ਗੋਂਡ ਕਬੀਲੇ ਦੇ ਲੋਕਾਂ ਨੇ ਆਪਣੇ ਮ੍ਰਿਤਕ ਲੋਕਾਂ ਦਾ ਸਸਕਾਰ ਕਰਨ ਦੀ ਬਜਾਇ ਦਫਨਾਉਣ ਦਾ ਫ਼ੈਸਲਾ ਕਿਉਂ ਲਿਆ

tribe

ਤਸਵੀਰ ਸਰੋਤ, ALOK PUTUL/BBC

ਤਸਵੀਰ ਕੈਪਸ਼ਨ, ਸੂਬੇ ਦੇ ਕਬੀਰਧਾਮ ਜ਼ਿਲ੍ਹੇ 'ਚ ਦੋ ਦਿਨਾਂ ਤੱਕ ਚੱਲੀ ਗੋਂਡ ਕਬੀਲੇ ਦੀ ਮਹਾਂਸਭਾ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਗੋਂਡ ਸਮਾਜ 'ਚ ਹੁਣ ਮ੍ਰਿਤਕ ਦੇਹ ਨੂੰ ਸਾੜਨ ਦੀ ਬਜਾਏ ਦਫ਼ਨਾਇਆ ਜਾਵੇਗਾ
    • ਲੇਖਕ, ਅਲੋਕ ਪ੍ਰਕਾਸ਼ ਪੁਤੁਲ
    • ਰੋਲ, ਰਾਏਪੁਰ ਤੋਂ ਬੀਬੀਸੀ ਹਿੰਦੀ ਲਈ

ਛੱਤੀਸਗੜ੍ਹ 'ਚ ਆਦਿਵਾਸੀਆਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਇੱਕ ਨਵੀਂ ਬਹਿਸ ਸ਼ੂਰੂ ਹੋ ਗਈ ਹੈ।

ਸੂਬੇ ਦੇ ਕਬੀਰਧਾਮ ਜ਼ਿਲ੍ਹੇ 'ਚ ਦੋ ਦਿਨਾਂ ਤੱਕ ਚੱਲੀ ਗੋਂਡ ਕਬੀਲੇ ਦੀ ਮਹਾਂਸਭਾ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਗੋਂਡ ਸਮਾਜ 'ਚ ਹੁਣ ਮ੍ਰਿਤਕ ਦੇਹ ਨੂੰ ਸਾੜਨ ਦੀ ਬਜਾਏ ਦਫ਼ਨਾਇਆ ਜਾਵੇਗਾ।

ਇਸ ਗੋਂਡ ਮਹਾਂਸਭਾ ਅਤੇ ਲੜਕਾ-ਲੜਕੀ ਜਾਣ-ਪਛਾਣ ਸੰਮੇਲਨ 'ਚ ਸਮਾਜਿਕ ਅਤੇ ਪਰਿਵਾਰਕ ਪ੍ਰੋਗਰਾਮਾਂ 'ਚ ਸ਼ਰਾਬ 'ਤੇ ਵੀ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੋਂਡ ਭਾਈਚਾਰੇ 'ਚ ਅਮਾਤ ਗੋਂਡ, ਧਰੁਵ ਗੋਂਡ, ਰਾਜ ਗੋਂਡ ਵਰਗੀਆਂ ਵੰਡਾਂ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ :

ਕਬੀਰਧਾਮ ਜ਼ਿਲ੍ਹੇ 'ਚ ਗੋਂਡ ਭਾਈਚਾਰੇ ਦੇ ਜਨਰਲ ਸਕੱਤਰ ਸਿੱਧਰਾਮ ਮੇਰਾਵੀ ਨੇ ਕਿਹਾ, "ਪਿਛਲੇ ਕੁਝ ਸਾਲਾਂ ਤੋਂ ਬਹੁਤ ਹੀ ਤੇਜ਼ੀ ਨਾਲ ਦਰੱਖਤਾਂ ਦੀ ਕਟਾਈ ਹੋ ਰਹੀ ਹੈ। ਮ੍ਰਿਤਕ ਦੇਹਾਂ ਨੂੰ ਅਗਨੀ ਭੇਟ ਕਰਨ ਮੌਕੇ ਵੱਡੀ ਮਾਤਰਾ 'ਚ ਲੱਕੜ ਦੀ ਵਰਤੋਂ ਹੁੰਦੀ ਹੈ। ਅਜਿਹੀ ਸਥਿਤੀ 'ਚ ਦਰੱਖਤਾਂ ਨੂੰ ਬਚਾਉਣ ਦੇ ਉਦੇਸ਼ ਨਾਲ ਇਹ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਨੂੰ ਅਸੀਂ ਆਪਣੇ ਸੰਵਿਧਾਨ 'ਚ ਵੀ ਸ਼ਾਮਲ ਕੀਤਾ ਹੈ।"

ਸੂਬੇ 'ਚ ਸਰਬ ਆਦਿਵਾਸੀ ਭਾਈਚਾਰੇ ਦੇ ਸਾਬਕਾ ਪ੍ਰਧਾਨ ਬੀਪੀਐਸ ਨੇਤਾਮ ਦਾ ਕਹਿਣਾ ਹੈ ਕਿ ਆਦਿਵਾਸੀ ਕਬੀਲਿਆਂ 'ਚ ਸ਼ੁਰੂ ਤੋਂ ਹੀ ਮ੍ਰਿਤਕ ਦੇਹ ਨੂੰ ਦਫ਼ਨਾਉਣ ਦੀ ਪਰੰਪਰਾ ਸੀ। ਪਰ ਹਿੰਦੂ ਧਰਮ ਦੇ ਪ੍ਰਭਾਵ ਹੇਠ ਆ ਕੇ ਕੁਝ ਇਲਾਕਿਆਂ 'ਚ ਮ੍ਰਿਤਕ ਦੇਹਾਂ ਨੂੰ ਸਾੜਿਆ ਜਾਂਦਾ ਹੈ। ਹੁਣ ਇਸ ਫ਼ੈਸਲੇ ਨਾਲ ਉਨ੍ਹਾਂ 'ਤੇ ਵੀ ਪ੍ਰਭਾਵ ਪਵੇਗਾ।

tribe

ਤਸਵੀਰ ਸਰੋਤ, CG KHABAR

ਪਰ ਰਾਸ਼ਟਰੀ ਸਵੈਮ ਸੇਵਕ ਸੰਘ ਇਸ ਫ਼ੈਸਲੇ ਨੂੰ ਸਹੀ ਨਹੀਂ ਮੰਨ ਰਿਹਾ ਹੈ।

ਛੱਤੀਸਗੜ੍ਹ 'ਚ ਸੰਘ ਦੇ ਪ੍ਰਚਾਰ ਪ੍ਰਮੁੱਖ ਕਨੀਰਾਮ ਨੰਦੇਸ਼ਵਰ ਨੇ ਬੀਬੀਸੀ ਨੂੰ ਦੱਸਿਆ, " ਇੱਥੇ ਕਿਸੇ ਪਰਿਵਾਰ 'ਚ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਤਾਂ ਅਜਿਹੇ 'ਚ ਇਸ ਪਰੰਪਰਾ ਨੂੰ ਬਦਲਣ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਹ ਜਾਂ ਤਾਂ ਕਿਸੇ ਸਾਜਿਸ਼ ਦਾ ਹਿੱਸਾ ਹੈ ਜਾਂ ਫਿਰ ਸੋਚ ਸਮਝ ਕੇ ਕੀਤਾ ਗਿਆ ਹੈ। ਅਸੀਂ ਕਿਹਾ ਹੈ ਕਿ ਸਮਾਜ ਦੇ ਮੁਹਤਬਰ ਲੋਕਾਂ ਨੂੰ ਇਕ ਬੈਠਕ ਕਰਕੇ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਇਹ ਫ਼ੇਸਲਾ ਠੀਕ ਹੈ ਜਾਂ ਫਿਰ ਨਹੀਂ।"

ਕਨੀਰਾਮ ਨੰਦੇਸ਼ਵਰ ਇਸ ਫ਼ੈਸਲੇ ਨੂੰ ਕਿਸੇ ਸਾਜਿਸ਼ ਦਾ ਹੀ ਹਿੱਸਾ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ 'ਤੇ ਅੰਤਮ ਫ਼ੈਸਲਾ ਕਬਾਇਲੀ ਸਮਾਜ ਦੇ ਮੁਖੀਆਂ ਵੱਲੋਂ ਹੀ ਲਿਆ ਜਾਣਾ ਚਾਹੀਦਾ ਹੈ।

tribe

ਤਸਵੀਰ ਸਰੋਤ, ALOK PUTUL/BBC

ਤਸਵੀਰ ਕੈਪਸ਼ਨ, ਆਦਿਵਾਸੀਆਂ ਦੀ ਇਸ ਵੱਸੋਂ 'ਚ ਸਭ ਤੋਂ ਵੱਧ ਗਿਣਤੀ ਗੋਂਡ ਕਬੀਲੇ ਦੇ ਲੋਕਾਂ ਦੀ ਹੀ ਹੈ ਅਤੇ ਇੰਨ੍ਹਾਂ ਦੀਆਂ ਸੂਬੇ 'ਚ 40 ਤੋਂ ਵੀ ਵੱਧ ਉਪ ਜਾਤੀਆਂ ਮੌਜੂਦ ਹਨ

ਇਹ ਪਰੰਪਰਾ ਕਿੰਨੀ ਪੁਰਾਣੀ ਹੈ

ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਛੱਤੀਸਗੜ੍ਹ 'ਚ ਆਦੀਵਾਸੀਆਂ ਦੀ ਆਬਾਦੀ 78.22 ਲੱਖ ਸੀ , ਜੋ ਕਿ ਕੁੱਲ ਵੱਸੋਂ ਦਾ 30.62% ਸੀ।

ਆਦਿਵਾਸੀਆਂ ਦੀ ਇਸ ਵੱਸੋਂ 'ਚ ਸਭ ਤੋਂ ਵੱਧ ਗਿਣਤੀ ਗੋਂਡ ਕਬੀਲੇ ਦੇ ਲੋਕਾਂ ਦੀ ਹੀ ਹੈ ਅਤੇ ਇੰਨ੍ਹਾਂ ਦੀਆਂ ਸੂਬੇ 'ਚ 40 ਤੋਂ ਵੀ ਵੱਧ ਉਪ ਜਾਤੀਆਂ ਮੌਜੂਦ ਹਨ।

ਸੂਬੇ ਦੇ ਦੱਖਣੀ ਹਿੱਸੇ 'ਚ ਆਮ ਤੌਰ 'ਤੇ ਆਦਿਵਾਸੀਆਂ 'ਚ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਦੀ ਹੀ ਪਰੰਪਰਾ ਹੈ। ਪਰ ਪੂਰਬੀ ਹਿੱਸੇ ਅਤੇ ਮੱਧ ਦੇ ਮੈਦਾਨੀ ਖੇਤਰਾਂ 'ਚ ਮ੍ਰਿਤਕ ਦੇਹਾਂ ਨੂੰ ਸਾੜਨ ਦੀ ਪ੍ਰਥਾ ਜਾਰੀ ਹੈ।

ਰਾਜ ਦੇ ਵੱਖ-ਵੱਖ ਖੇਤਰਾਂ 'ਚ ਗੋਂਡ ਆਦਿਵਾਸੀਆਂ 'ਚ ਦਫ਼ਨਾਉਣ ਵਾਲੀ ਜਗ੍ਹਾ 'ਤੇ ਮ੍ਰਿਤਕ ਥੰਮ੍ਹ ਬਣਾਉਣ ਦੀ ਵੀ ਪਰੰਪਰਾ ਹੈ। ਇਹ ਮ੍ਰਿਤਕ ਥੰਮ੍ਹ ਲੱਕੜ, ਲੋਹੇ ਜਾਂ ਫਿਰ ਸੀਮੈਂਟ ਨਾਲ ਬਣਾਏ ਜਾਂਦੇ ਹਨ ਅਤੇ ਇੰਨ੍ਹਾਂ 'ਤੇ ਮ੍ਰਿਤਕ ਦੇ ਕੰਮਕਾਜ ਜਾਂ ਫਿਰ ਉਸ ਦੀ ਮਨਪਸੰਦ ਚੀਜ਼ ਦੀ ਤਸਵੀਰ ਜਾਂ ਫਿਰ ਮੂਰਤੀ ਬਣਾਈ ਜਾਂਦੀ ਹੈ।

ਛੱਤੀਸਗੜ੍ਹ 'ਚ ਭਾਰਤੀ ਜਨਤਾ ਪਾਰਟੀ ਦੇ ਅਨਸੂਚਿਤ ਜਨਜਾਤੀ ਮੋਰਚਾ ਦੇ ਪ੍ਰਧਾਨ ਵਿਕਾਸ ਮਰਕਾਮ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਦੇ ਫ਼ੈਸਲੇ ਨੂੰ ਸਿਆਸੀ ਨਜ਼ਰ ਤੋਂ ਵੇਖਣ ਦੇ ਵਿਰੁੱਧ ਹਨ।

ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਫ਼ੈਸਲਾ ਨਹੀਂ ਹੈ, ਸਗੋਂ ਇਹ ਸਮਾਜ ਦਾ ਆਪਣਾ ਫ਼ੈਸਲਾ ਹੈ। ਉਨ੍ਹਾਂ ਨੇ ਇਸ ਨੂੰ ਸਹੀ ਫ਼ੈਸਲਾ ਦੱਸਿਆ ਹੈ।

ਵਿਕਾਸ ਨੇ ਅੱਗੇ ਕਿਹਾ ਕਿ ਪਹਿਲਾਂ ਵੀ ਲੋਕ ਮ੍ਰਿਤਕ ਦੇਹਾਂ ਨੂੰ ਆਪਣੇ ਖੇਤਾਂ 'ਚ ਦਫ਼ਨਾ ਦਿੰਦੇ ਸਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

tribe

ਤਸਵੀਰ ਸਰੋਤ, ALOK PUTUL/BBC

ਤਸਵੀਰ ਕੈਪਸ਼ਨ, ਸੂਬੇ ਦੇ ਦੱਖਣੀ ਹਿੱਸੇ 'ਚ ਆਮ ਤੌਰ 'ਤੇ ਆਦਿਵਾਸੀਆਂ 'ਚ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਦੀ ਹੀ ਪਰੰਪਰਾ ਹੈ

ਕਿਸ ਨੇ ਕੀਤਾ ਸਮਰਥਨ?

ਵਿਕਾਸ ਮਰਕਾਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ " ਵਾਤਾਵਰਣ ਦੀ ਸੰਭਾਲ ਦੇ ਲਿਹਾਜ਼ ਨਾਲ ਇਹ ਇੱਕ ਬਹੁਤ ਹੀ ਸਹੀ ਫ਼ੈਸਲਾ ਹੈ। ਅੰਤਿਮ ਸਸਕਾਰ ਮੌਕੇ ਬਹੁਤ ਸਾਰੀ ਲੱਕੜੀ ਦੀ ਵਰਤੋਂ ਹੁੰਦੀ ਹੈ। ਇੱਕ ਮ੍ਰਿਤਕ ਦੇਹ ਨੂੰ ਸਾੜਨ 'ਚ ਕਈ ਕੁਇੰਟਲ ਲੱਕੜੀ ਇਸਤੇਮਾਲ ਕੀਤੀ ਜਾਂਦੀ ਹੈ। ਸਮਾਜ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਦਰੱਖਤਾਂ ਦੀ ਬੇਹਿਸਾਬੀ ਹੋ ਰਹੀ ਕਟਾਈ 'ਤੇ ਰੋਕ ਲੱਗੇਗੀ।"

ਕਬਾਇਲੀ ਆਗੂ ਬੀਪੀਐਮ ਨੇਤਾਮ, ਜੋ ਕਿ ਭਾਰਤੀ ਪ੍ਰਬੰਧਕੀ ਸੇਵਾ ਦੇ ਅਧਿਕਾਰੀ ਵੀ ਰਹੇ ਹਨ, ਨੇ ਕਿਹਾ ਕਿ ਆਦਿਵਾਸੀ ਹਮੇਸ਼ਾ ਹੀ ਕੁਦਰਤ ਦੇ ਉਪਾਸਕ ਰਹੇ ਹਨ ਅਤੇ ਕਬੀਰਧਾਮ ਜ਼ਿਲ੍ਹੇ 'ਚ ਗੋਂਡ ਸਮਾਜ ਨੇ ਜੋ ਫ਼ੈਸਲਾ ਲਿਆ ਹੈ, ਉਹ ਬਿਲਕੁਲ ਹੀ ਉਸ ਦੇ ਅਨੁਸਾਰ ਹੈ।

"ਆਦਿਵਾਸੀਆਂ 'ਚ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਦੀ ਹੀ ਪਰੰਪਰਾ ਰਹੀ ਹੈ। ਜੋ ਲੋਕ ਆਪਣੇ ਆਪ ਨੂੰ ਇਕ ਸਭਿਅਕ ਸਮਾਜ ਦਾ ਹਿੱਸਾ ਮੰਨਦੇ ਹਨ, ਵਧੇਰੇ ਪੜ੍ਹੇ ਲਿਖੇ ਹਨ ਅਤੇ ਆਪਣੇ ਆਪ ਨੂੰ ਉੱਚ ਅਹੁਦਿਆਂ 'ਤੇ ਬਿਰਾਜਮਾਨ ਮੰਨਦੇ ਹਨ, ਉਹ ਲੋਕ ਹੀ ਮ੍ਰਿਤਕ ਦੇਹਾਂ ਨੂੰ ਸਾੜਦੇ ਹਨ।

ਦੂਜੇ ਸਮਾਜ ਦੀ ਤਰ੍ਹਾਂ ਹੀ ਉਹ ਵੀ ਮ੍ਰਿਤਕ ਦੇਹ ਨੂੰ ਸਾੜ ਕੇ , ਬਚੀ ਰਾਖ ਨੂੰ ਗੰਗਾ 'ਚ ਵਹਾਉਂਦੇ ਹਨ, ਪਰ ਗੋਂਡ ਸਮਾਜ 'ਚ ਅਜਿਹਾ ਕੁਝ ਨਹੀਂ ਹੈ।"

ਬੀਪੀਐਸ ਨੇਤਾਮ ਦੱਸਦੇ ਹਨ ਕਿ ਦੂਜੇ ਸਮਾਜ 'ਚ ਅੰਤਿਮ ਸਸਕਾਰ ਦੌਰਾਨ ਔਰਤਾਂ ਸ਼ਾਮਲ ਨਹੀਂ ਹੁੰਦੀਆਂ ਹਨ, ਪਰ ਗੋਂਡ ਆਦਿਵਾਸੀ ਸਮਾਜ 'ਚ ਔਰਤਾਂ ਬਰਾਬਰ ਅੰਤਿਮ ਰਸਮਾਂ 'ਚ ਸ਼ਾਮਲ ਹੁੰਦੀਆਂ ਹਨ।

"ਇਸ ਫ਼ੈਸਲੇ ਤੋਂ ਦੁਖੀ ਜਾਂ ਫਿਰ ਨਾਖੁਸ਼ ਸਿਰਫ ਉਹ ਲੋਕ ਹੀ ਹੋਣਗੇ, ਜੋ ਕਿ ਆਦਿਵਾਸੀਆਂ ਦੀ ਸਭਿਆਚਾਰਕ ਪਛਾਣ ਦੇ ਵਿਰੁੱਧ ਹਨ। ਆਦਿਵਾਸੀ ਸਮਾਜ ਨੇ ਅਜਿਹੇ ਲੋਕਾਂ ਦੀ ਪਛਾਣ ਕਰ ਲਈ ਹੈ।"

ਸੂਬੇ 'ਚ ਸੱਤਾਧਿਰ ਕਾਂਗਰਸ ਪਾਰਟੀ ਵੀ ਉਨ੍ਹਾਂ ਦੇ ਇਸ ਫ਼ੈਸਲੇ ਦੇ ਹੱਕ 'ਚ ਹੈ।

ਪਾਰਟੀ ਦੇ ਮੀਡੀਆ ਮੁਖੀ ਸ਼ੈਲੇਸ਼ ਨਿਤਿਨ ਤ੍ਰਿਵੇਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਆਦਿਵਾਸੀਆਂ ਦੇ ਇਸ ਫ਼ੈਸਲੇ ਦਾ ਸਮਰਥਨ ਕਰਦੀ ਹੈ।

"ਸੰਵਿਧਾਨ 'ਚ ਆਦਿਵਾਸੀਆਂ ਨੂੰ ਰੀਤੀ-ਰਿਵਾਜਾਂ ਦੇ ਮਾਮਲੇ 'ਚ ਖਾਸ ਅਧਿਕਾਰ ਹਾਸਲ ਹਨ। ਜਿੰਨ੍ਹਾਂ ਲੋਕਾਂ ਨੂੰ ਆਦਿਵਾਸੀਆਂ ਵੱਲੋਂ ਲਏ ਗਏ ਇਸ ਫ਼ੈਸਲੇ 'ਚ ਸਾਜਿਸ਼ ਦੀ ਬੂ ਆ ਰਹੀ ਹੈ, ਉਹ ਅਸਲ 'ਚ ਸੰਵਿਧਾਨ ਦੇ ਹੀ ਵਿਰੋਧੀ ਹਨ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)