ਐੱਮਕੇ ਸਟਾਲਿਨ: ਫਿਲਮਾਂ 'ਚ ਅਦਾਕਾਰੀ, ਐਮਰਜੈਂਸੀ ਦੌਰਾਨ ਜੇਲ੍ਹ ਤੇ ਫਿਰ ਤਾਮਿਲਨਾਡੂ ਦੀ ਸੱਤਾ 'ਤੇ ਕਾਬਿਜ਼ ਸਟਾਲਿਨ ਨੂੰ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਮੁਰਲੀਧਰਨ ਕਾਸੀਵਿਨਾਥਨ
- ਰੋਲ, ਬੀਬੀਸੀ ਤਮਿਲ
ਡੀਐੱਮਕੇ ਆਗੂ ਸਟਾਲਿਨ ਦੀ ਅਗਵਾਈ ਵਿਚ ਪਾਰਟੀ ਨੇ ਤਮਿਲਨਾਡੂ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ ਅਤੇ ਉਹ ਸੂਬੇ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਅੰਨਾਡੀਐਮਕੇ ਦੀ 10 ਸਾਲ ਪੁਰਾਣੀ ਸੱਤਾ ਦਾ ਅੰਤ ਕਰ ਦਿੱਤਾ ਹੈ।
ਸਟਾਲਿਨ ਨੇ ਡੀਐੱਮਕੇ ਦੇ ਇੱਕ ਸਥਾਨਕ ਪ੍ਰਤੀਨਿਧੀ ਦੇ ਤੌਰ 'ਤੇ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸਟਾਲਿਨ ਜਦੋਂ ਡੀਐੱਮਕੇ ਦੀ ਯੁਵਾ ਇਕਾਈ ਦੇ ਸਕੱਤਰ ਦੇ ਤੌਰ 'ਤੇ ਚਰਚਾ ਵਿੱਚ ਆਏ, ਉਦੋਂ ਇਸ ਦੀ ਵੰਸ਼ਵਾਦ ਦੀ ਰਾਜਨੀਤੀ ਕਹਿ ਕੇ ਆਲੋਚਨਾ ਕੀਤੀ ਗਈ। ਬਾਅਦ ਵਿੱਚ ਆਪਣੀ ਮਿਹਨਤ ਨਾਲ ਸਟਾਲਿਨ ਨੇ ਸਾਬਤ ਕਰ ਦਿੱਤਾ ਕਿ ਉਸ ਨੂੰ ਸਿਰਫ਼ ਇਸ ਲਈ ਸੱਤਾ ਨਹੀਂ ਮਿਲੀ ਹੈ ਕਿ ਉਹ ਕਰੁਣਾਨਿਧੀ ਦਾ ਬੇਟਾ ਹੈ।
ਐੱਮ ਕਰੁਣਾਨਿਧੀ ਅਤੇ ਉਨ੍ਹਾਂ ਦੀ ਦੂਜੀ ਪਤਨੀ ਦਿਆਲੂ ਅੰਮਾਲ ਦੇ ਘਰ ਇੱਕ ਮਾਰਚ 1953 ਨੂੰ ਸਟਾਲਿਨ ਦਾ ਜਨਮ ਹੋਇਆ ਸੀ। ਐੱਮ ਕੇ. ਮੁੱਥੂ ਅਤੇ ਐੱਮ.ਕੇ. ਅਲਾਗਿਰੀ ਦੇ ਬਾਅਦ ਉਹ ਕਰੁਣਾਨਿਧੀ ਦੇ ਤੀਜੇ ਬੇਟੇ ਹਨ।
ਇਹ ਵੀ ਪੜ੍ਹੋ :
ਉਨ੍ਹਾਂ ਦੇ ਜਨਮ ਦੇ ਚਾਰ ਦਿਨ ਬਾਅਦ ਸੋਵੀਅਤ ਨੇਤਾ ਜੋਸੇਫ਼ ਸਟਾਲਿਨ ਦਾ ਦੇਹਾਂਤ ਹੋ ਗਿਆ ਸੀ, ਇਸ ਲਈ ਕਰੁਣਾਨਿਧੀ ਨੇ ਉਨ੍ਹਾਂ ਦਾ ਨਾਂ ਸਟਾਲਿਨ ਰੱਖਿਆ।
ਸਟਾਲਿਨ ਨੇ ਚੇਨਈ ਦੇ ਚੇਟਪੇਟ ਵਿੱਚ ਕ੍ਰਿਸਚੀਅਨ ਕਾਲਜ ਹਾਈ ਸੈਕੰਡਰੀ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਵਿਵੇਕਾਨੰਦ ਕਾਲਜ ਤੋਂ ਪ੍ਰੀ ਯੂਨੀਵਰਸਿਟੀ ਕੋਰਸ ਕੀਤਾ।
ਉਨ੍ਹਾਂ ਨੇ ਚੇਨਈ ਦੇ ਪ੍ਰੈਜੀਡੈਂਸੀ ਕਾਲਜ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ।
ਸਟਾਲਿਨ ਨੇ ਪਿਤਾ ਕਰੁਣਾਨਿਧੀ ਨੂੰ ਜਦੋਂ ਤੋਂ ਦੇਖਿਆ, ਵਿਧਾਨ ਸਭਾ ਦੇ ਮੈਂਬਰ ਦੇ ਤੌਰ 'ਤੇ ਹੀ ਦੇਖਿਆ।

ਤਸਵੀਰ ਸਰੋਤ, Getty Images
ਰਾਜਨੀਤੀ ਦੀ ਸ਼ੁਰੂਆਤ
ਐੱਮਕੇ ਮੁੱਥੂ ਦੀ ਦਿਲਚਸਪੀ ਫ਼ਿਲਮ ਇੰਡਸਟਰੀ ਵਿੱਚ ਜ਼ਿਆਦਾ ਸੀ। ਉੱਥੇ ਸਟਾਲਿਨ ਰਾਜਨੀਤੀ ਵੱਲ ਆਕਰਸ਼ਿਤ ਹੋਏ।
ਉਨ੍ਹਾਂ ਦਿਨਾਂ ਵਿੱਚ ਡੀਐੱਮਕੇ, ਪੋਂਗਲ ਅਤੇ ਆਪਣੇ ਸੰਸਥਾਪਕ ਨੇਤਾ ਅੰਨਾਦੁਰਈ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਕਰਦੀ ਸੀ।
1960 ਦੇ ਦਹਾਕੇ ਦੇ ਅਖੀਰ ਵਿੱਚ ਸਟਾਲਿਨ ਨੇ ਗੋਪਾਲਪੁਰਮ ਦੇ ਨੌਜਵਾਨਾਂ ਨਾਲ ਮਿਲ ਕੇ ਯੂਥ ਡੀਐੱਮਕੇ ਨਾਂ ਦੀ ਇੱਕ ਛੋਟੀ ਸੰਸਥਾ ਬਣਾਈ। ਅਹਿਮ ਨੇਤਾਵਾਂ ਦੇ ਜਨਮ ਦਿਨ ਮਨਾਉਣਾ ਉਨ੍ਹਾਂ ਦਾ ਅਹਿਮ ਉਦੇਸ਼ ਸੀ।
ਐੱਮ. ਕਰੁਣਾਨਿਧੀ, ਐੱਮ.ਜੀ. ਰਾਮਚੰਦਰਨ, ਨੰਜਿਲ ਮਹੋਹਰਨ ਅਤੇ ਪੀਯੂ ਸ਼ਨਮੁਗਮ ਵਰਗੇ ਨੇਤਾਵਾਂ ਨੇ ਇਸ ਸੰਸਥਾ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ। ਬਾਅਦ ਵਿੱਚ ਇਸ ਸੰਸਥਾ ਨੂੰ ਡੀਐੱਮਕੇ ਯੂਥ ਵਿੰਗ ਬਣਾ ਦਿੱਤਾ ਗਿਆ। ਸਟਾਲਿਨ ਨੂੰ ਥਾਊਜ਼ੈਂਡ ਲਾਈਟਸ ਚੋਣ ਹਲਕੇ ਵਿੱਚ 75ਵੇਂ ਸਰਕਲ ਦੇ ਡੀਐੱਮਕੇ ਸਥਾਨਕ ਪ੍ਰਤੀਨਿਧੀ ਦੇ ਰੂਪ ਵਿੱਚ ਚੁਣਿਆ ਗਿਆ।
ਇਹ ਪਾਰਟੀ ਵਿੱਚ ਉਨ੍ਹਾਂ ਦਾ ਪਹਿਲਾ ਅਧਿਕਾਰਕ ਅਹੁਦਾ ਸੀ। ਇਹ ਬਹੁਤ ਹੀ ਛੋਟੇ ਰੁਤਬੇ ਦਾ ਪਦ ਸੀ।

ਤਸਵੀਰ ਸਰੋਤ, DMK/FACEBOOK
ਉਨ੍ਹਾਂ ਨੇ 1968 ਦੀਆਂ ਚੇਨਈ ਨਿਗਮ ਚੋਣਾਂ ਵਿੱਚ ਡੀਐੱਮਕੇ ਲਈ ਪ੍ਰਚਾਰ ਕੀਤਾ ਸੀ, ਉਦੋਂ ਉਨ੍ਹਾਂ ਨੇ ਜਨਤਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਸ਼ੁਰੂ ਕੀਤਾ ਅਤੇ ਡੀਐੱਮਕੇ ਦੀਆਂ ਮੀਟਿੰਗਾਂ ਵਿੱਚ ਜਨਤਕ ਭਾਸ਼ਣ ਦੇਣ ਲੱਗੇ।
1975 ਵਿੱਚ ਉਨ੍ਹਾਂ ਦਾ ਵਿਆਹ ਦੁਰਗਾਵਤੀ ਉਰਫ਼ ਸਾਂਤਾ ਨਾਲ ਹੋਇਆ। ਇਸ ਦੇ ਕੁਝ ਮਹੀਨਿਆਂ ਬਾਅਦ ਪੂਰੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਉਸ ਵਕਤ ਰਾਜ ਵਿੱਚ ਡੀਐੱਮਕੇ ਸੱਤਾ ਵਿੱਚ ਸੀ।
ਮੁੱਖ ਮੰਤਰੀ ਕਰੁਣਾਨਿਧੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਹਿਯੋਗੀ ਸੀ, ਪਰ ਉਹ ਐਮਰਜੈਂਸੀ ਦੇ ਆਲੋਚਕ ਸਨ। ਇਸ ਦੀ ਵਜ੍ਹਾ ਨਾਲ ਸਰਕਾਰ ਡਿੱਗ ਗਈ।

ਤਸਵੀਰ ਸਰੋਤ, Getty Images
ਗ੍ਰਿਫ਼ਤਾਰੀ ਦੇ ਬਾਅਦ ਮਿਲੀ ਅਲੱਗ ਪਛਾਣ
ਸਟਾਲਿਨ ਨੂੰ 1976 ਦੀ ਫਰਵਰੀ ਵਿੱਚ ਉਨ੍ਹਾਂ ਦੇ ਗੋਪਾਲਪੁਰਮ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਵਿੱਚ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਇੱਕ ਸਾਲ ਜੇਲ੍ਹ ਵਿੱਚ ਰਹਿਣ ਦੇ ਬਾਅਦ ਉਨ੍ਹਾਂ ਨੂੰ 23 ਫਰਵਰੀ 1977 ਨੂੰ ਰਿਹਾਅ ਕਰ ਦਿੱਤਾ ਗਿਆ।
ਜੇਲ੍ਹ ਜਾਣ ਤੋਂ ਪਹਿਲਾਂ ਤੱਕ ਪਾਰਟੀ ਦੇ ਮੈਂਬਰ ਉਨ੍ਹਾਂ ਨੂੰ ਸਿਰਫ਼ ਕਰੁਣਾਨਿਧੀ ਦੇ ਬੇਟੇ ਦੇ ਤੌਰ 'ਤੇ ਜਾਣਦੇ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਉਸ ਦੇ ਬਾਅਦ ਦੇ ਘਟਨਾਕ੍ਰਮ ਨਾਲ ਉਨ੍ਹਾਂ ਨੂੰ ਇੱਕ ਨਵੀਂ ਪਛਾਣ ਮਿਲੀ।
ਉਨ੍ਹਾਂ ਨੇ ਡੀਐੱਮਕੇ ਦੀ ਯੁਵਾ ਇਕਾਈ ਲਈ ਕੰਮ ਕਰਨਾ ਜਾਰੀ ਰੱਖਿਆ। 20 ਜੂਨ 1980 ਨੂੰ ਯੁਵਾ ਇਕਾਈ ਨੂੰ ਅਧਿਕਾਰਕ ਤੌਰ 'ਤੇ ਲਾਂਚ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਸ ਦਾ ਨੇਤਾ ਨਿਯੁਕਤ ਕੀਤਾ ਗਿਆ।
ਉਨ੍ਹਾਂ ਦਿਨਾਂ ਵਿੱਚ ਡੀਐੱਮਕੇ ਦੀ ਲੇਬਰ ਇਕਾਈ ਸਭ ਤੋਂ ਮਜ਼ਬੂਤ ਸੀ, ਪਰ ਅਧਿਕਾਰਕ ਲਾਂਚ ਦੇ ਕੁਝ ਸਮੇਂ ਬਾਅਦ ਹੀ ਯੁਵਾ ਇਕਾਈ ਨੇ ਖੁਦ ਨੂੰ ਮਜ਼ਬੂਤ ਦਾਅਵੇਦਾਰ ਸਾਬਤ ਕੀਤਾ ਅਤੇ ਡੀਐੱਮਕੇ ਦੀ ਸਭ ਤੋਂ ਮਜ਼ਬੂਤ ਸਹਿਯੋਗੀ ਇਕਾਈ ਬਣ ਗਈ।

ਤਸਵੀਰ ਸਰੋਤ, DMK/FACEBOOK
ਯੁਵਾ ਇਕਾਈ ਨੇ ਪੂਰੇ ਤਾਮਿਲ ਨਾਡੂ ਵਿੱਚ ਆਪਣੀ ਮੌਜੂਦਗੀ ਦਰਜ ਕਰਾਉਣੀ ਸ਼ੁਰੂ ਕਰ ਦਿੱਤੀ ਅਤੇ ਹਰ ਜ਼ਿਲ੍ਹੇ ਅਤੇ ਨਗਰ ਪਾਲਿਕਾ ਵਿੱਚ ਸਕੱਤਰ ਅਤੇ ਉਪ ਸਕੱਤਰ ਬਣਾਏ। ਯੁਵਾ ਇਕਾਈ ਨੇ ਪਾਰਟੀ ਦੀ ਤਰ੍ਹਾਂ ਹੀ ਆਪਣੇ ਪੈਰ ਹਰ ਜਗ੍ਹਾ ਫੈਲਾ ਲਏ।
ਇਸ ਸਫਲਤਾ ਦੇ ਪਿੱਛੇ ਕਾਰਨ ਸਟਾਲਿਨ ਦੀ ਮਿਹਨਤ ਅਤੇ ਸਮਰਪਣ ਹੀ ਸੀ। ਜਦੋਂ ਯੁਵਾ ਇਕਾਈ ਨੇ ਆਪਣਾ ਖੁਦ ਦਾ ਦਫ਼ਤਰ ਬਣਾਉਣ ਲਈ ਅਪੀਲ ਕੀਤੀ ਤਾਂ ਪਾਰਟੀ ਨੇ ਕਿਹਾ ਕਿ ਜੇਕਰ ਯੁਵਾ ਇਕਾਈ ਪਾਰਟੀ ਫੰਡ ਦੇ ਤੌਰ 'ਤੇ 10 ਲੱਖ ਰੁਪਏ ਜੁਟਾ ਲੈਂਦੀ ਹੈ ਤਾਂ ਉਸ ਨੂੰ ਅਨਬਗਮ ਨਾਂ ਦੀ ਇਮਾਰਤ ਦੇ ਦਿੱਤੀ ਜਾਵੇਗੀ।
ਐੱਮਕੇ ਸਟਾਲਿਨ ਨੇ 11 ਲੱਖ ਰੁਪਏ ਇਕੱਠੇ ਕੀਤੇ ਅਤੇ ਯੁਵਾ ਇਕਾਈ ਦੇ ਦਫ਼ਤਰ ਲਈ ਇਮਾਰਤ ਹਾਸਲ ਕੀਤੀ। 1988 ਤੋਂ ਯੁਵਾ ਇਕਾਈ ਦਾ ਦਫ਼ਤਰ ਵਿਸ਼ਾਲ ਅਨਬਗਮ ਇਮਾਰਤ ਵਿੱਚ ਹੈ।
ਇਹ ਵੀ ਪੜ੍ਹੋ
1984 ਵਿੱਚ ਚੋਣ ਰਾਜਨੀਤੀ ਵਿੱਚ ਰੱਖਿਆ ਕਦਮ
ਸਟਾਲਿਨ ਨੇ 1984 ਵਿੱਚ ਚੋਣ ਰਾਜਨੀਤੀ ਵਿੱਚ ਕਦਮ ਰੱਖਿਆ। ਉਨ੍ਹਾਂ ਨੇ ਥਾਊਜ਼ੈਂਡ ਲਾਈਟਸ ਚੋਣ ਹਲਕੇ ਤੋਂ ਚੋਣ ਲੜੀ, ਹਾਲਾਂਕਿ ਉਹ ਹਾਰ ਗਏ। 1989 ਵਿੱਚ ਉਨ੍ਹਾਂ ਨੇ ਉਸੀ ਚੋਣ ਖੇਤਰ ਤੋਂ ਦੁਬਾਰ ਚੋਣ ਲੜੀ ਅਤੇ ਉਹ ਜਿੱਤ ਗਏ।
1991 ਦੀ ਚੋਣ ਵਿੱਚ ਉਹ ਫਿਰ ਹਾਰ ਗਏ, ਉਦੋਂ ਰਾਜੀਵ ਗਾਂਧੀ ਦੀ ਹੱਤਿਆ ਦੇ ਬਾਅਦ ਕਾਂਗਰਸ ਦੇ ਸਹਿਯੋਗੀ ਏਆਈਡੀਐੱਮਕੇ ਦੇ ਪੱਖ ਵਿੱਚ ਹਮਦਰਦੀ ਦੀ ਲਹਿਰ ਚੱਲ ਰਹੀ ਸੀ, ਪਰ 1996 ਦੀ ਅਗਲੀ ਚੋਣ ਵਿੱਚ ਉਹ ਥਾਊਜ਼ੈਂਡ ਲਾਈਟਸ ਚੋਣ ਹਲਕੇ ਤੋਂ ਜਿੱਤ ਗਏ। ਉਹ ਚੇਨਈ ਨਗਰ ਨਿਗਮ ਦੇ ਮੇਅਰ ਪਦ ਦੀ ਚੋਣ ਵੀ ਲੜੇ ਅਤੇ ਜਿੱਤੇ। ਮੇਅਰ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਕੰਮ ਨੇ ਬਹੁਤ ਧਿਆਨ ਖਿੱਚਿਆ। 'ਸਿੰਗਾਰਾ ਚੇਨਈ' ਐਕਸ਼ਨ ਪਲਾਨ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੇ ਕਈ ਵਿਚਾਰ ਅਤੇ ਯੋਜਨਾਵਾਂ ਸਾਹਮਣੇ ਰੱਖੀਆਂ।

ਤਸਵੀਰ ਸਰੋਤ, Getty Images
ਰੇਨ ਵਾਟਰ ਹਾਰਵੈਸਟਿੰਗ ਨੂੰ ਵਿਆਪਕ ਪੱਧਰ 'ਤੇ ਲਾਗੂ ਕਰਨ ਅਤੇ 65 ਕਰੋੜ ਰੁਪਏ ਦੀ ਲਾਗਤ ਨਾਲ ਚੇਨਈ ਵਿੱਚ 9 ਫਲਾਈਓਵਰ ਦੇ ਨਿਰਮਾਣ ਦੀਆਂ ਦੋ ਉਪਲੱਬਧੀਆਂ ਦੀ ਚਰਚਾ ਅੱਜ ਵੀ ਕੀਤੀ ਜਾਂਦੀ ਹੈ। 1996 ਵਿੱਚ ਚੇਨਈ ਵਿੱਚ ਆਏ ਹੜ੍ਹ ਦੇ ਦੌਰਾਨ ਉਨ੍ਹਾਂ ਦੇ ਰਾਹਤ ਕਾਰਜ ਦੀ ਬਹੁਤ ਸ਼ਲਾਘਾ ਕੀਤੀ ਗਈ।
ਉਨ੍ਹਾਂ ਨੇ 2001 ਵਿੱਚ ਥਾਊਜ਼ੈਂਡ ਲਾਈਟਸ ਚੋਣ ਹਲਕੇ ਤੋਂ ਫਿਰ ਚੋਣ ਲੜੀ ਅਤੇ ਉਸ ਸਾਲ ਫਿਰ ਤੋਂ ਮੇਅਰ ਬਣੇ।
ਕਾਨੂੰਨ ਤਹਿਤ ਇੱਕ ਵਿਅਕਤੀ ਇੱਕ ਵਕਤ ਦੋ ਪਦਾਂ 'ਤੇ ਨਹੀਂ ਰਹਿ ਸਕਦਾ ਸੀ, ਇਸ ਲਈ ਉਨ੍ਹਾਂ ਨੇ ਮੇਅਰ ਦੇ ਪਦ ਤੋਂ ਅਸਤੀਫਾ ਦੇ ਦਿੱਤਾ।
ਸਾਹਿਤਕ ਖੇਤਰ ਅਤੇ ਫਿਲਮ ਉਦਯੋਗ ਵਿੱਚ ਸਟਾਲਿਨ ਦੀਆਂ ਉਪਲੱਬਧੀਆਂ ਉਨ੍ਹਾਂ ਦੇ ਪਿਤਾ ਦੀ ਤੁਲਨਾ ਵਿੱਚ ਘੱਟ ਹਨ। ਉਨ੍ਹਾਂ ਨੇ 'ਓਰੇ ਰਾਥਮ' ਅਤੇ 'ਮੱਕਲ ਅਯਨਾਯਿਤਲ' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।
ਨਾਲ ਹੀ 'ਕੁਰਿੰਜੀ ਮਲਾਰ' ਅਤੇ 'ਸੂਰਿਆ' ਵਰਗੇ ਟੈਲੀਵਿਜ਼ਨ ਲੜੀਵਾਰਾਂ ਵਿੱਚ ਅਦਾਕਾਰੀ ਕੀਤੀ ਸੀ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਇਸ ਖੇਤਰ ਵਿੱਚ ਉਨ੍ਹਾਂ ਦੀ ਵਿਸ਼ੇਸ਼ ਯੋਗਤਾ ਨਹੀਂ ਹੈ ਤਾਂ ਉਨ੍ਹਾਂ ਨੇ ਅਦਾਕਾਰੀ ਛੱਡ ਦਿੱਤੀ।
ਸਾਲ 2006 ਵਿੱਚ ਡੀਐੱਮਕੇ ਜਦੋਂ ਦੁਬਾਰਾ ਸੱਤਾ ਵਿੱਚ ਆਈ ਤਾਂ ਸਟਾਲਿਨ ਨੂੰ ਸਥਾਨਕ ਪ੍ਰਸ਼ਾਸਨ ਮੰਤਰੀ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਖੁਦ ਚੁਣਿਆ ਅਤੇ ਅਸ਼ੋਕ ਵਰਧਨ ਰੈਡੀ ਅਤੇ ਡੀ. ਉਦੇਚੰਦਰਨ ਵਰਗੇ ਕਾਬਲ ਅਧਿਕਾਰੀਆਂ ਨੂੰ ਨਿਯੁਕਤ ਕੀਤਾ।
ਸਥਾਨਕ ਪ੍ਰਸ਼ਾਸਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੇ ਕਾਫ਼ੀ ਕੁਝ ਕੀਤਾ। ਹੋਗੇਨੱਕਲ ਪੇਅਜਲ ਯੋਜਨਾ ਅਤੇ ਅੰਨਾ ਗ੍ਰਾਮੀਣ ਵਿਕਾਸ ਯੋਜਨਾ ਵਰਗੇ ਉਨ੍ਹਾਂ ਵੱਲੋਂ ਲਾਗੂ ਕੀਤੇ ਗਏ ਪ੍ਰਾਜੈਕਟਾਂ ਦੀ ਕਾਫ਼ੀ ਸ਼ਲਾਘਾ ਹੋਈ। ਉਸ ਵਕਤ ਪਾਰਟੀ ਬਹੁਤ ਨਕਾਰਾਤਮਕ ਆਲੋਚਨਾ ਝੱਲ ਰਹੀ ਸੀ, ਪਰ ਸਥਾਨਕ ਪ੍ਰਸ਼ਾਸਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਦਾ ਯੋਗਦਾਨ ਡੀਐੱਮਕੇ ਲਈ ਰਿਆਇਤ ਸਾਬਤ ਹੋਇਆ।
ਐੱਮਕੇ ਸਟਾਲਿਨ ਨੂੰ ਉਦੋਂ ਪਾਰਟੀ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ, ਫਿਰ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਤਸਵੀਰ ਸਰੋਤ, Getty Images
ਫਿਰ ਮਿਲੀ ਲਗਾਤਾਰ ਹਾਰ
2011 ਵਿੱਚ ਡੀਐੱਮਕੇ ਦੇ ਵਿਧਾਨ ਸਭਾ ਚੋਣ ਹਾਰਨ ਦੇ ਬਾਅਦ ਉਨ੍ਹਾਂ ਨੂੰ 2014 ਦੀ ਸੰਸਦੀ ਚੋਣ ਅਤੇ 2016 ਦੀ ਵਿਧਾਨ ਸਭਾ ਚੋਣ ਵਿੱਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਐੱਮ ਕਰੁਣਾਨਿਧੀ ਆਪਣੀ ਖਰਾਬ ਸਿਹਤ ਦੇ ਚੱਲਦੇ ਰਾਜਨੀਤਕ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਏ ਅਤੇ ਐੱਮਕੇ ਸਟਾਲਿਨ ਨੂੰ ਡੀਐੱਮਕੇ ਦਾ ਕਾਰਜਕਾਰੀ ਨੇਤਾ ਬਣਾ ਦਿੱਤਾ ਗਿਆ। ਐੱਮ ਕਰੁਣਾਨਿਧੀ ਨੇ ਹਾਲਾਂਕਿ ਕਿਹਾ ਨਹੀਂ, ਪਰ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੇ ਬਾਅਦ ਪਾਰਟੀ ਦੀ ਕਮਾਨ ਸਟਾਲਿਨ ਸੰਭਾਲਣਗੇ।
ਉਨ੍ਹਾਂ ਨੇ ਜਨਵਰੀ 2013 ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ। ਉਸ ਵਿੱਚ ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ, ''ਜੇਕਰ ਸਟਾਲਿਨ ਮੇਰੇ ਰਾਜਨੀਤਕ ਉਤਰਾਧਿਕਾਰੀ ਹਨ ਤਾਂ ਕੀ ਗਲਤ ਹੈ? ਜੇਕਰ ਮੇਰੇ ਕੋਲ ਆਪਣਾ ਉਤਰਾਧਿਕਾਰੀ ਨਿਯੁਕਤ ਕਰਨ ਦੀ ਸ਼ਕਤੀ ਹੁੰਦੀ ਤਾਂ ਮੈਂ ਉਨ੍ਹਾਂ ਦਾ ਨਾਂ ਸਾਹਮਣੇ ਰੱਖ ਦਿੰਦਾ।''
ਉਨ੍ਹਾਂ ਨੇ 2016 ਦੇ ਇੱਕ ਇੰਟਰਵਿਊ ਵਿੱਚ ਵੀ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ।
2018 ਵਿੱਚ ਕਰੁਣਾਨਿਧੀ ਦੇ ਦੇਹਾਂਤ ਦੇ ਬਾਅਦ ਬਹੁਤ ਅਸਾਨੀ ਨਾਲ ਸੱਤਾ ਤਬਦੀਲ ਹੋ ਗਈ। 2019 ਦੀ ਆਮ ਚੋਣ ਪਾਰਟੀ ਨੇ ਉਨ੍ਹਾਂ ਦੀ ਅਗਵਾਈ ਵਿੱਚ ਲੜੀ ਅਤੇ 39 ਚੋਣ ਹਲਕਿਆਂ ਵਿੱਚੋਂ 37 ਜਿੱਤ ਲਏ।
ਥਾਊਜ਼ੈਂਡ ਲਾਈਟਸ ਚੋਣ ਹਲਕੇ ਤੋਂ ਲੋਕਾਂ ਦੇ ਨੁਮਾਇੰਦੇ ਦੇ ਤੌਰ 'ਤੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਟਾਲਿਨ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਨੇ ਹਮੇਸ਼ਾਂ ਸੰਕੇਤ ਦੇ ਦਿੱਤੇ ਸਨ। ਇਹ ਉਨ੍ਹਾਂ ਲਈ ਇੱਕ ਤਾਕਤ ਵੀ ਰਹੀ ਅਤੇ ਕਮਜ਼ੋਰੀ ਵੀ।
ਸਟਾਲਿਨ ਨੂੰ ਕਰੁਣਾਨਿਧੀ ਦੇ ਉਤਰਾਧਿਕਾਰੀ ਦੇ ਤੌਰ 'ਤੇ ਪੇਸ਼ ਕੀਤੇ ਜਾਣ ਦੇ ਦੋਸ਼ਾਂ ਦੀ ਵਜ੍ਹਾ ਨਾਲ 1993 ਵਿੱਚ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਗਈ। ਨਵੀਂ ਪਾਰਟੀ ਦੀ ਅਗਵਾਈ ਵਾਇਕੋ ਨੇ ਕੀਤੀ।

ਤਸਵੀਰ ਸਰੋਤ, Getty Images
ਸਟਾਲਿਨ 'ਤੇ ਵੀ 'ਵੰਸ਼ਵਾਦ ਦੀ ਰਾਜਨੀਤੀ' ਦੇ ਇਲਜ਼ਾਮ
ਐੱਮਜੀਆਰ ਦੇ ਡੀਐੱਮਕੇ ਛੱਡ ਕੇ ਆਪਣੀ ਖੁਦ ਦੀ ਪਾਰਟੀ ਬਣਾਉਣ ਦੇ ਬਾਅਦ ਤੋਂ ਹੀ ਸਭ ਤੋਂ ਵੱਡੀ ਟੁੱਟ ਪਈ ਸੀ। ਜਿਵੇਂ ਜਿਵੇਂ ਸਟਾਲਿਨ ਦੀ ਤਾਕਤ ਅਤੇ ਸ਼ੋਹਰਤ ਵਧਦੀ ਗਈ, ਉਸ ਤਰ੍ਹਾਂ ਹੀ ਪਰਿਵਾਰ ਵਿੱਚ ਉਨ੍ਹਾਂ ਦਾ ਵਿਰੋਧ ਵਧਦਾ ਗਿਆ।
2014 ਵਿੱਚ ਕਰੁਣਾਨਿਧੀ ਨੇ ਜਨਤਕ ਤੌਰ 'ਤੇ ਸਵੀਕਾਰ ਕੀਤਾ ਕਿ ਸਟਾਲਿਨ ਨੂੰ ਜ਼ਿਆਦਾ ਜ਼ਿੰਮੇਵਾਰੀਆਂ ਦੇਣ ਦੀ ਵਜ੍ਹਾ ਨਾਲ ਐੱਮਏ ਅਲਾਗਿਰੀ ਨੇ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ। ਪਰ ਕਰੁਣਾਨਿਧੀ ਆਪਣੀ ਗੱਲ 'ਤੇ ਕਾਇਮ ਰਹੇ ਅਤੇ ਮੁਸੀਬਤਾਂ ਖੜ੍ਹੀਆਂ ਕਰਨ ਵਾਲੇ ਅਲਾਗਿਰੀ ਨੂੰ ਆਖਿਰਕਾਰ ਪਾਰਟੀ ਤੋਂ ਕੱਢ ਦਿੱਤਾ ਗਿਆ।
1970 ਅਤੇ 1980 ਦੇ ਦਹਾਕੇ ਵਿੱਚ ਉਨ੍ਹਾਂ ਦੇ ਕੰਮਾਂ ਨੂੰ ਲੈ ਕੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ, ਪਰ ਆਪਣੀ ਸਖ਼ਤ ਮਿਹਨਤ ਨਾਲ ਉਨ੍ਹਾਂ ਨੇ ਸਾਰੀਆਂ ਆਲੋਚਨਾਵਾਂ ਨੂੰ ਦੂਰ ਕਰ ਦਿੱਤਾ।
ਹੁਣ ਸਟਾਲਿਨ 'ਤੇ ਵੀ ਉਨ੍ਹਾਂ ਦੇ ਪਿਤਾ ਦੀ ਤਰ੍ਹਾਂ 'ਵੰਸ਼ਵਾਦ ਦੀ ਰਾਜਨੀਤੀ' ਦੇ ਦੋਸ਼ ਲੱਗਦੇ ਹਨ, ਕਿਉਂਕਿ ਉਨ੍ਹਾਂ ਦੇ ਬੇਟੇ ਉਦੇਨਿਧੀ ਨੂੰ ਪਾਰਟੀ ਵਿੱਚ ਅਹਿਮੀਅਤ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












