ਕੋਰੋਨਾ ਵੈਕਸੀਨ ਦਾ ਅਸਰ: ਕੀ ਹਨ ਅਫ਼ਵਾਹਾਂ ਤੇ ਕੀ ਹੈ ਸੱਚਾਈ

ਕੋਵਿਡ ਵੈਕਸੀਨ

ਤਸਵੀਰ ਸਰੋਤ, Hindustan times

ਤਸਵੀਰ ਕੈਪਸ਼ਨ, ਹੁਣ ਤੱਕ ਭਾਰਤ 'ਚ 22 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਅਜੇ ਵੀ ਇਸ ਸਬੰਧੀ ਲੋਕਾਂ ਦੇ ਮਨਾਂ 'ਚ ਕਈ ਭਰਮ ਮੌਜੂਦ ਹਨ
    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਕੋਵਿਡ ਦੀ ਲਾਗ ਤੋਂ ਬਚਾਅ ਲਈ ਕੋਵਿਡ ਵੈਕਸੀਨ ਨੂੰ ਸਭ ਤੋਂ ਖਾਸ ਮੰਨਿਆ ਜਾ ਰਿਹਾ ਹੈ। ਇਸ ਮਹਾਮਾਰੀ ਤੋਂ ਖੁਦ ਨੂੰ ਬਚਾਉਣ ਲਈ ਵੈਕਸੀਨ ਦੀਆਂ ਦੋ ਖੁਰਾਕਾਂ ਲੈਣੀਆਂ ਜ਼ਰੂਰੀ ਹਨ। ਦੋਵਾਂ ਖੁਰਾਕਾਂ ਵਿਚਲੇ ਸਮੇਂ ਨੂੰ ਹਾਲ 'ਚ ਹੀ ਵਧਾਇਆ ਵੀ ਗਿਆ ਹੈ।

ਹੁਣ ਤੱਕ ਭਾਰਤ 'ਚ 22 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਅਜੇ ਵੀ ਇਸ ਸਬੰਧੀ ਲੋਕਾਂ ਦੇ ਮਨਾਂ 'ਚ ਕਈ ਭਰਮ ਮੌਜੂਦ ਹਨ।

ਅਜਿਹੇ 'ਚ ਅਸੀਂ ਦਿੱਲੀ ਐਨਸੀਆਰ ਦੇ ਮੇਦਾਂਤਾ ਹਸਪਤਾਲ ਦੇ ਸੀਨੀਅਰ ਵਾਈਰੋਲੋਜਿਸਟ ਡਾਕਟਰ ਯਤਿਨ ਮੇਹਤਾ ਅਤੇ ਪੀਪਲਜ਼ ਹੈਲਥ ਸੰਗਠਨ ਦੇ ਸਕੱਤਰ ਸੀਨੀਅਰ ਵਾਈਰੋਲੋਜਿਸਟ ਈਸ਼ਵਰ ਗਿਲਾਡਾ ਨਾਲ ਗੱਲਬਾਤ ਕੀਤੀ ਅਤੇ ਇੰਨ੍ਹਾਂ ਗਲਤ ਧਾਰਨਾਵਾਂ ਦੇ ਕਾਰਨ ਅਤੇ ਜਵਾਬ ਲੱਭਣ ਦਾ ਯਤਨ ਕੀਤਾ ਹੈ।

ਇਹ ਵੀ ਪੜ੍ਹੋ:

ਇੰਨ੍ਹਾਂ ਲੋਕਾਂ ਨੇ ਆਪੋ ਆਪਣੇ ਤਜ਼ਰਬੇ ਦੇ ਅਧਾਰ 'ਤੇ ਸਲਾਹ ਦਿੱਤੀ ਹੈ ਪਰ ਵੈਕਸੀਨ ਲੈਣ ਅਤੇ ਵੈਕਸੀਨ ਲੈਣ ਤੋਂ ਬਾਅਦ ਦੀ ਸਥਿਤੀ ਬਾਰੇ ਹਮੇਸ਼ਾਂ ਹੀ ਆਪਣੇ ਡਾਕਟਰ ਕੋਲੋਂ ਸਲਾਹ ਲਵੋ।

ਵੈਕਸੀਨ ਲੈਣ ਤੋਂ ਬਾਅਦ ਨਪੁੰਸਕ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ?

ਯਤਿਨ ਮੇਹਤਾ: ਇਹ ਬਿਲਕੁੱਲ ਹੀ ਗਲਤ ਗੱਲ ਹੈ। ਕੋਰੋਨਾ ਦਾ ਟੀਕਾ ਵਾਇਰਸ ਨੂੰ ਇੰਫਟਰਾਇਲ ਬਣਾਉਦਾ ਹੈ ਨਾ ਕਿ ਇਨਸਾਨਾਂ ਨੂੰ।

ਈਸ਼ਵਰ ਗਿਲਾਡਾ: ਅਜਿਹੀਆਂ ਅਫ਼ਵਾਹਾਂ ਹਰ ਤਰ੍ਹਾਂ ਦੀ ਵੈਕਸੀਨ ਦੇ ਆਉਣ ਮੌਕੇ ਉੱਡਦੀਆਂ ਹਨ ਅਤੇ ਪਿਛਲੇ ਮੌਕਿਆਂ 'ਤੇ ਅਸੀਂ ਵੇਖਿਆ ਹੈ ਕਿ ਉਹ ਗਲਤ ਸਾਬਤ ਹੋਈਆਂ ਹਨ। ਇਸੇ ਤਰ੍ਹਾਂ ਕੋਰੋਨਾ ਵੈਕਸੀਨ ਸਬੰਧੀ ਵੀ ਲੋਕ ਪੁੱਠੀਆਂ ਸਿੱਧੀਆਂ ਗੱਲਾਂ ਕਰ ਰਹੇ ਹਨ। ਅਜਿਹੇ ਲੋਕਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।

ਕੋਵਿਡ ਵੈਕਸੀਨ

ਤਸਵੀਰ ਸਰੋਤ, Getty Images

ਗਰਭਵਤੀ ਔਰਤਾਂ ਦਾ ਗਰਭਪਾਤ ਹੋ ਸਕਦਾ ਹੈ?

ਭਾਰਤ 'ਚ ਗਰਭਵਤੀ ਔਰਤਾਂ ਨੂੰ ਅਜੇ ਵੈਕਸੀਨ ਨਹੀਂ ਦਿੱਤੀ ਜਾ ਰਹੀ ਹੈ। ਪਰ ਲੋਕ ਹੁਣ ਤੋਂ ਹੀ ਅਜਿਹੇ ਡਰ, ਸ਼ੱਕ ਪੈਦਾ ਕਰ ਰਹੇ ਹਨ।

ਯਤਿਨ ਮਹਿਤਾ: ਭਾਰਤ 'ਚ ਅਜੇ ਤੱਕ ਗਰਭਵਤੀ ਔਰਤਾਂ ਲਈ ਟੀਕਾਕਰਨ ਦੀ ਮਨਜ਼ੂਰੀ ਨਹੀਂ ਮਿਲੀ ਹੈ। ਇਸ ਦਾ ਕਾਰਨ ਇਹ ਹੈ ਕਿ ਗਰਭਵਤੀ ਔਰਤਾਂ 'ਤੇ ਵੈਕਸੀਨ ਦੀ ਟਰਾਇਲ ਦੀ ਪ੍ਰਕਿਰਿਆ ਅਜੇ ਮੁਕੰਮਲ ਨਹੀਂ ਹੋਈ ਹੈ। ਹਾਲਾਂਕਿ ਨਵ-ਜੰਮੇ ਬੱਚਿਆਂ ਵਾਲੀਆਂ ਮਾਵਾਂ ਵੈਕਸੀਨ ਲੈ ਸਕਦੀਆਂ ਹਨ।

ਈਸ਼ਵਰ ਗਿਲਾਡਾ: ਹੁਣ ਤੱਕ ਦੇ ਅਧਿਐਨ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਕੋਵਿਡ ਦੇ ਟੀਕੇ ਦਾ ਗਰਭ ਅਵਸਥਾ 'ਤੇ ਕੋਈ ਪ੍ਰਭਾਵ ਨਹੀਂ ਹੁੰਦਾ ਹੈ। ਅਮਰੀਕਾ, ਬ੍ਰਿਟੇਨ ਅਤੇ ਚੀਨ 'ਚ ਗਰਭਵਤੀ ਔਰਤਾਂ ਵੈਕਸੀਨ ਲਗਵਾ ਰਹੀਆਂ ਹਨ। ਅਜਿਹੀ ਸਥਿਤੀ 'ਚ ਭਾਰਤ 'ਚ ਵੀ ਜਲਦੀ ਹੀ ਗਰਭਵਤੀ ਔਰਤਾਂ ਲਈ ਕੋਵਿਡ ਵੈਕਸੀਨ ਲੈਣ ਦੀ ਮਨਜ਼ੂਰੀ ਮਿਲ ਜਾਵੇਗੀ।

ਜੇਕਰ ਭਾਰਤ 'ਚ ਗਰਭਵਤੀ ਔਰਤਾਂ ਲਈ ਕੋਵਿਡ ਦੇ ਟੀਕੇ ਨੂੰ ਹਰੀ ਝੰਡੀ ਮਿਲ ਵੀ ਜਾਵੇ ਤਾਂ ਵੀ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਵੈਕਸੀਨ ਲਈ ਜਾਵੇ।

ਕੋਵਿਡ ਵੈਕਸੀਨ

ਤਸਵੀਰ ਸਰੋਤ, Getty Images

ਕੀ ਕੋਵਿਡ ਵੈਕਸੀਨ ਲੈਣ ਤੋਂ ਬਾਅਧ ਵੀ ਕੋਵਿਡ ਦੀ ਲਾਗ ਲੱਗ ਸਕਦੀ ਹੈ?

ਯਤਿਨ ਮਹਿਤਾ: ਕੋਵਿਡ ਦੀ ਲਾਗ ਦਾ ਅਸਰ ਕਈ ਵਾਰ 14 ਦਿਨ ਬਾਅਦ ਪਤਾ ਲੱਗਦਾ ਹੈ। ਇਸ ਲਈ ਜੇਕਰ ਤੁਸੀਂ ਵੈਕਸੀਨ ਲਗਵਾਉਣ ਤੋਂ ਪਹਿਲਾਂ ਹੀ ਲਾਗ ਨਾਲ ਪ੍ਰਭਾਵਿਤ ਹੋ ਗਏ ਹੋ ਤਾਂ ਕੋਵਿਡ ਦਾ ਟੀਕਾ ਲਗਵਾਉਣ ਤੋਂ ਬਾਅਦ ਵੀ ਲਾਗ ਦਾ ਪ੍ਰਭਾਵ ਜਾਰੀ ਰਹੇਗਾ, ਕਿਉਂਕਿ ਵੈਕਸੀਨੇਸ਼ਨ ਤੋਂ ਬਾਅਦ ਐਂਟੀਬਾਡੀਜ਼ ਤਿਆਰ ਹੋਣ 'ਚ ਸਮਾਂ ਲੱਗਦਾ ਹੈ।

ਇਸ ਲਈ ਲਗਭਗ 2 ਹਫ਼ਤਿਆਂ ਦਾ ਸਮਾਂ ਲੱਗਦਾ ਹੈ। ਭਾਵੇਂ ਵੈਕਸੀਨ ਲੈਣ ਤੋਂ ਬਾਅਦ ਵੀ ਲਾਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਪਰ ਵੈਕਸੀਨ ਨਾਲ ਸਾਡਾ ਸਰੀਰ ਵਾਇਰਸ ਦੇ ਖ਼ਿਲਾਫ਼ ਮੁਕਾਬਲਾ ਕਰਨ ਲਈ ਵਧੇਰੇ ਮਜ਼ਬੂਤ ਹੋ ਜਾਂਦਾ ਹੈ। ਇਹ ਕਾਫ਼ੀ ਹੱਦ ਤੱਕ ਤੁਹਾਡੀ ਆਪਣੀ ਸਰੀਰਕ ਸਥਿਤੀ 'ਤੇ ਵੀ ਨਿਰਭਰ ਕਰਦਾ ਹੈ।

ਈਸ਼ਵਰ ਗਿਲਾਡਾ: ਇਸ ਸਥਿਤੀ ਨੂੰ ਬ੍ਰੇਕਥਰੂ ਇਨਫੈਕਸ਼ਨ ਕਿਹਾ ਜਾਂਦਾ ਹੈ। ਵਧੇਰੇ ਮਾਮਲਿਆਂ 'ਚ ਸਾਹਮਣੇ ਆਇਆ ਹੈ ਕਿ ਤੁਸੀਂ ਵੈਕਸੀਨ ਲੈਣ ਤੋਂ ਪਹਿਲਾਂ ਹੀ ਲਾਗ ਦੀ ਲਪੇਟ 'ਚ ਆ ਗਏ ਸੀ।

ਇਹ ਵੀ ਸੰਭਵ ਹੈ ਕਿ ਵੈਕਸੀਨ ਲਗਵਾਉਣ ਮੌਕੇ ਘਰ ਤੋਂ ਵੈਕਸੀਨ ਕੇਂਦਰ ਤੱਕ ਜਾਣ ਜਾਂ ਫਿਰ ਵੈਕਸੀਨ ਲੈਣ ਦੀ ਪ੍ਰਕਿਰਿਆ ਦੌਰਾਨ ਤੁਸੀਂ ਲਾਗ ਨਾਲ ਪ੍ਰਭਾਵਿਤ ਹੋ ਗਏ ਹੋਵੋ। ਪਰ ਵੈਕਸੀਨੇਸ਼ਨ ਤੁਹਾਨੂੰ ਕੋਰੋਨਾ ਤੋਂ ਬਚਾਉਂਦੀ ਜ਼ਰੂਰ ਹੈ।

ਵੈਕਸੀਨ ਨਾਲ ਪ੍ਰਤੀਰੋਧਕ ਸ਼ਕਤੀ ਬਿਹਤਰ ਹੁੰਦੀ ਹੈ। ਵੱਖ-ਵੱਖ ਖੋਜਾਂ 'ਚ ਵੇਖਿਆ ਗਿਆ ਹੈ ਕਿ ਵੈਕਸੀਨ ਲੈਣ ਤੋਂ ਬਾਅਦ ਲਾਗ ਦਾ ਪ੍ਰਭਾਵ ਵਧੇਰੇ ਮਾਰੂ ਨਹੀਂ ਹੁੰਦਾ ਹੈ।

ਕੋਵਿਡ ਵੈਕਸੀਨ

ਤਸਵੀਰ ਸਰੋਤ, Getty Images

ਕੀ ਕੋਵਿਡ ਦਾ ਟੀਕਾ ਲੈਣ ਤੋਂ ਬਾਅਦ ਸਰੀਰ 'ਚ ਖੂਨ ਦਾ ਜੰਮਣਾ ਅਤੇ ਦਿਲ ਦੇ ਰੋਗ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ?

ਯਤਿਨ ਮਹਿਤਾ: ਟੀਕਾਕਰਨ ਤੋਂ ਬਾਅਦ ਸਰੀਰ 'ਚ ਖੂਨ ਦਾ ਜਮਾਵ ਹੋ ਸਕਦਾ ਹੈ, ਪਰ ਭਾਰਤ 'ਚ ਇਸ ਤਰ੍ਹਾਂ ਦੇ ਮਾਮਲੇ ਬਹੁਤ ਘੱਟ ਦਰਜ ਕੀਤੇ ਗਏ ਹਨ। ਇਹ ਸਮੱਸਿਆ ਯੂਰਪ ਦੇ ਬਜ਼ੁਰਗਾਂ 'ਚ ਵਧੇਰੇ ਵੇਖੀ ਗਈ ਹੈ।

ਪਰ ਭਾਰਤ 'ਚ ਇਸ ਸਬੰਧੀ ਕੋਈ ਵਿਰਲਾ ਹੀ ਮਾਮਲਾ ਵੇਖਣ ਨੂੰ ਮਿਲਿਆ ਹੈ।

ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੀ ਕਮੇਟੀ ਏਆਈਐਫ਼ਆਈ ਨੇ ਪਿਛਲੇ ਦਿਨਾਂ 'ਚ ਇੱਕ ਅਧਿਐਨ 'ਚ ਪਾਇਆ ਕਿ ਭਾਰਤ 'ਚ ਪ੍ਰਤੀ ਦੱਸ ਲੱਖ ਲੋਕਾਂ ਪਿੱਛੇ 0.61% ਲੋਕਾਂ 'ਚ ਖੂਨ ਦੇ ਜੰਮਣ ਦੀ ਸ਼ਿਕਾਇਤ ਆਈ ਸੀ।

ਦਿਲ ਦੇ ਰੋਗਾਂ 'ਚ ਪਹਿਲਾਂ ਹੀ ਕੋਮੋਰਬਿਡਿਟੀ ਮੌਜੂਦ ਰਹੀ ਹੈ । ਇਸ ਲਈ ਕੋਮੋਰਬਿਡਿਟੀ ਹੋਣ 'ਤੇ ਆਪਣੇ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਵੈਕਸੀਨ ਲਵੋ।

ਈਸ਼ਵਰ ਗਿਲਾਡਾ: ਜੇਕਰ ਮਨੁੱਖ ਦੇ ਸਰੀਰ 'ਚ ਪਾਣੀ ਵੀ ਦਵਾਈ ਦੇ ਰੂਪ 'ਚ ਦਿੱਤਾ ਜਾਵੇ ਤਾਂ ਉਸ ਦੇ ਵੀ ਮਾੜੇ ਪ੍ਰਭਾਵ ਵੇਖਣ ਨੂੰ ਮਿਲਦੇ ਹਨ। ਇਸ ਲਈ ਵੈਕਸੀਨ ਦਾ ਵੀ ਥੋੜ੍ਹਾ ਬਹੁਤ ਮਾੜਾ ਪ੍ਰਭਾਵ ਜ਼ਰੂਰ ਹੁੰਦਾ ਹੈ।

ਖੂਨ ਜੰਮਣ ਦੇ ਮਾਮਲੇ ਪ੍ਰਤੀ ਦੱਸ ਲੱਖ ਪਿੱਛੇ ਬਹੁਤ ਘੱਟ ਜਾਂ ਇੱਕ ਤੋਂ ਵੀ ਘੱਟ ਮਿਲੇ ਹਨ। ਦਿਲ ਸਬੰਧੀ ਰੋਗਾਂ 'ਚ ਵੀ ਪਹਿਲਾਂ ਤੋਂ ਹੀ ਸਮੱਸਿਆਵਾਂ ਵੇਖਣ ਨੂੰ ਮਿਲਦੀਆਂ ਹਨ।

ਇਹ ਵੀ ਪੜ੍ਹੋ

ਕੀ ਭਾਰਤੀ ਕੋਵਿਡ ਵੈਕਸੀਨਾਂ 'ਚ ਸੂਰ ਦੀ ਚਮੜੀ ਦੀ ਵਰਤੋਂ ਕੀਤੀ ਗਈ ਹੈ?

ਯਤਿਨ ਮਹਿਤਾ: ਇਸ 'ਚ ਕਿਸੇ ਤਰ੍ਹਾਂ ਦਾ ਕੋਈ ਤੱਥ ਨਹੀਂ ਹੈ।

ਈਸ਼ਵਰ ਗਿਲਾਡਾ: ਦਰਅਸਲ ਇਸ ਤਰ੍ਹਾਂ ਦੀ ਅਫ਼ਵਾਹ ਵੀ ਕਿਸੇ ਖਾਸ ਧਰਮ ਦੇ ਲੋਕਾਂ ਨੂੰ ਟੀਕਾਕਰਨ ਦੀ ਪ੍ਰਕਿਰਿਆ ਤੋਂ ਦੂਰ ਰੱਖਣ ਲਈ ਫੈਲਾਈ ਜਾਂਦੀ ਹੈ। ਇਸ 'ਚ ਕਦੇ ਵੀ ਕੋਈ ਸੱਚਾਈ ਸਾਹਮਣੇ ਨਹੀਂ ਆਈ ਹੈ। ਕੋਵੀਸ਼ੀਲਡ 'ਚ ਚਿੰਪਾਂਜੀ ਦੇ ਐਨਟੀਵਾਇਰਸ ਦੀ ਵਰਤੋਂ ਜ਼ਰੂਰ ਕੀਤੀ ਗਈ ਹੈ।

ਕੀ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਮੀਟ ਜਾਂ ਮੱਛੀ ਖਾਦਾ ਜਾ ਸਕਦਾ ਹੈ?

ਯਤਿਨ ਮਹਿਤਾ: ਬਿਲਕੁਲ ਖਾ ਸਕਦੇ ਹੋ।

ਈਸ਼ਵਰ ਗਿਲਾਡਾ: ਵੈਕਸੀਨ ਲੈਣ ਤੋਂ ਬਾਅਦ ਤੁਸੀਂ ਵੱਡੀ ਪਾਰਟੀ ਕਰ ਸਕਦੇ ਹੋ, ਜੋ ਜੀਅ ਚਾਹੇ ਖਾ ਸਕਦੇ ਹੋ।

ਕੀ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਸ਼ਰਾਬ ਪੀ ਸਕਦੇ ਹਾਂ?

ਯਤਿਨ ਮਹਿਤਾ: ਕੋਵਿਡ ਵੈਕਸੀਨ ਲੈਣ ਤੋਂ ਬਾਅਦ ਕੁਝ ਦਿਨਾਂ ਤੱਕ ਸ਼ਰਾਬ ਨਹੀਂ ਪੀਣੀ ਚਾਹੀਦੀ ਹੈ। ਕੁਝ ਦਿਨਾਂ ਤੱਕ ਇਸ ਤੋਂ ਪਰਹੇਜ਼ ਹੀ ਕਰੋ।

ਈਸ਼ਵਰ ਗਿਲਾਡਾ: ਤੁਹਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਵੈਕਸੀਨ ਲੈਣ ਤੋਂ ਬਾਅਦ ਤੁਹਾਡੇ ਸਰੀਰ 'ਤੇ ਕੀ ਪ੍ਰਭਾਵ ਹੁੰਦਾ ਹੈ, ਕਿਉਂਕਿ ਫੋਰੇਨ ਬਾੱਡੀ ਦੇ ਦਾਖਲੇ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰਭਾਵ ਵੇਖਣ ਨੂੰ ਮਿਲਦੇ ਹਨ।

ਕੋਵਿਡ ਵੈਕਸੀਨ

ਤਸਵੀਰ ਸਰੋਤ, Ani

ਕੀ ਕੋਵਿਡ ਵੈਕਸੀਨ 'ਚ ਮਾਈਕਰੋਚਿੱਪ ਦੀ ਵਰਤੋਂ ਕੀਤੀ ਗਈ ਹੈ?

ਯਤਿਨ ਮਹਿਤਾ: ਵੈਕਸੀਨ ਵੱਖੋ ਵੱਖ ਕਿਸਮ ਦੀਆਂ ਹਨ ਅਤੇ ਵੱਖ-ਵੱਖ ਸ਼ੀਸ਼ੀਆਂ 'ਚ ਹਨ। ਇਸ ਲਈ ਇਹ ਸੰਭਵ ਹੀ ਨਹੀਂ ਕਿ ਹਰ ਕਿਸੇ 'ਚ ਚਿੱਪ ਲਗਾਈ ਜਾਵੇ। ਤਰਲ ਪਦਾਰਥ 'ਚ ਕਿਵੇਂ ਕੋਈ ਚਿੱਪ ਲਗਾ ਸਕਦਾ ਹੈ? ਇਹ ਸਭ ਫਜ਼ੂਲ ਦੀਆਂ ਗੱਲਾਂ ਹਨ।

ਈਸ਼ਵਰ ਗਿਲਾਡਾ: ਪਹਿਲੀ ਗੱਲ ਇਹ ਕਿ ਵੈਕਸੀਨ ਤਰਲ ਹੈ ਅਤੇ ਦੂਜੀ ਗੱਲ ਕਿ ਉਸ ਨੂੰ ਪਤਲੀ ਸਰਿੰਜ ਜ਼ਰੀਏ ਸਰੀਰ 'ਚ ਪਾਇਆ ਜਾਂਦਾ ਹੈ। ਅਜਿਹੇ 'ਚ ਕੋਈ ਚਿੱਪ ਕਿਵੇਂ ਸਰਿੰਜ ਰਾਹੀਂ ਸਰੀਰ 'ਚ ਲਗਾਈ ਜਾ ਸਕਦੀ ਹੈ?

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀ ਵੈਕਸੀਨ ਲੈਣ ਮੌਕੇ ਜਾਂਚ ਕਰਾਉਣ 'ਤੇ ਕੋਵਿਡ ਹੋ ਸਕਦਾ ਹੈ?

ਯਤਿਨ ਮਹਿਤਾ: ਵੈਕਸੀਨ ਲੈਣ ਨਾਲ ਕੋਵਿਡ-19 ਹੋਣ ਦਾ ਖ਼ਤਰਾ ਨਹੀਂ ਹੈ। ਵੈਕਸੀਨ ਲੈਣ ਤੋਂ ਪਹਿਲਾਂ ਹੀ ਜੇਕਰ ਤੁਸੀਂ ਕੋਵਿਡ ਦੀ ਲਪੇਟ 'ਚ ਹੋ ਤਾਂ ਟੈਸਟ ਦੌਰਾਨ ਉਸ ਦਾ ਪਤਾ ਲੱਗ ਸਕਦਾ ਹੈ।

ਈਸ਼ਵਰ ਗਿਲਾਡਾ: ਵੈਕਸੀਨ ਲੈਣ ਤੋਂ ਬਾਅਦ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਸਰੀਰ 'ਚ ਐਂਟੀਬਾਡੀ ਨਹੀਂ ਬਣੀ ਹੈ। ਲਖਨਊ 'ਚ ਤਾਂ ਇੱਕ ਵਿਅਕਤੀ ਨੇ ਅਦਾਲਤ 'ਚ ਮੁਕੱਦਮਾ ਵੀ ਦਾਇਰ ਕਰ ਦਿੱਤਾ ਹੈ। ਪਰ ਇੱਥੇ ਇਹ ਸਮਝਨ ਦੀ ਲੋੜ ਹੈ ਕਿ ਐਂਟੀਬਾਡੀ ਕਈ ਕਿਸਮ ਦੀਆਂ ਹੁੰਦੀਆਂ ਹਨ- ਆਈਐਮ ਜੀ, ਆਈਐਮਐਮ।

ਆਮ ਤੌਰ 'ਤੇ ਜੋ ਟੈਸਟ ਹੁੰਦਾ ਹੈ ਉਹ ਆਈਐਮਜੀ ਦਾ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਐਂਟੀਬਾਡੀ ਵੈਕਸੀਨ ਤੋਂ ਹੀ ਬਣੇ। ਆਈਐਮਐਮ ਟੈਸਟ ਮਹਿੰਗੇ ਹੁੰਦੇ ਹਨ।

ਕੋਵਿਡ ਵੈਕਸੀਨ

ਤਸਵੀਰ ਸਰੋਤ, Getty Images

ਕੀ ਨੌਜਵਾਨਾਂ ਅਤੇ ਬੱਚਿਆਂ ਨੂੰ ਕੋਵਿਡ ਵੈਕਸੀਨ ਦੀ ਜ਼ਰੂਰਤ ਨਹੀਂ ਹੈ?

ਯਤਿਨ ਮਹਿਤਾ: ਦੇਸ਼ 'ਚ ਅਜੇ ਬੱਚਿਆਂ ਦੇ ਟੀਕਾਕਰਨ ਦੀ ਮਨਜ਼ੂਰੀ ਨਹੀਂ ਮਿਲੀ ਹੈ। ਭਾਰਤ ਦੇ ਡਰੱਗਜ਼ ਕੰਟਰੋਲ ਜਨਰਲ ਨੇ 13 ਮਈ ਨੂੰ 2 ਤੋਂ 18 ਸਾਲ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਬਾਇਓਟੈਕ ਦੀ ਕੋਵੈਕਸੀਨ ਦੇ ਦੂਜੇ ਅਤੇ ਤੀਜੇ ਗੇੜ੍ਹ ਦੇ ਟਰਾਇਲ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਰੋਗ ਨਿਯੰਤਰਣ ਅਤੇ ਰੋਕਥਾਮ ਲਈ ਅਮਰੀਕੀ ਕੇਂਦਰਾਂ ਨੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਲਦੀ ਹੀ ਭਾਰਤ 'ਚ ਵੀ ਇਹ ਮਨਜ਼ੂਰੀ ਮਿਲ ਜਾਵੇਗੀ।

ਅਸੀਂ ਵੇਖਿਆ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਨੌਜਵਾਨ ਵਧੇਰੇ ਪ੍ਰਭਾਵਿਤ ਹੋਏ ਹਨ। ਭਾਵੇਂ ਕਿ ਜ਼ਿਆਦਾਤਰ ਨੌਜਵਾਨਾਂ 'ਚ ਹਲਕੀ ਲਾਗ ਹੀ ਵੇਖਣ ਨੂੰ ਮਿਲੀ ਹੈ, ਪਰ ਕਈ ਗੰਭੀਰ ਮਾਮਲੇ ਵੀ ਦਰਜ ਕੀਤੇ ਗਏ ਹਨ।

ਇਹ ਵੀ ਵੇਖਣਾ ਜ਼ਰੂਰੀ ਹੈ ਕਿ ਕੋਈ ਨੌਜਵਾਨ ਘਰ ਤੋਂ ਬਾਹਰ ਜਾ ਕੇ ਕੰਮ ਧੰਦਾ ਕਰਦਾ ਹੈ ਜਾਂ ਕਿਸੇ ਹੋਰ ਕੰਮ ਲਈ ਘਰ ਤੋਂ ਬਾਹਰ ਰਹਿੰਦਾ ਹੈ ਤਾਂ ਅਜਿਹੀ ਸਥਿਤੀ 'ਚ ਜੇਕਰ ਉਹ ਸੰਕ੍ਰਮਿਤ ਹੁੰਦਾ ਹੈ ਤਾਂ ਉਹ ਆਪਣੇ ਨਾਲ ਹੋਰਨਾਂ ਕਈਆਂ ਨੂੰ ਸੰਕ੍ਰਮਿਤ ਕਰ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਨੌਜਵਾਨਾਂ ਦਾ ਟੀਕਾਕਰਨ ਵੀ ਬੇਹੱਦ ਜ਼ਰੂਰੀ ਹੈ।

ਈਸ਼ਵਰ ਗਿਲਾਡਾ: ਨੌਜਵਾਨਾਂ ਲਈ ਟੀਕਾਕਰਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਬੱਚਿਆਂ ਲਈ ਵੀ ਜਲਦੀ ਹੀ ਮਨਜ਼ੂਰੀ ਮਿਲ ਜਾਵੇਗੀ। ਵੈਕਸੀਨ ਹਰ ਕਿਸੇ ਲਈ ਜ਼ਰੂਰੀ ਹੈ। ਜੇਕਰ ਕੁਝ ਲੋਕ ਵੈਕਸੀਨ ਲੈਣ ਅਤੇ ਕੁਝ ਨਾ ਲੈਣ ਤਾਂ ਵਾਇਰਸ ਦੀ ਲਾਗ ਦੇ ਫ਼ੈਲਣ ਦਾ ਖ਼ਤਰਾ ਬਰਾਬਰ ਬਣਿਆ ਰਹਿੰਦਾ ਹੈ।

ਮਾਸਿਕ ਪ੍ਰਕਿਰਿਆ ਜਾਂ ਮਹਾਂਵਾਰੀ ਦੇ ਸਮੇਂ ਔਰਤਾਂ ਨੂੰ ਵੈਕਸੀਨ ਲੈਣੀ ਚਾਹੀਦੀ ਹੈ ਜਾਂ ਫਿਰ ਨਹੀਂ?

ਯਤਿਨ ਮਹਿਤਾ: ਹਾਂ, ਔਰਤਾਂ ਲੈ ਸਕਦੀਆਂ ਹਨ, ਕਿਉਂਕਿ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।

ਈਸ਼ਵਰ ਗਿਲਾਡਾ: ਮਹਾਂਵਾਰੀ 'ਚਤੇ ਵੈਕਸੀਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਇਸ ਲਈ ਔਰਤਾਂ ਬਿਨ੍ਹਾਂ ਡਰ ਦੇ ਮਹਾਂਵਾਰੀ ਦੌਰਾਨ ਵੀ ਵੈਕਸੀਨ ਲੈ ਸਕਦੀਆਂ ਹਨ।

ਕੀ ਕੋਵਿਡ ਹੋਣ ਤੋਂ ਬਾਅਵੈਕਸੀਨ ਦੀ ਲੋੜ ਨਹੀਂ ਹੈ?

ਯਤਿਨ ਮਹਿਤਾ: ਇਹ ਪੂਰੀ ਤਰ੍ਹਾਂ ਨਾਲ ਸਹੀ ਨਹੀਂ ਹੈ। ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਸਰੀਰ 'ਚ ਕੁਝ ਮਹੀਨਿਆਂ ਤੱਕ ਐਂਟੀਬਾਡੀ ਰਹਿੰਦੇ ਹਨ। ਇਸ ਲਈ 2-3 ਮਹੀਨੇ ਬਾਅਦ ਵੈਕਸੀਨ ਲੈਣਾ ਚਾਹੀਦਾ ਹੈ।

ਈਸ਼ਵਰ ਗਿਲਾਡਾ: ਕੋਵਿਡ ਤੋਂ ਠੀਕ ਹੋਣ ਤੋਂ ਤੁਰੰਤ ਬਾਅਦ ਹੀ ਵੈਕਸੀਨ ਦੀ ਲੋੜ ਨਹੀਂ ਹੁੰਦੀ ਹੈ। ਅਸੀਂ ਜੁਲਾਈ 2020 ਤੋਂ ਮੁਬੰਈ 'ਚ ਹਰ ਮਹੀਨੇ ਲਗਭਗ 150 ਮਰੀਜ਼ਾਂ ਦਾ ਅਧਿਐਨ ਕੀਤਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, FAROOQ NAEEM

ਇਸ ਦੱਸ ਮਹੀਨਿਆਂ ਦੇ ਅਧਿਐਨ ਤੋਂ ਇਹ ਪਤਾ ਲੱਗਿਆ ਹੈ ਕਿ ਜਿੰਨ੍ਹਾਂ ਨੂੰ ਮੁੜ ਕੋਵਿਡ ਹੋ ਰਿਹਾ ਹੈ ਉਹ 8-10 ਮਹੀਨਿਆਂ ਬਾਅਦ ਹੀ ਹੋ ਰਿਹਾ ਹੈ।

ਜਿੰਨ੍ਹਾਂ ਲੋਕਾਂ ਨੂੰ 15-20 ਦਿਨਾਂ 'ਚ ਮੁੜ ਕੋਵਿਡ ਹੋਣ ਦੀ ਸ਼ਿਕਤਾਇਤ ਮਿਲੀ ਹੈ, ਉਹ ਵੀ ਗਲਤ ਨਹੀਂ ਹੈ, ਕਿਉਂਕਿ ਅਜਿਹੇ ਮਾਮਲਿਆਂ 'ਚ ਇਹ ਸਥਿਤੀ ਬਣ ਰਹੀ ਹੈ ਕਿ ਉਹ ਕੋਵਿਡ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੀ ਨਹੀਂ ਹੋਏ ਸਨ ਅਤੇ ਉਨ੍ਹਾਂ ਦੀ ਰਿਪੋਰਟ ਨੈਗਟਿਵ ਆ ਗਈ। ਪਰ ਅਜਿਹੇ ਮਾਮਲੇ ਬਹੁਤ ਘੱਟ ਦਰਜ ਕੀਤੇ ਗਏ ਹਨ।

ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਵੈਕਸੀਨ ਕਿੰਨ੍ਹੇ ਦਿਨਾਂ ਬਾਅਦ ਲਈ ਜਾਵੇ ਇਸ ਸਬੰਧੀ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ।

ਕੋਵਿਡ ਵੈਕਸੀਨ

ਤਸਵੀਰ ਸਰੋਤ, Ani

ਕੀ ਫਲੂ ਦੇ ਟੀਕੇ ਕੋਵਿਡ ਤੋਂ ਬਚਾਉਂਦੇ ਹਨ ਜਾਂ ਫਿਰ ਨਹੀਂ?

ਯਤਿਨ ਮਹਿਤਾ: ਕੋਈ ਵੀ ਫਲੂ ਵੈਕਸੀਨ ਕੋਵਿਡ ਤੋਂ ਬਚਾਉਣ ਦੇ ਯੋਗ ਨਹੀਂ ਹੈ।

ਈਸ਼ਵਰ ਗਿਲਾਡਾ: ਅਜੇ ਤੱਕ ਤਾਂ ਕੋਈ ਵੀ ਫਲੂ ਵੈਕਸੀਨ ਕੋਵਿਡ ਲਈ ਕਾਰਗਰ ਸਿੱਧ ਨਹੀਂ ਹੋਇਆ ਹੈ।

ਕੀ ਕੋਵਿਡ ਵੈਕਸੀਨ ਤੋਂ ਬਾਅਦ ਮਾਸਕ ਅਤੇ ਸੋਸ਼ਲ ਦੂਰੀ ਵਰਗੇ ਨੇਮਾਂ ਦੀ ਪਾਲਣਾ ਜ਼ਰੂਰੀ ਹੈ?

ਯਤਿਨ ਮਹਿਤਾ: ਕੋਵਿਡ ਵੈਕਸੀਨ ਲੈਣ ਤੋਂ ਬਾਅਧ ਵੀ ਤੁਹਾਨੂੰ ਲਾਗ ਤੋਂ ਬਚੇ ਰਹਿਣ ਲਈ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਪਹਿਲਾਂ ਵਾਂਗ ਹੀ ਕਰਨੀ ਚਾਹੀਦੀ ਹੈ। ਮਾਸਕ ਅਤੇ ਸੋਸ਼ਲ ਦੂਰੀ ਵਰਗੇ ਨੇਮਾਂ ਦੀ ਪਾਲਣਾ ਕਰਕੇ ਹੀ ਤੁਸੀਂ ਲਾਗ ਫਲਾਉਣ ਵਾਲੇ ਕਾਰਕ ਵੱਜੋਂ ਆਪਣੇ ਆਪ ਨੂੰ ਬਚਾ ਸਕਦੇ ਹੋ।

ਈਸ਼ਵਰ ਗਿਲਾਡਾ: ਵੈਕਸੀਨ ਲੈਣ ਤੋਂ ਬਾਅਦ ਵੀ ਤੁਹਾਨੂੰ ਸੋਸ਼ਲ ਦੂਰੀ ਅਤੇ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦਾ ਮਹੱਤਵਪੂਰਨ ਕਾਰਨ ਇਹ ਹੈ ਕਿ ਤੁਸੀਂ ਕੋਰੋਨਾ ਵਾਇਰਸ ਦੇ ਕੈਰੀਅਰ ਬਣ ਸਕਦੇ ਹੋ। ਭਾਵ ਇਹ ਹੈ ਕਿ ਕਿਸੇ ਸੰਕ੍ਰਮਿਤ ਵਿਅਕਤੀ ਤੋਂ ਲਾਗ ਲੈ ਕੇ ਤੁਸੀਂ ਕਿਸੇ ਦੂਜੇ ਵਿਅਕਤੀ ਨੂੰ ਦੇ ਸਕਦੇ ਹੋ।

ਤੁਹਾਨੂੰ ਤਾਂ ਕੋਰੋਨਾ ਨਹੀਂ ਹੋਵੇਗਾ, ਪਰ ਤੁਸੀਂ ਇਸ ਦੇ ਕੈਰੀਅਰ ਬਣ ਸਕਦੇ ਹੋ। ਇਸ ਤੋਂ ਇਲਾਵਾ ਵੱਖ-ਵੱਖ ਰੂਪ ਦੇ ਵਾਇਰਸ ਸਾਹਮਣੇ ਆ ਰਹੇ ਹਨ। ਇਸ ਲਈ ਸਾਵਧਾਨੀ ਵਰਤਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)