ਸੋਨੇ ਦੀ ਸਮਗਲਿੰਗ ਵਿੱਚ ਭਾਰਤ ਦੇ ਦਬਦਬੇ ਨੂੰ ਖ਼ਤਮ ਕਰਨ ਵਾਲਾ ਪਾਕਿਸਤਾਨ ਦਾ 'ਗੋਲਡ ਕਿੰਗ'

ਸੇਠ ਆਬਿਦ

ਤਸਵੀਰ ਸਰੋਤ, SOCIAL MEDIA

ਤਸਵੀਰ ਕੈਪਸ਼ਨ, ਸੇਠ ਆਬਿਦ ਜਿਨ੍ਹਾਂ ਦੀ ਮੌਤ 85 ਸਾਲਾਂ ਦੀ ਉਮਰ ਵਿੱਚ ਹੋਈ, ਉਨ੍ਹਾਂ ਨੂੰ ਪਾਕਿਸਤਾਨ ਵਿੱਚ ਗੋਲਡ ਕਿੰਗ ਵਜੋਂ ਜਾਣਿਆ ਜਾਂਦਾ ਹੈ
    • ਲੇਖਕ, ਇਲਿਆਸ ਅਹਿਮਦ ਚੱਠਾ
    • ਰੋਲ, ਪ੍ਰੋਫ਼ੈਸਰ, ਲਿਮਜ਼ ਯੂਨੀਵਰਸਿਟੀ

ਅਪ੍ਰੈਲ 1958 ਵਿੱਚ ਲਾਹੌਰ ਜਾਣ ਵਾਲੇ ਇੱਕ ਯਾਤਰੀ ਨੂੰ ਕਰਾਚੀ ਹਵਾਈ ਅੱਡੇ 'ਤੇ ਰੋਕਿਆ ਗਿਆ ਤਾਂ ਉਸ ਯਾਤਰੀ ਕੋਲੋਂ 3100 ਤੋਲੇ ਸੋਨਾ ਬਰਾਮਦ ਹੋਇਆ।

ਜਦੋਂ ਕਰਾਚੀ ਕਸਟਮ ਅਧਿਕਾਰੀਆਂ ਨੇ ਪ੍ਰੈਸ ਰੀਲੀਜ਼ ਵਿੱਚ ਦੱਸਿਆ ਕਿ ਉਨ੍ਹਾਂ ਨੇ 2000 ਤੋਲੇ ਸੋਨਾ ਜ਼ਬਤ ਕੀਤਾ ਹੈ ਤਾਂ ਪੁਲਿਸ ਹਿਰਾਸਤ ਵਿੱਚ ਮੌਜੂਦ ਉਸ ਯਾਤਰੀ ਨੇ ਉਨ੍ਹਾਂ ਦੀ ਇਸ ਗ਼ਲਤੀ ਨੂੰ ਦਰੁਸਤ ਕੀਤਾ ਅਤੇ ਕਿਹਾ ਕਿ ਇਹ ਦੋ ਹਜ਼ਾਰ ਨਹੀਂ ਬਲਕਿ ਤਿੰਨ ਹਜ਼ਾਰ ਇੱਕ ਸੌ ਤੋਲੇ ਸੋਨਾ ਸੀ।

ਉਹ ਵਿਅਕਤੀ ਜਲਦ ਹੀ ਜੇਲ੍ਹ ਵਿੱਚੋਂ ਰਿਹਾਅ ਹੋ ਗਿਆ ਅਤੇ ਸਿਰਫ਼ ਪੰਜ ਮਹੀਨੇ ਬਾਅਦ ਹੀ, ਉਹ ਕਸੂਰ ਦੇ ਨੇੜੇ ਇੱਕ ਸਰਹੱਦੀ ਪਿੰਡ ਵਿੱਚ ਨਜ਼ਰ ਆਇਆ। ਉਥੇ ਉਸ ਨੂੰ ਅੰਮ੍ਰਿਤਸਰ ਪੁਲਿਸ ਤੋਂ ਬਚਣ ਲਈ 45 ਸੋਨੇ ਦੀਆਂ ਇੱਟਾਂ ਛੱਡ ਕੇ ਭੱਜਣਾ ਪਿਆ।

ਇਹ ਵੀ ਪੜ੍ਹੋ

ਛੇ ਸਾਲ ਬਾਅਦ ਇਹ ਵਿਅਕਤੀ ਫ਼ਿਰ ਸਾਹਮਣੇ ਆਇਆ ਜਦੋਂ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਉਹ ਚਾਂਦਨੀ ਚੌਕ ਵਿੱਚ ਮੋਤੀ ਬਾਜ਼ਾਰ ਦੇ ਇੱਕ ਵਪਾਰੀ ਨਾਲ ਸੋਨੇ ਦਾ ਸੌਦਾ ਕਰ ਰਿਹਾ ਸੀ।

ਉਹ ਵਿਅਕਤੀ ਤਾਂ ਪੁਲਿਸ ਤੋਂ ਬਚਣ ਵਿੱਚ ਕਾਮਯਾਬ ਹੋ ਗਿਆ, ਪਰ ਉਸਦਾ ਇੱਕ ਸਾਥੀ ਫ਼ੜਿਆ ਗਿਆ ਅਤੇ ਪੁਲਿਸ ਨੇ ਉਸ ਕੋਲੋਂ 44 ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ।

1977 ਵਿੱਚ, ਲਾਹੌਰ ਤੋਂ ਛਪਣ ਵਾਲੇ ਇੱਕ ਅਖ਼ਬਾਰ ਨੇ ਉਸ ਵਿਅਕਤੀ ਦੇ ਬਾਰੇ ਕੁਝ ਇਸ ਤਰ੍ਹਾਂ ਲਿਖਿਆ, "ਗੋਲਡਨ ਭਗੌੜਾ, ਇੱਕ ਅਸਧਾਰਨ ਵਿਅਕਤੀ, ਭੇਸ ਬਦਲਣ ਵਿੱਚ ਮਾਹਰ ਅਤੇ ਲੂੰਬੜੀ ਵਰਗਾ ਚਲਾਕ"।

ਉਸ ਵਿਅਕਤੀ ਦਾ ਨਾਮ ਪਾਕਿਸਤਾਨ ਅਤੇ ਇੰਟਰਪੋਲ ਦੀ ਲਿਸਟ ਵਿੱਚ ਸ਼ਾਮਿਲ ਸੀ ਅਤੇ ਉਹ ਅਕਸਰ ਦਿੱਲੀ, ਦੁਬੱਈ ਅਤੇ ਲੰਡਨ ਦੀ ਯਾਤਰਾ ਕਰਦਾ ਸੀ। ਅਤੇ ਉਹ ਆਦਮੀ ਕੋਈ ਹੋਰ ਨਹੀਂ, ਸੇਠ ਆਬਿਦ ਸਨ।

ਸੇਠ ਆਬਿਦ ਜਿਨ੍ਹਾਂ ਦੀ ਮੌਤ 85 ਸਾਲਾਂ ਦੀ ਉਮਰ ਵਿੱਚ ਹੋਈ, ਉਨ੍ਹਾਂ ਨੂੰ ਪਾਕਿਸਤਾਨ ਵਿੱਚ ਗੋਲਡ ਕਿੰਗ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਗਿਣਤੀ ਉਨ੍ਹਾਂ ਸਭ ਤੋਂ ਅਮੀਰ ਲੋਕਾਂ ਵਿੱਚ ਹੁੰਦੀ ਹੈ, ਜਿਨ੍ਹਾਂ ਦੀ ਜਾਇਦਾਦ ਸੋਨੇ ਦੀ ਤਸਕਰੀ 'ਤੇ ਨਿਰਭਰ ਸੀ।

Imran Khan

ਤਸਵੀਰ ਸਰੋਤ, @IMRANKHANPTI

ਸੋਨੇ ਦਾ ਬਾਦਸ਼ਾਹ

ਤਸਕਰੀ ਦੇ ਧੰਦੇ ਵਿੱਚ ਜੋ ਵੀ ਸੋਨੇ ਦਾ ਬਾਦਸ਼ਾਹ ਬਣਨਾ ਚਾਹੁੰਦਾ ਹੈ ਉਸ ਨੂੰ ਸਰਹੱਦ 'ਤੇ ਆਪਣਾ ਨੈੱਟਵਰਕ ਸਥਾਪਤ ਕਰਨਾ ਹੁੰਦਾ ਹੈ।

ਦੇਸ ਦੇ ਕੁਲੀਨ ਵਰਗ ਅਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਵੀ ਸੰਬੰਧ ਸਥਾਪਤ ਕਰਨੇ ਹੁੰਦੇ ਹਨ। ਇਸ ਦੇ ਇਲਾਵਾ ਸਮਾਜ ਵਿੱਚ ਆਪਣੀ ਥਾਂ ਨੂੰ ਸਥਾਪਤ ਕਰਨ ਲਈ, ਨੈਤਿਕ ਆਧਾਰ 'ਤੇ ਸਦਭਾਵਨਾ ਦੀ ਵਿਆਪਕ ਪ੍ਰਣਾਲੀ ਸਥਾਪਤ ਕਰਨੀ ਹੁੰਦੀ ਹੈ।

ਸੇਠ ਆਬਿਦ ਦੀ ਸਾਖ਼ ਭਾਰਤ ਅਤੇ ਪਾਕਿਸਤਾਨ ਸੀਮਾ ਦੇ ਗਠਨ ਦੇ ਨਾਲ ਹੀ ਬਣੀ। ਉਨ੍ਹਾਂ ਦਾ ਜਨਮ ਅਤੇ ਪਾਲਣ ਪੋਸ਼ਣ ਕਸੂਰ ਦੇ ਸਰਹੱਦੀ ਇਲਾਕੇ ਵਿੱਚ ਹੋਇਆ ਸੀ, ਜਿਥੇ ਉਨ੍ਹਾਂ ਦੇ ਕਬੀਲੇ ਦੇ ਲੋਕ ਭਾਰਤ ਦੀ ਵੰਡ ਤੋਂ ਪਹਿਲਾਂ ਤੋਂ ਕਲਕੱਤੇ ਤੋਂ ਚਮੜੇ ਦਾ ਵਪਾਰ ਕਰਦੇ ਸਨ।

ਸੇਠ ਆਬਿਦ 1959 ਵਿੱਚ ਕਰਾਚੀ ਚਲੇ ਗਏ ਸਨ, ਜਦੋਂ ਉਨ੍ਹਾਂ ਦੇ ਪਿਤਾ ਨੇ ਕਰਾਚੀ ਦੇ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ।

ਕੁਝ ਮਛੁਆਰਿਆਂ ਨੂੰ ਮਿਲਣ ਤੋਂ ਬਾਅਦ, ਜੋ ਦੁਬਈ ਤੋਂ ਕਰਾਚੀ ਸੋਨੇ ਦੀ ਤਸਕਰੀ ਕਰਦੇ ਸਨ, ਸੇਠ ਆਬਿਦ ਨੇ ਸੋਨੇ ਦੀ ਤਸਕਰੀ ਦੀ ਦੁਨੀਆਂ ਵਿੱਚ ਪੈਰ ਰੱਖਿਆ।

ਸਾਲ 1950 ਦੇ ਦਹਾਕੇ ਦੇ ਅੰਤ ਤੱਕ, ਉਨ੍ਹਾਂ ਨੇ ਇੱਕ ਮਛਿਆਰੇ ਕਾਸਿਮ ਭੱਟੀ ਦੇ ਨਾਲ ਮਿਲਕੇ ਪਾਕਿਸਤਾਨ ਵਿੱਚ ਸੋਨੇ ਦੀ ਤਸਕਰੀ 'ਤੇ ਏਕਾਧਿਕਾਰ ਸਥਾਪਿਤ ਕਰ ਲਿਆ ਸੀ।

ਸੇਠ ਆਬਿਦ ਦੀ ਗਿਣਤੀ ਉਨ੍ਹਾਂ ਤਸਕਰਾਂ ਵਿੱਚ ਹੁੰਦੀ ਹੈ, ਜੋ ਪਾਕਿਸਤਾਨ ਦੇ ਸੰਦਰਭ ਵਿੱਚ ਸੋਨੇ ਦੀ ਤਸਕਰੀ ਅਤੇ ਤਸਕਰੀ ਦੀ ਅਰਥਵਿਵਸਥਾ ਵਿੱਚ ਬਹੁਤ ਅਹਿਮ ਸਨ।

ਉਨ੍ਹਾਂ ਦੀ ਤਾਕਤ ਕਰਾਚੀ ਦੀ ਬੰਦਰਗਾਹ, ਪੰਜਾਬ ਦੀ ਹੱਦ, ਸਰਕਾਰੀ ਪ੍ਰਸ਼ਾਸਨ ਅਤੇ ਸਿਆਸੀ ਗਲਿਆਰਿਆਂ ਵਿੱਚ ਤਾਂ ਸੀ ਹੀ, ਉਹ ਸੀਮਾਂ ਦੇ ਦੂਸਰੇ ਪਾਸੇ ਅਤੇ ਉਸ ਤੋਂ ਵੀ ਅੱਗੇ ਬਹੁਤ ਸਾਰੇ ਕੰਮ ਕਰ ਸਕਦੇ ਸਨ।

ਲੰਡਨ, ਦਿੱਲੀ ਅਤੇ ਦੁਬਈ ਦੇ ਸੰਪਰਕ ਦੇ ਨਾਲ, ਸੇਠ ਆਬਿਦ ਨੇ 1950 ਤੋਂ 1980 ਤੱਕ ਸੋਨੇ ਦੀ ਤਸਕਰੀ 'ਤੇ ਭਾਰਤ ਦੇ ਏਕਾਧਿਕਾਰ ਨੂੰ ਖ਼ਤਮ ਕਰ ਦਿੱਤਾ।

Gold

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਟਿਸ਼ ਏਅਰਵੇਜ਼ ਲਈ ਕੰਮ ਕਰਨ ਵਾਲੇ ਚਾਲਰਸ ਮੈਲੋਨੀ ਨੂੰ ਯੂਕੇ ਵਿੱਚ ਸੇਠ ਆਬਿਦ ਦਾ "ਫ਼ੈਸੀਲੀਟੇਟਰ" ਕਿਹਾ ਗਿਆ।

ਲੰਡਨ ਤੱਕ ਨੈੱਟਵਰਕ

ਸੇਠ ਆਬਿਦ ਨੇ 1950 ਦੇ ਦਹਾਕੇ ਦੇ ਅੰਤ ਤੱਕ ਇੰਨਾਂ ਸਾਰੀਆਂ ਯੋਗਤਾਵਾਂ ਨੂੰ ਹਾਸਿਲ ਕਰ ਲਿਆ ਸੀ। ਉਨ੍ਹਾਂ ਦੇ ਤਸਕਰੀ ਦੇ ਨੈੱਟਵਰਕ ਨੇ ਲੰਡਨ, ਦਿੱਲੀ ਅਤੇ ਕਰਾਚੀ ਵਿੱਚ ਏਜੰਟਾਂ ਦਾ ਧਿਆਨ ਖਿੱਚਿਆ ਅਤੇ ਇਹ ਨੈੱਟਵਰਕ ਭਾਰਤ-ਪਾਕਿਸਤਾਨ ਦਰਮਿਆਨ ਪੰਜਾਬ ਦੀ ਸੀਮਾਂ ਤੱਕ ਫ਼ੈਲ ਗਿਆ ਸੀ।

ਸ਼ੁਰੂ ਵਿੱਚ ਇਹ ਨੈੱਟਵਰਕ ਸਿਰਫ਼ ਕਰੀਬੀ ਰਿਸ਼ਤੇਦਾਰਾਂ ਤੱਕ ਸੀਮਤ ਸੀ। ਉਨ੍ਹਾਂ ਦੇ ਭਰਾ ਹਾਜੀ ਅਸ਼ਰਫ਼ ਜੋ ਬਹੁਤ ਚੰਗੀ ਤਰ੍ਹਾਂ ਅਰਬੀ ਭਾਸ਼ਾ ਵਿੱਚ ਗੱਲ ਕਰ ਸਕਦੇ ਸਨ, ਦੁਬਈ ਵਿੱਚ ਰਹਿੰਦੇ ਸਨ ਉਨ੍ਹਾਂ ਦੇ ਜਵਾਈ ਗ਼ੁਲਾਮ ਸਰਵਰ ਅਕਸਰ ਦਿੱਲੀ ਜਾਂਦੇ ਸਨ ਅਤੇ ਸੋਨੇ ਦੇ ਤਸਕਰ ਹਰਬੰਸ ਲਾਲ ਨੂੰ ਮਿਲਦੇ ਸਨ।

ਸੇਠ ਆਬਿਦ ਦਾ ਨਾਮ ਪਹਿਲੀ ਵਾਰ ਭਾਰਤੀ ਪ੍ਰੈਸ ਵਿੱਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ 1963 ਵਿੱਚ ਟਾਇਮਜ਼ ਆਫ਼ ਇੰਡੀਆ ਅਖ਼ਬਾਰ ਨੇ ਖ਼ਬਰ ਦਿੱਤੀ ਸੀ ਕਿ ਪਾਕਿਸਤਾਨ ਦੇ ਗੋਲਡ ਕਿੰਗ ਦੇ ਭਾਰਤ ਵਿੱਚ ਕੰਨੈਕਸ਼ਨ ਹਨ ਅਤੇ ਉਨ੍ਹਾਂ ਦੇ ਜੀਜਾ ਨੂੰ ਦਿੱਲੀ ਵਿੱਚ 44 ਸੋਨੇ ਦੀਆਂ ਇੱਟਾਂ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਬ੍ਰਿਟਿਸ਼ ਏਅਰਵੇਜ਼ ਲਈ ਕੰਮ ਕਰਨ ਵਾਲੇ ਚਾਲਰਸ ਮੈਲੋਨੀ ਨੂੰ ਯੂਕੇ ਵਿੱਚ ਸੇਠ ਆਬਿਦ ਦਾ "ਫ਼ੈਸੀਲੀਟੇਟਰ" (ਕੰਮਾਂ ਦਾ ਪ੍ਰਬੰਧ ਕਰਨ ਵਾਲਾ) ਕਿਹਾ ਗਿਆ। ਸੇਠ ਆਬਿਦ ਹਰ ਸਾਲ ਹੱਜ ਵੀ ਜਾਂਦੇ ਸਨ ਅਤੇ ਉਸੇ ਸਮੇਂ ਅਰਬ ਸ਼ੇਖ਼ ਸੰਚਾਲਕਾਂ (ਕਾਰੋਬਾਰੀਆਂ) ਦੇ ਨਾਲ ਆਪਣੇ ਸੰਬੰਧਾਂ ਨੂੰ ਬਿਹਤਰ ਬਣਾਉਂਦੇ ਸਨ।

ਜਦੋਂ ਉਨ੍ਹਾਂ ਦੇ ਤਸਕਰੀ ਦੇ ਕਾਰੋਬਾਰ ਦਾ ਵਿਸਥਾਰ ਹੋਇਆ ਤਾਂ ਉਨ੍ਹਾਂ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਵਿੱਚ ਰਹਿਣ ਵਾਲੇ ਕੁਝ ਏਜੰਟਾਂ ਨੂੰ ਸੋਨੇ ਦੀ ਤਸਕਰੀ ਦੀ ਫ੍ਰੈਂਚਾਇਜ਼ੀ ਦਿੱਤੀ। ਉਨ੍ਹਾਂ ਵਿੱਚ ਮੁੱਖ ਤੌਰ 'ਤੇ ਘਰਕੀ ਦਿਆਲ ਅਤੇ ਏਵਾਨ ਭਾਈਚਾਰੇ ਦੇ ਲੋਕ ਸ਼ਾਮਿਲ ਸਨ।

ਸੇਠ ਆਬਿਦ ਨੇ ਦਰਜਨਾਂ ਵਿਰੋਧੀ ਸਨ। ਪਰ ਕਿਸੇ ਦੇ ਕੋਲ ਉਨ੍ਹਾਂ ਵਰਗਾ ਹੁਨਰ, ਕਨੈਕਸ਼ਨ ਅਤੇ ਪੂੰਜੀ ਨਹੀਂ ਸੀ। ਉਨ੍ਹਾਂ ਦੇ ਕਈ ਵਿਰੋਧੀਆਂ ਦੇ ਉੱਲਟ, ਸੇਠ 'ਤੇ ਲੰਬੇ ਕਰੀਅਰ ਦੌਰਾਨ ਕਦੀ ਵੀ ਇਲਜ਼ਾਮ ਤੈਅ ਨਹੀਂ ਕੀਤੇ ਗਏ, ਹਾਲਾਂਕਿ ਉਨ੍ਹਾਂ ਖ਼ਿਲਾਫ ਕਈ ਐਫ਼ਆਈਆਰਾਂ ਦਰਜ ਕੀਤੀਆਂ ਗਈਆਂ।

ਇਹ ਵੀ ਪੜ੍ਹੋ

Gold

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਹੌਰ ਸ਼ਹਿਰ ਵਿੱਚ ਸੇਠ ਦੀ ਰਿਹਾਇਸ਼ 'ਤੇ ਇੱਕ ਵੱਡੀ ਪੁਲਿਸ ਛਾਪੇਮਾਰੀ ਵਿੱਚ ਕਰੀਬ ਸਵਾ ਕਰੋੜ ਰੁਪਏ ਦੀ ਪਾਕਿਸਤਾਨੀ ਮੁਦਰਾ ਮਿਲੀ

ਸਰਕਾਰੀ ਸੁਰੱਖਿਆ

1950 ਅਤੇ 1960 ਦੇ ਦਹਾਕੇ ਵਿੱਚ ਆਬਿਦ ਦਾ ਤਸਕਰੀ ਦਾ ਕਾਰੋਬਾਰ ਦੁਨੀਆਂ ਭਰ 'ਚ ਵੱਧ ਫੁੱਲ ਰਿਹਾ ਸੀ। ਇਸ ਵਿੱਚ ਉਨ੍ਹਾਂ ਨੂੰ ਕਈ ਵਾਰ ਸਰਕਾਰੀ ਸੁਰੱਖਿਆ ਵੀ ਪ੍ਰਾਪਤ ਹੁੰਦੀ।

ਲਾਹੌਰ, ਕਰਾਚੀ, ਦੁਬਈ ਅਤੇ ਲੰਡਨ ਵਿੱਚ ਨਿਵੇਸ਼ ਅਤੇ ਜਾਇਦਾਦ ਦੇ ਕਾਰਨ, ਉਨ੍ਹਾਂ ਨੂੰ ਪਾਕਿਸਤਾਨ ਦੇ ਸਭ ਤੋਂ ਅਮੀਰ ਆਦਮੀਆਂ ਵਿੱਚ ਸ਼ਾਮਿਲ ਕੀਤਾ ਗਿਆ।

1970 ਦੇ ਦਹਾਕੇ ਵਿੱਚ ਸੇਠ ਆਬਿਦ ਨੇ ਤਸਕਰੀ ਦੀਆਂ ਵਿਆਪਕ ਕਾਰਵਾਈਆਂ ਨੂੰ ਜ਼ੁਲਫ਼ਕਾਰ ਅਲੀ ਭੁੱਟੋ ਦੀ ਸਰਕਾਰ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਉਨ੍ਹਾਂ ਦੀ ਕੁਝ ਜਾਇਦਾਦ ਜ਼ਬਤ ਕਰ ਲਈ ਗਈ।

ਸਾਲ 1974 ਵਿੱਚ ਕੁਝ ਅਜਿਹਾ ਹੋਇਆ ਜੋ ਕਿਸੇ ਨੇ ਵੀ ਨਹੀਂ ਸੀ ਸੋਚਿਆ। ਲਾਹੌਰ ਸ਼ਹਿਰ ਵਿੱਚ ਸੇਠ ਦੀ ਰਿਹਾਇਸ਼ 'ਤੇ ਇੱਕ ਵੱਡੀ ਪੁਲਿਸ ਛਾਪੇਮਾਰੀ ਵਿੱਚ ਕਰੀਬ ਸਵਾ ਕਰੋੜ ਰੁਪਏ ਦੀ ਪਾਕਿਸਤਾਨੀ ਮੁਦਰਾ ਮਿਲੀ।

ਇਸਦੇ ਨਾਲ ਹੀ 40 ਲੱਖ ਦੀ ਕੀਮਤ ਦਾ ਸੋਨਾ ਅਤੇ 20 ਲੱਖ ਦੀ ਕੀਮਤ ਦੀਆਂ ਸਵਿਸ ਘੜੀਆਂ ਵੀ ਜ਼ਬਤ ਕੀਤੀਆਂ ਗਈਆਂ।

ਇਸ ਛਾਪੇਮਾਰੀ ਵਿੱਚ ਲਾਹੌਰ ਪੁਲਿਸ ਨੇ ਤਿੰਨ ਗੱਡੀਆਂ ਅਤੇ ਇੱਕ ਦਰਜਨ ਘੋੜਿਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਜਿਨ੍ਹਾਂ ਨੂੰ ਗ਼ੈਰ-ਕਾਨੂੰਨੀ ਸਾਮਾਨ ਨੂੰ ਰੱਖਣ ਅਤੇ ਲਿਆਉਣ ਲੈ ਜਾਣ ਲਈ ਇਸਤੇਮਾਲ ਕੀਤਾ ਜਾਂਦੀ ਸੀ।

ਅਖ਼ਬਾਰਾਂ ਨੇ ਇਸ ਖ਼ਬਰ ਦੀ ਸੁਰਖ਼ੀ ਕੁਝ ਇਸ ਤਰ੍ਹਾਂ ਲਿਖੀ: 'ਪਾਕਿਸਤਾਨ ਦੇ ਇਤਿਹਾਸ ਦਾ ਸਮਗਲਿੰਗ ਦਾ ਸਭ ਤੋਂ ਵੱਡਾ ਕੇਸ' ਅਤੇ 'ਪਾਕਿਸਤਾਨ ਦਾ ਗੋਲਡ ਕਿੰਗ', ਸੇਠ ਆਬਿਦ 'ਤੇ ਕੌਮਾਂਤਰੀ ਪੱਧਰ 'ਤੇ ਸਮਗਲਿੰਗ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਲਗਾਇਆ ਗਿਆ।

ਪ੍ਰਧਾਨ ਮੰਤਰੀ ਭੁੱਟੇ ਨੇ 'ਸੇਠ ਆਬਿਦ ਅੰਤਰਰਾਸ਼ਟਰੀ ਤਸਕਰੀ ਮਾਮਲੇ' ਲਈ ਇੱਕ ਵਿਸ਼ੇਸ਼ ਟ੍ਰਿਬੀਊਨਲ ਦੀ ਸਥਾਪਨਾ ਕੀਤੀ। ਇਸ ਟ੍ਰਿਬੀਉਨਲ ਨੇ ਦਰਜਨਾਂ ਗਵਾਹਾਂ ਦੇ ਬਿਆਨ ਦਰਜ ਕੀਤੇ, ਪਰ ਸੇਠ ਆਬਿਦ ਕਈ ਚੇਤਾਵਨੀਆਂ ਦੇ ਬਾਵਜੂਦ ਟ੍ਰਿਬੀਊਨਲ ਸਾਹਮਣੇ ਪੇਸ਼ ਨਾ ਹੋਏ।

ਸੇਠ ਦੀ ਗ੍ਰਿਫ਼ਤਾਰੀ ਦਾ ਮੁੱਦਾ ਨਾ ਸਿਰਫ਼ ਪਾਕਿਸਤਾਨੀਆਂ ਦੀ ਰੋਜ਼ਾਨਾ ਦੀ ਗੱਲਬਾਤ ਦਾ ਹਿੱਸਾ ਬਣ ਗਿਆ, ਬਲਕਿ ਭੁੱਟੋ ਸਰਕਾਰ ਲਈ 'ਸਟੇਟ ਰਿਟ' ਦਾ ਵੀ ਇੱਕ ਟੈਸਟ ਕੇਸ ਬਣ ਗਿਆ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Gold

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਸੇਠ ਆਬਿਦ ਇੰਟਰਨੈਸ਼ਨਲ ਸਮਗਲਿੰਗ ਕੇਸ' ਉੱਤੇ ਸਾਲ 1985-86 ਵਿੱਚ ਪਾਕਿਸਤਾਨ ਦੀ ਸੰਸਦ ਵਿੱਚ ਬਹਿਸ ਹੋਈ ਸੀ

ਪਾਕਿਸਤਾਨ 'ਚ 'ਮੋਸਟ ਵਾਂਟਿਡ'

ਪਾਕਿਸਤਾਨ ਵਿੱਚ ਮੋਸਟ ਵਾਂਟਿਡ ਵਿਅਕਤੀ ਦੀ ਭਾਲ ਲਈ ਦੇਸ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਅਪਰੇਸ਼ਨ ਲਾਂਚ ਕੀਤਾ ਗਿਆ ਸੀ। ਜਿਸ ਵਿੱਚ ਪਾਕਿਸਤਾਨ ਦੀ ਸੈਨਾ, ਪੁਲਿਸ, ਰੇਂਜਰਸ ਅਤੇ ਨੇਵੀ ਦੇ ਗਾਰਡਾਂ ਦੀਆਂ ਛਾਪਾਮਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਕਰਾਚੀ ਵਿੱਚ ਸੇਠ ਆਬਿਦ ਦੇ ਘਰ ਵੀ ਛਾਪਾ ਮਾਰਿਆ ਗਿਆ। ਉਥੋਂ ਵੀ ਭਾਰੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਅਤੇ ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ ਗਈਆਂ।

ਸਾਲ 1977 'ਚ, ਜਦੋਂ ਕਰਾਚੀ ਕੋਸਟ ਗਾਰਡ ਨੂੰ ਸੂਚਨਾ ਮਿਲੀ ਕਿ ਸੇਠ ਆਬਿਦ ਉੱਤਰੀ ਨਾਜ਼ਿਮਾਬਾਦ ਵਿੱਚ ਆਪਣੀ 'ਪ੍ਰੇਮੀਕਾ' ਨੂੰ ਮਿਲਣ ਜਾ ਰਹੇ ਹਨ ਤਾਂ ਉਥੇ ਵੀ ਛਾਪਾ ਮਾਰਿਆ ਗਿਆ, ਪਰ ਉਸਤੋਂ ਪਹਿਲਾਂ ਹੀ ਸੇਠ ਆਬਿਦ ਉਥੋਂ ਫ਼ਰਾਰ ਹੋ ਚੁੱਕੇ ਸਨ।

ਸਤੰਬਰ 1977 ਵਿੱਚ, ਸੇਠ ਆਬਿਦ ਨੇ ਆਪਣੀ ਮਰਜ਼ੀ ਨਾਲ ਜ਼ਿਆ ਦੀ ਫ਼ੌਜੀ ਸਰਕਾਰ ਮੂਹਰੇ "ਸਵੈ-ਇੱਛਾ" ਨਾਲ ਆਤਮਸਮਰਪਣ ਕਰ ਦਿੱਤਾ ਅਤੇ ਆਪਣੀ ਜ਼ਬਤ ਜਾਇਦਾਦ ਦੀ ਵਾਪਸੀ ਲਈ ਗੱਲਬਾਤ ਕੀਤੀ।

ਉਸ ਸਾਲ ਦਸੰਬਰ ਵਿੱਚ ਫੌਜੀ ਸਰਕਾਰ ਦੀ ਪ੍ਰੈਸ ਨੇ ਦੱਸਿਆ ਕਿ ਸੇਠ ਨੇ ਜਿਨਾਹ ਪੋਸਟ ਗ੍ਰੇਜੂਏਟ ਮੈਡੀਕਲ ਸੈਂਟਰ ਹਸਪਤਾਲ ਦੇ ਨਿਰਮਾਣ ਪ੍ਰੋਜੈਕਟ ਅਤੇ ਅੱਬਾਸੀ ਸ਼ਹੀਦ ਹਸਪਤਾਲ ਦੇ ਬਰਨ ਵਾਰਡ ਲਈ ਲੈਫ਼ਟੀਨੈਂਟ ਜਨਰਲ ਜਹਾਂਨਜ਼ੇਬ ਅਰਬਾਬ ਨੂੰ ਇੱਕ ਲੱਖ 51 ਹਜ਼ਾਰ ਰੁਪਏ ਦਾ ਵੱਡਾ ਯੋਗਦਾਨ ਦਿੱਤਾ ਹੈ।

ਸੇਠ ਹੁਣ ਇੱਕ ਕਾਰੋਬਾਰੀ ਅਪਰਾਧੀ ਨਹੀਂ ਸਨ, ਬਲਕਿ ਇੱਕ ਪੱਕੇ "ਦੇਸ ਭਗਤ" ਬਣ ਚੁੱਕੇ ਸਨ, ਜੋ ਦੇਸ ਅਤੇ ਸਮਾਜ ਦੀ ਭਲਾਈ ਲਈ ਉਦਾਰਤਾ ਨਾਲ ਦਾਨ ਕਰ ਰਹੇ ਸਨ।

ਉਨ੍ਹਾਂ ਦੀ ਇਹ ਪ੍ਰਸਿੱਧੀ ਉਸ ਸਮੇਂ ਹੋਰ ਵੱਧ ਗਈ ਜਦੋਂ ਉਨ੍ਹਾਂ ਦਾ ਨਾਮ ਦੇਸ ਦੇ 'ਪਰਮਾਣੂ ਪ੍ਰੋਗਰਾਮ' ਵਿੱਚ ਵੀ ਸਾਹਮਣੇ ਆਇਆ।

'ਸੇਠ ਆਬਿਦ ਇੰਟਰਨੈਸ਼ਨਲ ਸਮਗਲਿੰਗ ਕੇਸ' ਉੱਤੇ ਸਾਲ 1985-86 ਵਿੱਚ ਪਾਕਿਸਤਾਨ ਦੀ ਸੰਸਦ ਵਿੱਚ ਬਹਿਸ ਹੋਈ ਸੀ ਅਤੇ ਉਸ ਸਮੇਂ ਚੌਧਰੀ ਨਿਰਾਸ ਅਲੀ ਦੀ ਅਗਵਾਹੀ ਵਿੱਚ ਨੈਸ਼ਨਲ ਅਸੈਂਬਲੀ ਦੀ ਵਿਸ਼ੇਸ਼ ਕਮੇਟੀ (ਐਸਸੀਐਨਏ) ਨੇ ਇਸ ਮਾਮਲੇ ਦੀ ਜ਼ਿੰਮੇਵਾਰੀ ਚੁੱਕੀ ਸੀ।

ਸਾਲ 1986 ਵਿੱਚ, ਪਾਕਿਸਤਾਨ ਸੈਂਟਰਲ ਬੋਰਡ ਆਫ਼ ਰੈਵੀਨਿਊ ਨੇ 3100 ਤੋਲੇ ਸੋਨੇ ਦੀ ਵਾਪਸੀ ਕਰਨ ਦੀ ਆਗਿਆ ਦੇ ਦਿੱਤੀ ਜਿਸ ਨੂੰ ਸਾਲ 1958 ਵਿੱਚ ਕਰਾਚੀ ਹਾਵਈ ਅੱਡੇ 'ਤੇ ਸੇਠ ਆਬਿਦ ਤੋਂ ਸੀਮਾ ਸਕਟਮ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਸੀ।

Hamza

ਤਸਵੀਰ ਸਰੋਤ, HAMZAFOUNDATION.ORG

ਤਸਵੀਰ ਕੈਪਸ਼ਨ, ਸੇਠ ਨੇ ਆਪਣੀ ਪੂਰੀ ਜ਼ਿੰਦਗੀ ਪ੍ਰਚਾਰ ਤੋਂ ਪਰਹੇਜ਼ ਕੀਤਾ, ਪਰ ਫ਼ਿਰ ਵੀ ਉਨ੍ਹਾਂ ਨੂੰ ਖ਼ੂਬ ਸ਼ੋਹਰਤ ਮਿਲੀ

ਸਮਾਜ ਭਲਾਈ ਦਾ ਕੰਮ

ਇਤਿਹਾਸਕਾਰ ਉਸ ਸਮੇਂ ਤੋਂ ਹੀ ਐਰਿਕ ਹੌਬਸ ਬੌਂਬ ਦੇ "ਸਮਾਜਿਕ ਡਾਕੂ" ਸ਼ਬਦ ਦੀ ਅਲੋਚਨਾ ਕਰਦੇ ਆਏ ਹਨ। ਜਦੋਂ ਤੋਂ ਉਨ੍ਹਾਂ ਨੇ ਇਸ ਗੱਲ 'ਤੇ ਤਰਕ ਦਿੱਤਾ ਸੀ ਕਿ ਜ਼ੁਲਮ ਦੇ ਇਤਿਹਾਸ ਵਿੱਚ ਕੁਝ ਲੋਕ ਅਪਰਾਧੀ ਦੀ ਹੈਸੀਅਤ ਤੋਂ ਉੱਚੇ ਉੱਠ ਕੇ ਨਾਗਰਿਕ ਨਾਇਕ ਬਣ ਸਕਦੇ ਹਨ।

ਪਾਕਿਸਤਾਨ ਦੇ ਸੰਦਰਭ ਵਿੱਚ, ਸੇਠ ਆਬਿਦ ਨੂੰ ਵਿਆਪਕ ਪੱਧਰ 'ਤੇ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਿਸਨੇ ਪਾਕਿਸਤਾਨ ਦੇ "ਪਰਮਾਣੂ ਪ੍ਰੋਗਰਾਮ" ਨੂੰ ਵਿਕਸਿਤ ਕਰਨ ਵਿੱਚ ਮਦਦ ਕਰਕੇ ਇੱਕ ਤਸਕਰ ਦੀ ਪਛਾਣ ਨੂੰ ਮਹਾਨ ਨਾਇਕ ਦੇ ਰੂਪ 'ਚ ਬਦਲਿਆ।

ਬੋਲ੍ਹੇ ਅਤੇ ਗੁੰਗੇ ਬੱਚਿਆਂ ਲਈ ਕੰਮ ਕਰਨ ਵਾਲੇ ਹਮਜ਼ਾ ਫ਼ਾਉਂਡੇਸ਼ਨ ਵਰਗੇ ਮਨੁੱਖੀ ਅਧਿਕਾਰ ਸੰਗਠਨਾਂ ਦੀ ਸਥਾਪਨਾ ਤੋਂ ਇਲਾਵਾ, ਸੇਠ ਆਬਿਦ ਨੇ ਲਾਹੌਰ ਦੇ ਸ਼ੌਕਤ ਖ਼ਾਨਮ ਕੈਂਸਰ ਹਸਪਤਾਲ ਸਮੇਤ ਬਹੁਤ ਸਾਰੀਆਂ ਸਮਾਜ ਭਲਾਈ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕੀਤੀ।

ਹਾਲਾਂਕਿ ਸੇਠ ਨੇ ਆਪਣੀ ਪੂਰੀ ਜ਼ਿੰਦਗੀ ਪ੍ਰਚਾਰ ਤੋਂ ਪਰਹੇਜ਼ ਕੀਤਾ, ਪਰ ਫ਼ਿਰ ਵੀ ਉਨ੍ਹਾਂ ਨੂੰ ਖ਼ੂਬ ਸ਼ੋਹਰਤ ਮਿਲੀ।

ਉਨ੍ਹਾਂ ਦਾ ਨਾਮ ਕੌਮੀ ਪੱਧਰ 'ਤੇ ਉਸ ਸਮੇਂ ਮਸ਼ਹੂਰ ਹੋਇਆ, ਜਦੋਂ ਉਨ੍ਹਾਂ ਨੇ ਇੱਕ ਟੈਲੀਵਿਜ਼ਨ ਸ਼ੋਅ ਵਿੱਚ ਨੀਲਾਮੀ ਦੌਰਾਨ ਆਪਣੇ ਬੇਟੇ ਲਈ ਪੰਜ ਲੱਖ ਦਾ ਬੱਲਾ ਖ਼ਰੀਦਿਆ ਸੀ। ਇਹ ਬੱਲਾ ਜਾਵੇਦ ਮੀਆਂਦਾਦ ਦਾ ਸੀ, ਜਿਹੜਾ ਉਨ੍ਹਾਂ ਨੇ ਸ਼ਾਰਜਾਹ ਦੀ ਪਾਰੀ ਵਿੱਚ ਇਸਤੇਮਾਲ ਕੀਤਾ ਸੀ।

ਬਾਅਦ ਦੀ ਜ਼ਿੰਦਗੀ ਵਿੱਚ ਅਖ਼ਬਾਰ ਦੀਆਂ ਸੁਰਖ਼ੀਆਂ ਉਨ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ 'ਤੇ ਨਹੀਂ ਬਣੀਆਂ ਬਲਕਿ ਲਾਹੌਰ ਵਿੱਚ ਉਨ੍ਹਾਂ ਦੀ ਮਲਕੀਅਤ ਵਾਲੇ ਏਅਰ ਲਾਈਨ ਹਾਊਸਿੰਗ ਸੁਸਾਇਟੀ ਵਿੱਚ, ਉਨ੍ਹਾਂ ਦੇ ਬੇਟੇ ਸੇਠ ਹਾਫ਼ਿਜ਼ ਅਯਾਜ਼ ਅਹਿਮਦ ਦੇ ਕਤਲ ਕਾਰਨ, ਫ਼ਿਰ ਤੋਂ ਉਹ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਆਏ।

ਪਾਕਿਸਤਾਨ ਵਿੱਚ ਕਿਸੇ ਨੇ ਵੀ ਦੇਸ ਦੇ ਇਤਿਹਾਸ ਦੇ ਸ਼ੁਰੂਆਤੀ ਹਿੱਸੇ ਵਿੱਚ ਸੇਠ ਆਬਿਦ ਦੀ ਤਰ੍ਹਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਧੰਨ ਜਮ੍ਹਾਂ ਨਹੀਂ ਕੀਤਾ।

ਆਪਣੇ ਗ਼ੈਰ-ਕਾਨੂੰਨੀ ਵਪਾਰਕ ਕਰੀਅਰ ਦੌਰਾਨ, ਉਨ੍ਹਾਂ ਦੀਆਂ ਕਈ ਭੂਮਿਕਾਵਾਂ ਸਨ: ਤਸਕਰ, ਸੋਨਾ ਵਪਾਰੀ, ਸਟਾਕ ਮਾਰਕਿਟ ਇਕਸਚੇਂਜਰ, ਪਰਉੱਪਕਾਰੀ ਅਤੇ ਸਭ ਤੋਂ ਵੱਧ ਰੀਅਲ ਇਸਟੇਟ ਦਾ ਇੱਕ ਬਹੁਤ ਵੱਡਾ ਨਾਮ।

Gold

ਤਸਵੀਰ ਸਰੋਤ, HAZEM BADER/AFP VIA GETTY IMAGES)

ਤਸਵੀਰ ਕੈਪਸ਼ਨ, ਤਸਕਰੀ ਦੀ ਦੁਨੀਆਂ ਵਿੱਚ ਉਨ੍ਹਾਂ ਦੇ ਕਾਰਨਾਮਿਆਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਮੌਜੂਦ ਹਨ

ਕਈ ਜਾਇਦਾਦਾਂ ਦਾ ਮਾਲਕ

1990 ਦੇ ਦਹਾਕੇ ਤੱਕ, ਉਹ ਲਾਹੌਰ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਜਾਇਦਾਦ ਰੱਖਣ ਕਰਕੇ ਸ਼ਹਿਰ ਦੇ ਸਭ ਤੋਂ ਜ਼ਿਆਦਾ ਸੰਸਥਾਨ ਰੱਖਣ ਵਾਲੇ ਪ੍ਰਾਪਰਟੀ ਡਵੈਲਪਰ ਬਣ ਕੇ ਉੱਭਰੇ।

ਕਰਾਚੀ ਵਿੱਚ ਵੀ ਉਨ੍ਹਾਂ ਦੀਆਂ ਕਈ ਜਾਇਦਾਦਾਂ ਸਨ ਅਤੇ ਪਨਾਮਾ ਲੇਕ ਵਿੱਚ ਨਾਮ ਆਉਣ ਦੇ ਬਾਅਦ ਉਨ੍ਹਾਂ ਨੇ ਆਪਣੀ ਜਾਇਦਾਦ ਬ੍ਰਿਟਿਸ਼ ਵਰਜਨ ਆਈਲੈਂਡ ਵਿੱਚ ਟਰਾਂਸਫਰ ਕਰ ਦਿੱਤੀ ਸੀ।

ਤਸਕਰੀ ਦੀ ਦੁਨੀਆਂ ਵਿੱਚ ਉਨ੍ਹਾਂ ਦੇ ਕਾਰਨਾਮਿਆਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਮੌਜੂਦ ਹਨ। ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਅੱਜ ਵੀ ਸੇਠ ਆਬਿਦ ਨੂੰ ਰੋਮਾਂਟਿਕ ਰੂਪ ਵਿੱਚ ਦਰਸਾਉਂਦੇ ਹਨ ਅਤੇ ਉਨ੍ਹਾਂ ਦੇ ਭੱਜਣ ਅਤੇ ਸ਼ੌਖ਼ ਜ਼ਿੰਦਗੀ ਬਾਰੇ ਗੱਲ ਕਰਦੇ ਹਨ।

ਹੁਣ ਜਦੋਂ ਅਖ਼ਬਾਰਾਂ ਨੇ ਉਨ੍ਹਾਂ ਨੂੰ 'ਕੁਰਖ਼ਤ ਪਾਕਿਸਤਾਨੀ ਗੋਲਡ ਕਿੰਗ ਤਸਕਰ' ਦੇ ਰੂਪ ਵਿੱਚ ਪੇਸ਼ ਕੀਤਾ, ਤਾਂ ਸੇਠ ਨੇ ਇਸ ਦਾ ਵਿਰੋਧ ਕੀਤਾ। ਅਤੇ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੇ ਰੂਪ ਵਿੱਚ ਪੇਸ਼ ਕੀਤਾ ਜਿਨ੍ਹਾਂ ਨੇ ਸੋਨੇ ਨੂੰ ਆਮ ਲੋਕਾਂ ਤੱਕ ਦੀ ਪਹੁੰਚ ਵਿੱਚ ਲਿਆਂਦਾ।

ਸੇਠ ਆਬਿਦ ਨੇ ਲਾਹੌਰ ਦੇ ਇੱਕ ਅਖ਼ਬਾਰ ਦੇ ਸੰਪਾਦਕ ਨੂੰ ਕਿਹਾ ਸੀ: 'ਮੈਨੂੰ ਕੁਰਖ਼ਤ ਸੋਨੇ ਦਾ ਤਸਕਰ ਕਿਉਂ ਕਿਹਾ ਜਾਂਦਾ ਹੈ? ਮੈਂ ਆਪਣੀਆਂ ਭੈਣਾਂ ਅਤੇ ਬੇਟੀਆਂ ਦੇ ਵਿਆਹਾਂ ਲਈ ਸਸਤਾ ਸੋਨਾ ਉਪਲੱਬਧ ਕਰਾ ਰਿਹਾ ਹਾਂ। ਮੈਂ ਸਮਾਜ ਅਤੇ ਦੇਸ ਲਈ ਬਿਹਤਰ ਸੇਵਾ ਕਰ ਰਿਹਾ ਹਾਂ। ਤਾਰੀਫ਼ ਅਤੇ ਮਾਣਤਾ ਮਿਲਣ ਦੀ ਬਜਾਇ, ਮੈਨੂੰ ਬਦਨਾਮੀ ਮਿਲੀ।'

ਸੇਠ ਆਬਿਦ ਦੀ ਹੁਣ ਮੌਤ ਹੋ ਚੁੱਕੀ ਹੈ। ਪਰ ਉਨ੍ਹਾਂ ਦੀ ਸ਼ਖ਼ਸੀਅਤ ਆਉਣ ਵਾਲੇ ਦਿਨਾਂ ਵਿੱਚ ਕਈ ਰੂਪਾਂ ਅਤੇ ਅਰਥਾਂ ਵਿੱਚ ਜਿਊਂਦੀ ਰਹਿ ਸਕਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)