ਦੁਨੀਆਂ ਦੇ ਸਭ ਤੋਂ ਜ਼ਹਿਰੀਲੇ ਡੱਡੂਆਂ ਦੀ ਤਸਕਰੀ ਕਿਉਂ ਹੁੰਦੀ ਹੈ

ਤਸਵੀਰ ਸਰੋਤ, Ronald Patrick/Getty Images
ਗੂੜ੍ਹੇ ਰੰਗ ਵਾਲੇ ਜ਼ਹਿਰੀਲੇ ਡੱਡੂਆਂ ਦੀ ਦੁਨੀਆਂ ਭਰ 'ਚ ਵੱਡੇ ਪੈਮਾਨੇ 'ਤੇ ਤਸਕਰੀ ਹੁੰਦੀ ਹੈ। ਲੋਪ ਹੋ ਰਹੇ ਇੰਨਾਂ ਡੱਡੂਆਂ ਨੂੰ ਬਚਾਉਣ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਕੱਪੜਿਆਂ ਦੇ ਭਰੇ ਬੈਗ ਵਿੱਚ ਇਹ ਕੋਈ ਮਾਮੂਲੀ ਘਰੇਲੂ ਸਾਮਾਨ ਲੱਗ ਰਿਹਾ ਸੀ, ਪਰ ਬਗੋਟਾ ਦੇ ਐਲ ਡੋਰਾਡੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁਲਿਸ ਇੰਸਪੈਕਟਰਾਂ ਨੂੰ ਬੈਗਾਂ ਦੇ ਹੇਠਲੇ ਹਿੱਸੇ ਵਿੱਚ ਕੁਝ ਅਜੀਬ ਲੱਗਿਆ। ਐਕਸਰੇ ਵਿੱਚ ਨਜ਼ਰ ਆ ਰਿਹਾ ਸੀ ਕਿ ਕੱਪੜਿਆਂ ਦੇ ਵਿੱਚ ਗਹਿਰੇ ਰੰਗ ਦੀ ਕੋਈ ਚੀਜ਼ ਰੱਖੀ ਹੈ।
ਬੈਗ ਖੋਲ੍ਹਣ 'ਤੇ ਉਥੇ ਫ਼ੋਟੋਗ੍ਰਾਫ਼ਿਕ ਫ਼ਿਲਮ ਦੇ ਸੈਂਕੜੇ ਕਾਲੇ ਡੱਬੇ ਮਿਲੇ। ਅਧਿਕਾਰੀਆਂ ਨੇ ਜਦੋਂ ਉਨ੍ਹਾਂ ਨੂੰ ਖੋਲ੍ਹਿਆ ਤਾਂ ਅੰਦਰ ਕੋਈ ਫ਼ਿਲਮ ਨਾ ਮਿਲੀ।
ਇਹ ਵੀ ਪੜ੍ਹੋ-
ਇਨਾਂ ਡੱਬਿਆਂ ਵਿੱਚ 424 ਲੋਪ ਹੋ ਰਹੀ ਪ੍ਰਜਾਤੀ ਦੇ ਡੱਡੂ ਸਨ। ਕਾਲੇ ਬਾਜ਼ਾਰ ਵਿੱਚ ਉਨ੍ਹਾਂ ਵਿੱਚੋਂ ਹਰ ਇੱਕ ਦੀ ਕੀਮਤ 2000 ਡਾਲਰ ਤੱਕ ਸੀ।
ਕੁਝ ਡੱਡੂਆਂ 'ਤੇ ਪੀਲੇ ਅਤੇ ਕਾਲੇ ਰੰਗ ਦੀਆਂ ਧਾਰੀਆਂ ਸਨ। ਕੁਝ ਡੱਡੂ ਹਰੇ ਰੰਗ ਦੇ ਸਨ ਜਿਨ੍ਹਾਂ ਦੇ ਚਮਕਦਾਰ ਸੰਤਰੀ ਚਟਾਕ ਸਨ। ਕੁਝ ਡੱਡੂ ਬੇਜਾਨ ਸਨ, ਪਰ ਸਾਰੇ ਹੀ ਬੇਹੱਦ ਜ਼ਹਿਰੀਲੇ ਸਨ।
ਜ਼ਹਿਰੀਲੇ ਡੱਡੂਆਂ ਦੀ ਤਸਕਰੀ
ਪੁਲਿਸ ਮੁਤਾਬਕ ਡੱਡੂਆਂ ਦੀ ਉਨ੍ਹਾਂ ਪ੍ਰਜਾਤੀਆਂ ਨੂੰ ਕੋਲੰਬੀਆ ਦੇ ਸੂਬੇ ਦੇ ਕੋਕੋ ਅਤੇ ਬੈਲੇ ਡੇਲ ਕੋਕਾ ਇਲਾਕਿਆਂ ਤੋਂ ਫੜਿਆ ਗਿਆ ਸੀ ਅਤੇ ਜਰਮਨੀ ਲੈ ਜਾਇਆ ਜਾ ਰਿਹਾ ਸੀ।
13 ਅਪ੍ਰੈਲ, 2019 ਨੂੰ ਵਾਪਰੀ ਇਹ ਘਟਨਾ ਕੋਲੰਬੀਆਂ ਦੇ ਜੰਗਲੀ ਜਾਨਵਰਾਂ ਦੀ ਤਸਕਰੀ ਦਾ ਇੱਕ ਨਮੂਨਾ ਮਾਤਰ ਹੈ। ਕੋਲੰਬੀਆ ਵਿੱਚ 850 ਵੱਖ ਵੱਖ ਪ੍ਰਜਾਤੀਆਂ ਦੇ ਜੀਵ ਰਹਿੰਦੇ ਹਨ। ਡੱਡੂਆਂ ਦੀ ਵਿਭਿੰਨਤਾ ਦੇ ਮਾਮਲੇ ਵਿੱਚ ਇਹ ਦੁਨੀਆਂ ਵਿੱਚ ਦੂਸਰੇ ਸਥਾਨ 'ਤੇ ਹੈ।

ਤਸਵੀਰ ਸਰੋਤ, Auscape/Universal Images Group via Getty Images
ਪੋਆਈਜ਼ਨ ਡਰਟ ਡੱਡੂ ਧਰਤੀ ਦੇ ਸਭ ਤੋਂ ਜ਼ਹਿਰੀਲੇ ਜੀਵਾਂ ਵਿੱਚੋਂ ਇੱਕ ਹਨ। ਯੂਰਪ ਅਤੇ ਅਮਰੀਕਾ ਵਿੱਚ ਸ੍ਰਗਾਹਿਕ (ਕੁਲੈਕਟਰ) ਇਸ ਨੂੰ ਸ਼ੌਕ ਨਾਲ ਰੱਖਦੇ ਹਨ।
ਹਰ ਡੱਡੂ ਵਿੱਚ ਇੰਨਾ ਜ਼ਹਿਰ ਹੁੰਦਾ ਹੈ ਕਿ ਉਹ 10 ਲੋਕਾਂ ਦੀ ਜਾਨ ਲੈ ਸਕਦਾ ਹੈ। ਉਨ੍ਹਾਂ ਦੀ ਚਮੜੀ ਦਾ ਚਮਕੀਲਾ ਰੰਗ ਸ਼ਿਕਾਰੀਆਂ ਨੂੰ ਚੇਤਾਵਨੀ ਦਿੰਦਾ ਹੈ। ਇਹ ਹੀ ਰੰਗ ਉਨ੍ਹਾਂ ਨੂੰ ਬੇਹੱਦ ਕੀਮਤੀ ਬਣਾਉਂਦਾ ਹੈ।
ਜਰਮਨੀ ਦੇ ਹਮਬੋਲਟ ਇੰਸਟੀਚਿਊਟ ਦੇ ਖੋਜਕਾਰੀਆਂ ਮੁਤਾਬਕ ਕੋਲੰਬੀਆ ਵਿੱਚ ਕਰੀਬ 200 ਜੀਵਾਂ ਦੀਆਂ ਪ੍ਰਜਾਤੀਆਂ ਨੂੰ ਲੋਪ ਹੋਣ ਵਾਲੀ ਸ਼੍ਰੇਣੀ ਜਾਂ ਗੰਭੀਰ ਰੂਪ ਵਿੱਚ ਸੰਕਟ ਗ੍ਰਸਤ ਪ੍ਰਜਾਤੀਆਂ ਦੇ ਰੂਪ ਵਿੱਚ ਵੰਡਿਆ ਗਿਆ ਹੈ। ਇੰਨਾਂ ਵਿੱਚ ਵਧੇਰੇ ਡੱਡੂ ਹਨ।
ਕਾਨੂੰਨੀ ਪ੍ਰਜਨਨ
ਕੋਲੰਬੀਆ ਦੇ ਇਨ੍ਹਾਂ ਲੁਪਤ ਜੰਗਲੀ ਡੱਡੂਆਂ ਨੂੰ ਬਚਾਉਣ ਲਈ ਇੱਕ ਅਲਗ ਤਰ੍ਹਾਂ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ- ਜਿਸ ਨੂੰ ਕਾਨੂੰਨੀ ਪ੍ਰਜਨਨ ਆਖਦੇ ਹਨ।
2005 ਵਿੱਚ ਸ਼ੁਰੂ ਕੀਤਾ ਗਿਆ ਟੇਸੋਰੋਸ ਡੀ ਕੋਲੰਬੀਆ ਦੇਸ ਦਾ ਪਹਿਲਾ ਇੱਕਮਾਤਰ ਵਪਾਰਕ ਪ੍ਰਜਨਨ ਪ੍ਰੋਗਰਾਮ ਹੈ। ਇਸ ਵਿੱਚ ਤਸਕਰੀ ਕਰਕੇ ਲਿਆਂਦੇ ਗਏ ਡੱਡੂਆਂ ਦੀ ਕੀਮਤ ਦੇ ਮੁਕਾਬਲੇ ਬਹੁਤ ਘੱਟ ਪੈਸਿਆਂ ਵਿੱਚ ਕਾਨੂੰਨੀ ਪ੍ਰਜਨਨ ਕਰਵਾਇਆ ਜਾਂਦਾ ਹੈ।

ਤਸਵੀਰ ਸਰੋਤ, Tesoros de Colombia
ਟੇਸੋਰੋਸ ਦੇ ਸੰਸਥਾਪਕ ਇਵਾਨ ਲੋਜ਼ਾਨ ਕਹਿੰਦੇ ਹਨ, "ਕਿਸੇ ਪ੍ਰਜਾਤੀ ਨੂੰ ਬਚਾਉਣ ਲਈ ਤੁਹਾਨੂੰ ਵਪਾਰਕ ਹੱਲ ਦੀ ਲੋੜ ਹੁੰਦੀ ਹੈ।"
ਲੋਜ਼ਾਨੋ ਨੇ ਯੂਕੇ ਦੇ ਡਰੇਲ ਜੰਗਲੀ ਜੀਵ ਸੁਰੱਖਿਆ ਟਰੱਸ ਵਿੱਚ ਪੜ੍ਹਾਈ ਕੀਤੀ ਹੈ। ਬਾਅਦ ਵਿੱਚ ਉਨ੍ਹਾਂ ਨੇ ਬਗੋਟਾ ਜੰਗਲੀ ਜੀਵ ਬਚਾਅ ਕੇਂਦਰ ਵਿੱਚ ਕੰਮ ਕੀਤਾ। ਉਹ ਕਹਿੰਦੇ ਹਨ, "ਮੈਂ ਸਮੇਂ ਦੇ ਨਾਲ ਇਹ ਸਿੱਖਿਆ ਹੈ।"
ਨੌਕਰਸ਼ਾਹੀ ਦੀ ਲੰਬੀ ਪ੍ਰੀਕਿਰਿਆ ਦੇ ਬਾਅਦ ਟੇਸੋਰੋਸ ਨੂੰ ਨਵੰਬਰ 2011 ਵਿੱਚ ਡੱਡੂਆਂ ਦੀ ਇੱਕ ਦੇਸੀ ਪ੍ਰਜਾਤੀ - ਪੀਲੀਆਂ ਧਾਰੀਆਂ ਵਾਲੇ ਜ਼ਹਿਰੀਲੇ ਡੱਡੂਆਂ (Dendrobates truncates) ਦੀ ਕਾਨੂੰਨੀ ਬਰਾਮਦ ਦੀ ਆਗਿਆ ਮਿਲੀ।
2015 ਤੱਕ ਉਨ੍ਹਾਂ ਨੂੰ ਕਈ ਹੋਰ ਪ੍ਰਜਾਤੀਆਂ ਦੇ ਜ਼ਹਿਰੀਲੇ ਡੱਡੂਆਂ ਜਿਵੇਂ ਹਰੇ ਅਤੇ ਕਾਲੇ ਡੱਡੂ (D. auratus), ਕੋਕੋ ਡੱਡੂ (Phyllobates aurotaenia) ਅਤੇ ਸੁਨਿਹਰੇ ਡੱਡੂਆਂ (P. terribilis) ਦੀ ਬਰਾਮਦ ਦੀ ਆਗਿਆ ਮਿਲ ਗਈ।
ਲੋਜ਼ਾਨੋ ਹੁਣ ਜ਼ਹਿਰੀਲੇ ਡੱਡੂਆਂ ਦੀਆਂ ਸੱਤ ਪ੍ਰਜਾਤੀਆਂ ਦਾ ਪ੍ਰਜਨਨ ਕਰਦੇ ਹਨ ਅਤੇ ਉਨ੍ਹਾਂ ਨੂੰ ਅਮਰੀਕਾ, ਯੂਰਪ ਅਤੇ ਏਸ਼ੀਆ ਵਿੱਚ ਭੇਜਦੇ ਹਨ।
ਕਿਸ ਕਿਸ ਤਰ੍ਹਾਂ ਦੇ ਡੱਡੂ
ਸਭ ਤੋਂ ਵੱਧ ਮੰਗ ਕੋਲੰਬੀਆ ਦੇ ਔਫ਼ਗਾ ਡੱਡੂ ਦੀ ਹੈ, ਜੋ ਕਥਿਤ ਤੌਰ 'ਤੇ ਕੱਚੇ ਆਂਡੇ ਖਾਂਦੇ ਹਨ।
ਇਸ ਪ੍ਰਜਾਤੀ ਦੇ ਡੱਡੂਆਂ ਦੇ ਬੱਚੇ ਆਪਣੀ ਮਾਂ ਦੀ ਤਰ੍ਹਾਂ ਹੁੰਦੇ ਹਨ। ਉਨ੍ਹਾਂ ਨੂੰ ਇੱਕ ਇੱਕ ਕਰਕੇ ਹੱਥ ਨਾਲ ਕੱਚੇ ਆਂਡੇ ਖਵਾਉਣੇ ਪੈਂਦੇ ਹਨ।
ਲੋਜ਼ਾਨੋ ਕਹਿੰਦੇ ਹਨ, "ਇਹ ਬਹੁਤ ਮਿਹਨਤ ਦਾ ਕੰਮ ਹੈ, ਪਰ ਇਹ ਪ੍ਰਜਾਤੀ ਸਭ ਤੋਂ ਵੱਧ ਖ਼ਤਰੇ ਵਿੱਚ ਹੈ।"
ਗ਼ੈਰ ਕਾਨੂੰਨੀ ਢੰਗ ਨਾਲ ਫੜੇ ਗਏ ਡੱਡੂਆਂ ਦੀ ਜਗ੍ਹਾ ਡੱਡੂ ਤਿਆਰ ਕਰਨ ਦੇ ਯਤਨਾਂ ਨੇ ਲੋਜ਼ਾਨੋ ਨੂੰ ਅਮਰੀਕੀ ਸੰਗ੍ਰਹਿਕਾਂ ਦਰਮਿਆਨ ਮਸ਼ਹੂਰ ਕਰ ਦਿੱਤਾ ਹੈ। ਲੋਜ਼ਾਨੋ ਦਾ ਸ਼ੁਕਰੀਆਂ ਕਰਦੇ ਹੋਏ ਉਹ ਕਾਨੂੰਨੀ ਤੌਰ 'ਤੇ ਵਾਤਾਵਰਨ ਅਨੁਕੂਲ ਡੱਡੂ ਖ਼ਰੀਦ ਰਹੇ ਹਨ।
ਟੇਸੋਰੋਸ ਵਿੱਚ ਪਹਿਲਾਂ ਸਾਲਾਨਾ 30 ਓਫ਼ਗਾ ਡੱਡੂ ਤਿਆਰ ਕੀਤੇ ਜਾਂਦੇ ਹਨ। ਹੁਣ ਇਹ ਗਿਣਤੀ ਵੱਧ ਕੇ 150 ਹੋ ਗਈ ਹੈ, ਫਿਰ ਵੀ ਮੰਗ ਦੀ ਪੂਰਤੀ ਨਹੀਂ ਹੋ ਰਹੀ।

ਕੋਲੋਰਾਡੋ ਵਿੱਚ ਰਹਿਣ ਵਾਲੇ 37 ਸਾਲ ਦੇ ਸੰਗ੍ਰਹਿਕ ਰੌਬਰਟ ਜ਼ਾਰਾਡਨਿਕ ਨੂੰ ਲੱਗਦਾ ਹੈ ਕਿ ਕਾਨੂੰਨੀ ਪ੍ਰਜਨਨ ਨੇ ਕਈ ਸੰਗ੍ਰਹਿਕਾਂ ਦਾ ਨਜ਼ਰੀਆ ਬਦਲ ਦਿੱਤਾ ਹੈ।
"ਸੋਸ਼ਲ ਮੀਡੀਆ 'ਤੇ ਸ਼ੱਕੀ ਡੱਡੂਆਂ ਦੀਆਂ ਤਸਵੀਰਾਂ ਪਾਉਣ 'ਤੇ ਉਨ੍ਹਾਂ ਦੀ ਉਤਪਤੀ ਬਾਰੇ ਪੁੱਛਿਆ ਜਾਂਦਾ ਹੈ। ਪਰ ਟੇਸੋਰੋਸ ਦੇ ਡੱਡੂ ਹੋਣ ਤਾਂ ਤੁਸੀਂ ਮਾਣ ਕਰ ਸਕਦੇ ਹੋ।"
ਫ਼ਿਰ ਵੀ ਬਚਾਅ ਕਰਨ ਵਾਲੇ ਭਾਈਚਾਰੇ ਦੇ ਕਈ ਲੋਕ ਅਜਿਹੀਆਂ ਯੋਜਨਾਵਾਂ ਨੂੰ ਖੁੱਲ੍ਹੇ ਦਿਲ ਤੋਂ ਮਨਜ਼ੂਰ ਨਹੀਂ ਕਰਦੇ ਜਿਸ ਵਿੱਚ ਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਾੜੇ ਵਿੱਚ ਰੱਖਕੇ ਪ੍ਰਜਨਨ ਕਰਵਾਇਆ ਜਾਂਦਾ ਹੈ।
ਏਸ਼ੀਆ ਦੇ ਸ਼ੇਰ ਪ੍ਰਜਨਨ ਕੇਂਦਰਾਂ ਦੀ ਇੱਕ ਉਦਾਹਰਣ ਮੌਜੂਦ ਹੈ, ਜਿਸ ਵਿੱਚ ਕੀਮਤ ਘਟਾਉਣ ਅਤੇ ਗ਼ੈਰ ਕਾਨੂੰਨੀ ਰੂਪ ਨਾਲ ਫ਼ੜੇ ਗਏ ਜਾਨਵਾਰਾਂ ਦੀ ਮੰਗ ਘੱਟ ਹੋਣ ਦੀ ਬਜਾਇ ਬੰਦੀ ਨਸਲ ਅਤੇ ਜੰਗਲ ਵਿੱਚੋਂ ਫ਼ੜੇ ਗਏ, ਦੋਵਾਂ ਤਰ੍ਹਾਂ ਦੇ ਸ਼ੇਰਾਂ ਦੀ ਮੰਗ ਵੱਧ ਗਈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟੇਸੋਰੋਸ ਦੇ ਮਾਮਲੇ ਵਿੱਚ, ਅੰਕੜੇ ਜ਼ਾਰਾਡਨਿਕ ਦੇ ਦਾਅਵਿਆਂ ਦੀ ਤਸਦੀਕ ਕਰਦੇ ਹਨ।
ਹਾਲ ਹੀ ਵਿੱਚ ਹੋਏ ਇੱਕ ਅਧਿਐਨ ਮੁਤਾਬਿਕ 2014 ਤੋਂ 2017 ਦੇ ਦਰਮਿਆਨ ਅਮਰੀਕਾ ਵਿੱਚ ਮੰਗਵਾਏ ਗਏ ਅਹਿਮ ਪ੍ਰਜਾਤੀਆਂ ਦੇ ਡੱਡੂਆਂ ਦਾ ਵੱਡਾ ਹਿੱਸਾ, ਕੁਝ ਮਾਮਲਿਆਂ ਵਿੱਚ 100 ਫ਼ੀਸਦ ਤੱਕ, ਗ਼ੈਰ ਕਾਨੂੰਨੀ ਡੱਡੂਆਂ ਦਾ ਸੀ।
ਹਾਲਾਂਕਿ ਇਹ ਅੰਕੜੇ ਸੀਮਤ ਹਨ, ਕਿਉਂਕਿ ਤਸਕਰੀ ਦੇ ਅੰਕੜੇ ਪੱਕੇ ਨਹੀਂ ਹਨ, ਫ਼ਿਰ ਵੀ ਇਸ ਨਾਲ ਗ਼ੈਰ ਕਾਨੂੰਨੀ ਪ੍ਰਜਨਨ ਵਾਲੇ ਜੰਗਲੀ ਜੀਵਾਂ ਦਾ ਪੱਖ ਮਜ਼ਬੂਤ ਹੁੰਦਾ ਹੈ।
ਬਾਇਓ ਵਪਾਰ 'ਤੇ ਬਹਿਸ
ਰਿਪੋਰਟ ਦੇ ਲੇਖਕ ਜਸਟਿਸ ਯੀਗਰ ਕਹਿੰਦੇ ਹਨ, "ਇਹ ਦਰਖ਼ਤਾਂ ਅਤੇ ਜਾਨਵਰਾਂ ਦਾ #MeToo ਨਹੀਂ ਹੈ ਬਲਕਿ ਇਹ ਗੰਭੀਰ ਮਸਲੇ ਹਨ ਜਿਨਾਂ 'ਤੇ ਚਰਚਾ ਹੋਣੀ ਚਾਹੀਦੀ ਹੈ।"

ਤਸਵੀਰ ਸਰੋਤ, Anton Sorokin/Alamy
"ਬਾਇਓ ਵਪਾਰ ਬਿਲਕੁਲ ਸਹੀ ਨਹੀਂ ਹੈ। ਆਰਥਿਕ ਰੂਪ ਵਿੱਚ ਟਿਕੇ ਰਹਿਣ ਲਈ ਤੁਹਾਨੂੰ ਨਿਯਮਿਤ ਗਾਹਕ ਦੀ ਲੋੜ ਹੈ। ਇਸ ਲਈ ਸੰਗ੍ਰਹਿਕ ਮਾਨਸਿਕਤਾ ਚਾਹੀਦੀ ਹੈ, ਫ਼ਿਰ ਵੀ ਇਸ ਵਿੱਚ ਉਪਭੋਗ ਦਾ ਸਭਿਆਚਾਰ ਬਦਲਣ ਦਾ ਮੌਕਾ ਹੈ।"
ਕੋਲੰਬੀਆ ਦੇ ਇੰਟਰਨੈਸ਼ਨਲ ਕਨਜ਼ਰਵੇਸ਼ਨ ਆਫ਼ ਨੇਚਰ ਐਸੋਸੀਏਸ਼ਨ (IUCN) ਦੇ ਐਂਮਫ਼ੇਬੀਅਨ ਮਾਹਰ ਸਮੂਹ ਵਿੱਚ ਕੰਮ ਕਰਨ ਵਾਲੇ ਸਾਂਦਰਾ ਫਲੇਜਸ ਦਾ ਕਹਿਣਾ ਹੈ ਕਿ ਕਾਨੂੰਨੀ ਪ੍ਰਜਨਨ ਗ਼ੈਰ ਕਾਨੂੰਨੀ ਤਸਕਰੀ ਘੱਟ ਕਰਨ ਦਾ ਇੱਕ ਅਸਰਦਾਰ ਤਰੀਕਾ" ਸਾਬਤ ਹੋਇਆ ਹੈ ਪਰ ਇਹ ਕਾਫ਼ੀ ਨਹੀਂ ਹੈ।
ਉਹ ਕਹਿੰਦੇ ਹਨ, "ਕੈਦ ਵਿੱਚ ਜਿਨਾਂ ਪ੍ਰਜਾਤੀਆਂ ਦਾ ਪ੍ਰਜਨਨ ਔਖਾ ਹੈ ਉਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਹੈ ਜਿਸ ਨੂੰ ਪੂਰਾ ਕਰਨ ਲਈ ਲੋੜੀਂਦੇ ਪ੍ਰਜਨਨ ਕੇਂਦਰ ਨਹੀਂ ਹਨ।"
2019 ਵਿੱਚ ਛਪੀ ਰਿਪੋਰਟ ਦੇ ਮੁਤਾਬਿਕ ਪਿਛਲੇ ਚਾਰ ਦਹਾਕਿਆਂ ਵਿੱਚ 80 ਹਜ਼ਾਰ ਜ਼ਹਿਰੀਲੇ ਡੱਡੂਆਂ ਦਾ ਸ਼ਿਕਾਰ ਕੀਤਾ ਗਿਆ। IUCN ਨੇ ਉਨ੍ਹਾਂ ਪ੍ਰਜਾਤੀਆਂ ਨੂੰ ਗੰਭੀਰ ਰੂਪ ਵਿੱਚ ਲੋਪ ਹੋਣ ਵਾਲੀਆਂ ਜਾਤੀਆਂ ਵਜੋਂ ਸੂਚੀਬੱਧ ਕੀਤਾ ਹੈ ਜਿਨ੍ਹਾਂ ਦੀ ਤਾਦਾਦ ਘੱਟ ਰਹੀ ਹੈ।
ਇੱਕ ਸਮੇਂ ਇੱਕ ਡੱਡੂ
ਕੋਲੰਬੀਆ ਦੀ ਏਡੀਜ ਯੂਨੀਵਰਸਿਟੀ ਦੇ ਪੁਰਾਤੱਤਵ ਵਿਗਿਆਨੀ ਅਤੇ ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਪਾਬਲੋ ਪੈਲੇਸਿਯੋਸ ਰੌਡੀਗੈਜ਼ ਕਹਿੰਦੇ ਹਨ, "ਸਮੱਸਿਆ ਹਾਲੇ ਵੀ ਬਹੁਤ ਗੰਭੀਰ ਹੈ।"

ਤਸਵੀਰ ਸਰੋਤ, Kevin Schafer / WWF
"ਇਸ ਖੇਤਰ ਦੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਦਾ ਮਤਲਬ ਹੈ ਕਿ ਤਸਕਰ ਸਥਾਨਕ ਲੋਕਾਂ ਨੂੰ ਸਹਾਇਤਾ ਦੇ ਬਦਲੇ ਪੈਸੇ ਦੇ ਸਕਦੇ ਹਨ। ਸਾਨੂੰ ਈਕੋ-ਟੂਰਿਜ਼ਮ ਅਤੇ ਸੰਭਾਲ ਪ੍ਰੋਗਰਾਮਾਂ ਨੂੰ ਪ੍ਰੋਤਸਾਹਿਤ ਕਰਕੇ ਉਨ੍ਹਾਂ ਨੂੰ ਆਰਥਿਕ ਵਿਕਲਪ ਦੇਣ ਦੀ ਲੋੜ ਹੈ।"
ਟੇਸੋਰੋਸ ਦੇ ਸਾਹਮਣੇ ਮੁੱਖ ਚੁਣੌਤੀ ਵਿੱਤੀ ਸਥਿਰਤਾ ਦੀ ਹੈ। ਪ੍ਰਯੋਗਸ਼ਾਲਾ, ਪਰਮਿਟ, ਵਕੀਲ, ਨਿਰੀਖਣ ਅਤੇ ਸਰਕਾਰੀ ਪੈਰਵੀ ਲਈ ਪੈਸੇ ਖਰਚ ਕਰਨੇ ਪੈਂਦੇ ਹਨ।
ਪਰਮਿਟ ਹਾਸਿਲ ਕਰਨ ਵਿੱਚ ਹੀ ਲੋਜ਼ਾਨੋ ਨੂੰ 5 ਲੱਖ ਡਾਲਰ ਦਾ ਕਰਜ਼ਾ ਲੈਣਾ ਪਿਆ। ਉਨ੍ਹਾਂ ਨੇ 2018 ਦੇ ਬਾਅਦ ਤਨਖ਼ਾਹ ਲੈਣੀ ਸ਼ੁਰੂ ਕੀਤੀ ਸੀ।
ਹਾਲੇ ਤੱਕ ਵਪਾਰ ਘਾਟੇ ਵਿੱਚ ਚੱਲ ਰਿਹਾ ਹੈ, ਪਰ ਟੇਸੋਰੋਸ ਨੂੰ ਉਮੀਦ ਹੈ ਕਿ 2022 ਦੇ ਬਾਅਦ ਘਾਟਾ ਨਹੀਂ ਸਹਿਣਾ ਪਵੇਗਾ।
ਲੋਜ਼ਾਨੋ ਇਹ ਸਾਬਤ ਕਰ ਚੁੱਕੇ ਹਨ ਕਿ ਕਾਨੂੰਨੀ ਵਪਾਰ ਤੋਂ ਵੀ ਵੱਧ ਲਾਭ ਕਮਾਉਣਾ ਸੰਭਵ ਹੈ। ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ 7 ਤੋਂ 23 ਅਰਬ ਡਾਲਰ ਦਾ ਗ਼ੈਰ ਕਾਨੂੰਨੀ ਜੰਗਲੀ ਜੀਵਾਂ ਦਾ ਵਪਾਰ ਸੀਮਤ ਹੋਵੇਗਾ।
ਫ਼ਿਲਹਾਲ ਕੰਡਿਨਾਮਾਰਕਾ ਸੂਬੇ ਦੇ ਮੀਂਹ ਜੰਗਲਾਂ ਦੇ ਵਿੱਚ 5.5 ਹੈਕਟੇਅਰ ਦੇ ਮਾਮੂਲੀ ਜਿਹੇ ਫ਼ਾਰਮ ਹਾਊਸ ਵਿੱਚ ਟੇਸੋਰੋਸ ਦੇ 8 ਲੋਕਾਂ ਦੀ ਟੀਮ ਪੂਰੀ ਸਾਵਧਾਨੀ ਦੇ ਨਾਲ ਡੱਡੂਆਂ ਦਾ ਪ੍ਰਜਨਨ ਕਰਵਾਉਣ ਵਿੱਚ ਲੱਗੀ ਹੈ ਤਾਂ ਕਿ ਕੋਲੰਬੀਆ ਦੇ ਜੰਗਲੀ ਜੀਵਾਂ ਦੀ ਤਸਕਰੀ ਖ਼ਤਮ ਹੋਵੇ।
ਲੋਜ਼ਾਨੋ ਨਾਲ ਗੱਲਬਾਤ ਦੌਰਾਨ ਨੀਲੇ ਰੰਗ ਦੇ ਦਸਤਾਨਿਆਂ ਵਾਲੇ ਉਨ੍ਹਾਂ ਦੇ ਸਹਾਇਕ ਮੋਟੇ ਸਟਾਇਰੋਫ਼ੋਮ ਦੀ ਪੈਕਿੰਗ ਤਿਆਰ ਕਰਦੇ ਰਹੇ, ਜਿਸ ਨੂੰ 72 ਘੰਟਿਆਂ ਦੀ ਯਾਤਰਾ 'ਤੇ ਜਾਪਾਨ ਭੇਜਨਾ ਹੈ।
ਪਲਾਸਟਿਕ ਦੇ ਡੱਬਿਆਂ ਵਿੱਚ ਤਾਜ਼ੇ ਕੱਟੇ ਪੱਤਿਆਂ ਦੇ ਵਿੱਚ ਦਰਜਨਾਂ ਚਮਕੀਲੇ ਡੱਡੂ ਰੱਖੇ ਗਏ ਹਨ। ਸਾਰਿਆਂ ਦਾ ਇੱਕ ਸੀਰੀਅਲ ਨੰਬਰ ਹੈ।
ਇਨਾਂ ਡੱਬਿਆਂ ਵਿੱਚ ਹਵਾ ਦੇ ਆਉਣ ਜਾਣ ਲਈ ਸੁਰਾਖ਼ ਬਣੇ ਹਨ। ਸਫ਼ਰ ਦੌਰਾਨ ਤਾਪਮਾਨ ਵਿੱਚ ਹੋਣ ਵਾਲੇ ਤੀਬਰ ਬਦਲਾਵਾਂ ਲਈ ਹੀਟਿੰਗ ਪੈਡ ਲਗਾਏ ਗਏ ਹਨ।
ਲੋਜ਼ਾਨੋ ਕਹਿੰਦੇ ਹਨ, "ਸਾਨੂੰ ਲੱਗਦੈ ਹੈ ਕਿ ਅਸੀਂ ਇਨ੍ਹਾਂ ਵਿੱਚੋਂ ਕੁਝ ਪ੍ਰਜਾਤੀਆਂ ਨੂੰ ਖ਼ਤਮ ਹੋਣ ਤੋਂ ਬਚਾ ਸਕਦੇ ਹਾਂ। ਇੱਕ ਇੱਕ ਡੱਡੂ ਕਰ ਕੇ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














