾਈ ਅਤੇ ਕੋਈ ਪਾਵਰ ਕੱਟ ਨਹੀਂ ਤੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਣੀ ਚਾਹੀਦੀ ਹੈ। ਇਹ ਬਿਲਕੁਲ ਸੰਭਵ ਹੈ।"

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸਿਲਸਿਲੇਵਾਰ 9 ਟਵੀਟ ਕਰ ਕੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਬਿਜਲੀ ਸੰਕਟ ਦੇ ਹੱਲ ਲਈ ਸੁਝਾਅ ਦਿੱਤੇ ਸਨ।

ਇਸ ਦੇ ਨਾਲ ਹੀ ਉਹ ਅਕਾਲੀਆਂ 'ਤੇ ਬਿਜਲੀ ਕੰਪਨੀਆਂ ਨਾਲ ਕੀਤੇ ਗ਼ਲਤ ਕਰਾਰ ਦੇ ਇਲਜ਼ਾਮ ਵੀ ਲਗਾਏ ਸਨ।

ਸਿੱਧੂ 'ਤੇ ਆਪ ਬਿੱਲ ਨਾ ਭਰਨ ਦਾ ਇਲਜ਼ਾਮ

ਜਦੋਂ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਬਾਰੇ ਟਵੀਟ ਕੀਤੇ ਸੀ ਤਾਂ ਉਨ੍ਹਾਂ 'ਤੇ ਆਪ ਬਿੱਲ ਨਾ ਭਰਨ ਦੇ ਇਲਜ਼ਾਮ ਵਾਲੀ ਖ਼ਬਰ ਚਰਚਾ ਵੀ ਆ ਗਈ ਸੀ। ਉਨ੍ਹਾਂ ਨੇ ਕਥਿਤ ਤੌਰ 'ਤੇ ਅੱਠ ਮਹੀਨਿਆਂ ਤੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ। ਬਿਜਲੀ ਵਿਭਾਗ ਵੱਲ 8.67 ਲੱਖ ਬਕਾਇਆ ਹੈ।

ਨਵਜੋਤ ਕੌਰ ਸਿੱਧੂ ਨੇ ਸਫ਼ਾਈ ’ਚ ਕੀ ਕਿਹਾ

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ, ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਡਾ ਪੈਸਾ ਮਿਹਨਤ ਨਾਲ ਕਮਾਇਆ ਗਿਆ ਪੈਸਾ ਹੈ, ਗ਼ਲਤ ਢੰਗ ਨਾਲ ਨਹੀਂ।”

ਖ਼ਬਰ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਅੱਗੇ ਕਿਹਾ, "ਸਾਡਾ ਮੁੱਦਾ ਸੀ ਕਿ ਸਰਦੀਆਂ ਅਤੇ ਗਰਮੀਆਂ ਵਿੱਚ ਸਾਨੂੰ ਇੱਕੋ-ਜਿਹੇ ਬਿੱਲ ਮਿਲ ਰਹੇ ਹਨ, ਇਸ ਲਈ ਅਪੀਲ ਦਾਇਰ ਕੀਤੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)