ਕੈਪਟਨ ਦਾ ਫਾਰਮ ਹਾਊਸ ਘੇਰਨ ਗਏ AAP ਲੀਡਰਾਂ 'ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ- ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਤੁਹਾਡੇ ਤੱਕ ਦੇਸ਼-ਵਿਦੇਸ਼ ਦੀਆਂ ਤਮਾਮ ਅਹਿਮ ਖ਼ਬਰਾਂ ਪਹੁੰਚਾਉਂਦੇ ਰਹਾਂਗੇ।

ਪੰਜਾਬ ਵਿੱਚ ਜਾਰੀ ਮੌਜੂਦਾ ਬਿਜਲੀ ਸੰਕਟ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦ ਸਿੰਘ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਜਾਣਾ ਸੀ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ:

ਇਸ ਦੌਰਾਨ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਅਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਜਣਿਆਂ ਨੂੰ ਮਾਜਰੀ ਅਤੇ ਕੁਰਾਲੀ ਸਦਰ ਥਾਣੇ ਲਿਆਂਦਾ ਗਿਆ।

ਪੁਸ਼ਕਰ ਸਿੰਘ ਧਾਨੀ ਹੋਣਗੇ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ, ਇੰਝ ਸ਼ੁਰੂ ਹੋਇਆ ਸਿਆਸੀ ਸਫ਼ਰ

ਉੱਤਰਾਖੰਡ ਤੋਂ ਬੀਬੀਸੀ ਦੇ ਸਹਿਯੋਗੀ ਧਰੁਵ ਮਿਸ਼ਰਾ ਦੇ ਮੁਤਾਬਕ ਪੁਸ਼ਕਰ ਸਿੰਘ ਧਾਮੀ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸ਼ਨਿੱਚਰਵਾਰ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਦੇ ਨਾਂਅ ਦੀ ਸਹਿਮਤੀ ਬਣੀ

ਖਟੀਮਾ (ਉੱਧਮ ਸਿੰਘ ਨਗਰ) ਤੋਂ ਵਿਧਾਇਕ ਧਾਮੀ ਸੂਬੇ ਦੇ ਗਿਆਰਵੇਂ ਮੁੱਖ ਮੰਤਰੀ ਹੋਣਗੇ।

ਪੁਸ਼ਕਰ ਸਿੰਘ ਧਾਮੀ ਦਾ ਜਨਮ 16 ਦਸੰਬਰ 1975 ਨੂੰ ਪਿਥੌਰਾਗੜ੍ਹ ਪੰਚਾਇਤ ਚੁੰਡੀ, ਤਹਿਸੀਲ ਡੀਡੀ ਹਾਟ ਵਿੱਚ ਹੋਇਆ ਸੀ।

ਆਪਣੇ ਵਿਦਿਆਰਥੀ ਜੀਵਨ ਦੌਰਾਨ ਉਨ੍ਹਾਂ ਦਾ ਸਿਆਸਤ ਵੱਲ ਰੁਝਾਨ ਵਧਿਆ। ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਯੁਵਾ ਮੋਰਚੇ ਦੇ ਪ੍ਰਧਾਨ ਵੀ ਬਣਾਏ ਗਏ।

ਉਨ੍ਹਾਂ ਨੇ ਉੱਤਰਾਖੰਡ ਬਣਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਸਾਲ 2002 ਤੱਕ ਕੰਮ ਕੀਤਾ।

ਸਾਲ 2012 ਵਿੱਚ ਉਹ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣੇ।

ਗਰਭਵਤੀ ਔਰਤਾਂ ਵੀ ਹੁਣ ਲੈ ਸਕਣਗੀਆਂ ਕੋਰੋਨਾ ਵੈਕਸਿਨ

ਕੇਂਦਰੀ ਸਿਹਤ ਮੰਤਰਾਲੇ ਨੇ ਗਰਭਵਤੀ ਔਰਤਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮੂਨਾਇਜ਼ੇਸ਼ਨ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪ੍ਰੈੱਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਮਹਿਲਾਵਾਂ ਆਪਣੇ ਨੇੜਲੇ ਕੋਵਿਡ ਸੈਂਟਰ ਜਾ ਸਕਦੀਆਂ ਹਨ ਜਾਂ ਕੋਵਿਨ ਐਪ ਰਾਹੀਂ ਰਜਿਸਟਰੇਸ਼ਨ ਕਰਵਾ ਸਕਦੀਆਂ ਹਨ।

ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਕਈ ਰਿਸਰਚ ਅਧਿਐਨਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਗਰਭਵਤੀ ਔਰਤਾਂ ਉੱਪਰ ਕੋਰੋਨਾ ਦੀ ਲਾਗ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਕਈ ਵਾਰ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਣ ਕਾਰਨ ਹੋਣ ਵਾਲੇ ਬੱਚੇ ਉੱਪਰ ਇਸ ਦਾ ਅਸਰ ਪੈਣ ਦਾ ਖਦਸ਼ਾ ਸੀ। ਨਵੇਂ ਨਿਯਮਾਂ ਅਨੁਸਾਰ ਗਰਭਵਤੀ ਔਰਤਾਂ ਦੇਸ਼ ਵਿੱਚ ਉਪਲਬਧ ਕੋਈ ਵੀ ਵੈਕਸਿਨ ਲਗਵਾ ਸਕਦੀਆਂ ਹਨ।

ਭਾਰਤ ਬਾਇਓਟੈਕ ਵੱਲੋਂ ਫੇਜ਼-3 ਟਰਾਇਲ ਦੇ ਨਤੀਜੇ ਜਾਰੀ,ਕੋਰੋਨਾਵਾਇਰਸ ਖ਼ਿਲਾਫ਼ ਕੋਵੈਕਸਿਨ 77.8 ਫ਼ੀਸਦ ਪ੍ਰਭਾਵੀ

ਵੈਕਸੀਨ ਬਣਾਉਣ ਵਾਲੀ ਭਾਰਤੀ ਕੰਪਨੀ ਭਾਰਤ ਬਾਇਓਟੈੱਕ ਨੇ ਕੋਵੈਕਸਿਨ ਦੇ ਤੀਸਰੇ ਅਤੇ ਆਖ਼ਰੀ ਫੇਜ਼ ਦਾ ਟ੍ਰਾਇਲ ਪੂਰਾ ਕਰ ਲਿਆ ਹੈ ਅਤੇ ਨਤੀਜੇ ਜਾਰੀ ਕੀਤੇ ਹਨ। ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੇ ਸ਼ਨੀਵਾਰ ਨੂੰ ਪ੍ਰੈੱਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੱਤੀ। ਟ੍ਰਾਇਲ ਡੇਟਾ ਮੁਤਾਬਕ ਆਖਰੀ ਪੜਾਅ ਵਿੱਚ ਕੋਵੈਕਸੀਨ ਕੋਰੋਨਾ ਦੇ ਖ਼ਿਲਾਫ਼ 77.8 ਫ਼ੀਸਦ ਪ੍ਰਭਾਵੀ ਪਾਈ ਗਈ ਹੈ।

ਇਸ ਦੇ ਨਾਲ ਹੀ ਡੈਲਟਾ ਵੇਰੀਐਂਟ ਖ਼ਿਲਾਫ਼ ਵੀ 65.2 ਫ਼ੀਸਦ ਪ੍ਰਭਾਵਸ਼ਾਲੀ ਹੈ।

ਕੋਰੋਨਾਵਾਇਰਸ ਦੇ ਗੰਭੀਰ ਲੱਛਣਾਂ ਵਿੱਚ ਵੀ ਇਹ ਵੈਕਸਿਨ 93.4 ਫ਼ੀਸਦ ਪ੍ਰਭਾਵਸ਼ਾਲੀ ਪਾਈ ਗਈ ਹੈ। ਇਨ੍ਹਾਂ ਟਰਾਇਲ ਵਿੱਚ ਕੁੱਲ 130 ਮਰੀਜ਼ ਵੀ ਸ਼ਾਮਲ ਸਨ। ਜਿਨ੍ਹਾਂ ਮਰੀਜ਼ਾਂ ਵਿੱਚ ਕਰਨ ਵਾਇਰਸ ਦੇ ਲੱਛਣ ਨਜ਼ਰ ਨਹੀਂ ਆਉਂਦੇ ਉਨ੍ਹਾਂ ਵਿੱਚ ਵੀ ਵੈਕਸਿਨ 63.6% ਪ੍ਰਭਾਵਸ਼ਾਲੀ ਪਾਈ ਗਈ ਹੈ।

ਭਾਰਤ ਬਾਇਓਟੈਕ ਅਨੁਸਾਰ ਇਹ ਟ੍ਰਾਇਲ ਭਾਰਤ ਦੇ 25 ਹਸਪਤਾਲਾਂ ਵਿੱਚ ਕੀਤੇ ਗਏ ਹਨ। ਇਸ ਵੈਕਸੀਨ ਨੂੰ ਜਨਵਰੀ ਵਿੱਚ ਐਮਰਜੈਂਸੀ ਇਸਤੇਮਾਲ ਲਈ ਹਰੀ ਝੰਡੀ ਮਿਲੀ ਸੀ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)