ਕੋਵਿਡ-19 ਵੈਕਸੀਨ: ਕਿਹੜੇ ਹਾਲਾਤਾਂ ਵਿੱਚ ਕੋਰੋਨਾਵਾਇਰਸ ਦਾ ਟੀਕਾ ਨਹੀਂ ਲਗਵਾਉਣਾ ਚਾਹੀਦਾ

ਤਸਵੀਰ ਸਰੋਤ, Getty Images
- ਲੇਖਕ, ਗੁਰਕਿਰਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਕੋਵਿਡ-19 ਟੀਕਾਕਰਨ ਵਿੱਚ ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਕੋਵੀਸ਼ੀਲਡ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ।
ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਹਿਲੇ ਗੇੜ ਵਿੱਚ ਇਹ ਟੀਕਾ ਹੈਲਥ ਕੇਅਰ ਵਰਕਰਾਂ ਅਤੇ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਮੂਹਰਲੀ ਕਤਾਰ ਦੇ ‘ਯੋਧਿਆਂ’ ਨੂੰ ਲਾਇਆ ਜਾ ਰਿਹਾ ਹੈ।
ਇਸੇ ਦੌਰਾਨ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਨੇ ਆਪਣੀ ਕੋਰੋਨਾਵਾਇਰਸ ਵਿਰੋਧੀ ਵੈਕਸੀਨ- ਕੋਵੈਕਸੀਨ ਬਾਰੇ ਆਪਣੀਆਂ ਵੱਖੋ-ਵੱਖ ਫ਼ੈਕਟਸ਼ੀਟਾਂ ਜਾਰੀ ਕੀਤੀਆਂ ਹਨ।
ਇਹ ਵੀ ਪੜ੍ਹੋ:
ਮੁੰਬਈ ਸਥਿਤ ਸੀਰਮ ਇੰਸਟੀਚਿਊਟ ਵੱਲੋਂ ਫੈਕਟਸ਼ੀਟ ਮੰਗਲਵਾਰ ਨੂੰ ਕੋਰੋਨਾ ਖ਼ਿਲਾਫ਼ ਦੇਸ਼ ਵਿਆਪੀ ਟੀਕਾਕਰਨ ਸ਼ੁਰੂ ਹੋਣ ਤੋਂ ਤੀਜੇ ਦਿਨ ਅੰਗਰੇਜ਼ੀ ਅਤੇ ਹਿੰਦੀ ਵਿੱਚ ਜਾਰੀ ਕੀਤੀ ਗਈ। ਇਨ੍ਹਾਂ ਫੈਕਟਸ਼ੀਟਾਂ ਵਿੱਚ ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਤੇ ਕੁਝ ਸਥਿਤੀ ਸਪਸ਼ਟ ਕੀਤੀ ਗਈ ਹੈ।
ਇਸੇ ਦੌਰਾਨ ਭਾਰਤ ਕੋਵੈਕਸੀਨ ਦਾ ਇੰਪੋਰਟ ਵੀ ਬੁੱਧਰਵਾਰ ਤੋਂ ਸ਼ੁਰੂ ਕਰ ਰਿਹਾ ਹੈ ਅਤੇ ਇਸ ਦੀ ਖੇਪ ਭੂਟਾਨ ਅਤੇ ਮਾਲਦੀਵ ਨੂੰ ਭੇਜੀ ਜਾ ਰਹੀ ਹੈ।
ਆਓ ਜਾਣਦੇ ਹਾਂ ਕਿ ਇੰਸਟੀਚਿਊਟ ਵੱਲੋਂ ਜਾਰੀ ਫੈਕਟਸ਼ੀਟ ਵਿੱਚ ਅਤੇ ਭਾਰਤ ਬਾਇਓਟੈਕ ਫੈਕਟਸ਼ੀਟ ਵਿੱਚ ਵੈਕਸੀਨਾਂ ਬਾਰੇ ਕੀ ਕਿਹਾ ਗਿਆ ਹੈ।
ਵੈਕਸੀਨ ਕੀ ਹੈ ਅਤੇ ਕੌਣ ਲੈ ਸਕਦਾ ਹੈ?
ਕੋਵੀਸ਼ੀਲਡ ਅਤੇ ਕੋਵੈਕਸੀਨ ਸਿਰਫ਼ ਐਮਰਜੈਂਸੀ ਹਾਲਤਾਂ ਵਿੱਚ ਵਰਤੇ ਜਾਣ ਵਾਲੇ ਟੀਕੇ ਵਜੋਂ ਮਾਨਤਾ ਪ੍ਰਾਪਤ ਹਨ ਜੋ 18 ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਸਕਦੀਆਂ ਹਨ।
ਭਾਰਤ ਬਾਇਓਟਿਕ ਨੇ ਸਿਰਫ਼ ਐਮਰਜੈਂਸੀ ਹਾਲਤਾਂ ਵਿੱਚ ਵਰਤੇ ਜਾਣ ਨੂੰ ਸਮਝਾਇਆ ਹੈ ਕਿ ਇਸ ਅਧੀਨ ਸਿਰਫ਼ ਸੀਮਤ ਪਹਿਲਤਾ ਸਮੂਹ ਨੂੰ ਹੀ ਵੈਕਸੀਨ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ।
ਜੇ ਤੁਸੀਂ ਇਸ ਵਰਗ ਵਿੱਚ ਹੋ ਤਾਂ ਤੁਹਾਨੂੰ ਟੀਕਾ ਲਗਵਾਉਣ ਦਾ ਸੱਦਾ ਮਿਲਿਆ ਹੋਵੇਗਾ। ਇਹ ਟੀਕਾਕਰਨ ਕਲੀਨੀਕਲ ਟਰਾਇਲ ਮੋਡ ਅਧੀਨ ਹੋਵੇਗਾ ਅਤੇ ਤੁਹਾਨੂੰ ਕਿਸੇ ਦੁਸ਼ ਪ੍ਰਭਾਵ ਲਈ ਨਿਗਰਾਨੀ ਵਿੱਚ ਰੱਖਿਆ ਜਾਵੇਗਾ ਤੇ ਲੋੜ ਪੈਣ 'ਤੇ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ।

ਤਸਵੀਰ ਸਰੋਤ, Getty Images
ਭਾਰਤ ਬਾਇਓਟੈਕ ਦੀ ਫੈਕਟਸ਼ੀਟ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਅਤੇ ਦੂਜੇ ਪੜਾਅ ਦੇ ਟਰਾਇਲਾਂ ਵਿੱਚ ਦੇਖਿਆ ਗਿਆ ਹੈ ਕਿ ਕੋਵੈਕਸੀਨ ਨੇ ਕੋਵਿਡ-19 ਨਾਲ ਲੜ ਸਕਣ ਵਾਲੀਆਂ ਐਂਟੀਬਾਡੀਜ਼ ਵਿਕਸਿਤ ਕਰਨ ਦੀ ਯੋਗਤਾ ਦਿਖਾਈ ਹੈ। ਫਿਰ ਵੀ ਇਸ ਦੀ ਕਲੀਨੀਕਲ ਕਾਰਜਕੁਸ਼ਲਤਾ ਹਾਲੇ ਸਾਬਤ ਹੋਣੀ ਬਾਕੀ ਹੈ ਅਤੇ ਤੀਜੇ ਪੜਾਅ ਦੇ ਟਾਇਰਲ ਜਾਰੀ ਹਨ।
ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਵੈਕਸੀਨ ਲੱਗ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾਵਾਇਰਸ ਬਾਰੇ ਹੋਰ ਸਾਵਧਾਨੀਆਂ ਵਰਤਣ ਦੀ ਕੋਈ ਲੋੜ ਨਹੀਂ ਹੈ।
ਟੀਕਾ ਲਗਵਾਉਣ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਨੂੰ ਇਹ ਜ਼ਰੂਰ ਦੱਸੋ
ਭਾਰਤ ਬਾਇਓਟਿਕ ਅਤੇ ਸੀਰਮ ਇੰਟੀਚਿਊਟ ਦੋਵਾਂ ਨੇ ਹੀ ਆਪਣੀਆਂ ਫੈਕਟਸ਼ੀਟਾਂ ਵਿੱਚ ਟੀਕਾ ਲਗਵਾਉਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰਨ ਅਤੇ ਹੇਠ ਲਿਖੀ ਜਾਣਕਾਰੀ ਡਾਕਟਰ ਨਾਲ ਸਾਂਝੀ ਕਰਨ ਬਾਰੇ ਕਿਹਾ ਹੈ। ਇਸ ਤੋਂ ਇਲਾਵਾ ਭਾਰਤ ਬਾਇਓਟਿਕ ਨੇ ਇਨ੍ਹਾਂ ਹਾਲਤਾਂ ਵਿੱਚ ਵੈਕਸੀਨ ਨਾ ਲਗਵਾਉਣ ਦੀ ਸਲਾਹ ਵੀ ਦਿੱਤੀ ਹੈ।
- ਅਤੀਤ ਵਿੱਚ ਕਿਸੇ ਵੀ ਦਵਾਈ, ਖਾਧ ਪਦਾਰਥ ਤੋਂ ਅਲਰਜੀ।
- ਜੇ ਤੁਹਾਨੂੰ ਬੁਖ਼ਾਰ ਹੈ।
- ਜੇ ਤੁਹਾਨੂੰ ਬਲੀਡਿੰਗ ਡਿਸਆਰਡਰ ਹੈ ਜਾਂ ਤੁਹਾਡਾ ਖੂਨ ਪਤਲਾ ਹੈ।
- ਜੇ ਰੋਗਾਂ ਨਾਲ ਲੜਨ ਦੀ ਤੁਹਾਡੀ ਸ਼ਕਤੀ ਕਮਜ਼ੋਰ ਹੈ ਜਾਂ ਅਜਿਹੀ ਕੋਈ ਦਵਾਈ ਵਰਤ ਰਹੇ ਹੋ ਜੋ ਇਸ ਸ਼ਕਤੀ ਉੱਪਰ ਅਸਰ ਪਾਉਂਦੀ ਹੋਵੇ।
- ਜੇ ਤੁਸੀਂ ਗਰਭਵਤੀ ਔਰਤ ਹੋ ਜਾਂ ਇਸ ਬਾਰੇ ਯੋਜਨਾ ਬਣਾ ਰਹੇ ਹੋ।
- ਜੇ ਤੁਸੀਂ ਬੱਚੇ ਨੂੰ ਦੁੱਧ ਚੁੰਘਾਉਂਦੇ ਹੋ।
- ਜੇ ਤੁਹਾਨੂੰ ਕੋਵਿਡ-19 ਦਾ ਕੋਈ ਹੋਰ ਟੀਕਾ ਲੱਗ ਚੁੱਕਿਆ ਹੈ।
- ਜਿਸ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਤੋਂ ਬਾਅਦ ਗੰਭੀਰ ਅਲਰਜੀ ਹੋਈ ਹੋਵੇ।
- ਜਿਸ ਨੂੰ ਟੀਕੇ ਵਿੱਚ ਵਰਤੀ ਗਈ ਕਿਸੇ ਵੀ ਚੀਜ਼ ਤੋਂ ਅਲਰਜੀ ਹੋਵੇ।
ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜੇ ਦੂਜਾ ਟੀਕਾ ਰਹਿ ਜਾਵੇ?
ਕੋਵੀਸ਼ੀਲਡ ਦਾ ਕੋਰਸ 0.5 ਐੱਮਐੱਲ ਦੀਆਂ ਦੋ ਖ਼ੁਰਾਕਾਂ ਨਾਲ ਪੂਰਾ ਹੁੰਦਾ ਹੈ। ਦੂਜਾ ਟੀਕਾ ਪਹਿਲੇ ਤੋਂ ਚਾਰ ਤੋਂ ਛੇ ਹਫ਼ਤਿਆਂ ਦੇ ਵਿੱਚ ਲੱਗਣਾ ਚਾਹੀਦਾ ਹੈ।
ਫ਼ੈਕਟਸ਼ੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ਾਂ ਵਿੱਚ ਹੋਏ ਅਧਿਐਨਾਂ ਵਿੱਚ ਦੂਜਾ ਟੀਕਾ ਪਹਿਲੇ ਤੋਂ 12 ਹਫ਼ਤਿਆਂ ਤੱਕ ਵੀ ਲਾਏ ਜਾਣ ਬਾਰੇ ਜਾਣਕਾਰੀ (ਡੇਟਾ) ਉਪਲਭਦ ਹੈ।
ਜੇ ਦੂਜਾ ਟੀਕਾ ਮਿੱਥੇ ਸਮੇਂ ਉੱਪਰ ਲਗਵਾਉਣੋਂ ਖੁੰਝ ਜਾਂਦੇ ਹੋ ਤਾਂ ਆਪਣੇ ਡਾਕਟਰ ਨਾਲ ਮਸ਼ਵਰਾ ਕਰੋ। ਇਹ ਅਹਿਮ ਹੈ ਕਿ ਤੁਸੀਂ ਦੂਜਾ ਟੀਕਾ ਲਗਵਾਓ।
ਭਾਰਤ ਅਤੇ ਵਿਦੇਸ਼ਾਂ ਵਿੱਚ ਕੋਵੀਸ਼ੀਲਡ ਟੀਕਾ ਹਾਲੇ ਤੱਕ ਸਿਰਫ਼ ਕਲੀਨੀਕਲ ਟਰਾਇਲ ਵਿੱਚ ਵਰਤਿਆ ਗਿਆ ਹੈ।

ਤਸਵੀਰ ਸਰੋਤ, Reuters
ਟੀਕੇ ਦੇ ਕੀ ਫਾਇਦੇ ਹਨ?
ਫੈਕਟਸ਼ੀਟ ਵਿੱਚ ਕਿਹਾ ਗਿਆ ਹੈ ਕਿ ਵੈਕਸੀਨ ਦੇ ਟਰਾਇਲਾਂ ਵਿੱਚ ਦੇਖਿਆ ਗਿਆ ਹੈ ਕਿ ਚਾਰ ਤੋਂ ਬਾਰਾਂ ਹਫ਼ਤਿਆਂ ਦੇ ਵਕਫ਼ੇ ਨਾਲ ਲੱਗੀਆਂ ਦੋ ਖ਼ੁਰਾਕਾਂ ਤੋਂ ਬਾਅਦ ਇਹ ਟੀਕਾ ਕੋਵਿਡ-19 ਤੋਂ ਬਚਾਅ ਕਰਦਾ ਹੈ।
ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਟੀਕਾ ਤੁਹਾਨੂੰ ਕੋਵਿਡ-19 ਤੋਂ ਕਿੰਨੀ ਦੇਰ ਤੱਕ ਸੁਰੱਖਿਅਤ ਰੱਖ ਸਕਦਾ ਹੈ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।
ਕਿਹਾ ਗਿਆ ਹੈ ਕਿ ਦੂਜੀ ਖ਼ੁਰਾਕ ਤੋਂ ਚਾਰ ਹਫ਼ਤਿਆਂ ਦੇ ਅੰਦਰ ਤੁਹਾਡੇ ਵਿੱਚ ਕੋਰੋਨਾਵਾਇਰਸ ਤੋਂ ਬਚਾਅ ਪੈਦਾ ਹੋ ਸਕਦਾ ਹੈ।
ਕੋਵੀਸ਼ੀਲਡ ਦੇ ਨੁਕਸਾਨ ਕੀ ਹੋ ਸਕਦੇ ਹਨ?
ਕੋਵੀਸ਼ੀਲਡ ਦੇ ਬੁਰੇ ਅਸਰ ਇਸ ਤਰ੍ਹਾਂ ਦੇਖੇ ਗਏ ਹਨ:
ਬਹੁਤ ਆਮ ( 10 ਵਿੱਚ 1 ਤੋਂ ਵਧੇਰੇ ਮਗਰ) ਦੇਖੇ ਜਾਣ ਵਾਲੇ
- ਟੀਕੇ ਵਾਲੀਂ ਥਾਂ ਦਾ ਗਰਮ ਹੋਣਾ, ਖਾਰਸ਼, ਸੋਜਿਸ਼ ਅਤੇ ਨੀਲ, ਲਾਲੀ
- ਆਮ ਕਰ ਕੇ ਜੀਅ ਠੀਕ ਨਾ ਲੱਗਣਾ
- ਥਕਾਵਟ ਮਹਿਸੂਸ ਹੋਣਾ
- ਕਾਂਬਾ ਛਿੜਨਾ
- ਸਿਰ ਪੀੜ
- ਉਲਟੀ ਆਉਣ ਵਰਗਾ ਲੱਗਣਾ
- ਜੋੜਾਂ ਜਾਂ ਮਾਸਪੇਸ਼ੀਆਂ ਵਿੱਚ ਦਰਦ
ਆਮ ( 10 ਵਿੱਚੋਂ 1 ਮਗਰ) ਦੇਖੇ ਜਾਣ ਵਾਲੇ
- ਟੀਕੇ ਵਾਲੀ ਥਾਂ 'ਤੇ ਗੰਢ ਬਣਨਾ
- ਬੁਖ਼ਾਰ
- ਉਲਟੀ
- ਫਲੂ ਵਰਗੇ ਲੱਛਣ ਜਿਵੇਂ ਉੱਚ ਤਾਪਮਾਨ, ਖ਼ਰਾਬ ਗਲ਼ਾ, ਨੱਕ ਦਾ ਵਗਣਾ, ਖੰਘ ਅਤੇ ਕਾਂਬਾ
ਗੈਰ-ਸਧਾਰਣ ( 100 ਵਿੱਚੋਂ 1 ਮਗਰ) ਦੇਖੇ ਜਾਣ ਵਾਲੇ
- ਚੱਕਰ ਮਹਿਸੂਸ ਹੋਣਾ
- ਭੁੱਖ ਘਟਣਾ
- ਢਿੱਡ ਪੀੜ
- ਸਰੀਰ 'ਤੇ ਗੰਢਾਂ ਬਣਨੀਆਂ
- ਬਹੁਤ ਜ਼ਿਆਦਾ ਪਸੀਨਾ, ਖ਼ਾਰਸ਼ ਅਤੇ ਚਤੱਕੇ
ਫੈਕਟਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਇਲਵਾ ਕੁਝ ਅਣਕਿਆਸੇ ਅਤੇ ਗੰਭੀਰ ਬੁਰੇ ਅਸਰ ਵੀ ਦਵਾਈ ਦੇ ਹੋ ਸਕਦੇ ਹਨ। ਕੋਵੀਸ਼ੀਲਡ ਹਾਲੇ ਟਰਾਇਲ ਅਧੀਨ ਹੈ।
ਭਾਰਤ ਬਾਇਓਟੈਕ ਦੀ ਫੈਕਟਸ਼ੀਟ ਵਿੱਚ ਜਿੱਥੇ ਉਪਰੋਕਤ ਖ਼ਤਰੇ ਮੋਟੇ ਤੌਰ 'ਤੇ ਤਾਂ ਸ਼ਾਮਲ ਕੀਤੇ ਹੀ ਗਏ ਹਨ ਨਾਲ ਹੀ ਕਿਹਾ ਗਿਆ ਹੈ ਕਿ ਇਸ ਦੀ ਬਹੁਤ ਥੋੜ੍ਹੀ ਸੰਭਾਵਨਾ ਹੈ ਕਿ ਟੀਕਾ ਲਗਵਾਉਣ ਵਾਲੇ ਨੂੰ ਕੋਵੈਕਸੀਨ ਕਿਸੇ ਕਿਸਮ ਦੀ ਅਲਰਜੀ ਕਰੇ ਪਰ ਫਿਰ ਵੀ ਬਹੁਤ ਦੁਰਲਭ ਹਾਲਤਾਂ ਵਿੱਚ ਖ਼ੁਰਾਕ ਤੋਂ ਬਾਅਦ ਬਹੁਤ ਗੰਭੀਰ ਅਰਲਰਜੀ ਹੋ ਸਕਦੀ ਹੈ।
ਜਿਸ ਲਈ ਤੁਹਾਨੂੰ ਟੀਕਾਕਰਨ ਕੇਂਦਰ ਤੇ ਅੱਧੇ ਘਾਂਟੇ ਲਈ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਜਾਵੇਗਾ।
ਗੰਭੀਰ ਅਲਰਜੀ ਦੇ ਹੇਠ ਲਿਖੇ ਲੱਛਣ ਹੋ ਸਕਦੇ ਹਨ-
- ਸਾਹ ਲੈਣ ਵਿੱਚ ਦਿੱਕਤ
- ਚਿਹਰੇ ਅਤੇ ਗਲੇ ਦੀ ਸੋਜਿਸ਼
- ਦਿਲ ਦੀ ਧੜਕਨ ਤੇਜ਼ ਹੋਣਾ
- ਸਾਰੇ ਪਿੰਡੇ ਉੱਪਰ ਚਤੱਕੇ ਪੈ ਜਾਣਾ
- ਚੱਕਰ ਆਉਣੇ ਅਤੇ ਕਮਜ਼ੋਰੀ
ਬੁਰੇ ਅਸਰਾਂ ਦੀ ਸੂਰਤ ਵਿੱਚ?
ਟੀਕੇ ਤੋਂ ਬਾਅਦ ਤੁਹਾਨੂੰ ਕੋਈ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਜੋਂ ਚਿੰਤਾ ਦਾ ਕਾਰਨ ਹਨ ਜਾਂ ਜਾ ਨਹੀਂ ਰਹੇ ਤਾਂ ਨਜ਼ਦੀਕੀ ਹਸਪਤਾਲ ਵਿੱਚ ਜਾਓ ਅਤੇ ਆਪਣੇ ਡਾਕਟਰ ਨਾਲ ਸਲਾਹ ਕਰੋ।
ਤੁਸੀਂ ਇਨ੍ਹਾਂ ਦੁਸ਼ ਪ੍ਰਭਾਵਾਂ ਬਾਰੇ ਵੈਕਸੀਨ ਦੇ ਨਿਰਮਾਤਾ ਸੀਰਮ ਇੰਸਟੀਚਿਊਟ ਨੂੰ ਵੀ ਇਤਲਾਹ ਦੇ ਸਕਦੇ ਹੋ।
ਵੈਕਸੀਨ ਦੀ ਹੋਰ ਵੈਕਸੀਨਾਂ ਦੇ ਨਾਲ ਵਰਤੋਂ ਕੀਤੇ ਜਾ ਸਕਣ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਆਪਣੇ ਟੀਕਾਕਰਨ ਦਾ ਰਿਕਾਰਡ ਰੱਖੋ।
ਇਸ ਬਾਰੇ ਭਾਰਤ ਬਾਇਓਟੈਕ ਨੇ ਲਿਖਿਆ ਹੈ ਕਿ ਟੀਕਾ ਲੱਗਣ ਤੋਂ ਬਾਅਦ ਕਿਸੇ ਅਣਕਿਆਸੀ ਸਥਿਤੀ ਨੂੰ ਦੇਖਦੇ ਹੋਏ ਵਿਅਕਤੀ ਨੂੰ ਸਰਕਾਰੀ ਜਾਂ ਡੈਜ਼ੀਗਨੇਟਡ ਹਸਪਤਾਲ ਵਿੱਚ ਇਲਾਜ ਦਿੱਤਾ ਜਾਵੇਗਾ।

ਤਸਵੀਰ ਸਰੋਤ, Getty Images
ਕੋਵੈਕਸੀਨ ਵਾਲੇ ਮਰੀਜ਼ਾਂ ਨੂੰ ਮੁਆਵਜ਼ਾ ਭਾਰਤ ਬਾਇਓਟੈਕ ਵੱਲੋਂ ਅਦਾ ਕੀਤਾ ਜਾਵੇਗਾ। ਜੇ ਸਾਬਤ ਹੋ ਜਾਂਦਾ ਹੈ ਕਿ ਮਰੀਜ਼ ਦੀ ਸਥਿਤੀ ਵੈਕਸੀਨ ਕਾਰਨ ਵਿਗੜੀ ਹੈ ਤਾਂ ਉਸ ਲਈ ਮੁਆਵਜ਼ਾ ਭਾਰਤ ਦੀ ਮੈਡਕਲ ਖੋਜ ਕਾਊਂਸਲ ਵੱਲੋਂ ਨਿਰਧਾਰਿਤ ਕੀਤਾ ਜਾਵੇਗਾ।
ਇਸ ਤੋਂ ਇਲਵਾ ਜੇ ਟੀਕਾ ਲੱਗਣ ਤੋਂ ਬਾਅਦ ਕੋਰੋਨਾਵਾਇਰਸ ਦੇ ਲੱਛਣ ਨਜ਼ਰ ਆਉਣ ਦੀ ਸੂਰਤ ਵਿੱਚ ਮਰੀਜ਼ ਤੁਰੰਤ ਹੈਲਥ ਕੇਅਰ ਸੂਪਰਵਾਈਜ਼ਰ/ਕੰਪਨੀ ਨੂੰ ਇਤਲਾਹ ਦੇਵੇਗਾ ਤਾਂ ਟੈਸਟ ਦੇ ਨਾਲ ਉਸ ਨੂੰ ਬਣਦਾ ਇਲਾਜ ਮੁਹਈਆ ਕਰਵਾਇਆ ਜਾਵੇਗਾ। ਅਜਿਹੇ ਵਾਕਿਆਤ ਦਾ ਰਿਕਾਰਡ ਰੱਖਿਆ ਜਾਵੇਗਾ।
ਕੋਵਿਡ-19 ਹੋਣ ਦੀ ਪੁਸ਼ਟੀ ਸਰਕਾਰ ਵੱਲੋਂ ਤੈਅ RT-PCR ਟੈਸਟ ਦੀ ਰਿਪੋਰਟ ਤੋਂ ਹੀ ਕੀਤੀ ਜਾਵੇਗੀ।
ਟੀਕਾ ਲਗਵਾਉਣਾ ਲਾਜ਼ਮੀ ਬਨਾਮ ਇੱਛਾ
ਦੋਹਾਂ ਹੀ ਦਵਾਈ ਨਿਰਮਾਤਾ ਕੰਪਨੀਆਂ ਵੱਲੋਂ ਜਾਰੀ ਫੈਕਟਸ਼ੀਟਾਂ ਵਿੱਚ ਕਿਹਾ ਗਿਆ ਹੈ ਕਿ ਵੈਕਸੀਨ ਲਗਵਾਉਣਾ ਨਾ ਲਗਵਾਉਣਾ ਤੁਹਾਡੀ ਮਰਜ਼ੀ ਹੈ। ਇਸ ਬਾਰੇ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰੋ।
ਭਾਰਤ ਬਾਇਓਟੈਕ ਮੁਤਾਬਕ ਟੀਕੇ ਬਾਰੇ ਜਾਣਕਾਰੀ ਦੇਣਾ ਟੀਕਾਕਰਨ ਸਟਾਫ਼ ਦੀ ਜ਼ਿੰਮੇਵਾਰੀ ਹੈ ਅਤੇ ਟੀਕਾ ਲਗਵਾਉਣ ਵਾਲਾ ਆਪਣੀ ਮਰਜ਼ੀ ਨਾਲ ਹਾਂ ਜਾਂ ਨਾਂਹ ਕਰ ਸਕਦਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













