ਸ੍ਰਿਸ਼ਟੀ ਗੋਸਵਾਮੀ: ਉੱਤਰਾਖੰਡ ਦੀ ਇੱਕ ਦਿਨ ਦੀ ਮੁੱਖ ਮੰਤਰੀ ਬਣਨ ਜਾ ਰਹੀ ਕੁੜੀ ਨੂੰ ਮਿਲੋ

ਹਰਿਦੁਆਰ ਜ਼ਿਲ੍ਹੇ ਦੇ ਦੌਲਤਪੁਰ ਪਿੰਡ ਦੀ ਸ੍ਰਿਸ਼ਟੀ ਗੋਸਵਾਮੀ ਸੁਰਖੀਆਂ ਵਿੱਚ ਹੈ। ਵਜ੍ਹਾ ਹੈ 24 (ਜਨਵਰੀ) ਨੂੰ ਕੌਮੀ ਬਾਲਿਕਾ ਦਿਵਸ ਮੌਕੇ ਉਨ੍ਹਾਂ ਨੂੰ ਉੱਤਰਾਖੰਡ ਦਾ ਇੱਕ ਦਿਨ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ।

ਉਹ ਉੱਤਰਾਖੰਡ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਹੋਣਗੇ। ਹਾਲਾਂਕਿ ਇਹ ਸੰਕੇਤਕ ਹੋਵੇਗਾ ਅਤੇ ਉਹ ਬਾਲ ਵਿਧਾਨ ਸਭਾ ਸੈਸ਼ਨ ਵਿੱਚ ਬਤੌਰ ਮੁੱਖ ਮੰਤਰੀ ਸਰਕਾਰ ਦੇ ਵੱਖੋ-ਵੱਖ ਵਿਭਾਗਾਂ ਦੇ ਕਾਰਜਾਂ ਦਾ ਜਾਇਜ਼ਾ ਲੈਣਗੇ।

ਇਸ ਦੌਰਾਨ ਵਿਭਾਗਾਂ ਦੇ ਅਫ਼ਸਰ ਉਨ੍ਹਾਂ ਨੂੰ ਆਪਣੇ ਕੰਮਾਂ ਤੋਂ ਜਾਣੂ ਕਰਵਾਉਣਗੇ ਅਤੇ ਸ੍ਰਿਸ਼ਟੀ ਉਨ੍ਹਾਂ ਨੂੰ ਆਪਣੇ ਸੁਝਾਅ ਦੇਣਗੇ।

ਇਹ ਵੀ ਪੜ੍ਹੋ:

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ। ਇਹ ਪ੍ਰੋਗਰਾਮ ਉੱਤਰਾਖੰਡ ਵਿਧਾਨ ਸਭਾ ਦੇ ਇੱਕ ਹਾਲ ਵਿੱਚ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਚੱਲੇਗਾ।

ਕੀ ਹੈ ਪ੍ਰੋਗਰਾਮ ਦਾ ਮਕਸਦ?

ਉਤਰਾਖੰਡ ਦੇ ਬਾਲ ਹੱਕਾਂ ਦੇ ਕਮਿਸ਼ਨ ਦੀ ਮੁਖੀ ਊਸ਼ਾ ਨੇਗੀ ਦੇ ਮੁਤਾਬਕ ਉਤਰਾਖੰਡ ਸਰਕਾਰ ਵੱਲੋਂ ਸ੍ਰਿਸ਼ਟੀ ਨੂੰ ਇੱਕ ਦਿਨ ਦੀ ਮੁੱਖ ਮੰਤਰੀ ਬਣਾਏ ਜਾਣ ਦੀ ਪਹਿਲ ਦਾ ਮਕਸਦ 'ਕੁੜੀਆਂ ਦੇ ਸਸ਼ਕਤੀਕਰਨ ਬਾਰੇ ਜਾਗਰੂਕਤਾ ਫੈਲਾਉਣਾ ਹੈ।'

ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ 'ਤੇ ਇੰਝ ਲੈ ਕੇ ਆਓ:

ਸੋਸ਼ਲ ਮੀਡੀਆ ਵਿੱਚ ਜਾਰੀ ਇੱਕ ਬਿਆਨ ਵਿੱਚ ਸ੍ਰਿਸ਼ਟੀ ਨੇ ਕਿਹਾ ਹੈ,"ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇੱਕ ਦਿਨ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਰਿਹਾ ਹੈ। ਉਤਰਾਖੰਡ ਸਰਕਾਰ ਦੇ ਵੱਖੋ-ਵੱਖ ਵਿਭਾਗਾਂ ਦੀਆਂ ਪੇਸ਼ਕਾਰੀਆਂ ਤੋਂ ਬਾਅਦ ਮੈਂ ਉਨ੍ਹਾਂ ਨੂੰ ਆਪਣੇ ਸੁਝਾਅ ਦੇਵਾਂਗੀ। ਮੈਂ ਖ਼ਾਸ ਕਰ ਕੇ ਬੱਚਿਆਂ ਦੇ ਹੱਕਾਂ ਨਾਲ ਜੁੜੇ ਸੁਝਾਅ ਦੇਵਾਂਗੀ।"

ਉਹ ਰੁੜਕੀ ਬੀਐੱਸਐੱਮ ਪੀਜੀ ਕਾਲਜ ਵਿੱਚ ਬੀਐੱਸੀ ਐਗਰੀਕਲਚਰ ਦੀ ਵਿਦਿਆਰਥਣ ਹੈ। ਉਨ੍ਹਾਂ ਦੇ ਪਿਤਾ ਪਿੰਡ ਵਿੱਚ ਇੱਕ ਦੁਕਾਨਦਾਰ ਹਨ ਅਤੇ ਉਨ੍ਹਾਂ ਦੀ ਮਾਂ ਇੱਕ ਆਂਗਨਵਾੜੀ ਵਰਕਰ ਹਨ। ਇਨ੍ਹਾਂ ਦੋਵਾਂ ਨੇ ਆਪਣੀ ਧੀ ਨੂੰ ਮਿਲੇ ਇਸ ਮੌਕੇ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਸ੍ਰਿਸ਼ਟੀ ਦੀ ਮਾਤਾ ਸੁਧਾ ਗੋਸਵਾਮੀ ਨੇ ਕਿਹਾ,"ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਧੀਆਂ ਸਭ ਕੁਝ ਕਰ ਸਕਦੀਆਂ ਹਨ, ਸਿਰਫ਼ ਖੁੱਲ੍ਹ ਕੇ ਸਾਥ ਦਿਓ। ਉਨ੍ਹਾਂ ਨੂੰ ਸਪੋਰਟ ਕਰੋ, ਉਹ ਕਿਸੇ ਤੋਂ ਘੱਟ ਨਹੀਂ ਹਨ, ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦੀਆਂ ਹਨ।"

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)