ਯੂਕੇ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ’ਤੇ ਕੀ-ਕੀ ਬਦਲ ਜਾਵੇਗਾ

ਤਸਵੀਰ ਸਰੋਤ, Reuters
ਯੂਕੇ ਲਈ ਨਵੇਂ ਸਾਲ ਦੇ ਨਾਲ-ਨਾਲ ਇੱਕ ਨਵੇਂ ਦੌਰ ਦਾ ਵੀ ਆਗਾਜ਼ ਹੋਇਆ ਹੈ। ਯੂਕੇ ਰਸਮੀ ਤੌਰ 'ਤੇ ਯੁਰਪੀਅਨ ਯੂਨੀਅਨ ਤੋਂ ਵੱਖ ਹੋ ਗਿਆ ਹੈ।
ਬ੍ਰਿਟੇਨ ਨੇ ਰਾਤ ਦੇ 11 ਵਜੇ ਤੋਂ ਈਯੂ ਦੇ ਨੇਮਾਂ ਦੀ ਪਾਲਣਾ ਕਰਨੀ ਬੰਦ ਕਰ ਦਿੱਤੀ ਹੈ ਅਤੇ ਨਾਲ ਹੀ ਯਾਤਰਾ, ਵਪਾਰ, ਪਰਵਾਸ ਅਤੇ ਸੁਰੱਖਿਆ ਸਬੰਧੀ ਆਪਣੇ ਨਿਯਮਾਂ ਨੂੰ ਲਾਗੂ ਕੀਤਾ ਹੈ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਹੁਣ ਜਦੋਂ ਬ੍ਰੈਗਜ਼ਿਟ ਖ਼ਤਮ ਹੋ ਗਿਆ ਹੈ ਤਾਂ ਬ੍ਰਿਟੇਨ ਨੂੰ ਇੱਕ ਤਰ੍ਹਾਂ ਨਾਲ ਆਜ਼ਾਦੀ ਮਿਲ ਗਈ ਹੈ ਅਤੇ ਚੀਜ਼ਾਂ ਨੂੰ ਵੱਖ ਕਰਨ ਅਤੇ ਪਹਿਲਾਂ ਨਾਲੋਂ ਬਿਹਤਰ ਕਰਨ ਦੀ ਖੁੱਲ੍ਹ ਵੀ ਹਾਸਲ ਹੋ ਗਈ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਹੈ ਕਿ ਬ੍ਰਿਟੇਨ ਉਨ੍ਹਾਂ ਦਾ ਇੱਕ ਮਿੱਤਰ ਅਤੇ ਸਹਿਯੋਗੀ ਮੁਲਕ ਰਹੇਗਾ।
ਇਹ ਵੀ ਪੜ੍ਹੋ:
ਬ੍ਰਿਟੇਨ ਦੇ ਮੰਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿਚ ਕੁਝ ਪ੍ਰੇਸ਼ਾਨੀਆਂ ਦਰਪੇਸ਼ ਆ ਸਕਦੀਆਂ ਹਨ ਕਿਉਂਕਿ ਨਵੇਂ ਨਿਯਮਾਂ ਨੂੰ ਚੰਗੀ ਤਰ੍ਹਾਂ ਨਾਲ ਅਪਣਾਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ।
ਬ੍ਰਿਟਿਸ਼ ਕੰਪਨੀਆਂ ਨੂੰ ਵੀ ਬਦਲੇ ਨੇਮਾਂ ਮੁਤਾਬਕ ਬਾਕੀ ਯੂਰਪ ਨਾਲ ਵਪਾਰ ਕਰਨਾ ਹੋਵੇਗਾ।
ਬੰਦਰਗਾਹਾਂ 'ਤੇ ਰੁਕਾਵਟਾਂ ਦੀ ਚਿੰਤਾਂ ਦੇ ਮੁੱਦੇ 'ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਬਾਰਡਰ ਪ੍ਰਣਾਲੀ ਤਿਆਰ ਹੈ।
2016 'ਚ ਬ੍ਰਿਟੇਨ ਦੇ ਲੋਕਾਂ ਨੇ ਇੱਕ ਜਨਮਤ ਸੰਗ੍ਰਹਿ ਰਾਹੀਂ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਤੋਂ ਬਾਹਰ ਕਰਨ ਦਾ ਫ਼ੈਸਲਾ ਲਿਆ ਸੀ।
ਇਸ ਤੋਂ ਪੂਰੇ ਸਾਢੇ ਤਿੰਨ ਸਾਲ ਬਾਅਦ 31 ਜਨਵਰੀ ਨੂੰ ਬ੍ਰਿਟੇਨ ਨੇ ਅਧਿਕਾਰਤ ਤੌਰ 'ਤੇ ਇਸ 27 ਮੈਂਬਰੀ ਸਿਆਸੀ ਅਤੇ ਆਰਥਿਕ ਸਮੂਹ ਨੂੰ ਛੱਡ ਦਿੱਤਾ ਸੀ।

ਤਸਵੀਰ ਸਰੋਤ, Getty images
ਪਰ ਇਹ ਮਾਮਲਾ ਪਿਛਲੇ 11 ਮਹੀਨਿਆਂ ਤੋਂ ਯੂਰਪੀਅਨ ਯੂਨੀਅਨ ਦੇ ਵਪਾਰਕ ਨਿਯਮਾਂ 'ਚ ਉਲਝਿਆ ਹੋਇਆ ਸੀ ਅਤੇ ਦੋਵੇਂ ਧਿਰਾਂ ਆਪਣੇ ਭਵਿੱਖ ਦੀ ਆਰਥਿਕ ਸਾਂਝੇਦਾਰੀ ਬਾਰੇ ਵਿਚਾਰ ਵਟਾਂਦਰਾ ਕਰ ਰਹੀਆਂ ਸਨ।
ਆਖ਼ਰਕਾਰ ਕ੍ਰਿਸਮਿਸ ਤੋਂ ਪਹਿਲਾਂ ਵਾਲੀ ਸ਼ਾਮ ਨੂੰ ਇੱਕ ਇਤਿਹਾਸਕ ਸੰਧੀ 'ਤੇ ਸਹਿਮਤੀ ਬਣੀ।
ਬੁੱਧਵਾਰ ਨੂੰ ਸੰਸਦ ਵੱਲੋਂ ਇਸ 'ਤੇ ਮੋਹਰ ਲਗਾਉਣ ਤੋਂ ਬਾਅਦ ਇਹ ਸੰਧੀ ਬ੍ਰਿਟੇਨ 'ਚ ਕਾਨੂੰਨ ਦਾ ਰੂਪ ਧਾਰਨ ਕਰ ਗਈ ਹੈ।
ਇਸ ਨਵੀਂ ਪ੍ਰਣਾਲੀ ਤਹਿਤ ਮੈਨਿਊਫੈਕਚਰਜ਼ ਨੂੰ ਯੂਰਪੀਅਨ ਯੂਨੀਅਨ ਦੇ ਬਾਜ਼ਾਰਾਂ ਵਿਚ ਬਿਨਾ ਡਿਊਟੀ ਦੇ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ, ਮਤਲਬ ਕਿ ਬ੍ਰਿਟੇਨ ਅਤੇ ਬਾਕੀ ਯੂਰਪ ਵਿਚਾਲੇ ਉਤਪਾਦਾਂ 'ਤੇ ਕੋਈ ਇੰਮੋਰਟ ਡਿਊਟੀ ਨਹੀਂ ਲੱਗੇਗੀ।
ਪਰ ਦੂਜੇ ਪਾਸੇ ਯੂਰਪੀਅਨ ਯੂਨੀਅਨ ਦੇ ਦੇਸਾਂ 'ਚ ਜਾਣ ਵਾਲੇ ਲੋਕਾਂ ਅਤੇ ਕਾਰੋਬਾਰਾਂ ਲਈ ਵਧੇਰੇ ਕਾਗਜ਼ੀ ਕਾਰਵਾਈ ਵੀ ਹੋਵੇਗੀ।
ਇਸ ਦੇ ਨਾਲ ਹੀ ਇਸ ਸਬੰਧੀ ਇੱਕ ਦੁਚਿੱਤੀ ਕਾਇਮ ਹੈ ਕਿ ਬ੍ਰਿਟੇਨ ਦੀ ਅਰਥਵਿਵਸਥਾ ਦਾ ਇੱਕ ਵੱਡਾ ਹਿੱਸਾ ਬੈਂਕਿਗ ਅਤੇ ਸਰਵਿਸਜ਼ ਖੇਤਰਾਂ ਨੇ ਘੇਰਿਆ ਹੋਇਆ ਹੈ ਅਤੇ ਇੰਨ੍ਹਾਂ ਖੇਤਰਾਂ ਦਾ ਕੀ ਹਾਲ ਹੋਵੇਗਾ।
ਸਿਆਸੀ ਮਾਮਲਿਆਂ ਦੀ ਪੱਤਰਕਾਰ ਜੈਸਿਕਾ ਪਾਰਕਰ ਦਾ ਵਿਸ਼ਲੇਸ਼ਣ
ਇਹ ਇੱਕ ਅਜਿਹਾ ਪਲ ਹੈ, ਜਿਸ ਲਈ ਕੁਝ ਲੋਕ ਉਮੀਦਾਂ ਨਾਲ ਭਰੇ ਹੋਏ ਹਨ ਅਤੇ ਕੁਝ ਪਛਤਾਵਾ ਕਰ ਰਹੇ ਹਨ।
ਜਦੋਂ ਇਹ ਇਤਿਹਾਸਕ ਪਲ ਇੱਕ ਅਜਿਹੇ ਮੌਕੇ ਆ ਰਿਹਾ ਹੋਵੇ ਜਦੋਂ ਕੁੱਝ ਖੇਤਰਾਂ ਵਿਚ ਇਸ ਦਾ ਪ੍ਰਭਾਵ ਤੁਰੰਤ ਨਜ਼ਰ ਨਹੀਂ ਆਏਗਾ ਜਾਂ ਫਿਰ ਬਾਕੀ ਦੀ ਤੁਲਨਾ ਵਿਚ ਵਧੇਰੇ ਦਿਖਾਈ ਦੇਵੇਗਾ।
ਉਦਾਹਰਣ ਦੇ ਤੌਰ 'ਤੇ ਸਾਲ 2021 ਦੇ ਪਹਿਲੇ ਦਿਨ ਡੋਵਰ ਸ਼ਹਿਰ 'ਚ ਨਵੇਂ ਬਾਰਡਰ ਨੇਮਾਂ ਦੇ ਲਾਗੂ ਹੋਣ ਕਾਰਨ ਘੱਟ ਟ੍ਰੈਫਿਕ ਮਿਲੇਗਾ। ਇਸ ਤੋਂ ਇਲਾਵਾ ਇੱਥੇ ਵਪਾਰ, ਯਾਤਰਾ, ਸੁਰੱਖਿਆ ਅਤੇ ਇਮੀਗ੍ਰੇਸ਼ਨ ਨਾਲ ਜੁੜੇ ਵੀ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ।
ਅਜੇ ਵੀ ਕੋਰੋਨਾ ਵਾਇਰਸ ਮਹਾਮਾਰੀ ਲਗਾਤਾਰ ਫੈਲ ਰਹੀ ਹੈ, ਜਿਸ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਹੀ ਹਨ, ਜਿਸ ਕਰਕੇ ਇਸ ਨਵੀਂ ਪ੍ਰਣਾਲੀ ਨਾਲ ਆਉਣ ਵਾਲੇ ਬਦਲਾਅ ਕੁਝ ਮਹੀਨਿਆਂ ਬਾਅਦ ਹੀ ਵਧੇਰੇ ਸਪੱਸ਼ਟ ਤੌਰ 'ਤੇ ਸਾਹਮਣੇ ਅਉਣਗੇ।
ਪ੍ਰਧਾਨ ਮੰਤਰੀ ਨੇ ਖੁਸ਼ੀ ਦਾ ਕੀਤਾ ਪ੍ਰਗਟਾਵਾ
ਪ੍ਰਧਾਨ ਮੰਤਰੀ ਜੌਨਸਨ ਸਾਲ 2016 ਵਿਚ ਲੀਵ ਮੁਹਿੰਮ ਦਾ ਇੱਕ ਮੁੱਖ ਚਿਹਰਾ ਸਨ, ਯਾਨੀ ਕਿ ਬ੍ਰਿਟੇਨ ਦੇ ਬਾਹਰ ਹੋਣ ਦੇ ਹੱਕ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਅਦਾ ਕੀਤੀ।
ਪ੍ਰਧਾਨ ਮੰਤਰੀ ਬਣਨ ਦੇ ਛੇ ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਨੇ ਬ੍ਰਿਟੇਨ ਨੂੰ ਈਯੂ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਘੜ੍ਹੀ ਨੂੰ ਇੱਕ ਸ਼ਾਨਦਾਰ ਪਲ ਦੱਸਿਆ ਹੈ।

ਤਸਵੀਰ ਸਰੋਤ, Getty images
ਆਪਣੇ ਨਵੇਂ ਸਾਲ ਦੇ ਸੁਨੇਹੇ ਵਿਚ ਪੀਐੱਮ ਨੇ ਕਿਹਾ ਕਿ ਹੁਣ ਬ੍ਰਿਟੇਨ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਕਰਨ ਅਤੇ ਜ਼ਰੂਰਤ ਪੈਣ 'ਤੇ ਈਯੂ ਦੇ ਆਪਣੇ ਮਿੱਤਰ ਦੇਸਾਂ ਨਾਲੋਂ ਬਿਹਤਰ ਕਰਨ ਲਈ ਆਜ਼ਾਦ ਹੈ।
ਉਨ੍ਹਾਂ ਕਿਹਾ, "ਸਾਡੀ ਆਜ਼ਾਦੀ ਹੁਣ ਸਾਡੇ ਹੱਥਾਂ ਵਿਚ ਹੈ। ਹੁਣ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਵੇਂ ਇਸ ਦੀ ਵੱਧ ਤੋਂ ਵੱਧ ਵਰਤੋਂ ਕਰ ਸਕਦੇ ਹਾਂ।"
ਬ੍ਰਿਟੇਨ ਵੱਲੋਂ ਸੰਵਾਦ ਦੇ ਮੁੱਖ ਪ੍ਰਤੀਨਿਧੀ ਲੌਰਡ ਫਰੋਸਟ ਨੇ ਟਵੀਟ ਕਰਦਿਆਂ ਕਿਹਾ ਕਿ ਬ੍ਰਿਟੇਨ ਇੱਕ ਵਾਰ ਫਿਰ ਪੂਰੀ ਤਰ੍ਹਾਂ ਨਾਲ ਸੁਤੰਤਰ ਦੇਸ ਬਣ ਗਿਆ ਹੈ।
ਦੂਜੇ ਪਾਸੇ ਕੰਜ਼ਰਵੇਟਿਵ ਸੰਸਦ ਮੈਂਬਰ ਸਰ ਬਿਲ ਕੈਸ਼ ਨੇ ਕਿਹਾ ਕਿ ਇਹ ਫ਼ੈਸਲਾ ਲੋਕਤੰਤਰ ਦੀ ਜਿੱਤ ਨੂੰ ਦਰਸਾਉਂਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਰ ਬ੍ਰੈਗਜ਼ਿਟ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਦੇਸ ਦੀ ਹਾਲਤ ਬਦ ਤੋਂ ਬਦਤਰ ਹੋਵੇਗੀ।
ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਜੋਅ, ਆਜ਼ਾਦ ਸਕਾਟਲੈਂਡ ਨੂੰ ਯੂਰਪੀਅਨ ਯੂਨੀਅਨ ਵਿਚ ਮੁੜ ਰੱਖਣ ਦੇ ਹੱਕ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ 'ਸਕਾਟਲੈਂਡ ਜਲਦੀ ਹੀ ਯੂਰਪ ਵਿਚ ਵਾਪਸ ਆਵੇਗਾ, ਰੌਸ਼ਨੀ ਜਗਾ ਕੇ ਰੱਖੋ।'
ਆਇਰਲੈਂਡ ਦੇ ਵਿਦੇਸ਼ ਮੰਤਰੀ ਸਾਇਮਨ ਕੋਵੇਨ ਨੇ ਕਿਹਾ ਹੈ ਕਿ ਇਹ ਖੁਸ਼ੀ ਮਨਾਉਣ ਵਾਲਾ ਮੌਕਾ ਨਹੀਂ ਹੈ। ਅੱਜ ਤੋਂ ਆਇਰਲੈਂਡ ਅਤੇ ਬ੍ਰਿਟੇਨ ਦੇ ਰਸਤੇ ਵੱਖ ਹੋਣਗੇ ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ।
ਯੂਰਪ ਮਾਮਲਿਆਂ ਦੇ ਸੰਪਾਦਕ ਕਾਤਿਆ ਐਡਲਰ ਦਾ ਵਿਸ਼ਲੇਸ਼ਣ
ਬ੍ਰਸਲਜ਼ ਵਿਚ ਇਸ ਗੱਲ ਦੀ ਰਾਹਤ ਹੈ ਕਿ ਬ੍ਰੈਗਜ਼ਿਟ ਦੀ ਪ੍ਰਕ੍ਰਿਆ ਖ਼ਤਮ ਹੋ ਗਈ ਹੈ ਪਰ ਇਸ ਦੇ ਨਾਲ ਹੀ ਪਛਤਾਵਾ ਅਤੇ ਅਫਸੋਸ ਵੀ ਹੈ। ਯੂਰਪੀਅਨ ਯੂਨੀਅਨ ਦਾ ਮੰਨਣਾ ਹੈ ਕਿ ਬ੍ਰੈਗਜ਼ਿਟ ਕਾਰਨ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਦੋਵੇਂ ਹੀ ਕਮਜ਼ੋਰ ਹੋਣਗੇ।
ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵਿਦਾਈ ਘੱਟ ਹੈ ਅਤੇ ਮੁੜ ਮਿਲਣ ਤੱਕ ਦਾ ਵਿਛੋੜਾ ਜ਼ਿਆਦਾ ਹੈ ਕਿਉਂਕਿ ਦੋਵਾਂ ਵੱਲੋਂ ਕਈ ਮੁਢ ਛੁੱਟ ਗਏ ਹਨ।

ਤਸਵੀਰ ਸਰੋਤ, Getty images
ਦੋਵਾਂ ਧਿਰਾਂ ਦਰਮਿਆਨ ਅਜੇ ਵਿਹਾਰਕਤਾ ਬਾਰੇ ਵੀ ਗੱਲਬਾਤ ਹੋਣੀ ਬਾਕੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਬ੍ਰਸਲਜ਼ ਬ੍ਰਿਟੇਨ ਦੀਆਂ ਵਿੱਤੀ ਸੇਵਾਵਾਂ ਦੀ ਕਿੰਨੀ ਕੁ ਮਦਦ ਦਿੰਦਾ ਹੈ।
ਇਸ ਵਿਚ ਵਾਤਾਵਰਨ ਤਬਦੀਲੀ 'ਤੇ ਸਹਿਯੋਗ ਦੀ ਗੱਲ ਵੀ ਹੈ ਅਤੇ ਨਾਲ ਹੀ ਨਵੇਂ ਵਪਾਰਕ ਸਮਝੌਤੇ 'ਚ ਹਰ ਪੰਜ ਸਾਲਾਂ 'ਚ ਨਵੀਨੀਕਰਨ ਦੀ ਗੱਲ ਵੀ ਸ਼ਾਮਲ ਹੈ।
ਇੰਨ੍ਹਾਂ ਸਾਰੇ ਕਾਰਨਾਂ ਕਰਕੇ ਯੂਰਪੀਅਨ ਯੂਨੀਅਨ ਦਾ ਮੰਨਣਾ ਹੈ ਕਿ ਬ੍ਰਿਟੇਨ ਨਾਲ ਇਹ ਗੱਲਬਾਤ ਦਾ ਅੰਤ ਨਹੀਂ ਹੈ।
ਕਿਹੜੇ ਬਦਲਾਵ ਆ ਰਹੇ ਹਨ?
• ਯੂਕੇ ਅਤੇ ਈਯੂ ਦੇ ਮੈਂਬਰ ਦੇਸਾਂ ਦਰਮਿਆਨ ਸੁਤੰਤਰ ਆਵਾਜਾਈ ਬੰਦ ਹੋ ਗਈ ਹੈ। ਇਸ ਦੇ ਬਦਲ ਵਿਚ ਯੂਕੇ ਨੇ ਪੁਆਇੰਟ ਅਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਬਣਾਈ ਹੈ।
• ਯੂਕੇ ਦੇ ਕਿਸੇ ਵੀ ਵਿਅਕਤੀ ਨੂੰ ਜ਼ਿਆਦਾਤਰ ਯੂਰਪੀਅਨ ਯੂਨੀਅਨ ਦੇਸਾਂ ਵਿਚ 90 ਦਿਨਾਂ ਤੋਂ ਵੱਧ ਸਮਾਂ ਰਹਿਣ ਲਈ ਵੀਜ਼ੇ ਦੀ ਜ਼ਰੂਰਤ ਹੋਵੇਗੀ।
• ਡਿਊਟੀ ਮੁਕਤ ਖਰੀਦਦਾਰੀ ਫਿਰ ਤੋਂ ਸ਼ੂਰੂ ਹੋ ਗਈ ਹੈ, ਯਾਨੀ ਕਿ ਯੂਰਪੀਅਨ ਯੂਨੀਅਨ ਤੋਂ ਵਾਪਸ ਪਰਤਨ ਵਾਲੇ ਲੋਕ ਆਪਣੇ ਨਾਲ 42 ਲੀਟਰ ਬੀਅਰ, 18 ਲੀਟਰ ਵਾਈਨ, 200 ਸਿਗਰੇਟ ਬਿਨਾਂ ਕਿਸੇ ਟੈਕਸ ਦੇ ਲਿਆ ਸਕਦੇ ਹਨ।

ਤਸਵੀਰ ਸਰੋਤ, EPA
• ਆਇਰਲੈਂਡ ਤੋਂ ਇਲਾਵਾ ਬ੍ਰਿਟੇਨ ਵਿਚ ਰਹਿਣ ਦੀ ਇੱਛਾ ਰੱਖਣ ਵਾਲੇ ਈਯੂ ਦੇ ਨਾਗਰਿਕਾਂ 'ਤੇ ਪੁਆਇੰਟ ਅਧਾਰਤ ਪ੍ਰਣਾਲੀ ਲਾਗੂ ਹੋਵੇਗੀ। ਇਹ ਬਿਲਕੁਲ ਉਸੇ ਤਰ੍ਹਾਂ ਹੋਵੇਗੀ ਜਿਸ ਤਰ੍ਹਾਂ ਵਿਸ਼ਵ ਦੇ ਕਿਸੇ ਵੀ ਦੇਸ ਦੇ ਨਾਗਰਿਕਾਂ 'ਤੇ ਹੁੰਦੀ ਹੈ।
• ਬ੍ਰਿਟੇਨ ਦੀ ਪੁਲਿਸ ਕੋਲ ਹੁਣ ਯੂਰਪੀਅਨ ਯੂਨੀਅਨ ਦਾ ਡੇਟਾ ਬੇਸ ਨਹੀਂ ਹੋਵੇਗਾ। ਇਸ ਡਾਟਾ 'ਚ ਅਪਰਾਧਿਕ ਰਿਕਾਰਡ, ਫਿੰਗਰਪ੍ਰਿੰਟ ਅਤੇ ਲੋੜੀਂਦੇ ਲੋਕਾਂ ਦੀ ਸੂਚੀ ਸ਼ਾਮਲ ਹੁੰਦੀ ਹੈ।
• ਯੂਰਪੀ ਦੇਸਾਂ ਨਾਲ ਵਪਾਰ ਕਰਨ ਵਾਲੇ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੇ ਵਪਾਰੀਆਂ ਲਈ ਕਾਗਜ਼ੀ ਕਾਰਵਾਈ ਵਧੇਰੇ ਵੱਧ ਜਾਵੇਗੀ। ਯੂਰਪ ਵਿਚ ਬਰਾਮਦ ਕਰਨ ਵਾਲੀਆਂ ਬ੍ਰਿਟਿਸ਼ ਕੰਪਨੀਆਂ ਨੂੰ ਕਸਟਮ ਫਾਰਮ ਭਰਨੇ ਪੈਣਗੇ।
ਬ੍ਰਿਟੇਨ ਕਿੰਨਾ ਤਿਆਰ ਹੈ?
ਪਿਛਲੇ ਦੋ ਹਫ਼ਤਿਆਂ ਤੋਂ ਬ੍ਰਿਟੇਨ ਵਿਚ ਵਿਸ਼ੇਸ਼ ਤਿਆਰੀਆਂ ਚੱਲ ਰਹੀਆਂ ਹਨ ਤਾਂ ਜੋ ਬ੍ਰਿਟੇਨ ਆਉਣ ਵਾਲੀਆਂ ਤਬਦੀਲੀਆਂ ਲਈ ਕਮਰ ਕੱਸ ਸਕੇ। ਹਾਲਾਂਕਿ ਅਜਿਹੀਆਂ ਚਿੰਤਾਵਾਂ ਹਨ ਕਿ ਛੋਟੇ ਕਾਰੋਬਾਰ ਇੰਨ੍ਹਾਂ ਤਬਦੀਲੀਆਂ ਲਈ ਤਿਆਰ ਨਹੀਂ ਹਨ।
ਇੰਨ੍ਹਾਂ ਆਖ਼ਰੀ ਦਿਨਾਂ ਵਿਚ ਬ੍ਰਿਟੇਨ ਨੇ ਸਰਹੱਦ 'ਤੇ ਬੁਨਿਆਦੀ ਢਾਂਚੇ ਦੀ ਜਾਂਚ ਕੀਤੀ ਹੈ ਅਤੇ ਫਰਾਂਸ, ਹਾਲੈਂਡ ਅਤੇ ਬੈਲਜੀਅਮ ਨਾਲ ਸਹਿਯੋਗ ਯਕੀਨੀ ਬਣਾਇਆ ਹੈ।

ਤਸਵੀਰ ਸਰੋਤ, Getty Images
ਇੱਕ ਸਰਕਾਰੀ ਬੁਲਾਰੇ ਨੇ ਕਿਹਾ ਹੈ , "ਜਿਸ ਬਾਰਡਰ ਪ੍ਰਣਾਲੀ ਅਤੇ ਬੁਨਿਆਦੀ ਢਾਂਚੇ ਦੀ ਲੋੜ ਹੈ, ਉਹ ਸਾਡੇ ਕੋਲ ਮੌਜੂਦ ਹੈ ਅਤੇ ਅਸੀਂ ਬ੍ਰਿਟੇਨ ਦੀ ਨਵੀਂ ਸ਼ੁਰੂਆਤ ਲਈ ਤਿਆਰ ਹਾਂ।"
ਜੋ ਵਾਹਨ ਸਹੀ ਦਸਤਾਵੇਜ਼ਾਂ ਤੋਂ ਬਿਨਾਂ ਉਤਪਾਦ ਲੈ ਕੇ ਸਰਹੱਦ ਪਾਰ ਜਾ ਰਹੇ ਹਨ, ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਜਿਹੜੇ ਡਰਾਇਵਰ ਐਚਜੀਵੀ ਵਿਚ 7.5 ਟਨ ਤੋਂ ਵੱਧ ਦਾ ਭਾਰ ਲੈ ਕੇ ਜਾ ਰਹੇ ਹਨ ਅਤੇ ਉਨ੍ਹਾਂ ਕੋਲ ਕੈਂਟ ਵਿਚ ਦਾਖਲ ਹੋਣ ਦਾ ਪਰਮਿਟ ਵੀ ਹੀਂ ਹੈ, ਉਨ੍ਹਾਂ 'ਤੇ ਭਾਰੀ ਜੁਰਮਾਨਾ ਲਗਾਇਆ ਜਾ ਰਿਹਾ ਹੈ।
1 ਜਨਵਰੀ, 2021 ਤੋਂ ਹਮੇਸ਼ਾ ਲਈ ਘੱਟ ਟ੍ਰੈਫਿਕ ਰਹਿਣ ਦੀ ਉਮੀਦ ਹੈ ਪਰ ਸੋਮਵਾਰ ਨੂੰ ਟ੍ਰੈਫਿਕ ਵਿਚ ਵਾਧਾ ਹੋਵੇਗਾ ਅਤੇ ਉਸ ਸਮੇਂ ਨਵੀਂਆਂ ਪ੍ਰਕ੍ਰਿਆਵਾਂ ਅਤੇ ਬ੍ਰਿਟੇਨ ਦੀਆਂ ਯੋਜਨਾਵਾਂ ਦੀ ਅਸਲ ਪਰਖ ਹੋਵੇਗੀ ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












