ਕੋਰੋਨਾਵਾਇਰਸ ਵੈਕਸੀਨ: ਪੰਜਾਬ ਵਿੱਚ ਕਦੋਂ ਤੇ ਕਿਵੇਂ ਮਿਲੇਗੀ ਵੈਕਸੀਨ ਸਣੇ ਹੋਰ ਸਵਾਲਾਂ ਦੇ ਜਵਾਬ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਨਵਦੀਪ ਕੌਰ
- ਰੋਲ, ਬੀਬੀਸੀ ਪੰਜਾਬੀ ਪੱਤਰਕਾਰ
ਭਾਰਤ ਵਿੱਚ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪੰਜਾਬ ਵਿੱਚ ਵੀ 16 ਜਨਵਰੀ ਨੂੰ ਪਹਿਲੀ ਵਾਰ ਟੀਕਾਕਰਨ ਹੋਏਗਾ।
ਨੋਵਲ ਕੋਰੋਨਾਵਾਇਰਸ ਪੂਰੀ ਦੁਨੀਆਂ ਲਈ ਨਵੀਂ ਬਿਮਾਰੀ ਸੀ। ਜਿਸ ਦੀ ਵੈਕਸੀਨੇਸ਼ਨ ਬਾਰੇ ਵੀ ਕਈ ਸਵਾਲ ਤੁਹਾਡੇ ਮਨਾਂ ਵਿੱਚ ਉੱਠ ਸਕਦੇ ਹਨ।
ਕੁਝ ਸਵਾਲਾਂ ਦੇ ਜਵਾਬ ਲਈ ਅਸੀਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ ਅਤੇ ਕੋਵਿਡ ਲਈ ਨਿਯੁਕਤ ਪੰਜਾਬ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨਾਲ ਗੱਲ ਕੀਤੀ।
ਇਹ ਵੀ ਪੜ੍ਹੋ
ਕੋਰੋਨਾ ਵੈਕਸੀਨੇਸ਼ਨ ਲਵਾਉਣ ਤੋਂ ਬਾਅਦ ਦੇ ਕੀ ਪ੍ਰਭਾਵ ਹੋ ਸਕਦੇ ਹਨ?
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੋਈ ਨਵਾਂ ਟੀਕਾ ਨਹੀਂ ਜਿਸ ਦੇ ਆਫਟਰ ਅਫੈਕਟਸ ਹੋਣਗੇ। ਹਰ ਟੀਕਾਕਰਨ ਵਿੱਚ ਟੀਕਾ ਲਗਾਉਣ ਵਾਲੀ ਜਗ੍ਹਾ 'ਤੇ ਦਰਦ ਅਤੇ ਬੁਖਾਰ ਹੋ ਸਕਦਾ ਹੈ ਜੋ ਕੁਝ ਦਿਨਾਂ ਵਿੱਚ ਖੁਦ ਠੀਕ ਹੋ ਜਾਏਗਾ।
ਹਰ ਤਰ੍ਹਾਂ ਦੇ ਟੀਕਾਕਰਨ ਦੇ ਬਾਅਦ ਅੱਧੇ ਘੰਟੇ ਲਈ ਟੀਕਾ ਲਗਵਾਉਣ ਵਾਲੇ ਨੂੰ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਉਸ ਨੂੰ ਦਵਾਈ ਤੋਂ ਕੋਈ ਐਲਰਜੀ ਵਗੈਰਾ ਜਾਂ ਹੋਰ ਸਾਈਡ-ਅਫੈਕਟ ਨਾ ਹੋ ਜਾਵੇ, ਇਹੀ ਨਿਗਰਾਨੀ ਇਸ ਵੈਕਸੀਨੇਸ਼ਨ ਦੌਰਾਨ ਵੀ ਰੱਖੀ ਜਾਏਗੀ।
ਇਸ ਤੋਂ ਇਲਾਵਾ ਇਸ ਵੈਕਸੀਨੇਸ਼ਨ ਦਾ ਕੋਈ ਬੁਰਾ ਪ੍ਰਭਾਵ ਨਹੀਂ ਹੋਏਗਾ।

ਤਸਵੀਰ ਸਰੋਤ, Getty Images
ਕੀ ਇਹ ਵੈਕਸੀਨੇਸ਼ਨ ਸਭ ਲਈ ਮੁਫ਼ਤ ਹੋਏਗੀ?
ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਹੈਲਥ ਵਰਕਰਜ਼ ਅਤੇ ਫਰੰਟ ਲਾਈਨ ਵਾਰੀਅਰਜ਼ ਲਈ ਇਹ ਟੀਕਾਕਰਨ ਮੁਫ਼ਤ ਹੋਣ ਦੀਆਂ ਹੀ ਹਦਾਇਤਾਂ ਆਈਆਂ ਹਨ।
ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਸਾਨੂੰ ਕਿਹਾ ਕਿ ਫਿਲਹਾਲ ਪੂਰੇ ਪੰਜਾਬ ਵਿੱਚ ਮੁਫਤ ਵੈਕਸੀਨ ਦੇਣ ਜਾਂ ਨਾ ਦੇਣ ਬਾਰੇ ਫੈਸਲਾ ਨਹੀਂ ਹੋਇਆ ਹੈ ਹਾਲਾਂਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਕਿ ਪੰਜਾਬ ਵਿੱਚ ਇਸ ਵੈਕਸੀਨੇਸ਼ਨ ਲਈ ਕਿਸੇ ਨੂੰ ਵੀ ਫੀਸ ਅਦਾ ਨਹੀਂ ਕਰਨੀ ਹੋਏਗੀ, ਵੈਕਸੀਨੇਸ਼ਨ ਦਾ ਸਾਰਾ ਖ਼ਰਚ ਸਰਕਾਰ ਚੁੱਕੇਗੀ।

ਤਸਵੀਰ ਸਰੋਤ, Getty Images
ਆਮ ਇਨਸਾਨ ਕਦੋਂ, ਕਿੱਥੋਂ ਅਤੇ ਕਿਸ ਪ੍ਰਕਿਰਿਆ ਜ਼ਰੀਏ ਵੈਕਸੀਨੇਸ਼ਨ ਲੈ ਸਕਦਾ ਹੈ ?
ਡਾ. ਗੁਰਿੰਦਰਬੀਰ ਸਿੰਘ ਮੁਤਾਬਕ ਆਮ ਲੋਕਾਂ ਲਈ ਵੈਕਸੀਨੇਸ਼ਨ ਦੀ ਪ੍ਰਕਿਰਿਆ ਫਿਲਹਾਲ ਸ਼ੁਰੂ ਨਹੀਂ ਹੋਈ ਹੈ।
ਪਰ ਪਹਿਲ ਦੇ ਅਧਾਰ 'ਤੇ ਦਿੱਤੀ ਜਾਣ ਵਾਲੀ ਵੈਕਸੀਨੇਸ਼ਨ ਪ੍ਰਕਿਰਿਆ ਖ਼ਤਮ ਹੋਣ ਬਾਅਦ, ਆਮ ਲੋਕਾਂ ਦੀ ਵੀ ਕੋ-ਵਿਨ ਮੋਬਾਈਲ ਐਪਲੀਕੇਸ਼ਨ ਜ਼ਰੀਏ ਹੀ ਰਜਿਸਟਰੇਸ਼ਨ ਹੋਏਗੀ।
ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਦੇ ਇੱਕ ਬਿਆਨ ਮੁਤਾਬਕ, ਪਹਿਲਾਂ 1,65,000 ਦੇ ਕਰੀਬ ਹੈਲਥ ਵਰਕਰਾਂ ਨੂੰ ਇਹ ਟੀਕਾ ਲੱਗੇਗਾ। ਉਸ ਤੋਂ ਬਾਅਦ ਢਾਈ-ਤਿੰਨ ਲੱਖ ਫਰੰਟ ਲਾਈਨ ਵਰਕਰਜ਼ ਦਾ ਟੀਕਾਕਰਨ ਹੋਏਗਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫਿਰ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਜਾਂ 50 ਸਾਲ ਤੋਂ ਘੱਟ ਕੋ-ਮੋਰਬਿਡ ਹਾਲਾਤ ਵਾਲੇ ਯਾਨੀ ਉਹ ਲੋਕ ਜੋ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹਨ, ਉਹਨਾਂ ਨੂੰ ਵੈਕਸੀਨ ਦਿੱਤੀ ਜਾਏਗੀ। ਪੰਜਾਬ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਕਰੀਬ 65 ਲੱਖ ਕਹੀ ਗਈ ਹੈ।
ਉਸ ਤੋਂ ਬਾਅਦ ਆਮ ਲੋਕਾਂ ਦੀ ਵਾਰੀ ਆਏਗੀ। ਸਾਰੇ ਹੈਲਥ ਕੇਅਰ ਵਰਕਰਜ਼ ਦੇ ਟੀਕਾਕਰਨ ਦਾ ਪਹਿਲਾ ਪੜਾਅ ਕਦੋਂ ਨੇਪਰੇ ਚੜ੍ਹਦਾ ਹੈ, ਇਹ ਕੇਂਦਰ ਤੋਂ ਆਉਣ ਵਾਲੀ ਵੈਕਸੀਨ ਦੀ ਉਪਲਬਧਤਾ 'ਤੇ ਨਿਰਭਰ ਕਰਦਾ ਹੈ।
ਪੰਜਾਬ ਦੇ ਸਿਹਤ ਵਿਭਾਗ ਦੇ ਦਾਅਵਿਆਂ ਮੁਤਾਬਕ, ਇੱਕ ਦਿਨ ਵਿੱਚ ਚਾਰ ਲੱਖ ਲੋਕਾਂ ਨੂੰ ਵੈਕਸੀਨ ਲਾਉਣ ਦੀ ਸਮਰਥਾ ਹੈ।

ਤਸਵੀਰ ਸਰੋਤ, Reuters
ਕੀ ਇਹ ਵੈਕਸੀਨੇਸ਼ਨ ਇਲਾਜ ਅਧੀਨ ਕੋਵਿਡ ਮਰੀਜਾਂ ਲਈ ਵੀ ਹੈ?
ਪੰਜਾਬ ਵਿੱਚ ਕੋਵਿਡ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਕੋਵਿਡ ਦੇ ਐਕਟਿਵ ਕੇਸਾਂ ਯਾਨੀ ਕਿ ਇਲਾਜ ਅਧੀਨ ਮਰੀਜ਼ਾਂ ਨੂੰ ਇਹ ਵੈਕਸੀਨੇਸ਼ਨ ਨਹੀਂ ਲੱਗੇਗੀ। ਜੋ ਲੋਕ ਕੋਵਿਡ ਤੋਂ ਰਿਕਵਰ ਹੋ ਚੁੱਕੇ ਹਨ, ਉਨ੍ਹਾਂ ਦਾ ਟੀਕਾਕਰਨ ਹੋਏਗਾ।
ਕੀ ਗਰਭਵਤੀ ਮਹਿਲਾਵਾਂ ਅਤੇ ਨਵ-ਜਨਮੇ ਬੱਚਿਆਂ ਨੂੰ ਲੱਗਣ ਵਾਲੇ ਟੀਕਿਆਂ ਵਿੱਚ ਕੋਵਿਡ ਟੀਕਾਕਰਨ ਵੀ ਸ਼ਾਮਲ ਹੋਏਗਾ?
ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਅਤੇ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਹ ਵੈਕਸੀਨੇਸ਼ਨ ਨਹੀਂ ਹੈ।
ਇਹ ਵੀ ਪੜ੍ਹੋ:-

ਤਸਵੀਰ ਸਰੋਤ, Reuters
ਕੀ ਹਰ ਨਾਗਰਿਕ ਲਈ ਟੀਕਾਕਰਨ ਲਾਜ਼ਮੀ ਹੋਏਗਾ?
ਫਿਲਹਾਲ ਆਮ ਲੋਕਾਂ ਲਈ ਇਹ ਟੀਕਾਕਰਨ ਲਾਜ਼ਮੀ ਕਰਨ ਦੀ ਕੋਈ ਜਾਣਕਾਰੀ ਨਹੀਂ ਹੈ। ਸਰਕਾਰੀ ਬਿਆਨਾਂ ਮੁਤਾਬਕ, ਇਹ ਹਰ ਨਾਗਰਿਕ ਦੀ ਸਵੈ-ਇੱਛਾ ਨਾਲ ਹੀ ਲੱਗੇਗੀ।
ਹੁਣ ਇੱਕ ਨਜ਼ਰ ਮਾਰਦੇ ਹਾਂ ਕਿ ਪੰਜਾਬ ਵਿੱਚ ਟੀਕਾਕਰਨ ਦੀ ਸ਼ੁਰੂਆਤ ਦੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ।
ਪੰਜਾਬ ਵਿੱਚ ਪਹਿਲੇ ਦਿਨ 110 ਥਾਵਾਂ 'ਤੇ 11,000 ਹੈਲਥ ਕੇਅਰ ਵਰਕਰਜ਼ ਦਾ ਟੀਕਾਕਰਨ ਹੋਏਗਾ। 28 ਦਿਨ ਦੇ ਫ਼ਰਕ ਨਾਲ ਹਰ ਲਾਭਪਾਤਰੀ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾਣੀ ਹੈ।
ਟੀਕਾਕਰਨ ਦੀ ਸ਼ੁਰੂਆਤ ਲਈ ਹਰ ਜ਼ਿਲ੍ਹੇ ਵਿੱਚ ਪੰਜ ਥਾਵਾਂ ਚੁਣੀਆਂ ਗਈਆਂ ਹਨ ਅਤੇ ਹਰ ਥਾਂ 'ਤੇ 100 ਹੈਲਥ ਕੇਅਰ ਵਰਕਰਜ਼ ਨੂੰ ਟੀਕਾ ਲਗਾਇਆ ਜਾਏਗਾ।
ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਅਤੇ ਜੀ.ਐਮ.ਸੀ ਅੰਮ੍ਰਿਤਸਰ ਤੋਂ ਟੀਕਾਕਰਨ ਦਾ ਸਿੱਧਾ ਪ੍ਰਸਾਰਨ ਕੇਂਦਰ ਸਰਕਾਰ ਨਾਲ ਕੀਤਾ ਜਾਏਗਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਰੀ ਬਿਆਨ ਵਿੱਚ ਦੱਸਿਆ ਸੀ ਕਿ ਟੀਕਾਕਰਨ ਲਈ ਪੰਜਾਬ ਪਹੁੰਚੀ ਪਹਿਲੀ ਖੇਪ ਵਿੱਚ 20,450 ਕੋਵੀਸ਼ੀਲਡ ਸ਼ੀਸ਼ੀਆਂ ਹਨ, ਹਰ ਸ਼ੀਸ਼ੀ ਵਿੱਚ ਟੀਕੇ ਦੀਆਂ 10 ਖੁਰਾਕਾਂ ਹਨ।
ਪੰਜਾਬ ਲਈ ਪਹੁੰਚੀ ਵੈਕਸੀਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ 24 ਸਥਿਤ ਸਟੇਟ ਵੈਕਸੀਨ ਸਟੋਰ ਵਿੱਚ ਰੱਖੀ ਗਈ, ਬਾਅਦ ਵਿੱਚ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਭੇਜੀ ਜਾ ਰਹੀ ਹੈ।
ਟੀਕਾਕਰਨ ਦੇ ਹਰ ਸੈਸ਼ਨ ਦੇ ਪ੍ਰਬੰਧ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ।
- ਪਹਿਲਾ ਅਧਿਕਾਰੀ ਇਹ ਯਕੀਨੀ ਬਣਾਏਗਾ ਕਿ ਯੋਗ ਲਾਭਪਾਤਰੀ ਹੀ ਅੰਦਰ ਦਾਖਲ ਹੋਵੇ।
- ਦੂਜੇ ਅਧਿਕਾਰੀ ਦਾ ਕੰਮ ਹੋਏਗਾ ਕੋ-ਵਿਨ ਮੋਬਾਈਲ ਐਪਲੀਕੇਸ਼ਨ 'ਤੇ ਲਾਭਪਾਤਰੀ ਦੀ ਤਸਦੀਕ ਕਰਨਾ।
- ਤੀਜਾ ਵੈਕਸੀਨੇਸ਼ਨ ਅਧਿਕਾਰੀ ਟੀਕਾ ਲਗਾਏਗਾ।
- ਚੌਥਾ ਅਧਿਕਾਰੀ ਟੀਕਾਕਰਨ ਤੋਂ ਬਾਅਦ ਟੀਕਾ ਲਵਾਉਣ ਵਾਲੇ 'ਤੇ ਪੈ ਸਕਦੇ ਸੰਭਵ ਅਸਰਾਂ 'ਤੇ ਨਿਗਰਾਨੀ ਲਈ ਓਬਜ਼ਰਵੇਸ਼ਨ ਰੂਮ ਵਿੱਚ ਤਾਇਨਾਤ ਹੋਏਗਾ।
- ਪੰਜਵਾਂ ਅਧਿਕਾਰੀ ਲਾਭਪਾਤਰੀਆਂ ਦੀ ਆਮਦ ਨੂੰ ਨਿਯੰਤਰਨ ਕਰਨ ਵਿੱਚ ਮਦਦ ਕਰੇਗਾ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













