ਕਸ਼ਮੀਰ 'ਚ ਦੋ ਸਿੱਖ ਕੁੜੀਆਂ ਦੇ ਅਗਵਾ ਤੇ ਕਥਿਤ ਧਰਮ ਪਰਿਵਰਤਨ ਦਾ ਕੀ ਹੈ ਪੂਰਾ ਮਾਮਲਾ- ਗਰਾਉਂਡ ਰਿਪੋਰਟ

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਸ੍ਰੀਨਗਰ ਤੋਂ ਬੀਬੀਸੀ ਪੰਜਾਬੀ ਲਈ

ਕੁਝ ਦਿਨ ਪਹਿਲਾਂ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਸਿੱਖ ਭਾਈਚਾਰੇ ਵਿੱਚੋਂ ਕੁਝ ਜਣਿਆਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਭਾਈਚਾਰੇ ਦੀਆਂ ਦੋ ਕੁੜੀਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਹੈ ਅਤੇ ਮੁਸਲਮਾਨਾਂ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਸਿੱਖ ਭਾਈਚਾਰੇ ਦੇ ਲੋਕਾਂ ਨੇ ਇਹ ਇਲਜ਼ਾਮ ਇਸ ਲਈ ਲਗਾਏ ਹਨ ਕਿਉਂਕਿ ਪਿਛਲੇ ਹਫ਼ਤੇ ਦੋ ਸਿੱਖ ਕੁੜੀਆਂ ਦੇ ਕਥਿਤ ਧਰਮ ਬਦਲੀ ਕਰਨ ਅਤੇ ਧੱਕੇ ਨਾਲ ਨਿਕਾਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ।

ਵਿਵਾਦ ਦੇ ਕੇਂਦਰ 'ਚ ਦੋ ਕੁੜੀਆਂ ਹਨ, ਦਨਮੀਤ ਕੌਰ ਅਤੇ ਮਨਮੀਤ ਕੌਰ।

ਇਹ ਵੀ ਪੜ੍ਹੋ:

ਇਸ ਬਾਰੇ ਸਿੱਖਾਂ ਨੇ ਜੰਮੂ-ਕਸ਼ਮੀਰ ਸਮੇਤ ਦਿੱਲੀ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਮੰਗ ਰੱਖੀ ਹੈ ਕਿ ਦੋਵੇਂ ਕੁੜੀਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤਾ ਜਾਵੇ।

ਹਾਲਾਂਕਿ, ਪੁਲਿਸ ਅਤੇ ਦੋਵੇਂ ਸਿੱਖ ਕੁੜੀਆਂ ਨੇ ਇੰਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਫਿਰ ਸਵਾਲ ਇਹ ਹੈ ਕਿ ਆਖ਼ਰਕਾਰ ਇਹ ਪੂਰਾ ਮਾਮਲਾ ਕੀ ਹੈ?

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਨਮੀਤ ਕੌਰ ਦੀ।

ਵਿਵਾਦ ਦੀ ਸ਼ੁਰੂਆਤ ਕਿੱਥੋਂ ਹੋਈ ਸੀ?

28 ਸਾਲਾ ਦਨਮੀਤ ਕੌਰ ਦੇ ਘਰਵਾਲਿਆਂ ਨੂੰ ਉਸ ਵੇਲੇਵੱਡਾ ਝਟਕਾ ਲੱਗਾ ਜਦੋਂ ਦਨਮੀਤ ਕੌਰ ਬੀਤੀ 6 ਜੂਨ ਨੂੰ ਆਪਣੇ ਘਰੋਂ ਨਿਕਲੀ ਸੀ ਅਤੇ ਕੁਝ ਮਿੰਟਾਂ ਬਾਅਦ ਹੀ ਉਸ ਨੇ ਆਪਣੀ ਭੈਣ ਨੂੰ ਫੋਨ ਕਰਕੇ ਕਿਹਾ, “ਮੈਨੂੰ ਲੱਭਣ ਦੀ ਕਸ਼ਿਸ਼ ਨਾ ਕਰਨਾ।”

ਜਦੋਂ ਅਸੀਂ ਬੁੱਧਵਾਰ ਨੂੰ ਸ਼੍ਰੀਨਗਰ ਦੇ ਮਹਜੂਰ ਨਗਰ ਦੀ ਵਸਨੀਕ ਦਨਮੀਤ ਕੌਰ ਦੇ ਘਰ ਪਹੁੰਚੇ ਅਤੇ ਗੇਟ ਦੇ ਅੰਦਰ ਦਾਖਲ ਹੋਏ ਤਾਂ ਪੂਰੇ ਘਰ ਵਿੱਚ ਸੰਨਾਟਾ ਸੀ।

ਘਰ ਦੇ ਅੰਦਰ ਅਸੀਂ ਦਨਮੀਤ ਦੇ ਚਾਚਾ ਹਕੂਮਤ ਸਿੰਘ ਨੂੰ ਮਿਲੇ।

ਉਸ ਸਮੇਂ ਦਨਮੀਤ ਦੇ ਮਾਤਾ-ਪਿਤਾ ਕਸ਼ਮੀਰ ਵਿੱਚ ਮੌਜੂਦ ਨਹੀਂ ਸਨ ਅਤੇ ਨਾ ਹੀ ਦਨਮੀਤ ਦੇ ਭਰਾ ਨਾਲ ਸਾਡੀ ਮੁਲਾਕਾਤ ਹੋ ਸਕੀ।

ਹਕੂਮਤ ਸਿੰਘ ਨੇ ਦੱਸਿਆ, "ਇਹ ਗੱਲ ਬੀਤੀ 6 ਜੂਨ ਦੀ ਹੈ। ਦਨਮੀਤ ਸ਼ਾਮ ਵੇਲੇ ਘਰੋਂ ਬਾਹਰ ਗਈ ਅਤੇ ਆਪਣੀ ਭੈਣ ਨੂੰ ਫੋਨ ਕਰਕੇ ਰੌਂਦਿਆਂ ਹੋਇਆ ਕਿਹਾ ਕਿ ਮੈਨੂੰ ਹੁਣ ਲੱਭਣ ਦੀ ਕੋਸ਼ਿਸ਼ ਨਾ ਕਰਿਓ। ਪਰ ਇਕ ਘੰਟੇ ਦੇ ਅੰਦਰ ਹੀ ਅਸੀਂ ਪੁਲਿਸ ਦੀ ਮਦਦ ਨਾਲ ਦਨਮੀਤ ਨੂੰ ਸ਼੍ਰੀਨਗਰ ਦੇ ਬਗਾਤ ਇਲਾਕੇ ਵਿੱਚ ਉਸ ਦੇ 'ਪ੍ਰੇਮੀ' ਮੁਜ਼ੱਫ਼ਰ ਸ਼ਾਬਾਨ ਦੇ ਘਰੋਂ ਬਰਾਮਦ ਕਰ ਲਿਆ ਸੀ।”

“ਪੁਲਿਸ ਕੁੜੀ ਨੂੰ ਸ਼੍ਰੀਨਗਰ ਦੇ ਸਦਰ ਥਾਣੇ ਵਿੱਚ ਲੈ ਗਈ। ਉਸ ਸਮੇਂ ਦਨਮੀਤ ਨੇ ਕਿਹਾ ਸੀ ਕਿ ਮੈਂ ਆਪਣੇ ਮਾਤਾ-ਪਿਤਾ ਨਾਲ ਹੀ ਰਹਾਂਗੀ।"

ਹਕੂਮਤ ਸਿੰਘ ਨੇ ਪੁਲਿਸ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਐੱਸਐੱਚਓ ਦਨਮੀਤ ਨੂੰ ਆਪਣੇ ਨਾਲ ਦਫ਼ਤਰ ਲੈ ਗਏ ਸੀ ਅਤੇ ਉੱਥੇ ਹੀ ਉਸ ਦਾ 'ਬ੍ਰੇਨਵਾਸ਼' ਕੀਤਾ ਗਿਆ ਹੈ।

ਹਕੂਮਤ ਸਿੰਘ ਦੇ ਮੁਤਾਬਕ ਦੋ ਘੰਟਿਆਂ ਬਾਅਦ ਕੁੜੀ ਦੇ ਤੇਵਰ, ਰਵੱਈਆ ਪੂਰੀ ਤਰ੍ਹਾਂ ਨਾਲ ਬਦਲਿਆ ਹੋਇਆ ਸੀ ਅਤੇ ਉਸ ਨੇ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦੇ ਘਰ ਅਸੁਰੱਖਿਅਤ ਮਹਿਸੂਸ ਕਰਦੀ ਹੈ।

ਪੁਲਿਸ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ, ਪਰ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਪੁਲਿਸ ਅਫ਼ਸਰ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਕੁੜੀ ਫਿਰ ਘਰੋਂ ਕਿਉਂ ਭੱਜਦੀ। ਪੁਲਿਸ ਨੇ ਦੱਸਿਆ ਕਿ ਮੇਡੀਕੋ-ਲੀਗਲ ਕਾਰਵਾਈਆਂ ਨੂੰ ਕੁਝ ਸਮਾਂ ਲੱਗਦਾ ਹੀ ਹੈ।

ਦਨਮੀਤ ਦੇ ਚਾਚਾਹਕੂਮਤ ਸਿੰਘ ਦਾ ਕਹਿਣਾ ਹੈ ਕਿ-

  • ਪੁਲਿਸ ਨੇ ਪੂਰੀ ਰਾਤ ਦਨਮੀਤ ਨੂੰ ਮਹਿਲਾ ਥਾਣੇ ਵਿੱਚ ਰੱਖਿਆ ਅਤੇ ਅਗਲੇ ਦਿਨ ਕੁੜੀ ਨੂੰ ਰਿਹਾਅ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
  • ਦਨਮੀਤ ਦੇ ਪਰਿਵਾਰਕ ਮੈਂਬਰ ਲਗਭਗ ਚਾਰ ਦਿਨਾਂ ਬਾਅਦ ਉਸ ਨੂੰ ਜੰਮੂ ਲੈ ਗਏ ਅਤੇ ਕੁਝ ਦਿਨਾਂ ਬਾਅਦ ਉਹ ਦਨਮੀਤ ਨੂੰ ਵਾਪਸ ਸ਼੍ਰੀਨਗਰ ਲੈ ਕੇ ਆਏ।
  • ਦਨਮੀਤ ਨੇ ਕੁਝ ਦਿਨਾਂ ਬਾਅਦ ਕਿਹਾ ਕਿ ਮੈਂ ਅੰਮ੍ਰਿਤਸਰ ਸਥਿਤ ਹਰਮਿੰਦਰ ਸਾਹਿਬ ਜਾਣਾ ਚਾਹੁੰਦੀ ਹਾਂ।
  • ਦਨਮੀਤ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਉਸ ਦੇ ਮਾਪੇ ਉਸ ਨੂੰ ਹਰਮਿੰਦਰ ਸਾਹਿਬ ਲੈ ਗਏ ਅਤੇ ਕੁਝ ਦਿਨਾਂ ਬਾਅਦ ਜੰਮੂ ਵਾਪਸ ਲੈ ਕੇ ਆਏ ਸਨ।
  • ਜੰਮੂ ਵਾਪਸ ਪਰਤਣ ਤੋਂ ਬਾਅਦ, ਪੁਲਿਸ ਦੀ ਇਕ ਟੀਮ ਰਾਤ ਦੇ ਦੋ ਵਜੇ ਦਨਮੀਤ ਦੇ ਪਿਤਾ ਘਰ ਜੰਮੂ ਜਾਨੀਪੂਰਾ ਇਲਾਕੇ ਵਿੱਚ ਪਹੁੰਚੀ ਅਤੇ ਪਹੁ ਫੁੱਟਦੇ ਹੀ ਪੁਲਿਸ ਦੇ ਘੱਟੋ-ਘੱਟ 20 ਮੁਲਾਜ਼ਮ ਘਰ ਦੇ ਅੰਦਰ ਆ ਵੜ੍ਹੇ ਅਤੇ ਕੁੜੀ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਸ਼੍ਰੀਨਗਰ ਲੈ ਗਏ ਅਤੇ ਫਿਰ ਸ਼੍ਰੀਨਗਰ ਦੀ ਇਕ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ।

ਦਨਮੀਤ ਦੇ ਵੱਡੇ ਚਾਚਾ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਮੁਜ਼ੱਫ਼ਰ ਸ਼ਾਬਾਨ (ਜਿਸ ਨਾਲ ਕਿ ਦਨਮੀਤ ਨੇ ਵਿਆਹ ਕਰਵਾਉਣ ਦਾ ਦਾਅਵਾ ਕੀਤਾ ਹੈ) ਨੂੰ ਵੀ ਅਦਾਲਤ 'ਚ ਪੇਸ਼ ਕੀਤਾ ਗਿਆ।

ਮੁਜ਼ੱਫ਼ਰ ਦੇ ਨਾਲ ਉਸ ਦੇ ਪਰਿਵਾਰ ਦੇ ਕਈ ਲੋਕ ਵੀ ਅਦਾਲਤ 'ਚ ਮੌਜੂਦ ਸਨ, ਪਰ ਦਨਮੀਤ ਦੇ ਪਰਿਵਾਰਕ ਮੈਂਬਰਾਂ ਨੂੰ ਅਦਾਲਤ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ।

ਹਰਭਜਨ ਸਿੰਘ ਅੱਗੇ ਦੱਸਦੇ ਹਨ, "ਸਾਨੂੰ ਨਹੀਂ ਪਤਾ ਕਿ ਅਦਾਲਤ ਦੇ ਅੰਦਰ ਜੱਜ ਨੇ ਕੀ ਫ਼ੈਸਲਾ ਸੁਣਾਇਆ। ਅਦਾਲਤ ਦੇ ਅੰਦਰ ਹੀ ਦਨਮੀਤ ਨੂੰ ਮੁਜ਼ੱਫ਼ਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੋਵਾਂ ਨੂੰ ਕਿਸ ਦਰਵਾਜ਼ੇ ਰਾਹੀਂ ਅਦਾਲਤ ਵਿੱਚੋ ਬਾਹਰ ਕੱਢਿਆ ਗਿਆ।"

ਹਾਲਾਂਕਿ ਦਨਮੀਤ ਜੋ ਕਹਾਣੀ ਦੱਸਦੀ ਹੈ, ਉਹ ਇਸ ਤੋਂ ਵੱਖਰੀ ਹੈ।

ਕੁਝ ਦਿਨ ਪਹਿਲਾਂ ਦਨਮੀਤ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਦਨਮੀਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਵੀਡੀਓ ਉਸ ਦਾ ਹੀ ਹੈ, ਪਰ ਉਹ ਇਸ ਤੋਂ ਇਲਾਵਾ ਕੁਝ ਹੋਰ ਬੋਲਣ ਲਈ ਤਿਆਰ ਨਹੀਂ ਹੈ।

ਦਨਮੀਤ ਦਾ ਵੀਡੀਓ ਵਿੱਚ ਦਾਅਵਾ

ਦਨਮੀਤ ਵੀਡੀਓ ਦੀ ਸ਼ੁਰੂਆਤ ਇਹ ਕਹਿੰਦਿਆਂ ਕਰਦੀ ਹੈ ਕਿ ਅੱਜ ਕੱਲ ਜਿੰਨ੍ਹਾਂ ਦੋ ਸਿੱਖ ਕੁੜੀਆਂ ਦੇ ਕਥਿਤ ਜ਼ਬਰਦਸਤੀ ਧਰਮ ਬਦਲਣ ਅਤੇ ਜਬਰਨ ਵਿਆਹ ਦੀ ਗੱਲ ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ, ਉਨ੍ਹਾਂ ਵਿੱਚੋਂ ਇੱਕ ਉਹ ਖੁਦ ਹੈ।

ਉਸ ਨੇ ਅੱਗੇ ਕਿਹਾ ਕਿ ਜ਼ਬਰਦਸਤੀ ਵਿਆਹ ਅਤੇ ਇਸਲਾਮ ਕਬੂਲ ਕਰਨ ਦੀ ਗੱਲ ਬਿਲਕੁੱਲ ਝੂਠ ਹੈ।

ਉਸ ਦਾ ਦਾਅਵਾ ਹੈ ਕਿ ਉਸ ਨੇ ਸਾਲ 2012 'ਚ ਇਸਲਾਮ ਕਬੂਲ ਕੀਤਾ ਸੀ ਅਤੇ ਸਾਲ 2014 'ਚ ਉਸ ਨੇ ਆਪਣੇ ਸਹਿਪਾਠੀ ਮੁਜ਼ੱਫ਼ਰ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਉੁਨ੍ਹਾਂ ਅਨੁਸਾਰ ਉਨ੍ਹਾਂ ਕੋਲ ਇੰਨ੍ਹਾਂ ਸਾਰੇ ਦਾਅਵਿਆਂ ਦੇ ਦਸਤਾਵੇਜ਼ੀ ਸਬੂਤ ਵੀ ਹਨ।

ਇਸ ਵੀਡੀਓ ਵਿੱਚ ਦਨਮੀਤ ਕੌਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਨੇ ਇਸੇ ਸਾਲ 6 ਜੂਨ ਨੂੰ ਆਪਣਾ ਘਰ ਛੱਡਿਆ ਸੀ ਅਤੇ ਆਪਣੇ ਘਰ ਵਾਲਿਆਂ ਨੂੰ ਫੋਨ ਕਰਕੇ ਕਹਿ ਦਿੱਤਾ ਸੀ ਕਿ ਉਹ ਉਸ ਦੀ ਭਾਲ ਨਾ ਕਰਨ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਘਰੋਂ ਗਈ ਹੈ।

ਦਨਮੀਤ ਨੇ ਵੀਡੀਓ ਵਿੱਚ ਦਾਅਵਾ ਕੀਤਾ ਹੈ ਕਿ ਉਸ ਦੇ ਫੋਨ ਕਰਨ ਤੋਂ ਬਾਅਦ ਦੋ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਉਸ ਨੂੰ ਫੜ੍ਹ ਲਿਆ ਸੀ ਅਤੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਸੀ।

ਉਸ ਨੇ ਵੀਡੀਓ ਵਿੱਚ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਮਾਪੇ ਪਹਿਲਾਂ ਉਸ ਨੂੰ ਜੰਮੂ ਅਤੇ ਫਿਰ ਪੰਜਾਬ ਲੈ ਗਏ ਸਨ, ਜਿੱਥੇ ਉਸ ਨੂੰ ਕਈ ਸੰਗਠਨਾਂ ਦੇ ਨਾਲ ਮਿਲਾਇਆ ਗਿਆ ਅਤੇ ਉਸ ਦਾ 'ਬ੍ਰੇਨਵਾਸ਼' ਕਰਨ ਦਾ ਯਤਨ ਕੀਤਾ ਗਿਆ।

ਦਨਮੀਤ ਵੀਡੀਓ ਵਿੱਚ ਇਹ ਵੀ ਕਹਿੰਦੀ ਹੈ ਕਿ ਉਸ ਤੋਂ ਜ਼ਬਰਦਸਤੀ ਆਪਣੇ ਕਾਨੂੰਨੀ ਪਤੀ ਖ਼ਿਲਾਫ਼ ਵੀਡੀਓ ਬਿਆਨ ਜਾਰੀ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਇਸ ਮਾਮਲੇ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ, ਕਿਉਂਕਿ ਉਹ 29 ਸਾਲਾਂ ਦੀ ਪੜ੍ਹੀ-ਲਿਖੀ ਕੁੜੀ ਹੈ ਅਤੇ ਆਪਣਾ ਸਹੀ-ਗ਼ਲਤ ਸਭ ਸਮਝਦੀ ਹੈ।

ਦਨਮੀਤ ਦੇ ਭਰਾ ਨੇ ਕਿਹਾ ਵੀਡੀਓ ਵਾਲੀਆਂ ਗੱਲਾਂ ਝੂਠੀਆਂ

ਦਨਮੀਤ ਨੇ ਇਹ ਵੀਡੀਓ 28 ਜੂਨ, 2021 ਨੂੰ ਬਣਾਇਆ ਸੀ। ਦਨਮੀਤ ਦੇ ਚਾਚਾ ਹਕੂਮਤ ਸਿੰਘ ਦਾ ਕਹਿਣਾ ਹੈ ਕਿ ਇਹ ਵੀਡੀਓ ਦਨਮੀਤ ਨੇ ਅਦਾਲਤ ਤੋਂ ਜਾਣ ਤੋਂ ਦੋ ਦਿਨ ਬਾਅਦ ਬਣਾਇਆ ਸੀ।

ਦਨਮੀਤ ਦੇ ਛੋਟੇ ਭਰਾ, 20 ਸਾਲਾ ਕਿਸ਼ਨ ਸਿੰਘ ਨੇ ਫੋਨ 'ਤੇ ਦੱਸਿਆ ਕਿ ਉਸ ਦੀ ਭੈਣ ਦੇ ਮਾਮਲੇ ਨੇ ਉਨ੍ਹਾਂ ਨੂੰ ਆਪਣੇ ਭਾਈਚਾਰੇ 'ਚ 'ਸਮਾਜਿਕ ਕਲੰਕ' ਵਰਗੀ ਸਥਿਤੀ ਦਾ ਸਾਹਮਣਾ ਕਰਨ ਦੀ ਕਗਾਰ 'ਤੇ ਖੜ੍ਹਾ ਕਰ ਦਿੱਤਾ ਹੈ।

ਕਿਸ਼ਨ ਪੁੱਛਦੇ ਹਨ ਕਿ ਜੇਕਰ ਉਨ੍ਹਾਂ ਦੀ ਭੈਣ ਨੇ ਵੀਡੀਓ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਸ ਨੇ 2012 ਵਿੱਚ ਹੀ ਇਸਲਾਮ ਕਬੂਲ ਕਰ ਲਿਆ ਸੀ ਅਤੇ ਸਾਲ 2014 ਵਿੱਚ ਉਸ ਮੁਸਲਮਾਨ ਮੁੰਡੇ ਨਾਲ ਵਿਆਹ ਕਰ ਲਿਆ ਸੀ ਤਾਂ ਫਿਰ ਉਹ 2021 ਤੱਕ ਇਕ ਸਿੱਖ ਪਰਿਵਾਰ ਵਿੱਚ ਕਿਉਂ ਰਹਿ ਰਹੀ ਸੀ?

ਕਿਸ਼ਨ ਕਹਿੰਦੇ ਹਨ ਕਿ ਵੀਡੀਓ ਵਿੱਚ ਕਹੀਆਂ ਗਈਆਂ ਸਾਰੀਆਂ ਹੀ ਗੱਲਾਂ ਝੂਠੀਆਂ ਹਨ।

ਵੀਰਵਾਰ ਨੂੰ ਜਦੋਂ ਅਸੀਂ ਦਨਮੀਤ ਦੇ ਮੁਤਾਬਕ ਉਸ ਦੇ ਪਤੀ ਮੁਜ਼ੱਫ਼ਰ ਦੇ ਘਰ, ਜੋ ਕਿ ਸ਼੍ਰੀਨਗਰ ਦੇ ਬਾਗਾਤ ਇਲਾਕੇ ਵਿੱਚ ਹੈ, ਪਹੁੰਚੇ ਤਾਂ ਉਸ ਦੇ ਘਰ ਦੇ ਬਾਹਰ ਜਿੰਦਾ ਲੱਗਾ ਹੋਇਆ ਸੀ।

ਉਸ ਦੇ ਇੱਕ ਗੁਆਂਢੀ ਨੇ ਦੱਸਿਆ ਕਿ ਮੁਜ਼ੱਫ਼ਰ ਦਾ ਪਰਿਵਾਰ ਪਿਛਲੇ ਇੱਕ ਹਫ਼ਤੇ ਤੋਂ ਘਰ ਛੱਡ ਕੇ ਕਿਤੇ ਹੋਰ ਚਲਾ ਗਿਆ ਹੈ।

ਕਾਫ਼ੀ ਯਤਨ ਕਰਨ ਤੋਂ ਬਾਅਦ ਵੀ ਦਨਮੀਤ ਅਤੇ ਮੁਜ਼ੱਫ਼ਰ ਨਾਲ ਸੰਪਰਕ ਨਹੀਂ ਹੋ ਸਕਿਆ।

ਮਨਮੀਤ ਕੌਰ ਦਾ ਮਾਮਲਾ

ਦਨਮੀਤ ਕੌਰ ਦੇ ਘਰ ਮਹਜੂਰ ਨਗਰ ਤੋਂ ਸੱਤ ਕਿਲੋਮੀਟਰ ਦੂਰ ਰੈਨਾਵਾਰੀ ਇਲਾਕੇ ਦੀ ਵਸਨੀਕ 19 ਸਾਲਾ ਸਿੱਖ ਕੁੜੀ ਮਨਮੀਤ ਕੌਰ ਦਾ ਵੀ ਇਸ ਤਰ੍ਹਾਂ ਦਾ ਹੀ ਮਾਮਲਾ ਸ਼ਨੀਵਾਰ ਯਾਲਿ ਕਿ 27 ਜੂਨ ਨੂੰ ਸਾਹਮਣੇ ਆਇਆ ਹੈ।

ਦਨਮੀਤ ਆਪਣੇ ਵੀਡੀਓ ਵਿੱਚ ਜਿਸ ਦੂਜੀ ਸਿੱਖ ਕੁੜੀ ਦਾ ਜ਼ਿਕਰ ਕਰ ਰਹੀ ਹੈ, ਉਹ ਮਨਮੀਤ ਕੌਰ ਹੀ ਹੈ।

ਮਨਮੀਤ ਕੌਰ ਦਾ ਦਾਅਵਾ ਹੈ ਕਿ ਉਸ ਨੇ 28 ਸਾਲਾ ਸ਼ਾਹਿਦ ਮਜ਼ੀਰ ਨਾਂਅ ਦੇ ਵਿਅਕਤੀ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ।

ਹਾਲਾਂਕਿ ਮਨਮੀਤ ਦੇ ਪਰਿਵਾਰ ਨੂੰ ਇਹ ਰਿਸ਼ਤਾ ਸਵੀਕਾਰ ਨਹੀਂ ਸੀ ਅਤੇ ਉਨ੍ਹਾਂ ਨੇ ਪੁਲਿਸ ਕੋਲ ਆਪਣੀ ਧੀ ਦੇ ਅਗਵਾ ਹੋਣ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਬਰਨ ਵਿਆਹ ਕਰਵਾਉਣ ਦਾ ਮਾਮਲਾ ਦਰਜ ਕਰਵਾਇਆ ਹੈ।

ਸ਼ਾਹਿਦ ਨਜ਼ੀਰ ਅਤੇ ਮਨਮੀਤ ਕੌਰ ਦੋਵੇਂ ਹੀ ਰੈਨਾਵਾਰੀ ਇਲਾਕੇ 'ਚ ਰਹਿੰਦੇ ਹਨ। ਸ਼ਾਹਿਦ ਟ੍ਰੈਵਲ ਏਜੰਸੀ ਵਿੱਚ ਡਰਾਈਵਰ ਹੈ।

ਪੁਲਿਸ ਨੇ ਦੱਸਿਆ ਕਿ ਮਨਮੀਤ ਦੇ ਪਿਤਾ ਨੇ ਸ਼ਾਹਿਦ ਦੇ ਖ਼ਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸ਼ਾਹਿਦ ਨਜ਼ੀਰ ਨੇ ਉਨ੍ਹਾਂ ਦੀ ਧੀ ਨੂੰ ਅਗਵਾ ਕੀਤਾ ਸੀ।

ਇਸ ਜਾਂਚ ਵਿੱਚ ਸ਼ਾਮਲ ਇੱਕ ਸੀਨੀਅਰ ਪੁਲਿਸ ਵਾਲੇ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮਨਮੀਤ ਕੌਰ ਅਤੇ ਸ਼ਾਹਿਦ ਨਜ਼ੀਰ ਨੇ ਆਪਣੇ ਆਪ ਨੂੰ 23 ਜੂਨ, 2021 ਨੂੰ ਪੁਲਿਸ ਅੱਗੇ ਪੇਸ਼ ਕੀਤਾ ਸੀ।

ਬਹਿਰਹਾਲ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਬੀਤੇ ਸ਼ਨੀਵਾਰ (26 ਜੂਨ) ਨੂੰ ਸ਼੍ਰੀਨਗਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਸੀ। ਹੇਠਲੀ ਅਦਾਲਤ ਵਿੱਚ ਦੇਰ ਰਾਤ ਤੱਕ ਮਨਮੀਤ ਦੇ ਮਾਮਲੇ ਦੀ ਸੁਣਵਾਈ ਹੁੰਦੀ ਰਹੀ।

ਇਸ ਦੌਰਾਨ ਦਰਜਨਾਂ ਹੀ ਸਿੱਖਾਂ ਨੇ ਅਦਾਲਤ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਦੀ ਮੰਗ ਸੀ ਕਿ ਦੋਵੇਂ ਕੁੜੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾਵੇ।

ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਦੇ ਪ੍ਰਧਾਨ ਸੰਤਪਾਲ ਸਿੰਘ ਨੇ ਇਸ ਬਾਰੇ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਕੁੜੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਦੇ ਬਿਆਨ ਦਰਜ ਕੀਤੇ ਗਏ, ਉਸ ਸਮੇਂ ਕੁੜੀ ਦੇ ਮਾਪਿਆਂ ਨੂੰ ਅੰਦਰ ਕਿਉਂ ਨਹੀਂ ਜਾਣ ਦਿੱਤਾ ਗਿਆ?

ਉਹ ਅੱਗੇ ਕਹਿੰਦੇ ਹਨ, "ਇਹ ਕਿਹੋ-ਜਿਹਾ ਨਿਆਂ ਹੈ? ਕੀ ਅਸੀਂ ਅਜਿਹੀ ਅਦਾਲਤ ਤੋਂ ਨਿਆਂ ਦੀ ਉਮੀਦ ਕਰ ਸਕਦੇ ਹਾਂ।"

ਹਾਲਾਂਕਿ ਕਸ਼ਮੀਰ ਦੇ ਸੀਨੀਅਰ ਵਕੀਲ ਰਿਆਜ਼ ਖ਼ਾਵਰ ਨੇ ਦੱਸਿਆ ਕਿ ਅਦਾਲਤ ਜਦੋਂ ਕਿਸੇ ਦਾ ਬਿਆਨ ਰਿਕਾਰਡ ਕਰਦੀ ਹੈ ਤਾਂ ਕਿਸੇ ਨੂੰ ਵੀ ਰਿਕਾਰਡਿੰਗ ਰੂਮ ਵਿੱਚ ਜਾਣ ਦੀ ਆਗਿਆ ਨਹੀਂ ਹੁੰਦੀ ਹੈ।

ਮਨਮੀਤ ਨੇ ਅਦਾਲਤ ਵਿੱਚ ਕੀ ਬਿਆਨ ਦਿੱਤਾ ਹੈ, ਇਸ ਦੀ ਪੂਰੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ।

ਹਾਲਾਂਕਿ ਪੁਲਿਸ ਸੂਤਰਾਂ ਨੇ ਸਾਨੂੰ ਦੱਸਿਆ ਕਿ ਜੱਜ ਨੇ ਅਦਾਲਤ ਵਿੱਚ ਮਨਮੀਤ ਨੂੰ ਕਿਹਾ ਸੀ ਕਿ ਉਸ ਨੂੰ ਇਸ ਗੱਲ ਦੀ ਪੂਰੀ ਆਜ਼ਾਦੀ ਹੈ ਕਿ ਉਹ ਜਿੱਥੇ ਵੀ ਜਾਣਾ ਚਾਹੁੰਦੀ ਹੈ, ਉਹ ਜਾ ਸਕਦੀ ਹੈ।

ਆਖ਼ਰਕਾਰ ਅਦਾਲਤ ਨੇ ਸ਼ਨੀਵਾਰ ਨੂੰ ਮਨਮੀਤ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ।

ਮੰਗਲਵਾਰ ਨੂੰ ਮਨਮੀਤ ਦਾ ਵਿਆਹ ਇੱਕ ਸਿੱਖ ਵਿਅਕਤੀ ਨਾਲ ਕਰਵਾ ਦਿੱਤਾ ਗਿਆ। ਇਸ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ।

ਮਨਮੀਤ ਦੇ ਇਸ ਵਿਆਹ ਦੀ ਪੁਸ਼ਟੀ ਸ਼੍ਰੀਨਗਰ 'ਚ ਅਕਾਲੀ ਦਲ ਦੇ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤੀ।

ਮਨਮੀਤ ਕੌਰ ਦੇ ਪਿਤਾ ਰਾਜਿੰਦਰ ਸਿੰਘ ਬੱਲੀ ਨਾਲ ਗੱਲਬਾਤ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਫਿਰ ਪਤਾ ਲੱਗਿਆ ਕਿ ਉਹ ਅਜੇ ਕਸ਼ਮੀਰ ਵਿੱਚ ਮੌਜੂਦ ਹੀ ਨਹੀਂ ਹਨ।

ਮਨਮੀਤ ਦਾ ਤਾਂ ਉਸ ਦੇ ਪਰਿਵਾਰ ਨੇ ਵਿਆਹ ਕਰ ਦਿੱਤਾ ਅਤੇ ਉਸ ਨੂੰ ਦਿੱਲੀ ਵੀ ਭੇਜ ਦਿੱਤਾ ਹੈ, ਪਰ ਸ਼ਾਹਿਦ ਅਜੇ ਵੀ ਪੁਲਿਸ ਹਿਰਾਸਤ 'ਚ ਹੈ।

ਸ਼ਾਹਿਦ ਦੇ ਵਕੀਲ ਜਮਸ਼ੇਦ ਗੁਲਜ਼ਾਰ ਨੇ ਦੱਸਿਆ ਕਿ ਉਨ੍ਹਾਂ ਦੀ ਭੂਮਿਕਾ ਸਿਰਫ ਸ਼ਾਹਿਦ ਦੀ ਜ਼ਮਾਨਤ ਤੱਕ ਹੀ ਸੀਮਤ ਹੈ।

ਸ਼ਾਹਿਦ ਦੇ ਵਕੀਲ ਨੇ ਇਸ ਮਾਮਲੇ 'ਚ ਹੋਰ ਕੋਈ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਪੰਜ ਤਰੀਕ ਨੂੰ ਸ਼ਾਹਿਦ ਦੀ ਜ਼ਮਾਨਤ ਦੀ ਸੁਣਵਾਈ ਹੋਣ ਜਾ ਰਹੀ ਹੈ।

ਵਿਰਹਪਾਲ ਕੌਰ ਦੀ ਕਹਾਣੀ

ਜਿੱਥੇ ਮਨਮੀਤ ਕੌਰ ਅਤੇ ਦਨਮੀਤ ਕੌਰ ਦੀਆਂ ਕਹਾਣੀਆਂ ਸੁਰਖੀਆਂ ਵਿੱਚ ਹਨ, ਉੱਥੇ ਹੀ ਵਿਰਹਪਾਲ ਕੌਰ ਨਾਮ ਦੀ ਇੱਕ ਹੋਰ ਸਿੱਖ ਕੁੜੀ ਦਾ ਮਾਮਲਾ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ।

ਵਿਰਹਪਾਲ ਕੌਰ ਨੇ ਇਕ ਵੀਡੀਓ ਜਾਰੀ ਕਰਕੇ ਆਪਣੇ ਵਿਆਹ ਦਾ ਜ਼ਿਕਰ ਕੀਤਾ ਸੀ ਅਤੇ ਸਿੱਖ ਕੁੜੀਆਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੇ ਇਲਾਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਸੀ।

28 ਸਾਲਾ ਵਿਰਹਪਾਲ ਕੌਰ ਨੇ ਕਿਹਾ ਹੈ ਕਿ ਉਸ ਨੇ ਵੀ ਸਾਲ 2021 ਵਿੱਚ ਆਪਣੀ ਮਰਜ਼ੀ ਨਾਲ ਇਸਲਾਮ ਕਬੂਲਿਆ ਹੈ ਅਤੇ ਵਿਆਹ ਵੀ ਕੀਤਾ ਹੈ।

ਵਿਰਹਪਾਲ ਕੌਰ ਨੇ ਇਸਲਾਮ ਕਬੂਲਣ ਤੋਂ ਬਾਅਦ ਆਪਣਾ ਨਾਮ ਖ਼ਦੀਜਾ ਰੱਖਿਆ ਹੈ। ਉਸ ਦਾ ਵਿਆਹ ਬਡਗਾਮ ਦੇ ਪੰਜਾਨ ਪਿੰਡ ਵਿੱਚ 32 ਸਾਲਾ ਮੰਜ਼ੂਰ ਅਹਿਮਦ ਨਾਲ ਹੋਇਆ ਹੈ।

ਮੰਜ਼ੂਰ ਨੇ ਦੱਸਿਆ ਕਿ ਦੋਵਾਂ ਵਿਚਾਲੇ ਪ੍ਰੇਮ ਸਬੰਧ ਸਾਲ 2012 ਵਿੱਚ ਸ਼ੁਰੂ ਹੋਏ ਸਨ। ਖ਼ਦੀਜਾ ਇਸ ਸਮੇਂ ਆਪਣੇ ਪਤੀ ਮੰਜ਼ੂਰ ਨਾਲ ਉਸ ਦੇ ਘਰ 'ਚ ਹੀ ਰਹਿ ਰਹੀ ਹੈ।

ਖ਼ਦੀਜਾ ਨੇ ਬੀਬੀਸੀ ਨੂੰ ਦੱਸਿਆ, "ਮੈਂ ਸਾਲ 2014 ਤੋਂ ਹੀ ਇਸਲਾਮ ਧਰਮ ਦੀ ਪਾਲਣਾ ਕਰ ਰਹੀ ਸੀ। ਮੈਂ ਆਪਣੇ ਘਰ ਵਿੱਚ ਪੰਜ ਵੇਲ੍ਹੇ ਦੀ ਨਮਾਜ਼ ਵੀ ਅਦਾ ਕਰਦੀ ਸੀ ਅਤੇ ਰੋਜ਼ੇ ਵੀ ਰੱਖਦੀ ਸੀ।"

"ਮੇਰੇ ਘਰ ਵਿੱਚ ਮੇਰੀ ਮਾਂ ਅਤੇ ਭੈਣ ਨੂੰ ਮੇਰੇ ਲਵ ਅਫ਼ੇਅਰ ਬਾਰੇ ਪਹਿਲਾਂ ਹੀ ਪਤਾ ਸੀ। ਬਾਕੀ ਹੁਣ ਜੋ 'ਲਵ ਜੇਹਾਦ' ਦੀਆਂ ਗੱਲਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਰੱਤਾ ਵੀ ਸੱਚਾਈ ਨਹੀਂ ਹੈ। ਮੈਂ ਨਾ ਤਾ ਬੰਦੂਕ ਦੀ ਨੋਕ 'ਤੇ ਇਸਲਾਮ ਕਬੂਲਿਆ ਹੈ ਅਤੇ ਨਾ ਵਿਆਹ ਕਰਵਾਇਆ ਹੈ।"

ਖ਼ਦੀਜਾ ਦੇ ਪਤੀ ਮੰਜ਼ੂਰ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦਾ ਵਿਆਹ ਇਸੇ ਸਾਲ ਜਨਵਰੀ ਮਹੀਨੇ ਹੋਇਆ ਹੈ। ਮੰਜ਼ੂਰ ਨੇ ਕਿਹਾ ਕਿ ਜੇਕਰ ਵਿਰਹਪਾਲ ਸਿੱਖ ਧਰਮ ਛੱਡ ਕੇ ਇਸਲਾਮ ਧਰਮ ਨਹੀਂ ਵੀ ਕਬੂਲਦੀ ਤਾਂ ਵੀ ਉਹ ਉਸ ਨਾਲ ਵਿਆਹ ਜ਼ਰੂਰ ਕਰਵਾਉਂਦਾ।

ਮੰਜ਼ੂਰ ਨੇ ਐਮਐਸਸੀ ਕੀਤੀ ਹੈ ਜਦਕਿ ਖ਼ਦੀਜਾ ਨੇ ਪੌਲੀਟੈਕਨੀਕ ਤੋਂ ਡਿਪਲੋਮਾ ਕੀਤਾ ਹੈ।

ਮਨਮੀਤ ਕੌਰ ਨਿਕਾਹਨਾਮਾ

ਮਨਮੀਤ ਕੌਰ ਦੇ ਵਿਆਹ ਦਾ ਵਿਰੋਧ ਕਰ ਰਹੇ ਸਿੱਖ ਸੰਗਠਨਾਂ ਨੇ ਕਿਹਾ ਸੀ ਕਿ ਸ਼ਾਹਿਦ ਦੀ ਉਮਰ 50 ਸਾਲ ਤੋਂ ਉੱਪਰ ਹੈ ਅਤੇ ਕੁੜੀ ਮਹਿਜ਼ 17-18 ਸਾਲ ਦੀ ਹੈ। ਪਰ ਸ਼ਾਹਿਦ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਾਹਿਦ ਦਾ ਜਨਮ 1991 ਵਿੱਚ ਹੋਇਆ ਸੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵੀ ਆਪਣਾ ਨਾਂਅ ਜਨਤਕ ਨਾ ਕਰਨ ਦੀ ਸ਼ਰਤ 'ਤੇ ਕਿਹਾ ਕਿ ਮਨਮੀਤ ਦੇ ਮਾਮਲੇ ਵਿੱਚ 'ਜ਼ਬਰਦਸਤੀ ਧਰਮ ਤਬਦੀਲੀ ਅਤੇ ਵਿਆਹ' ਦੀ ਜੋ ਗੱਲ ਕਹੀ ਜਾ ਰਹੀ ਹੈ, ਉਹ ਬਿਲਕੁੱਲ ਵੀ ਸੱਚ ਨਹੀਂ ਹੈ।

ਸ਼ਾਹਿਦ ਦੇ ਪਰਿਵਾਰ ਵਾਲਿਆਂ ਨੇ ਸ਼ਾਹਿਦ ਅਤੇ ਮਨਮੀਤ ਦੇ ਵਿਆਹ ਦੇ ਦਸਤਾਵੇਜ਼ ਵਿਖਾਏ ਹਨ, ਜਿੰਨ੍ਹਾਂ ਦੀ ਇੱਕ ਕਾਪੀ ਬੀਬੀਸੀ ਕੋਲ ਵੀ ਹੈ।

ਪਰ ਸ਼ਾਹਿਦ ਦੇ ਪਰਿਵਾਰਕ ਮੈਂਬਰਾਂ ਨੇ ਆਨ ਰਿਕਾਰਡ ਕੁਝ ਵੀ ਕਹਿਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੰਡਾ ਅਜੇ ਵੀ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ, ਇਸ ਲਈ ਉਹ ਇਸ ਮਾਮਲੇ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਹਨ।

ਬੀਬੀਸੀ ਕੋਲ ਮੌਜੂਦ ਵਿਆਹ ਦੇ ਦਸਤਾਵੇਜ਼ਾਂ ਵਿੱਚ ਵਿਆਹ ਦੇ ਕਾਗ਼ਜ਼ਾਤ ਅਤੇ ਵਿਆਹ ਇਕਰਾਰਨਾਮਾ ਸ਼ਾਮਲ ਹੈ।

ਨਿਕਾਹਨਾਮੇ ਅਨੁਸਾਰ ਮਨਮੀਤ ਕੌਰ ਅਤੇ ਸ਼ਾਹਿਦ ਦਾ ਵਿਆਹ ਪੰਜ ਜੂਨ ਨੂੰ ਹੋਇਆ ਹੈ।

ਵਿਆਹ ਤੋਂ ਬਾਅਦ ਦੋਵਾਂ ਨੇ ਬਾਰਾਮੁਲ੍ਹਾ ਦੀ ਜ਼ਿਲ੍ਹਾ ਅਦਾਲਤ ਵਿੱਚ 22 ਜੂਨ, 2021 ਨੂੰ ਇਕ ਸਮਝੌਤਾ ਸਹੀਬੱਧ ਵੀ ਕੀਤਾ ਹੈ।

ਇਸ ਸਮਝੌਤੇ ਵਿੱਚ ਮਨਮੀਤ ਨੇ ਕਿਹਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ ਅਤੇ ਨਾਲ ਹੀ ਸ਼ਾਹਿਦ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਵੀ ਉਸ ਦਾ ਖੁਦ ਦਾ ਹੈ।

ਸਿੱਖ ਸੰਗਠਨਾਂ ਦੇ ਇਲਜ਼ਾਮ

ਪਿਛਲੇ ਸ਼ਨੀਵਾਰ ਨੂੰ ਸ਼੍ਰੀਨਗਰ ਦੀ ਹੇਠਲੀ ਅਦਾਲਤ ਦੇ ਬਾਹਰ ਸਿੱਖਾਂ ਵੱਲੋਂ ਕੀਤੇ ਗਏ ਹੰਗਾਮੇ ਅਤੇ ਪ੍ਰਦਰਸ਼ਨ ਤੋਂ ਬਾਅਦ ਅਗਲੇ ਹੀ ਦਿਨ ਮਤਲਬ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸ਼੍ਰੀਨਗਰ ਪਹੁੰਚੇ ਅਤੇ ਸਥਾਨਕ ਸਿੱਖ ਆਗੂਆਂ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਵੀ ਹੋਏ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਸ਼ਮੀਰ ਵਿੱਚ ਸਿੱਖ ਕੁੜੀਆਂ ਨੂੰ ਬੰਦੂਕ ਦੀ ਨੋਕ 'ਤੇ ਪਹਿਲਾਂ ਅਗਵਾ ਕੀਤਾ ਜਾ ਰਿਹਾ ਹੈ ਅਤੇ ਫਿਰ ਧਰਮ ਪਰਿਵਰਤਨ ਕਰਵਾ ਕੇ ਜ਼ਬਰਦਸਤੀ ਮੁਸਲਮਾਨ ਮੁੰਡਿਆਂ ਨਾਲ ਉਨ੍ਹਾਂ ਦਾ ਵਿਆਹ ਕੀਤਾ ਜਾ ਰਿਹਾ ਹੈ।

ਸਿਰਸਾ ਨੇ ਸ਼੍ਰੀਨਗਰ ਵਿੱਚ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਕਿ ਜੰਮੂ-ਕਸ਼ਮੀਰ 'ਚ ਵੀ ਭਾਰਤ ਦੇ ਕੁਝ ਦੂਜੇ ਸੂਬਿਆਂ ਵਿੱਚ ਮੌਜੂਦ ਕਾਨੂੰਨ ਦੀ ਤਰਜ਼ 'ਤੇ ਸਖ਼ਤ ਕਾਨੂੰਨ ਲਾਗੂ ਕੀਤਾ ਜਾਵੇ ਤਾਂ ਕਿ ਜ਼ਬਰਦਸਤੀ ਧਰਮ ਪਰਿਵਰਤਨ ਦੇ ਸਿਲਸਿਲੇ ਨੂੰ ਬੰਦ ਕੀਤਾ ਜਾ ਸਕੇ।

ਮਨਮੀਤ ਕੌਰ ਨੂੰ ਸ਼ਨੀਵਾਰ ਰਾਤ ਨੂੰ ਹੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਐਤਵਾਰ ਅਤੇ ਸੋਮਵਾਰ ਨੂੰ ਵੀ ਸਿਰਸਾ ਦਾ ਬਿਆਨ ਆਉਂਦਾ ਰਿਹਾ।

ਸਿਰਸਾ ਨੇ ਸਭ ਤੋਂ ਪਹਿਲਾਂ 26 ਜੂਨ ਨੂੰ ਟਵੀਟ ਕਰਦਿਆਂ ਕਿਹਾ ਸੀ ਕਿ ਜਿਸ ਸਿੱਖ ਕੁੜੀ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪਿਆਰ ਦਾ ਮਾਮਲਾ ਨਹੀਂ ਬਲਕਿ ਜ਼ਬਰੀ ਵਿਆਹ ਦਾ ਮਾਮਲਾ ਹੈ ਅਤੇ ਮੁੰਡੇ ਦੀ ਉਮਰ 60 ਸਾਲ ਹੈ।

ਸਿਰਸਾ ਨੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਟੈਗ ਕਰਦਿਆਂ ਕਿਹਾ ਕਿ ਅਦਾਲਤ ਨੇ ਕੁੜੀ ਦੀ ਕਸਟੱਡੀ ਗ਼ਲਤ ਤਰੀਕੇ ਨਾਲ ਇੱਕ ਮੁਸਲਿਮ ਮੁੰਡੇ ਨੂੰ ਦੇ ਦਿੱਤੀ ਹੈ। ਉਨ੍ਹਾਂ ਨੇ ਕੁੜੀ ਨੂੰ ਮਾਨਸਿਕ ਤੌਰ 'ਤੇ ਸਹੀ ਨਹੀਂ ਦੱਸਿਆ।

ਉਨ੍ਹਾਂ ਨੇ ਉਪ-ਰਾਜਪਾਲ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

ਸਿਰਸਾ ਤੋਂ ਬਾਅਦ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਵੀ ਟਵੀਟ ਕਰਦਿਆਂ ਕਿਹਾ ਕਿ ਇੱਕ ਸਿੱਖ ਕੁੜੀ ਦੇ ਅਗਵਾ ਕੀਤੇ ਜਾਣ ਅਤੇ ਜ਼ਬਰਦਸਤੀ ਵਿਆਹ ਦੀ ਘਟਨਾ ਕਾਰਨ ਉਹ ਬਹੁਤ ਦੁੱਖੀ ਹਨ ਅਤੇ ਉਨ੍ਹਾਂ ਨੇ ਸਿਰਸਾ ਨੂੰ ਤੁਰੰਤ ਸ਼੍ਰੀਨਗਰ ਜਾਣ ਦੇ ਆਦੇਸ਼ ਦਿੱਤੇ ਹਨ।

27 ਜੂਨ, ਐਤਵਾਰ ਦੇ ਦਿਨ ਸਿਰਸਾ ਸ਼੍ਰੀਨਗਰ ਪਹੁੰਚੇ ਅਤੇ ਸਥਾਨਕ ਸਿੱਖਾਂ ਨਾਲ ਮਿਲ ਕੇ ਪ੍ਰਦਰਸ਼ਨ ਕੀਤਾ ਅਤੇ ਭਾਰਤ ਸਰਕਾਰ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਅਪੀਲ ਵੀ ਕੀਤੀ।

ਸਿਰਸਾ ਨੇ ਇਸ ਨੂੰ ਫਿਰਕੂ ਰੰਗ ਦਿੰਦਿਆਂ ਕਿਹਾ ਕਿ ਸੀਏਏ ਦੇ ਵਿਰੋਧ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਸਿੱਖਾਂ ਨੇ ਮੁਸਲਿਮ ਕੁੜੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਵਿੱਚ ਕਿੰਨੀ ਮਦਦ ਕੀਤੀ ਸੀ ਪਰ ਸ਼੍ਰੀਨਗਰ ਵਿੱਚ ਇੱਕ ਵੀ ਮੁਸਲਿਮ ਆਗੂ ਇਸ ਮਾਮਲੇ ਵਿੱਚ ਸਿੱਖਾਂ ਦੀ ਹਮਾਇਤ ਵਿੱਚ ਅੱਗੇ ਨਹੀਂ ਆਇਆ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲਬਾਤ ਕੀਤੀ ਅਤੇ ਨਾਲ ਹੀ ਅਪੀਲ ਕੀਤੀ ਹੈ ਕਿ ਉਹ ਮੱਧ-ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗਾ ਇਕ ਅਜਿਹਾ ਕਾਨੂੰਨ ਬਣਾਇਆ ਜਾਵੇ, ਜੋ ਕਿ ਅੰਤਰ-ਧਾਰਮਿਕ ਵਿਆਹ ਦੇ ਮਾਮਲੇ ਵਿੱਚ ਕੁੜੀਆਂ ਨੂੰ ਆਪਣੇ ਮਾਪਿਆਂ ਦੀ ਮਨਜ਼ੂਰੀ ਲੈਣਾ ਲਾਜ਼ਮੀ ਹੋਵੇ।

ਸਿਰਸਾ ਦੇ ਅਨੁਸਾਰ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।

ਸਿਰਸਾ ਨੇ ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ ਸਿੰਘ ਨਾਲ ਵੀ ਮੁਲਾਕਾਤ ਕਰਨ ਦਾ ਦਾਅਵਾ ਕੀਤਾ ਅਤੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ।

ਸਿਰਸਾ ਅਤੇ ਉਮਰ ਅਬਦੁੱਲਾ ਵੀ ਟਵਿੱਟਰ 'ਤੇ ਹੋਏ ਆਹਮੋ-ਸਾਹਮਣੇ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਪਾੜਾ ਵਧਾਉਣ ਦੀ ਕੋਸ਼ਿਸ਼ ਨਾਲ ਰਾਜ ਨੂੰ ਭਾਰੀ ਨੁਕਸਾਨ ਹੋਵੇਗਾ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, "ਕਸ਼ਮੀਰ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਮਤਭੇਦ ਪੈਦਾ ਕਰਨ ਦੀ ਕੋਈ ਵੀ ਕੋਸ਼ਿਸ਼ ਜੰਮੂ-ਕਸ਼ਮੀਰ ਰਾਜ ਦੇ ਲਈ ਨਾਲ ਪੂਰਾ ਹੋਣ ਵਾਲਾ ਘਾਟਾ ਸਿੱਧ ਹੋਵੇਗੀ।"

"ਦੋਵਾਂ ਭਾਈਚਾਰਿਆਂ ਨੇ ਹਰ ਚੰਗੇ-ਮਾੜੇ ਸਮੇਂ 'ਚ ਇੱਕ ਦੂਜੇ ਦਾ ਸਾਥ ਦਿੱਤਾ ਹੈ ਅਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਆਪਸੀ ਸੰਬੰਧਾਂ ਨੇ ਅਜਿਹੇ ਨੁਕਸਾਨ ਪਹੁੰਚਾਉਣ ਵਾਲੀਆਂ ਕੋਸ਼ਿਸ਼ਾਂ ਦਾ ਹਮੇਸ਼ਾ ਟਾਕਰਾ ਕੀਤਾ ਹੈ।"

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਉਸ ਦੇ ਖ਼ਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਸਿਰਸਾ ਨੇ ਉਮਰ ਅਬਦੁੱਲ੍ਹਾ ਨੂੰ ਜਵਾਬ ਦਿੰਦਿਆਂ ਕਿਹਾ, "ਕੋਈ ਵੀ ਮਤਭੇਦ ਪੈਦਾ ਨਹੀਂ ਕਰ ਰਿਹਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਤੁਹਾਡੇ ਭਾਈਚਾਰੇ ਦੇ ਅਜਿਹੇ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਵਾਦੀ ਵਿੱਚ ਹੋ ਰਹੇ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਰੋਕਿਆ ਜਾਵੇ।"

ਕਸ਼ਮੀਰ ਦੀਆਂ ਸਥਾਨਕ ਸਿੱਖ ਜਥੇਬੰਦੀਆਂ ਦੀ ਰਾ

ਸਿਰਸਾ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਖੰਡਨ ਕਰਦਿਆਂ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਦਾ ਕਹਿਣਾ ਹੈ , "ਬੰਦੂਕ ਦੀ ਨੋਕ ਵਾਲੀ ਤਾਂ ਗੱਲ ਹੀ ਨਹੀਂ ਹੈ। ਇਹ ਗ਼ਲਤ ਬਿਆਨਬਾਜ਼ੀ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਇਹ ਬਿਆਨ ਆਇਆ ਕਿੱਥੋਂ ਹੈ।”

“ਅਸੀਂ ਚਾਹੁੰਦੇ ਹਾਂ ਕਿ ਇਸ ਬਿਆਨ ਦੀ ਜਾਂਚ ਹੋਣੀ ਚਾਹੀਦੀ ਹੈ। ਬਾਹਰ ਤੋਂ ਕੁਝ ਸਿੱਖ ਆਗੂ ਕਸ਼ਮੀਰ ਵਿੱਚ ਆ ਕੇ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਹਨ, ਜਿਸ ਦੀ ਆਗਿਆ ਅਸੀਂ ਬਿਲਕੁੱਲ ਨਹੀਂ ਦੇਵਾਂਗੇ।"

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮੰਗਲਵਾਰ ਨੂੰ ਸ਼੍ਰੀਨਗਰ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਕਿ ਜੇਕਰ ਦਿੱਲੀ ਤੋਂ ਆ ਕੇ ਕਿਸੇ ਵੀ ਸਿੱਖ ਨੇ ਮੁਸਲਮਾਨਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਦਿੱਤਾ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ।

ਅਣਸੁਲਝੇ ਸਵਾਲ

ਸਿਰਸਾ ਅਤੇ ਕੁਝ ਹੋਰ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਅਦਾਲਤ ਨੇ ਗ਼ਲਤ ਤਰੀਕੇ ਨਾਲ ਮਨਮੀਤ ਦੀ ਕਸਟਡੀ ਇੱਕ ਮੁਸਲਿਮ ਵਿਅਕਤੀ ਨੂੰ ਸੌਂਪ ਦਿੱਤੀ ਸੀ। ਫਿਰ ਉਹ ਉਪ-ਰਾਜਪਾਲ ਮਨੋਜ ਸਿਨਹਾ ਦਾ ਧੰਨਵਾਦ ਕਰਦੇ ਹਨ।

ਸਿਰਸਾ ਨੇ ਟਵੀਟ ਕਰਕੇ ਕਿਹਾ, "ਸ਼੍ਰੀਨਗਰ ਵਿੱਚ ਸਿੱਖ ਕੁੜੀਆਂ ਦੇ ਜ਼ਬਰਦਸਤੀ ਵਿਆਹ ਦੇ ਮਾਮਲੇ ਵਿੱਚ ਤੁਰੰਤ ਨਿਰਦੇਸ਼ ਜਾਰੀ ਕਰਨ ਲਈ ਮੈਂ ਉਪ-ਰਾਜਪਾਲ ਮਨੋਜ ਸਿਨਹਾ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਸਿੱਖ ਕੁੜੀ ਜਿਸ ਦਾ ਕਿ ਜ਼ਬਰਦਸਤੀ ਧਰਮ ਬਦਲਵਾਇਆ ਗਿਆ ਹੈ, ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।"

ਹੁਣ ਸਵਾਲ ਇਹ ਉੱਠਦਾ ਹੈ ਕਿ ਅਦਾਲਤ ਨੇ ਪਹਿਲਾਂ ਕੁੜੀ ਦੀ ਕਸਟਡੀ ਮੁਸਲਮਾਨ ਵਿਅਕਤੀ (ਜਿਸ ਨਾਲ ਉਸ ਕੁੜੀ ਨੇ ਵਿਆਹ ਕਰਨ ਦਾ ਦਾਅਵਾ ਕੀਤਾ ਹੈ) ਨੂੰ ਦਿੱਤੀ ਅਤੇ ਫਿਰ ਅਦਾਲਤ ਨੇ ਕਿਸ ਸਥਿਤੀ ਵਿੱਚ ਆਪਣੇ ਹੀ ਫ਼ੈਸਲੇ ਨੂੰ ਬਦਲਦਿਆਂ ਕੁੜੀ ਦੀ ਕਸਟਡੀ ਉਸ ਦੇ ਮਾਪਿਆਂ ਨੂੰ ਦੇ ਦਿੱਤੀ?

ਕੀ ਉਪ-ਰਾਜਪਾਲ ਦੇ ਦਫ਼ਤਰ ਤੋਂ ਇਸ ਸਬੰਧੀ ਕੋਈ ਹੁਕਮ ਦਿੱਤੇ ਗਏ ਸਨ, ਜਿਵੇਂ ਕਿ ਸਿਰਸਾ ਵੱਲੋਂ ਦਾਅਵਾ ਕੀਤਾ ਗਿਆ ਹੈ।

ਸ਼ਨੀਵਾਰ ਤੋਂ ਬਾਅਦ ਮਨਮੀਤ ਦੀ ਕਿਸੇ ਵੀ ਮੀਡੀਆ ਨਾਲ ਗੱਲਬਾਤ ਨਹੀਂ ਹੋ ਸਕੀ ਹੈ। ਜਿਸ ਮੁਸਲਿਮ ਵਿਅਕਤੀ ਸ਼ਾਹਿਦ ਨਜ਼ੀਰ ਨਾਲ ਮਨਮੀਤ ਦੇ ਵਿਆਹ ਦੀ ਗੱਲ ਕੀਤੀ ਜਾ ਰਹੀ ਹੈ, ਉਹ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।

ਸ਼ਾਹਿਦ ਦੇ ਪਰਿਵਾਰ ਵਾਲੇ ਇੰਨਾਂ ਡਰੇ ਹੋਏ ਹਨ ਕਿ ਕੁਝ ਵੀ ਬੋਲਣ ਤੋਂ ਝਿਜਕ ਰਹੇ ਹਨ।

ਪੁਲਿਸ ਦੀ ਚੁੱਪੀ

ਇੰਨਾ ਸਭ ਕੁਝ ਵਾਪਰਨ ਤੋਂ ਬਾਅਦ ਵੀ ਪੁਲਿਸ ਦਾ ਕੋਈ ਵੀ ਅਧਿਕਾਰੀ ਮੀਡੀਆ ਸਾਹਮਣੇ ਆ ਕੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।

ਨਾਮ ਨਾ ਦੱਸਣ ਦੀ ਸ਼ਰਤ 'ਤੇ ਪੁਲਿਸ ਅਧਿਕਾਰੀ ਇਹ ਤਾਂ ਮੰਨ ਰਹੇ ਹਨ ਕਿ ਇਹ ਜ਼ਬਰਦਸਤੀ ਧਰਮ ਤਬਦੀਲੀ ਜਾਂ ਵਿਆਹ ਦਾ ਮਾਮਲਾ ਨਹੀਂ ਹੈ, ਪਰ ਇਹ ਗੱਲ ਉਹ ਕੈਮਰੇ 'ਤੇ ਕਹਿਣ ਤੋਂ ਪਰਹੇਜ਼ ਕਰ ਰਹੇ ਹਨ।

ਸਿਆਸੀਕਰਨ ਖ਼ਿਲਾਫ਼ ਵਿਰੋਧ ਦੀ ਆਵਾਜ਼

ਪੁਲਿਸ ਭਾਵੇਂ ਕਿ ਇਸ ਮਾਮਲੇ 'ਚ ਚੁੱਪ ਧਾਰੀ ਬੈਠੀ ਹੈ, ਪਰ ਕਈ ਸਿੱਖ ਔਰਤਾਂ ਇਸ ਮਾਮਲੇ ਵਿੱਚ ਆਪਣਾ ਪੱਖ ਰੱਖ ਰਹੀਆਂ ਹਨ।

ਸ਼੍ਰੀਨਗਰ ਦੇ ਇੱਕ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਗੁਰਮੀਤ ਕੌਰ ਦੱਸਿਆ ਕਿ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ, ਉਸ ਦੀ ਸੋਚ ਅਜੇ ਵੀ ਇੰਨੀ ਵਿਕਸਿਤ ਨਹੀਂ ਹੋਈ ਹੈ ਕਿ ਅਸੀਂ ਇਸ ਤਰ੍ਹਾਂ ਦੇ ਫ਼ੈਸਲੇ ਲੈ ਸਕੀਏ।”

“ਇਕ ਸਮੇਂ ਅਸੀਂ ਇੱਕ ਹੀ ਪਰਿਵਾਰ ਵਿੱਚ ਰਹਿੰਦੇ ਹਾਂ, ਪਰ ਜਦੋਂ ਭਰਾ ਦਾ ਵਿਆਹ ਹੁੰਦਾ ਹੈ ਅਤੇ ਘਰ ਵਿੱਚ ਨਵੀਂ ਨੂੰਹ ਜਾਂ ਭਾਬੀ ਆਉਂਦੀ ਹੈ ਤਾਂ ਉਨ੍ਹਾਂ ਵਿੱਚ ਵੀ ਇਕੋ ਤਰ੍ਹਾਂ ਦੀ ਸੋਚ ਜਾਂ ਵਿਚਾਰ ਨਹੀਂ ਹੁੰਦੇ ਹਨ।”

“ਇੱਥੇ ਤਾਂ ਧਰਮ ਹੈ, ਭਾਈਚਾਰਾ ਹੈ ਅਤੇ ਵੱਖੋ-ਵੱਖ ਸਾਡੀ ਸੋਚ ਹੈ। ਮੇਰੇ ਖ਼ਿਆਲ ਵਿੱਚ ਵਿਚਾਰਾਂ 'ਚ ਵਿਭਿੰਨਤਾ ਹੋਣਾ ਇਕ ਆਮ ਗੱਲ ਹੈ। ਮੈਂ ਇਸ 'ਚ ਕੋਈ ਸਮੱਸਿਆ ਨਹੀਂ ਸਮਝਦੀ ਹਾਂ। ਪਰ ਘੱਟ ਗਿਣਤੀ ਲੋਕਾਂ ਨੂੰ ਆਪਣੀ ਅਸੁਰੱਖਿਆ ਸਤਾਉਂਦੀ ਹੈ। ਆਪਣੀ ਮਰਜ਼ੀ ਵਾਲੀ ਗੱਲ ਉੱਥੇ ਹੁੰਦੀ ਹੈ, ਜਿੱਥੇ ਸੋਚ ਉੱਚ ਹੋਵੇ।"

ਪੇਸ਼ੇ ਵੱਜੋਂ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਗੁਨੀਤ ਕੌਰ ਨੇ ਲਿਖਿਆ ਹੈ, "ਮੈਂ ਨਹੀਂ ਜਾਣਦੀ ਕਿ ਡੀਐੱਸਜੀਐੱਮਸੀ, ਦੇ ਚੋਣ ਏਜੰਡੇ ਵਿੱਚ ਔਰਤਾਂ ਨੂੰ ਕੰਟਰੋਲ ਕਰਨਾ ਵੀ ਸ਼ਾਮਲ ਹੈ। ਅਸੀਂ ਸਾਰੇ ਇੱਕ ਖ਼ਤਰਨਾਕ ਰਾਹ ਵੱਲ ਵੱਧ ਰਹੇ ਹਾਂ। ਇੱਕ ਸਿੱਖ ਔਰਤ ਹੋਣ ਦੇ ਨਾਤੇ ਮੇਰੇ ਲਈ ਇਹ ਬਹੁਤ ਹੀ ਡਰਾਉਣਾ ਹੈ।"

ਖੁਸ਼ੀ ਕੌਰ ਲਿਖਦੀ ਹੈ, "ਹੁਣ ਮੈਂ ਹੋਰ ਚੁੱਪ ਨਹੀਂ ਰਹਿ ਸਕਦੀ ਹਾਂ। ਕੀ ਸਾਨੂੰ ਉਨ੍ਹਾਂ ਸਿੱਖ ਔਰਤਾਂ ਨੂੰ ਵਾਪਸ ਲਿਆਉਣਾ ਚਾਹੀਦਾ ਹੈ, ਜਿੰਨ੍ਹਾਂ ਨੇ ਹਿੰਦੂ ਧਰਮ ਵਿੱਚ ਵਿਆਹ ਕੀਤਾ ਹੈ।"

"ਉਨ੍ਹਾਂ ਸਿੱਖ ਬੰਦਿਆਂ ਦਾ ਕੀ, ਜਿੰਨ੍ਹਾਂ ਨੇ ਸਿੱਖ ਭਾਈਚਾਰੇ ਤੋਂ ਬਾਹਰ ਜਾ ਕੇ ਵਿਆਹ ਕੀਤਾ ਹੈ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਦਾ ਕੀ, ਜਿੰਨ੍ਹਾਂ ਨੇ ਗ਼ੈਰ-ਭਾਰਤੀਆਂ ਨਾਲ ਵਿਆਹ ਕੀਤਾ ਹੈ।"

ਕਸ਼ਮੀਰ ਵਾਸੀ ਕੋਮਲ ਜੇਬੀ ਸਿੰਘ, ਜਿਸ ਨੇ ਕਿ ਜੇਐਨਯੂ ਤੋਂ ਪੀਐਚਡੀ ਕੀਤੀ ਹੈ, ਨੇ ਇੱਕ ਮਹੱਤਵਪੂਰਨ ਸਵਾਲ ਕੀਤਾ ਹੈ, "ਅਣਖ (ਆਨਰ) ਅਤੇ ਸ਼ਰਮ ਦੀ ਸਾਰੀ ਜ਼ਿੰਮੇਦਾਰੀ ਔਰਤਾਂ ਦੇ ਸਰੀਰ 'ਤੇ ਹੀ ਹੁੰਦੀ ਹੈ, ਭਾਵੇਂ ਕਿ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦੀਆਂ ਹੋਣ।"

"ਦੋਵਾਂ ਪਾਸਿਆਂ ਦੇ ਲੋਕ ਇਸ ਨੂੰ ਜਿੱਤ ਅਤੇ ਹਾਰ ਦੇ ਰੂਪ 'ਚ ਵੇਖਦੇ ਹਨ। ਕਾਸ਼ ਉਨ੍ਹਾਂ ਨੂੰ ਇਹ ਗੱਲ ਸਮਝ ਆਉਂਦੀ ਕਿ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਜਾਂਦੀ ਅਤੇ ਸਭ ਕੁਝ ਸਮਝ ਕੇ ਫ਼ੈਸਲਾ ਲਿਆ ਜਾਂਦਾ।"

ਦਲ ਖ਼ਾਲਸਾ ਨੇ ਕਿਹਾ ਕਿ ਅਕੀਦੇ ਤੋਂ ਬਾਹਰ ਵਿਆਹ ਨਿੱਜੀ ਮਸਲਾ, ਸਿਆਸਤ ਨਾ ਹੋਵੇ

ਸਿੱਖ ਸੰਗਠਨ ਦਲ ਖ਼ਾਲਸਾ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਸਿੱਖ ਕੁੜੀਆਂ ਦਾ ਧਰਮ ਤੋਂ ਬਾਹਰ ਵਿਆਹ ਕਰਵਾਉਣਾ ਇੱਕ ਨਿੱਜੀ ਅਤੇ ਸਮਾਜਿਕ ਮੁੱਦਾ ਹੈ।

ਉਨ੍ਹਾਂ ਨੇ ਇਸ ਮਾਮਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਭੂਮਿਕਾ ਨੂੰ ਸ਼ਰਾਰਤ ਦੱਸਿਆ।

ਦਲ ਖ਼ਾਲਸਾ ਦਾ ਕਹਿਣਾ ਹੈ ਕਿ ਉਹ ਜ਼ਬਰਦਸਤੀ ਧਰਮ ਬਦਲਵਾਉਣ ਦਾ ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ ਦਾ ਵਿਰੋਧ ਕਰਦੇ ਹਨ।

ਹਾਲਾਂਕਿ ਇੱਥੇ ਤਾਂ ਸਪਸ਼ਟ ਤੌਰ 'ਤੇ ਇਸ ਮਸਲੇ ਨੂੰ ਇੱਕ ਸ਼ਰਾਰਤ ਵਜੋਂ ਉੱਭਾਰਿਆ ਜਾ ਰਿਹਾ ਹੈ। ਇੱਕ ਸੱਤ ਸਾਲ ਪੁਰਾਣੇ ਵਿਆਹ ਦੇ ਮਸਲੇ ਨੂੰ ਝੂਠ ਦੇ ਸਹਾਰੇ ਖੰਭਾਂ ਦੀ ਡਾਰ ਬਣਾ ਦਿੱਤਾ ਗਿਆ ਹੈ।

ਦਲ ਖ਼ਾਲਸਾ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਐੱਚਐੱਸ ਧੰਮੀ ਨੇ ਕਿਹਾ ਕਿ ਉਹ “ਇਸ ਮੁਸ਼ਕਲ ਸਮੇਂ ਵਿੱਚ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਜੰਮੂ-ਕਸ਼ਮੀਰ ਦੇ ਕੁਝ ਸਿੱਖਾਂ ਵੱਲੋਂ ਇਸਲਾਮ ਦੇ ਸਿਧਾਂਤਾਂ ਦੇ ਖ਼ਿਲਾਫ਼ ਦਿੱਤੇ ਬਿਆਨਾਂ ਦੀ ਨਿੰਦਾ ਕਰਦੇ ਹਨ।”

“ਨੌਜਵਾਨਾਂ ਵੱਲੋਂ ਗ਼ਲਤ ਅਤੇ ਅਪ੍ਰਸੰਗਕ ਨਾਅਰੇਬਾਜ਼ੀ ਕੀਤਾ ਜਾਣਾ ਸ਼ਰਮਨਾਕ ਹੈ ਅਤੇ ਹਾਲਾਤ ਭਾਵੇਂ ਕਿਹੋ-ਜਿਹੇ ਵੀ ਹੋਣ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ।”

“ਅਸੀਂ ਇਤਿਹਾਸਕ ਤੌਰ ਅਤੇ ਰਵਾਇਤੀ ਤੌਰ ’ਤੇ ਔਰਤਾਂ ਦੇ ਮਾਣ, ਕਮਜ਼ੋਰਾਂ, ਦੱਬੇ ਕੁਚਲਿਆਂ ਦੀ ਬਿਨਾਂ ਕਿਸੇ ਜਾਤੀ ਦੇ ਵਿਤਕਰੇ ਦੇ ਦੀ ਰਾਖੀ ਕਰਨ ਦੀ ਭੂਮਿਕਾ ਨਿਭਾਉਣ ਲਈ ਪਾਬੰਦ ਹਾਂ, ਅਤੇ ਅਸੀਂ ਅਜਿਹਾ ਕਰਦੇ ਰਹਾਂਗੇ।”

ਦਲ ਖ਼ਾਲਸਾ ਨੇ ਮੁਸਲਮਾਨ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਿੱਖ ਧਰਮ ਅਤੇ ਇਸ ਦੇ ਸਿਧਾਂਤਾਂ ਦੇ ਖ਼ਿਲਾਫ਼ ਅਜਿਹੀ ਨਾਅਰੇਬਾਜ਼ੀ ਤੋਂ ਗੁਰੇਜ਼ ਕਰਨ।

ਦਲ ਖ਼ਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਨੇ ਕਿਹਾ ਕਿ ਕਸ਼ਮੀਰ ਦੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਸਾਂਝੇ ਦਮਨਕਾਰੀ (ਨਵੀਂ ਦਿੱਲੀ) ਨਾਲ ਰਲ ਕੇ ਲੜਾਈ ਲੜਨ ਨਾ ਕਿ ਸਿੱਖ ਕਸ਼ਮੀਰੀ ਮੁਸਲਮਾਨ ਏਕੇ ਨੂੰ ਖ਼ਰਾਬ ਕਰਨ।

ਉਨ੍ਹਾਂ ਨੇ ਹਿੰਦੁਤਵ ਤਾਕਤਾਂ ਵੱਲੋਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਘੜੇ ਸ਼ਬਦ 'ਲਵ ਜਿਹਾਦ' ਨੂੰ ਵੀ ਰੱਦ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)