ਕੋਰੋਨਾਵਾਇਰਸ: ਹਰਿਆਣਾ ਦੇ ਕਈ ਪਿੰਡਾਂ ਦਾ ਹਾਲ - ਪਹਿਲਾਂ ਬੁਖ਼ਾਰ, ਫ਼ਿਰ ਮੌਤ

ਤਸਵੀਰ ਸਰੋਤ, BBC/Sat Singh
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਲੌਕਡਾਊਨ ਲਗਾਉਣ ਤੋਂ ਬਾਅਦ ਹਰਿਆਣਾ ਸਰਕਾਰ ਕੋਰੋਨਾਵਾਇਰਸ ਦੀ ਹਾਲਤ ਨੂੰ ਸੰਭਾਲਣ ਦਾ ਦਾਅਵਾ ਕਰ ਰਹੀ ਹੈ।
ਪਰ ਦੂਜੇ ਪਾਸੇ ਪੇਂਡੂ ਇਲਾਕਿਆਂ ਵਿੱਚ ਲੰਘੇ ਕੁਝ ਦਿਨਾਂ ਤੋਂ ਕਈ ਲੋਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ।
ਰੋਹਤਕ ਤੋਂ 10 ਕਿਲੋਮੀਟਰ ਦੂਰ ਟਿਟੌਲੀ ਪਿੰਡ ਵਿੱਚ ਲੰਘੇ ਦੋ ਹਫ਼ਤਿਆਂ ਵਿੱਚ 30 ਤੋਂ ਜ਼ਿਆਦਾ ਲੋਕ ਮਰੇ ਹਨ। ਪਿੰਡ ਦੀ ਸਰਪੰਚ ਪ੍ਰੋਮਿਲਾ ਦੇ ਨੁਮਾਇੰਦੇ ਸੁਰੇਸ਼ ਕੁਮਾਰ ਕਹਿੰਦੇ ਹਨ ਕਿ ਸਾਰੀਆਂ ਮੌਤਾਂ ਦਾ ਕਾਰਨ ਇੱਕੋ ਜਿਹਾ ਰਿਹਾ ਹੈ।
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ, "ਪਹਿਲਾਂ ਦੋ ਦਿਨ ਤਾਂ ਬੁਖ਼ਾਰ ਚੜ੍ਹਿਆ ਅਤੇ ਫ਼ਿਰ ਮੌਤ ਹੋ ਗਈ। ਮਰਣ ਵਾਲਿਆਂ ਵਿੱਚ ਜਵਾਨ, ਮੱਧ ਉਮਰ ਦੇ ਅਤੇ ਬਜ਼ੁਰਗ...ਹਰ ਤਰ੍ਹਾਂ ਦੇ ਲੋਕ ਸਨ। ਹਾਲਾਂਕਿ ਇਨ੍ਹਾਂ ਵਿੱਚੋਂ ਕਈ ਮਰਣ ਵਾਲਿਆਂ ਦਾ ਕੋਰੋਨਾ ਟੈਸਟ ਨਹੀਂ ਹੋਇਆ ਸੀ ਪਰ ਸਾਨੂੰ ਸ਼ੱਕ ਹੈ ਕਿ ਬਿਮਾਰੀ ਦਾ ਕਾਰਣ ਕੋਰੋਨਾ ਹੀ ਹੋ ਸਕਦਾ ਹੈ।"
ਸੁਰੇਸ਼ ਅੱਗੇ ਦੱਸਦੇ ਹਨ ਕਿ ਹਾਲਾਂਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਦਾ ਸਾਥ ਅਤੇ ਮੁਸਤੈਦੀ ਹੀ ਉਨ੍ਹਾਂ ਦੇ ਪਿੰਡ ਨੂੰ ਹੁਣ ਬਚਾ ਸਕਦੀ ਹੈ।
ਸੁਰੇਸ਼ ਕਹਿੰਦੇ ਹਨ, ''ਹੁਣ ਅਸੀਂ ਬਚਾਅ ਲਈ ਪਿੰਡ ਵਿੱਚ ਹਵਨ, ਪੂਜਾ ਸ਼ੁਰੂ ਕੀਤਾ ਹੈ ਤਾਂ ਜੋ ਲੋਕਾਂ ਦੇ ਮਨ ਨੂੰ ਸ਼ਾਂਤੀ ਮਿਲੇ ਕਿਉਂਕਿ ਇੱਕ ਡਰ ਦਾ ਮਾਹੌਲ ਹੈ। ਪਿੰਡ ਵਿੱਚ ਲਗਭਗ ਹਰ ਗਲੀ ਵਿੱਚ ਇੱਕ ਮੌਤ ਜ਼ਰੂਰ ਹੋਈ ਹੈ। ਇੱਕ ਥਾਂ ਲੋਕ ਅਫ਼ਸੋਸ ਜ਼ਾਹਿਰ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਦੂਜੇ ਪਾਸੇ ਹੋਰ ਕਿਸੇ ਦੀ ਮੌਤ ਦੀ ਖ਼ਬਰ ਆ ਜਾਂਦੀ ਹੈ।''

ਤਸਵੀਰ ਸਰੋਤ, BBC/Sat Singh
''ਹੁਣ ਤਾਂ ਅਸੀਂ ਲੋਕਾਂ ਨੂੰ ਸੋਗ ਕਰਨ ਦੀ ਮਨਾਹੀ ਕਰ ਦਿੱਤੀ ਹੈ ਕਿਉਂਕਿ ਉਸ ਨਾਲ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ।''
ਸੁਰੇਸ਼ ਦਾਅਵਾ ਕਰਦੇ ਹਨ ਕਿ ਰਮਿੰਦਰ ਹੁੱਡਾ ਕਿਲੋਈ ਪਿੰਡ ਦੇ ਰਹਿਣ ਵਾਲੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ ਵੀ ਬੁਖ਼ਾਰ ਚੜ੍ਹਨ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ।
ਇਸੇ ਤਰ੍ਹਾਂ ਆਲੇ-ਦੁਆਲੇ ਦੇ ਕਈ ਪਿੰਡਾਂ ਵਿੱਚ ਮੌਤਾਂ ਅਤੇ ਬੁਖ਼ਾਰ ਦਾ ਸਿਲਸਿਲਾ ਰੁੱਕ ਨਹੀਂ ਰਿਹਾ।
ਹਿਸਾਰ ਦੇ ਪਿੰਡ ਵਿੱਚ ਵੀ ਇਹੀ ਹਾਲ
ਰੋਹਤਕ ਹੀ ਨਹੀਂ ਸਗੋਂ ਨਾਲ ਲਗਦੇ ਜ਼ਿਲ੍ਹੇ ਹਿਸਾਰ ਵਿੱਚ ਵੀ ਇਸੇ ਤਰ੍ਹਾਂ ਦਾ ਹਾਲ ਹੈ।
ਮੁੰਢਾਲ ਖੁਰਦ ਪਿੰਡ ਦੀ ਪੰਚਾਇਤ ਨੇ ਇੱਕ ਹਫ਼ਤੇ ਲਈ ਆਪਣੇ ਪਿੰਡ ਦੀ ਐਂਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।


ਮੀਡੀਆ ਨਾਲ ਗੱਲਬਾਤ ਦੌਰਾਨ ਪਿੰਡ ਦੇ ਸਰਪੰਚ ਵਿਜੇ ਪਾਲ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ 25 ਲੋਕਾਂ ਦੀ ਮੌਤ ਕੋਰੋਨਾ ਅਤੇ ਬੁਖ਼ਾਰ ਕਾਰਨ ਹੋਈ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਬਿਮਾਰੀ ਦੇ ਲੱਛਣ ਹਨ।
ਵਿਜੇ ਪਾਲ ਮੁਤਾਬਕ ਸ਼ਹਿਰ ਵਿੱਚ ਤਾਂ ਲੌਕਡਾਊਨ ਦਾ ਅਸਰ ਹੈ ਪਰ ਪਿੰਡ ਵਿੱਚ ਕੋਈ ਨਿਯਮਾਂ ਨੂੰ ਨਹੀਂ ਮੰਨਦਾ। ਇਸ ਲਈ ਪੰਚਾਇਤ ਨੇ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕੀਤਾ ਹੈ ਅਤੇ ਪਿੰਡ ਦੀ ਹੱਦ ਨੂੰ ਸੀਲ ਕਰਨ ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, BBC/Sat Singh
ਪਿੰਡ ਦੇ ਸਰਪੰਚ ਨੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ।
ਹਿਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਰਨੌਂਦ ਸਬ ਡਿਵੀਜ਼ਨ ਦੇ 10 ਪਿੰਡਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ ਤਾਂ ਜੋ ਲਾਗ ਨੂੰ ਰੋਕਿਆ ਜਾ ਸਕੇ।
ਡਾਕਟਰ ਰਣਬੀਰ ਸਿੰਘ ਦਹੀਆ PGIMS ਰੋਹਤਕ ਤੋਂ ਰਿਟਾਇਰਡ ਪ੍ਰੋਫ਼ੈਸਰ ਹਨ ਅਤੇ ਹਰਿਆਣਾ ਗਿਆਨ ਵਿਗਿਆਨ ਸਮਿਤੀ ਦੇ ਮੈਂਬਰ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਡਾ. ਦਹੀਆ ਕਹਿੰਦੇ ਹਨ ਕਿ ਕੋਰੇਨਾ ਦੀ ਲਾਗ ਹੁਣ ਪਿੰਡਾਂ ਤੱਕ ਪਹੁੰਚ ਗਈ ਹੈ ਅਤੇ ਇੱਸ ਪਾਸੇ ਤਾਂ ਪਿੰਡਾਂ ਵਿੱਚ ਇਸ ਬਿਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਵਹਿਮ-ਭਰਮ ਹਨ ਤਾਂ ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾਵਾਂ ਦੀ ਘਾਟ ਹੈ।
ਉਹ ਕਹਿੰਦੇ ਹਨ, ''ਕਹਿਣ ਨੂੰ ਤਾਂ ਪਿੰਡ ਪੱਧਰ 'ਤੇ PHC, CHC ਹਨ ਪਰ ਉੱਥੇ ਨਾ ਤਾਂ ਇਲਾਜ ਹੈ ਤੇ ਨਾ ਹੀ ਦਵਾਈ। ਬੁਖ਼ਾਰ ਲਈ ਵੀ ਸ਼ਹਿਰ ਆਉਣਾ ਪੈਂਦਾ ਹੈ ਤਾਂ ਅਜਿਹੇ 'ਚ ਅਸੀਂ ਕੋਰੋਨਾ ਮਹਾਂਮਾਰੀ ਨਾਲ ਕਿਵੇਂ ਲੜਾਂਗੇ।''
ਡਾ. ਦਹੀਆ ਨੇ ਸਵਾਲ ਚੁੱਕਿਆ ਕਿ ਰੋਹਤਕ ਤੇ ਹਿਸਾਰ ਤੋਂ ਇਲਾਵਾ ਪਿੰਡ ਪੱਧਰ ਉੱਤੇ ਬੁਖ਼ਾਰ ਚੜ੍ਹਨ ਨਾਲ ਮੌਤ ਹੋਣ ਦੀ ਜਾਣਕਾਰੀ ਕਈ ਹੋਰ ਜ਼ਿਲ੍ਹਿਆਂ ਤੋਂ ਵੀ ਆ ਰਹੀ ਹੈ ਪਰ ਸਰਕਾਰ ਅਜੇ ਸ਼ਹਿਰਾਂ ਵਿੱਚ ਹੀ ਉਲਝੀ ਹੈ ਤੇ ਪਿੰਡਾਂ ਲਈ ਉਨ੍ਹਾਂ ਕੋਲ ਫੁਰਸਤ ਹੀ ਨਹੀਂ ਹੈ।
ਉਧਰ ਸਾਨੂੰ PGIMS ਰੋਹਤਕ ਦੇ ਇੱਕ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਕੋਵਿਡ ਹਸਪਤਾਲ ਵਿੱਚ ਹੈ।
ਉਹ ਕਹਿੰਦੇ ਹਨ, ''ਪਿਛਲੇ 10 ਦਿਨਾਂ ਤੋਂ ਇੱਕੋ ਦਮ ਪਿੰਡਾਂ ਤੋਂ ਜ਼ਿਆਦਾ ਮਰੀਜ਼ ਆਉਣੇ ਸ਼ੁਰੂ ਹੋ ਗਏ ਹਨ। ਸਾਰਿਆਂ ਦੇ ਲੱਛਣ ਇੱਕੇ ਜਿਹੇ ਹਨ, ਬੁਖ਼ਾਰ ਦੀ ਸ਼ਿਕਾਇਤ ਲੈ ਕੇ ਆਉਂਦੇ ਹਨ। ਕੁਝ ਤਾਂ ਹਸਪਤਾਲ ਤੋਂ ਇਲਾਜ ਕਰਵਾ ਕੇ ਘਰਾਂ ਨੂੰ ਚਲੇ ਗਏ ਪਰ ਬਾਅਦ ਵਿੱਚ ਉਨ੍ਹਾਂ ਦੇ ਮਰਣ ਦੀ ਖ਼ਬਰ ਆਉਂਦੀ ਹੈ।''
''ਇਲਾਜ ਤੋਂ ਬਾਅਦ ਪਰਹੇਜ਼ ਰੱਖਣ ਅਤੇ ਦਵਾਈਆਂ ਦੇ ਮਾਮਲੇ ਵਿੱਚ ਸ਼ਾਇਦ ਅਣਗਹਿਲੀ ਕਰ ਰਹੇ ਹਨ ਜਾਂ ਕੋਈ ਹੋਰ ਕਾਰਨ ਹੈ, ਇਹ ਸਭ ਸਮਝ ਤੋਂ ਬਾਹਰ ਹੈ।''
ਇੱਕ ਹੋਰ ਸੀਨੀਅਰ ਡਾਕਟਰ ਨੇ ਦੱਸਿਆ ਕਿ ਪਿੰਡ ਵਿੱਚ ਡਾਕਟਰਾਂ ਅਤੇ ਜਾਗਰੂਕਤਾ ਦੀ ਕਮੀ ਕਾਰਨ ਜ਼ਿਆਦਾਤਰ ਪਿੰਡ ਵਾਲੇ ਨੀਮ ਹਕੀਮ (ਝੋਲਾਛਾਪ ਡਾਕਟਰਾਂ) ਦੇ ਹੱਥੇ ਚੜ੍ਹ ਰਹੇ ਹਨ। ਜਿੱਥੇ ਉਨ੍ਹਾਂ ਨੂੰ ਟੈਸਟ ਨਾ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਲੱਛਣ ਹੋਣ 'ਤੇ ਪੈਰਾਸਿਟਾਮੋਲ ਅਤੇ ਇੰਜੈਕਸ਼ਨ ਨਾਲ ਠੀਕ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ।
ਡਾਕਟਰ ਨੇ ਦਾਅਵਾ ਕੀਤਾ ਕਿ ਬੁਖ਼ਾਰ ਫਿਰ ਪੂਰੇ ਪਰਿਵਾਰ ਵਿੱਚ ਫੈਲ ਜਾਂਦਾ ਹੈ ਅਤੇ ਫ਼ਿਰ ਆਂਢ-ਗੁਆਂਢ ਤੇ ਫ਼ਿਰ ਅਜਿਹਾ ਹੀ ਪਿੰਡ-ਪਿੰਡ ਹੋ ਰਿਹਾ ਹੈ।

ਤਸਵੀਰ ਸਰੋਤ, BBC/Sat Singh
ਬੀਬੀਸੀ ਨਾਲ ਗੱਲ ਕਰਦਿਆਂ ਰੋਹਤਕ ਦੇ ਡਿਪਟੀ ਕਮਿਸ਼ਨਰ ਮਨੋਜ ਕੁਮਾਰ ਨੇ ਮੰਨਿਆ ਕਿ ਲਾਗ ਪਿੰਡਾਂ ਤੱਕ ਫ਼ੈਲ ਗਈ ਹੈ ਅਤੇ ਇਸੇ ਕਾਰਨ ਉਨ੍ਹਾਂ ਨੇ ਇੱਕ ਰੂਰਲ ਸਰਵੇਅ ਕਰਵਾਇਆ ਸੀ ਜਿਸ 'ਚ ਉਨ੍ਹਾਂ ਨੂੰ 13 ਅਜਿਹੇ ਪਿੰਡ ਮਿਲੇ ਜਿੱਥੇ ਅਪ੍ਰੈਲ ਮਹੀਨੇ 'ਚ ਮੌਤ ਦਾ ਅੰਕੜਾ ਪਿਛਲੇ ਮਹੀਨੇ ਦੇ ਮੁਕਾਬਲੇ ਜ਼ਿਆਦਾ ਸੀ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਿਟੌਲੀ, ਘਿਲੌੜ, ਮੋਖਰਾ, ਮਦੀਨਾ, ਖਰਕੜਾ, ਇਸਮਾਇਲਾ ਤੇ ਕਈ ਹੋਰ ਪਿੰਡਾਂ ਵਿੱਚ ਮੁਕੰਮਲ ਨਿਗਰਾਨੀ ਰੱਖੀ ਜਾ ਰਹੀ ਹੈ। ਇਨ੍ਹਾਂ ਪਿੰਡਾਂ ਵਿੱਚ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ ਅਤੇ ਪਿੰਡ ਨੂੰ ਰੈਗੂਲਰ ਤੌਰ 'ਤੇ ਸੈਨੇਟਾਇਜ਼ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਮੁਤਾਬਕ ਕੋਵਿਡ-19 ਦੀ ਲਾਗ ਦੇ ਲੱਛਣ ਨਜ਼ਰ ਆਉਣ 'ਤੇ ਸਬੰਧਿਤ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪਿੰਡਾਂ ਵਿੱਚ ਠੀਕਰੀ ਪਹਿਰੇ ਦੇ ਹੁਕਮ ਦਿੱਤੇ ਗਏ ਹਨ ਅਤੇ ਪਿੰਡ ਵਾਸੀਆਂ ਨੂੰ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਅਤੇ ਮਾਸਕ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














