ਕਿਸਾਨ ਅੰਦੋਲਨ: ਕਿਸਾਨਾਂ ਦੀ ਮਹਾਂਪੰਚਾਇਤ ਕੰਡੇਲਾ ਪਿੰਡ ’ਚ ਹੀ ਕਿਉਂ ਹੋਈ ਤੇ ਟਿਕੈਤ ਦਾ ਉਸ ਨਾਲ ਕੀ ਰਿਸ਼ਤਾ

ਤਸਵੀਰ ਸਰੋਤ, Sat Singh/BBC
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ 180 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਰਿਆਣਾ ਦੇ ਜ਼ਿਲ੍ਹੇ ਜੀਂਦ ਦੇ ਪਿੰਡ ਕੰਡੇਲਾ ਪਹੁੰਚੇ ਤਾਂ ਇੰਨੀ ਭੀੜ ਇਕੱਠੀ ਹੋਈ ਕਿ ਹਰਿਆਣਾ ਵਿੱਚ ਇੱਕ ਨਵੀਂ ਬਹਿਸ ਛਿੱੜ ਗਈ।
ਬਹਿਸ ਦਾ ਮੁੱਦਾ ਹੈ ਕਿ ਕੀ ਇੰਨੀ ਵੱਡੀ ਕੋਈ ਰੈਲੀ ਹਰਿਆਣਾ ਦੇ ਇਤਿਹਾਸ ਵਿੱਚ ਪਹਿਲਾਂ ਵੀ ਕਦੇ ਹੋਈ ਹੈ?
ਸਿਆਸੀ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਮਹਾਂਪੰਚਾਇਤ ਇਸ ਲਈ ਵੀ ਖ਼ਾਸ ਹੋ ਗਈ ਕਿਉਂਕਿ ਉਸ ਦਾ ਪ੍ਰਬੰਧ ਕੰਡੇਲਾ ਖਾਪ ਨੇ ਕੀਤਾ ਸੀ।
ਅਹਿਮ ਗੱਲ ਇਹ ਹੈ ਕਿ ਕੰਡੇਲਾ ਪਿੰਡ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅਕਤੂਬਰ ਮਹੀਨੇ ਤੋਂ ਅਣਮਿੱਥੇ ਸਮੇਂ ਲਈ ਧਰਨਾ ਚੱਲ ਰਿਹਾ ਹੈ ਅਤੇ ਕੰਡੇਲਾ ਖਾਪ ਜਿਸ ਵਿੱਚ 28 ਪਿੰਡ ਆਉਂਦੇ ਹਨ, ਇਸ ਦੀ ਪੂਰੀ ਹਮਾਇਤ ਕਰ ਰਹੀ ਹੈ।
ਇਹ ਵੀ ਪੜ੍ਹੋ:
ਕੰਡੇਲਾ ਪਿੰਡ ਦਾ ਪਿਛੋਕੜ
ਇਸੇ ਪਿੰਡ ਦੇ ਮੋਨੂ ਕੰਡੇਲਾ ਰੇਧੂ ਦੱਸਦੇ ਹਨ, "ਹਾਲਾਂਕਿ ਸਾਡਾ ਪਿੰਡ ਵੀ ਹਰਿਆਣਾ ਦੇ ਹੋਰ ਪਿੰਡਾਂ ਵਾਂਗ ਖੇਤੀ ਕਰਨ ਵਾਲੇ ਕਿਸਾਨਾਂ ਦਾ ਪਿੰਡ ਹੈ ਪਰ ਸਾਡੇ ਪਿੰਡ ਦੀ ਇੱਕ ਖ਼ਾਸੀਅਤ ਹੈ ਕਿ ਇਸ ਪਿੰਡ ਵਾਲੇ ਜ਼ੁਲਮ ਦੇ ਖ਼ਿਲਾਫ਼ ਇੱਕਜੁੱਟਤਾ ਨਾਲ ਖੜੇ ਹੋ ਜਾਂਦੇ ਹਨ।"
ਸਾਲ 2002-03 ਵਿੱਚ ਉਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਦੇ ਸਮੇਂ ਦਾ ਜ਼ਿਕਰ ਕਰਦਿਆਂ ਮੋਨੂੰ ਕੰਡੇਲਾ ਕਹਿੰਦੇ ਹਨ, "ਬਿਜਲੀ ਬਿੱਲਾਂ ਦੇ ਖ਼ਿਲਾਫ਼ ਕੰਡੇਲਾ ਖਾਪ ਨੇ ਇੱਕ ਅੰਦੋਲਨ ਚਲਾਇਆ ਸੀ ਅਤੇ ਹਜ਼ਾਰ ਪੁਲਿਸ ਮੁਲਾਜ਼ਮ, ਕਿਸਾਨਾਂ ਨਾਲ ਭਿੜ ਗਏ ਸਨ।"

ਤਸਵੀਰ ਸਰੋਤ, Sat Singh/BBC
ਉਹ ਅੱਗੇ ਕਹਿੰਦੇ ਹਨ, "ਕਿਸਾਨਾਂ ਨੇ ਆਪਣਾ ਪੱਖ ਨਹੀਂ ਛੱਡਿਆ ਅਤੇ ਚੌਟਾਲਾ ਸਰਕਾਰ ਨੇ ਗੋਲੀ ਚਲਵਾ ਦਿੱਤੀ ਜਿਸ ਵਿੱਚ ਕਾਫ਼ੀ ਜਾਨ ਮਾਲ ਦਾ ਨੁਕਸਾਨ ਹੋਇਆ। ਇੱਕ ਬਲਦ ਕਈ ਕਿਸਾਨਾਂ ਦੇ ਦਰਮਿਆਨ ਆ ਗਿਆ ਅਤੇ ਉਸੇ ਨਾਲ ਕਈ ਜਾਨਾਂ ਬਚ ਗਈਆਂ। ਹੁਣ ਸਾਡੇ ਪਿੰਡ ਵਿੱਚ ਉਸ ਬਲਦ ਦਾ ਇੱਕ ਮੰਦਰ ਬਣਾਇਆ ਗਿਆ ਹੈ।"
ਆਜ਼ਾਦ ਕੰਡੇਲਾ ਰੇਧੂ ਜੋ ਪਿੰਡ ਵਿੱਚ ਚਲ ਰਹੇ ਧਰਨੇ ਦੀ ਅਗਵਾਈ ਕਰ ਰਹੇ ਹਨ ਨੇ, ਦੱਸਿਆ ਕਿ ਰਾਕੇਸ਼ ਟਿਕੈਤ ਨਾਲ ਉਨ੍ਹਾਂ ਦੇ ਪਿੰਡ ਦਾ ਬਾਬਾ ਟਿਕੈਤ (ਰਾਕੇਸ਼ ਟਿਕੈਤ ਦੇ ਪਿਤਾ) ਦੇ ਜ਼ਮਾਨੇ ਦਾ ਰਿਸ਼ਤਾ ਹੈ।
ਜਦੋਂ ਟਿਕੈਤ ਦੇ ਗਾਜ਼ੀਪੁਰ ਬਾਰਡਰ ਦੇ ਹੰਝੂ ਦੇਖੇ ਤਾਂ ਲੋਕਾਂ ਨੇ ਰਾਤ ਨੂੰ ਹੀ ਸੜਕਾਂ 'ਤੇ ਆ ਕੇ ਜੀਂਦ-ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਅਤੇ ਕੰਡੇਲਾ ਖਾਪ ਦੇ ਕਈ ਪਿੰਡਾਂ ਤੋਂ ਟਰੈਕਟਰ ਗਾਜ਼ੀਪੁਰ ਬਾਰਡਰ ਲਈ ਰਵਾਨਾ ਹੋ ਗਏ।
ਆਜ਼ਾਦ ਕੰਡੇਲਾ ਦਾ ਦਾਅਵਾ ਹੈ, "ਟਿਕੈਤ ਨੇ ਜਦੋਂ ਕੰਡੇਲਾ ਖਾਪ ਦੇ ਟਰੈਕਟਰ ਗਾਜ਼ੀਪੁਰ ਬਾਰ਼ਡਰ 'ਤੇ ਦੇਖੇ ਤਾਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਹੁਣ ਕਿਸਾਨਾਂ ਦੀ ਜਿੱਤ ਪੱਕੀ ਹੈ।ਇਸ ਗੱਲ ਦਾ ਧੰਨਵਾਦ ਕਰਨ ਟਿਕੈਤ ਕੰਡੇਲਾ ਆਏ ਸਨ।"
ਵੀਡੀਓ ਦੇਖੋ ਅਤੇ ਆਪਣੇ ਫੋਨ 'ਤੇ ਬੀਬੀਸੀ ਪੰਜਾਬੀ ਨੂੰ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੰਡੇਲਾ ਪਿੰਡ ਵਿੱਚ ਕਿਸਾਨਾਂ ਦੀ ਮਦਦ
ਸਿਆਸੀ ਸਮਝ ਰੱਖਣ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਹਰਿਆਣਾ ਸਰਕਾਰ ਵਿੱਚ ਉੱਪ-ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਦੁਸ਼ਿਅੰਤ ਚੌਟਾਲਾ ਜੋ ਕਿ ਉਚਾਨਾ ਹਲਕੇ ਤੋਂ ਵਿਧਾਇਕ ਹਨ, ਨੂੰ ਵੀ ਮਹਾਂਪੰਚਾਇਤ ਵਲੋਂ ਟਿਕੈਤ ਨੂੰ ਇੰਨੇ ਵੱਡੇ ਪੱਧਰ 'ਤੇ ਸਮਰਥਨ ਮਿਲਣ ਕਾਰਨ ਦਿੱਕਤ ਹੋਣੀ ਲਾਜ਼ਮੀ ਹੈ।
ਇਹ ਗੱਲ ਵੀ ਅਹਿਮ ਹੈ ਕਿ ਕਿਸਾਨ ਦੁਸ਼ਿਅੰਤ ਚੌਟਾਲਾ ’ਤੇ ਸਮਰਥਨ ਵਾਪਸ ਲੈਣ ਦਾ ਦਬਾਅ ਵੀ ਬਣਾਉਂਦੇ ਆ ਰਹੇ ਹਨ।

ਤਸਵੀਰ ਸਰੋਤ, Sat Singh/BBC
ਆਜ਼ਾਦ ਦੱਸਦੇ ਹਨ ਕਿ ਜਦੋਂ ਪੰਜਾਬ ਦੇ ਕਿਸਾਨ ਖਨੌਰੀ ਬਾਰਡਰ ਤੋਂ ਹਰਿਆਣਾ ਵਿੱਚ ਦਾਖ਼ਲ ਹੋ ਰਹੇ ਸਨ ਤਾਂ ਪੁਲਿਸ ਉਨ੍ਹਾਂ ਨੂੰ ਰੋਕ ਰਹੀ ਸੀ ਤਾਂ ਉਨ੍ਹਾਂ ਦੇ ਹੀ ਲੋਕ ਕਿਸਾਨਾਂ ਦੀ ਮਦਦ ਲਈ ਪਹੁੰਚੇ ਸਨ। ਅਤੇ ਉਨ੍ਹਾਂ ਨੇ ਹੀ ਕਿਸਾਨਾਂ ਦੇ ਰਾਤ ਨੂੰ ਰਹਿਣ, ਲੰਗਰ ਅਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਸਨ।
ਆਜ਼ਾਦ ਨੇ ਦੱਸਿਆ, "ਅੱਜ ਜੀਂਦ ਦੀ ਹੱਦ ਵਿੱਚ ਦਾਖ਼ਿਲ ਹੋਣ ਤੋਂ ਬਾਅਦ ਪੰਜਾਬ ਤੋਂ ਆਉਣ ਵਾਲੇ ਕਿਸਾਨ ਭਰਾਵਾਂ ਲਈ ਹਰ ਕੁਝ ਕਿਲੋਮੀਟਰ ਦੇ ਫ਼ਾਸਲੇ 'ਤੇ ਲੰਗਰ ਦੀ ਸੇਵਾ ਚਲ ਰਹੀ ਹੈ। ਮਨੋਬਲ ਵਧਾਉਣ ਲਈ ਧਰਨੇ ਚਲ ਰਹੇ ਹਨ ਅਤੇ ਟਿਕਰੀ ਬਾਰਡਰ 'ਤੇ ਕੰਡੇਲਾ ਖਾਪ ਨੇ ਧਰਨੇ ਲਾਏ ਹੋਏ ਹਨ।"
ਇਹ ਵੀ ਪੜ੍ਹੋ:
ਸਿਆਸਤਦਾਨਾਂ ਲਈ ਮੰਦਰ ਦੀ ਅਹਿਮੀਅਤ
2003 ਵਿੱਚ ਚੌਟਾਲਾ ਸਰਕਾਰ ਦੌਰਾਨ ਵਾਪਰੀ ਘਟਨਾ ਮਗਰੋਂ ਸਾਬਕਾ ਮੁੱਖ ਮੰਤਰੀ ਉਮ ਪ੍ਰਕਾਸ਼ ਚੌਟਾਲਾ ਦੇ ਛੋਟੇ ਬੇਟੇ ਅਭੈ ਚੌਟਾਨਾ ਨੇ ਕੰਡੇਲਾ ਆ ਕੇ ਮੁਆਫ਼ੀ ਮੰਗੀ ਸੀ ਅਤੇ ਪਿੰਡ ਦੇ ਮੰਦਰ ਵਿੱਚ ਮੱਥਾ ਟੇਕਿਆ ਸੀ।
ਹਰਿਆਣਾ ਸਰਕਾਰ ਵਿੱਚ ਉੱਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਵੀ ਪਿੰਡ ਦੇ ਮੰਦਰ ਵਿੱਚ ਆ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਸੀ।

ਤਸਵੀਰ ਸਰੋਤ, Sat Singh/BBC
ਦੋ ਸਾਲ ਪਹਿਲਾਂ ਜੀਂਦ ਉੱਪ ਚੋਣਾਂ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕੰਡੇਲਾ ਖਾਪ ਦੇ ਪ੍ਰਧਾਨ ਰਾਮ ਕੰਡੇਲਾ ਤੋਂ ਹਮਾਇਤ ਮੰਗੀ ਸੀ ਅਤੇ ਉਪ ਚੋਣਾਂ ਜਿੱਤਣ ਤੋਂ ਬਾਅਦ ਰਾਮ ਨੂੰ ਚੇਅਰਮੈਨ ਦਾ ਅਹੁਦਾ ਵੀ ਦਿੱਤਾ ਸੀ।
ਕੋਈ ਵੀ ਚੋਣਾਂ ਹੋਣ ਸਿਆਸੀ ਆਗੂ ਸ਼ੁਰੂਆਤ ਕੰਡੇਲਾ ਪਿੰਡ ਦੇ ਮੰਦਰ ਵਿੱਚ ਮੱਥਾ ਟੇਕ ਕੇ ਹੀ ਕਰਦੇ ਹਨ। ਇਸ ਵਾਰ ਕੰਡੇਲਾ ਖਾਪ ਨੇ ਵੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਰਕਾਰ ਵਿਰੁੱਧ ਧਰਨਿਆਂ ਦਾ ਪ੍ਰੋਗਰਾਮ ਪਿੰਡ ਦੇ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਹੀ ਸ਼ੁਰੂ ਕੀਤਾ।
ਰਾਕੇਸ਼ ਟਿਕੈਤ ਨੇ ਵੀ ਬੁੱਧਵਾਰ ਨੂੰ ਮਹਾਂਪੰਚਾਇਤ ਤੋਂ ਬਾਅਦ ਮੰਦਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












