ਕਸ਼ਮੀਰ: ‘11 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਬੇਕਸੂਰ ਹਾਂ ਤਾਂ ਮੇਰਾ ਲੰਘਿਆ ਵਕਤ ਮੋੜ

    • ਲੇਖਕ, ਰਿਆਜ਼ ਮਸਰੂਰ
    • ਰੋਲ, ਬੀਬੀਸੀ ਉਰਦੂ, ਸ਼੍ਰੀਨਗਰ

"ਸ਼ੁਰੂ 'ਚ ਤਾਂ ਮੈਨੂੰ ਇੱਕ ਬਹੁਤ ਹੀ ਛੋਟੇ ਜਿਹੇ ਕਮਰੇ 'ਚ ਇੱਕਲਿਆਂ ਹੀ ਰੱਖਿਆ ਗਿਆ ਸੀ। ਮੇਰਾ ਸਰੀਰ ਤਾਂ ਉੱਥੇ ਹੀ ਸੀ ਪਰ ਮੇਰੀ ਰੂਹ ਘਰ 'ਚ ਸੀ।"

"ਕਈ ਸਾਲਾਂ ਬਾਅਦ ਇੱਕ ਰਾਤ ਮੈਂ ਅਚਾਨਕ ਹੀ ਸੁਪਨੇ 'ਚ ਵੇਖਿਆ ਕਿ ਕੁਝ ਲੋਕ ਮੇਰੇ ਪਿਤਾ ਜੀ ਨੂੰ ਨੁਹਾ ਰਹੇ ਹਨ। ਇਸ ਘਬਰਾਹਟ 'ਚ ਮੈਂ ਅਚਾਨਕ ਉੱਠਿਆ ਤਾਂ ਮੇਰੇ ਦਿਲ 'ਚ ਦਰਦ ਛਿੜ ਗਈ।"

"ਫਿਰ ਸਭ ਕੁਝ ਆਮ ਸੀ, ਪਰ ਦੋ ਮਹੀਨੇ ਬਾਅਦ ਮੇਰੇ ਵਕੀਲ ਨੇ ਮੈਨੂੰ ਦੱਸਿਆ ਕਿ ਮੇਰੇ ਪਿਤਾ ਹੁਣ ਇਸ ਦੁਨੀਆ 'ਚ ਨਹੀਂ ਰਹੇ ਹਨ।"

ਇਹ ਵੀ ਪੜ੍ਹੋ-

"ਜਦੋਂ ਮੈਂ ਵਕੀਲ ਤੋਂ ਉਨ੍ਹਾਂ ਦੇ ਦੇਹਾਂਤ ਦੀ ਤਰੀਕ ਪੁੱਛੀ ਤਾਂ ਪਤਾ ਲੱਗਿਆ ਕਿ ਜਿਸ ਦਿਨ ਮੈਨੂੰ ਸੁਪਨਾ ਆਇਆ ਸੀ, ਉਸ ਤੋਂ ਦੋ ਦਿਨ ਬਾਅਦ ਹੀ ਮੇਰੇ ਅੱਬਾਜਾਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।"

ਸ਼੍ਰੀਨਗਰ ਦੇ ਰੈਨਾਵਾਰੀ ਇਲਾਕੇ ਦੇ ਵਸਨੀਕ ਬਸ਼ੀਰ ਅਹਿਮਦ ਬਾਬਾ ਨੂੰ ਸਾਲ 2010 'ਚ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਰਾਜਧਾਨੀ ਅਹਿਮਦਾਬਾਦ ਤੋਂ ਗ੍ਰਿਫਤਾਰ ਕੀਤਾ ਸੀ।

ਉਸ ਸਮੇਂ ਉਹ ਗੁਜਰਾਤ 'ਚ ਸਥਿਤ ਇੱਕ ਸਵੈ-ਸੇਵੀ ਸੰਸਥਾ 'ਮਾਇਆ ਫਾਊਂਡੇਸ਼ਨ' 'ਚ ਇੱਕ ਵਾਰਕਸ਼ਾਪ 'ਚ ਹਿੱਸਾ ਲੈਣ ਲਈ ਗਿਆ ਹੋਇਆ ਸੀ।

42 ਸਾਲਾ ਬਸ਼ੀਰ ਵਿਗਿਆਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸ਼੍ਰੀਨਗਰ 'ਚ ਇੱਕ ਕੰਪਿਊਟਰ ਇੰਸਟੀਚਿਊਟ ਚਲਾਉਂਦੇ ਸਨ।

ਇਸ ਦੇ ਨਾਲ ਹੀ ਉਹ ਕਲੇਫ਼ਟ ਲਿਪ ਐਂਡ ਪੈਕੇਟ ਮਤਲਬ ਜਨਮ ਤੋਂ ਹੀ ਬੱਚਿਆਂ ਦੇ ਬੁੱਲ ਅਤੇ ਤਾਲੂ ਕੱਟੇ ਹੋਣਾ ਨਾਮ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਦੇ ਮਾਪਿਆਂ ਦੀ ਮਦਦ ਕਰਨ ਵਾਲੀ ਇੱਕ ਐਨਜੀਓ ਮਾਇਆ ਫਾਊਂਡੇਸ਼ਨ ਨਾਲ ਜੁੜੇ ਹੋਏ ਸਨ।

ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਦਾ ਇਲਜ਼ਾਮ

ਬਸ਼ੀਰ ਅਹਿਮਦ ਬਾਬਾ ਦਾ ਕਹਿਣਾ ਹੈ, "ਮੈਂ ਕਈ ਪਿੰਡਾਂ 'ਚ ਐਨਜੀਓ ਦੇ ਮਾਹਰ ਡਾਕਟਰਾਂ ਨਾਲ ਕੰਮ ਕੀਤਾ, ਜਿਸ ਤੋਂ ਬਾਅਦ ਮੈਨੂੰ ਅਗਲੀ ਸਿਖਲਾਈ ਲਈ ਗੁਜਰਾਤ ਬੁਲਾਇਆ ਗਿਆ ਸੀ।"

"ਜਦੋਂ ਮੈਂ ਗੁਜਰਾਤ 'ਚ ਐਨਜੀਓ ਦੇ ਹੌਸਟਲ 'ਚ ਸੀ, ਉਸ ਸਮੇਂ ਹੀ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਮੈਨੂੰ ਅਤੇ ਕੁਝ ਹੋਰ ਕਾਰਕੁਨਾਂ ਨੂੰ ਹਿਰਾਸਤ 'ਚ ਲੈ ਲਿਆ ਸੀ।"

"ਬਾਅਦ 'ਚ ਬਾਕੀਆਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ, ਪਰ ਮੈਨੂੰ ਗੁਜਰਾਤ ਦੀ ਬੜੌਦਾ ਜੇਲ੍ਹ 'ਚ ਕੈਦ ਕਰ ਦਿੱਤਾ ਗਿਆ ਸੀ।"

ਬਸ਼ੀਰ 'ਤੇ ਵਿਸਫੋਟਕ ਰੱਖਣ ਅਤੇ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਦਾ ਦੋਸ਼ ਆਇਦ ਕੀਤਾ ਗਿਆ ਸੀ।

ਹਾਲਾਂਕਿ, ਗੁਜਰਾਤ ਦੀ ਇੱਕ ਅਦਾਲਤ ਨੇ ਪਿਛਲੇ ਹਫ਼ਤੇ ਹੀ ਬਸ਼ੀਰ ਨੂੰ ਸਾਰੇ ਇਲਜ਼ਾਮਾਂ ਤੋਂ ਬਾ-ਇੱਜ਼ਤ ਬਰੀ ਕਰਨ ਦਿੱਤਾ ਹੈ।

ਸਭ ਕੁਝ ਬਦਲ ਗਿਆ ਹੈ

ਬਸ਼ੀਰ ਲੰਮੇ ਸਮੇਂ ਬਾਅਦ ਆਪਣੇ ਘਰ ਵਾਪਸ ਪਰਤੇ ਹਨ। ਹੁਣ ਘਰ 'ਚ ਬਹੁਤ ਕੁਝ ਬਦਲ ਗਿਆ ਹੈ।

"ਮੈਨੂੰ ਹੁਣ ਜਾ ਕੇ ਪਤਾ ਲੱਗਿਆ ਹੈ ਕਿ ਸਾਡੇ ਕੋਲ ਜੋ ਥੋੜ੍ਹੀ ਬਹੁਤ ਜ਼ਮੀਨ ਸੀ, ਜਿਸ 'ਤੇ ਮੈਂ ਕੰਪਿਊਟਰ ਇੰਸਟੀਚਿਊਟ ਚਲਾਉਂਦਾ ਸੀ, ਉਹ ਵੀ ਵਿਕ ਗਈ ਹੈ।"

"ਦਰਅਸਲ ਘਰ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਸੀ। ਮੈਂ ਹੀ ਘਰ 'ਚ ਸਭ ਤੋਂ ਵੱਡਾ ਬੇਟਾ ਸੀ ਅਤੇ ਮੈਂ ਹੀ ਜੇਲ੍ਹ 'ਚ ਚਲਾ ਗਿਆ ਸੀ।"

ਇਹ ਵੀ ਪੜ੍ਹੋ-

"ਮੇਰੇ ਮਾਤਾ-ਪਿਤਾ ਅਤੇ ਭਰਾ ਨੂੰ ਮੈਨੂੰ ਮਿਲਣ ਲਈ ਗੁਜਰਾਤ ਆਉਣਾ ਪੈਂਦਾ ਸੀ ਅਤੇ ਸਫ਼ਰ ਤੇ ਵਕੀਲ ਦੀ ਫੀਸ 'ਤੇ ਬਹੁਤ ਖਰਚਾ ਹੋ ਜਾਂਦਾ ਸੀ।"

ਭੈਣਾਂ ਦੇ ਵਿਆਹ ਅਤੇ ਉਨ੍ਹਾਂ ਦੇ ਬੱਚਿਆਂ ਦੇ ਜਨਮ ਦੀ ਖ਼ਬਰ ਵੀ ਬਸ਼ੀਰ ਨੂੰ ਸਾਲਾਂ ਬਾਅਦ ਚਿੱਠੀ ਰਾਹੀਂ ਹੀ ਮਿਲਦੀ ਸੀ।

ਚਿੱਠੀਆਂ ਅਕਸਰ ਹੀ ਦੇਰੀ ਨਾਲ ਮਿਲਦੀਆਂ ਸਨ ਅਤੇ ਬਾਅਦ 'ਚ ਜੇਲ੍ਹ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਕੀਤੀ ਜਾਣ ਵਾਲੀ ਜਾਂਚ 'ਚ ਵੀ ਹਫ਼ਤਿਆਂ ਬੱਧੀ ਸਮਾਂ ਲੰਘ ਜਾਂਦਾ ਸੀ।

ਬਸ਼ੀਰ ਦਾ ਕਹਿਣਾ ਹੈ ਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਆਖ਼ਰਕਾਰ ਉਸ ਨੂੰ ਅਦਾਲਤ ਤੋਂ ਨਿਆਂ ਜ਼ਰੂਰ ਮਿਲੇਗਾ।

"ਮੈਂ ਇਸ ਗੱਲ ਤੋਂ ਤਾਂ ਸੰਤੁਸ਼ਟ ਹਾਂ ਕਿ ਅਦਾਲਤ ਨੇ ਮੇਰੀ ਬੇਗ਼ੁਨਾਹੀ ਦਾ ਐਲਾਨ ਕੀਤਾ ਹੈ, ਪਰ ਮੇਰੀ ਜ਼ਿੰਦਗੀ ਦੇ 11 ਸਾਲ ਕੌਣ ਵਾਪਸ ਕਰੇਗਾ?"

ਜੇਲ੍ਹ 'ਚ ਰਹਿੰਦਿਆਂ ਕੀਤੀ ਪੜ੍ਹਾਈ

ਜੇਲ੍ਹ 'ਚ ਆਪਣਾ ਸਮਾਂ ਬਤੀਤ ਕਰਨ ਲਈ ਬਸ਼ੀਰ ਨੇ ਨਾ ਸਿਰਫ਼ ਪੇਂਟਿੰਗ ਸਿੱਖੀ ਬਲਕਿ ਰਾਜਨੀਤੀ, ਪਬਲਿਕ ਪ੍ਰਸ਼ਾਸਨ, ਬੌਧਿਕ ਜਾਇਦਾਦ ਅਤੇ ਤਿੰਨ ਹੋਰ ਵਿਸ਼ਿਆਂ 'ਚ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਵਧੀਆਂ ਨੰਬਰਾਂ 'ਚ ਹਾਸਲ ਕੀਤੀ ਹੈ।

"ਸਿਲੇਬਸ ਦੀਆਂ ਕਿਤਾਬਾਂ ਪਹੁੰਚ ਜਾਂਦੀਆਂ ਸਨ ਅਤੇ ਮੈਂ ਆਪਣੀ ਪੜ੍ਹਾਈ 'ਚ ਰੁਝ ਜਾਂਦਾ ਸੀ। ਘੱਟੋ-ਘੱਟ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰ ਸਕਿਆ ਹਾਂ।"

ਬਸ਼ੀਰ ਨੂੰ ਜੇਲ੍ਹ ਅਧਿਕਾਰੀਆਂ ਨਾਲ ਕੋਈ ਸ਼ਿਕਾਇਤ ਨਹੀਂ ਹੈ, ਬਲਕਿ ਉਹ ਤਾਂ ਉਨ੍ਹਾਂ ਦੇ ਰਵੱਈਏ ਤੋਂ ਪ੍ਰਭਾਵਤ ਹੈ।

ਪਰ ਫਿਰ ਵੀ ਉਹ ਵਾਰ-ਵਾਰ ਇੱਕ ਹੀ ਸਵਾਲ ਕਰਦੇ ਹਨ ਕਿ 'ਮੇਰਾ ਸਮਾਂ ਕੌਣ ਵਾਪਸ ਕਰੇਗਾ?"

ਬਸ਼ੀਰ ਦੀ ਗ੍ਰਿਫ਼ਤਾਰੀ ਮੌਕੇ ਤਤਕਾਲੀ ਭਾਰਤੀ ਗ੍ਰਹਿ ਸਕੱਤਰ ਜੀਕੇ ਪਿੱਲਈ ਨੇ ਇਸ ਗ੍ਰਿਫਤਾਰੀ ਨੂੰ 'ਅੱਤਵਾਦੀ ਸਾਜਿਸ਼ਾਂ ਨੂੰ ਅਸਫ਼ਲ ਕਰਨ 'ਚ ਇੱਕ ਵੱਡੀ ਪ੍ਰਾਪਤੀ' ਦੱਸਿਆ ਸੀ।

ਹਾਲਾਂਕਿ, ਹੁਣ ਬਸ਼ੀਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਪਿੱਲਈ ਨੇ ਭਾਰਤੀ ਮੀਡੀਆ ਨੂੰ ਬਿਆਨ ਦਿੱਤਾ ਹੈ ਕਿ "ਯੋਜਨਾ ਬਣਾਉਣ ਵਾਲਾ ਇੱਕਲਾ ਨਹੀਂ ਹੁੰਦਾ ਹੈ, ਕਈ ਵਾਰ ਕੁਝ ਲੋਕ ਅਣਜਾਣੇ 'ਚ ਹੀ ਕਿਸੇ ਦੀ ਮਦਦ ਕਰਦੇ ਹਨ।"

"ਸੁਰੱਖਿਆ ਏਜੰਸੀਆਂ ਨੂੰ ਚਾਹੀਦਾ ਸੀ ਕਿ ਉਹ ਗ੍ਰਿਫ਼ਤਾਰੀਆਂ ਨੂੰ ਦੋ ਹਿੱਸਿਆ 'ਚ ਰੱਖਦੀਆਂ।"

"ਇੱਕ ਉਹ ਜੋ ਲੋਕ ਸਿੱਧੇ ਤੌਰ 'ਤੇ ਸਾਜਿਸ਼ 'ਚ ਸ਼ਾਮਲ ਸੀ ਅਤੇ ਦੂਜੇ ਉਹ ਜਿੰਨ੍ਹਾਂ ਨੇ ਅਣਜਾਣ ਪੁਣੇ 'ਚ ਮਦਦ ਕੀਤੀ ਸੀ। ਅਜਿਹੇ ਲੋਕਾਂ ਨੂੰ ਵੱਖਰੇ ਤੌਰ 'ਤੇ ਪੇਸ਼ ਕੀਤਾ ਜਾਂਦਾ ਅਤੇ ਉਨ੍ਹਾਂ ਨੂੰ ਦਹਾਕਿਆਂ ਤੱਕ ਜੇਲ੍ਹ 'ਚ ਸੜਨਾ ਨਾ ਪੈਂਦਾ।"

ਪਰ ਪਿੱਲਾਈ ਵੱਲੋਂ ਦਿੱਤਾ ਗਿਆ ਇਹ ਬਿਆਨ ਇੰਨੀ ਦੇਰੀ ਨਾਲ ਆਇਆ ਹੈ ਕਿ ਇਹ ਬਸ਼ੀਰ ਦੇ ਸਵਾਲ ਦਾ ਜਵਾਬ ਨਹੀਂ ਹੋ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਾਂ ਨੂੰ ਪੂਰਾ ਭਰੋਸਾ ਸੀ

ਬਸ਼ੀਰ ਦੀ ਮਾਂ ਮੁਖ਼ਤਾ ਬੀਬੀ ਦਾ ਕਹਿਣਾ ਹੈ, "ਮੈਂ ਤਾਂ ਰੋਣ ਹੀ ਲੱਗ ਪਈ। ਮੈਂ ਵੇਖਿਆ ਕਿ ਮਾਸੂਮ ਬੱਚੇ ਦਾ ਜੇਲ੍ਹ 'ਚ ਕੀ ਹਾਲਤ ਹੋ ਗਈ ਹੈ।"

"ਪਰ ਮੈਨੂੰ ਪਤਾ ਸੀ ਕਿ ਉਸ ਨੂੰ ਰਿਹਾਈ ਜ਼ਰੂਰ ਮਿਲੇਗੀ। ਪੂਰੇ ਮੁਹੱਲੇ ਦੀਆਂ ਮਸਜਿਦਾਂ 'ਚ ਹਰ ਸ਼ੁੱਕਰਵਾਰ ਨੂੰ ਉਸ ਦੀ ਰਿਹਾਈ ਦੇ ਲਈ ਖ਼ਾਸ ਤੌਰ 'ਤੇ ਦੁਆ ਹੁੰਦੀ ਸੀ।"

ਦੱਸਣਯੋਗ ਹੈ ਕਿ 30 ਸਾਲ ਪਹਿਲਾਂ ਕਸ਼ਮੀਰ 'ਚ ਹੋਏ ਹਥਿਆਰਬੰਦ ਵਿਦਰੋਹ ਤੋਂ ਬਾਅਦ, ਅਜਿਹੇ ਕਈ ਦਰਜਨਾਂ ਕਸ਼ਮੀਰੀ ਨੌਜਵਾਨ ਹਨ।

ਜਿੰਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਇਲਜ਼ਾਮਾਂ ਹੇਠ ਹਿਰਾਸਤ 'ਚ ਲਿਆ ਗਿਆ ਸੀ ਅਤੇ 10-15 ਸਾਲ ਜੇਲ੍ਹ 'ਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ' ਬਾ-ਇੱਜ਼ਤ ਬਰੀ' ਕਰ ਦਿੱਤਾ ਗਿਆ ਹੈ।

ਅਜਿਹੇ ਕੈਦੀਆਂ ਲਈ ਸਭ ਤੋਂ ਵੱਡੀ ਮੁਸ਼ਕਲ ਨਵੇਂ ਹਾਲਾਤਾਂ ਦਾ ਸਾਹਮਣਾ ਕਰਨਾ ਹੁੰਦਾ ਹੈ।

ਕੁਝ ਤਾਂ ਅਜਿਹੇ ਕੈਦੀ ਵੀ ਹਨ, ਜੋ ਕਿ ਤਕਨੋਲੋਜੀ, ਇੰਟਰਨੈੱਟ ਅਤੇ ਆਵਾਜਾਈ ਦੇ ਨਵੇਂ ਸਾਧਨਾਂ ਤੋਂ ਵੀ ਜਾਣੂ ਨਹੀਂ ਹਨ।

ਹਾਲਾਂਕਿ, ਬਸ਼ੀਰ ਬਾਬਾ ਨੇ ਪਹਿਲਾਂ ਹੀ ਕੰਪਿਊਟਰ 'ਚ ਡਿਪਲੋਮਾ ਕਰ ਲਿਆ ਸੀ ਅਤੇ ਜੇਲ੍ਹ 'ਚ ਅੱਗੇ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਕਈ ਦੂਜੇ ਕੈਦੀਆਂ ਦੀ ਤਰ੍ਹਾਂ ਜੇਲ੍ਹ ਤੋਂ ਬਾਹਰ ਆ ਕੇ ਬੇਵੱਸ ਮਹਿਸੂਸ ਨਹੀਂ ਕਰਦੇ ਹਨ।

ਬਸ਼ੀਰ ਦੱਸਦੇ ਹਨ, "ਮੇਰੇ ਛੋਟੇ ਭਰਾ ਨਜ਼ੀਰ ਬਾਬਾ ਨੇ ਬਹੁਤ ਕੋਸ਼ਿਸ਼ ਕੀਤੀ ਹੈ। ਭੈਣਾਂ ਦਾ ਵਿਆਹ, ਪਿਤਾ ਦਾ ਇਲਾਜ ਅਤੇ ਫਿਰ ਪਿਤਾ ਦੀ ਮੌਤ ਦਾ ਗ਼ਮ ਵੀ ਇੱਕਲਿਆਂ ਹੀ ਝੱਲਿਆ ਹੈ।"

"ਅਦਾਲਤ 'ਚ ਮੇਰੇ ਕੇਸ ਦੀ ਵਕਾਲਤ, ਵਾਰ-ਵਾਰ ਗੁਜਰਾਤ ਦੀ ਯਾਤਰਾ ਅਤੇ ਘਰ ਦੀਆਂ ਜ਼ਿੰਮੇਦਾਰੀਆਂ ਉਸ ਦੇ ਸਿਰ ਹੀ ਸਨ।"

"ਉਸ ਨੇ ਤਾਂ ਵਿਆਹ ਵੀ ਨਹੀਂ ਕੀਤਾ। ਨਜ਼ੀਰ ਨੇ ਮੈਨੂੰ ਚਿੱਠੀ 'ਚ ਲਿਖ ਕੇ ਕਿਹਾ ਸੀ ਕਿ ਮੇਰੀ ਰਿਹਾਈ ਤੋਂ ਬਾਅਦ ਹੀ ਦੋਵੇਂ ਇੱਕਠੇ ਵਿਆਹ ਕਰਾਂਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)