ਕਿਸਾਨ ਅੰਦੋਲਨ: ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ 4 ਮੈਂਬਰ ਕੌਣ ਹਨ

ਤਸਵੀਰ ਸਰੋਤ, Getty Images
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ ਹੈ ਅਤੇ ਇਸ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਖੇਤੀ ਅਤੇ ਆਰਥਿਕ ਮਾਮਲਿਆਂ ਜੇ ਜਾਣਕਾਰਾਂ ਦੀ ਇਹ ਕਮੇਟੀ ਵੱਖ-ਵੱਖ ਪੱਖਾਂ ਨੂੰ ਸੁਣੇਗੀ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਵੇਗੀ।
ਹਾਲਾਂਕਿ, ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਇਹ ਵੀ ਤਰਕ ਦਿੱਤਾ ਗਿਆ ਕਿ ਕਿਸਾਨ ਸੰਗਠਨ ਕਿਸੇ ਕਮੇਟੀ ਦੇ ਗਠਨ ਦੇ ਪੱਖ ਵਿੱਚ ਨਹੀਂ ਹਨ। ਤਾਂ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਜੋ ਵੀ 'ਸਹੀ ਮਾਅਨੇ 'ਚ' ਹੱਲ ਲੱਭਣ ਦੀ ਦਿਲਚਸਪੀ ਰੱਖਦਾ ਹੋਵੇਗਾ ਉਹ ਅਜਿਹਾ ਕਰੇਗਾ।
ਇਹ ਵੀ ਪੜ੍ਹੋ-
ਸੁਪਰੀਮ ਕੋਰਟ ਨੇ 4 ਮੈਂਬਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਮਾਨ, ਸ਼ੇਤਕਾਰੀ ਕਮੇਟੀ ਦੇ ਅਨਿਲ ਘਨਵਤ, ਖੇਤੀ ਅਰਥਸ਼ਾਸਤਰੀ ਅਸ਼ੋਕ ਗੁਲਾਟੀ ਅਤੇ ਡਾਕਟਰ ਪ੍ਰਮੋਦ ਕੁਮਾਰ ਜੋਸ਼ੀ ਸ਼ਾਮਲ ਹੋਣਗੇ।
ਹਾਲਾਂਕਿ ਜਦੋਂ ਭੁਪਿੰਦਰ ਸਿੰਘ ਮਾਨ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਤੋਂ ਹੀ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਇਸ ਬਾਰੇ ਕੋਰਟ ਵੱਲੋਂ ਉਨ੍ਹਾਂ ਨੂੰ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।
ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਕੋਈ ਅਧਿਕਾਰਤ ਜਾਣਕਾਰੀ ਮਿਲਣ ਤੋਂ ਬਾਅਦ ਹੀ ਉਹ ਇਸ ਬਾਰੇ ਕੋਈ ਟਿੱਪਣੀ ਕਰਨਗੇ।
ਚੀਫ ਜਸਟਿਸ ਏਐੱਸ ਬੋਬੜੇ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਸੁਣਵਾਈ ਦੌਰਾਨ ਇਹ ਵੀ ਕਿਹਾ ਹੈ ਕਿ ਉਹ ਕਾਨੂੰਨਾਂ ਨੂੰ ਰੱਦ ਕਰਨਾ ਚਾਹੁੰਦੀ ਹੈ ਪਰ ਦੋਵਾਂ ਪੱਖਾਂ ਵਿਚਾਲੇ ਬਿਨਾਂ ਕਿਸੇ ਗਤੀਵਿਧੀ ਦੇ ਇਸੇ ਨੂੰ ਅਣਮਿੱਥੇ ਲਈ ਨਹੀਂ ਲਿਆਂਦਾ ਜਾ ਸਕਦਾ।
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਜਿਸ ਤਰ੍ਹਾਂ ਗੱਲਬਾਤ ਹੋ ਰਹੀ ਹੈ ਉਹ 'ਬਹੁਤ ਨਿਰਾਸ਼ਾਜਨਕ' ਹੈ।
ਵਿਚੋਲਗੀ ਲਈ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਵਿੱਚ ਚਾਰ ਮੈਂਬਰਾਂ ਨੂੰ ਥਾਂ ਦਿੱਤੀ ਹੈ। ਆਓ ਜਾਣਦੇ ਹਾਂ ਕਿ ਇਹ ਚਾਰ ਲੋਕ ਕੌਣ ਹਨ-
ਭੁਪਿੰਦਰ ਸਿੰਘ ਮਾਨ
ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਭੁਪਿੰਦਰ ਸਿੰਘ ਮਾਨ ਨੂੰ ਵੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਤਸਵੀਰ ਸਰੋਤ, Gurpreet chawla/bbc
ਭੁਪਿੰਦਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਨ ਅਤੇ ਖੇਤੀ ਮਾਹਰ ਹੋਣ ਦੇ ਨਾਲ-ਨਾਲ ਕਿਸਾਨ ਕੋਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ।
ਮਾਨ ਦਾ ਜਨਮ 1939 ਵਿੱਚ ਗੁਜਰਾਂਵਾਲਾ (ਮੌਜੂਦਾ ਦੌਰ ਵਿੱਚ ਪਾਕਿਸਤਾਨ) ਵਿੱਚ ਹੋਇਆ ਹੈ। ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਲਈ 1990 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਨੇ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ।
1966 ਵਿੱਚ ਫਾਰਮਰ ਫਰੈਂਡਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਜਿਸ ਦੇ ਉਹ ਸੰਸਥਾਪਕ ਮੈਂਬਰ ਬਣੇ ਸਨ, ਇਸ ਤੋਂ ਬਾਅਦ ਇਹ ਸੰਗਠਨ ਸੂਬਾ ਪੱਧਰ 'ਤੇ 'ਪੰਜਾਬ ਖੇਤੀਬਾੜੀ ਯੂਨੀਅਨ' ਦੇ ਨਾਮ ਨਾਲ ਜਾਣਿਆ ਗਿਆ।
ਕੌਮੀ ਪੱਧਰ 'ਤੇ ਇਹ ਸੰਗਠਨ ਭਾਰਤੀ ਕਿਸਾਨ ਯੂਨੀਅਨ ਬਣ ਗਿਆ ਅਤੇ ਇਸੇ ਸੰਗਠਨ ਨੇ ਬਾਕੀ ਖੇਤੀ ਸੰਗਠਨਾਂ ਦੇ ਨਾਲ ਮਿਲ ਕੇ ਕਿਸਾਨ ਕੌਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ।
ਭੁਪਿੰਦਰ ਸਿੰਘ ਮਾਨ ਨੇ ਪੰਜਾਬ ਵਿੱਚ ਫੂਡ ਕਾਰਪੋਰੇਸ਼ਨ ਇੰਡੀਆ ਵਿੱਚ ਭ੍ਰਿਸ਼ਟਾਚਾਰ ਤੋਂ ਲੈ ਕੇ ਚੀਨੀ ਮਿੱਲਾਂ ਵਿੱਚ ਗੰਨਾ ਸਪਲਾਈ ਅਤੇ ਬਿਜਲੀ ਦੇ ਟੈਰਿਫ ਵਧਣ ਵਰਗੇ ਮੁੱਦੇ ਨੂੰ ਚੁੱਕਿਆ ਹੈ।
14 ਦਸੰਬਰ ਨੂੰ ਆਲ ਇੰਡੀਆ ਕਿਸਾਨ ਕੌਰਡੀਨੇਸ਼ਨ ਕਮੇਟੀ ਦੇ ਤਹਿਤ ਆਉਣ ਵਾਲੇ ਖੇਤੀ ਸੰਗਠਨਾ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਮੋਦੀ ਤੋਮਰ ਨਾਲ ਮੁਲਾਕਾਤ ਕੀਤੀ ਸੀ। ਮਾਨ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ।
ਉਸ ਸਮੇਂ 'ਦਿ ਹਿੰਦੂ' ਅਖ਼ਬਾਰ ਨਾਲ ਗੱਲ ਕਰਦਿਆਂ ਹੋਇਆ ਉਨ੍ਹਾਂ ਨੇ ਕਿਹਾ ਸੀ ਖੇਤੀ ਖੇਤਰ ਵਿੱਚ ਮੁਕਾਬਲੇ ਲਈ ਸੁਧਾਰ ਜ਼ਰੂਰੀ ਹਨ ਪਰ ਕਿਸਾਨਾਂ ਦੀ ਸੁਰੱਖਿਆ ਦੇ ਉਪਾਅ ਕੀਤੇ ਜਾਣ ਚਾਹੀਦੇ ਹਨ ਅਤੇ ਖ਼ਾਮੀਆਂ ਨੂੰ ਦੁਰੱਸਤ ਕੀਤਾ ਜਾਣਾ ਚਾਹੀਦਾ ਹੈ।
ਅਨਿਲ ਘਨਵਤ

ਤਸਵੀਰ ਸਰੋਤ, ANI
ਅਨਿਲ ਘਨਵਤ ਮਹਾਰਾਸ਼ਟਰ ਦੇ ਮੁੱਖ ਕਿਸਾਨ ਸੰਗਠਨ ਸ਼ੇਤਕਾਰੀ ਸੰਗਠਨ ਦੇ ਪ੍ਰਧਾਨ ਹਨ।
ਅਨਿਲ ਘਨਵਤ ਨੇ ਸੁਪਰੀਮ ਵੱਲੋਂ ਬਣਾਈ ਕਮੇਟੀ ਵਿੱਚ ਰੱਖੇ ਜਾਣ ਤੋਂ ਬਾਅਦ ਖ਼ਬਰ ਏਜੰਸੀ ਏਐੱਨਆਈ ਨਾਲ ਗਾਲਬਾਤ ਦੌਰਾਨ ਕਿਹਾ ਕਿ ਕਿਸਾਨਾਂ ਨੂੰ ਇਨਸਾਫ਼ ਮਿਲੇਗਾ।
ਉਨ੍ਹਾਂ ਨੇ ਕਿਹਾ, "ਪਹਿਲਾਂ ਕਿਸਾਨਾਂ ਨੂੰ ਸੁਣਨਾ ਪਵੇਗਾ, ਜੇ ਉਨ੍ਹਾਂ ਦੀ ਕੋਈ ਗ਼ਲਤਫ਼ਹਿਮੀ ਹੈ ਤਾਂ ਉਹ ਦੂਰ ਕਰਾਂਗੇ। ਕਿਸਾਨਾਂ ਨੂੰ ਭਰੋਸਾ ਦਵਾਉਣਾ ਪਵੇਗਾ ਕਿ ਐੱਮਐੱਸਪੀ ਅਤੇ ਏਪੀਐੱਮਸੀ ਰਹਿਣਗੇ। ਜੋ ਕੁਝ ਵੀ ਹੋਵੇਗਾ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਹੋਵੇਗਾ।"
"ਇਹ ਅੰਦੋਲਨ ਨਹੀਂ ਰੁਕਣਾ ਚਾਹੀਦਾ ਅਥੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਕਾਨੂੰਨ ਬਣਨਾ ਚਾਹੀਦਾ ਹੈ। ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਉਸ ਵਿੱਚ ਸੋਧ ਹੋਣੀ ਚਾਹੀਦੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ਆਗੂਆਂ ਨੂੰ ਕਮੇਟੀ ਦੇ ਨਾਲ ਕੰਮ ਕਰ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ।"
ਸ਼ੇਤਕਾਰੀ ਸੰਗਠਨ ਖੇਤੀ ਕਾਨੂੰਨਾਂ 'ਤੇ ਕੇਂਦਰ ਸਰਕਾਰ ਦਾ ਸਮਰਥਨ ਕਰ ਰਿਹਾ ਹੈ। ਇਹ ਕਿਸਾਨ ਸੰਗਠਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਮਿਲ ਕੇ ਖੇਤੀ ਕਾਨੂੰਨਾਂ 'ਤੇ ਆਪਣਾ ਸਮਰਥਨ ਦੇ ਚੁੱਕਿਆ ਹੈ।
ਮਹਾਰਾਸ਼ਟਰ ਸਥਿਤ ਇਸ ਸੰਗਠਨ ਦਾ ਗਠਨ ਮਸ਼ਹੂਰ ਕਿਸਾਨ ਨੇਤਾ ਸ਼ਰਦ ਜੋਸ਼ੀ ਨੇ ਕੀਤਾ ਸੀ। ਜਿਨ੍ਹਾਂ ਨੇ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦਾ ਗਠਨ ਕੀਤਾ ਸੀ।
ਅਸ਼ੋਕ ਗੁਲਾਟੀ
ਖੇਤੀ ਅਰਥਸ਼ਾਸਤੀ ਅਸ਼ੋਕ ਗੁਲਾਟੀ ਨੂੰ 2015 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਸਰਕਾਰ ਦੀ ਖਾਦ ਆਪੂਰਤੀ ਅਤੇ ਕੀਮਤ ਨਿਰਧਾਰਨ ਨੀਤੀਆ ਲਈ ਸਲਾਹ ਦੇਣ ਵਾਲੀ ਸਲਾਹਕਾਰ ਕਮੇਟੀ ਕਮਿਸ਼ਨ ਫਾਰ ਐਗਰੀ ਕਲਚਰਲ ਕੌਸਟਸ ਐਂਡ ਪ੍ਰਾਈਸੇਸ ਦੇ ਉਹ ਚੇਅਰਮੈਨ ਰਹਿ ਚੁੱਕੇ ਹਨ।

ਤਸਵੀਰ ਸਰੋਤ, aSHOK GULATI/TWITTER
ਗੁਲਾਟੀ ਨੇ ਖੇਤੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ 'ਤੇ ਖੋਜ ਕੀਤੀ ਹੈ। ਇਹ ਵਿਸ਼ੇ ਖਾਦ ਸੁਰੱਖਿਆ, ਖੇਤੀ-ਵਪਾਰ, ਚੇਨ ਸਿਸਟਮ, ਫ਼ਸਲ ਬੀਮਾ, ਸਬਸਿਡੀ, ਸਥਿਰਤਾ ਅਤੇ ਗਰੀਬੀ ਦੇ ਖ਼ਾਤਮੇ ਨਾਲ ਜੁੜੇ ਹੋਏ ਹਨ।
ਡਾਕਟਰ ਪ੍ਰਮੋਦ ਕੁਮਾਰ ਜੋਸ਼ੀ
ਜੋਸ਼ੀ ਵੀ ਖੇਤੀ ਖੋਜ ਦੇ ਖੇਤਰ ਵਿੱਚ ਇੱਕ ਮੁੱਖ ਨਾਮ ਹੈ। ਉਹ ਹੈਦਰਾਬਾਦ ਦੇ ਨੈਸ਼ਨਲ ਅਕਾਦਮੀ ਆਫ ਐਗਰੀਕਲਚਰਲ ਰਿਸਰਚ ਮੈਨੇਜਮੈਂਟ ਅਤੇ ਨੈਸ਼ਨਲ ਸੈਂਟਰ ਫਾਰ ਐਗਰੀਕਲਚਰਲ ਇਕੋਨਾਮਿਕਸ ਐਂਡ ਪਾਲਸੀ ਰਿਸਰਚ ਨਵੀਂ ਦਿੱਲੀ ਦੇ ਪ੍ਰਧਾਨ ਰਹਿ ਚੁੱਕੇ ਹਨ।
ਇਸ ਤੋਂ ਪਹਿਲਾਂ ਜੋਸ਼ੀ ਇੰਟਰਨੈਸ਼ਨਲ ਫੂਡ ਪਾਲਸੀ ਰਿਸਰਚ ਇੰਸਟੀਟਊਟ ਵਿੱਚ ਦੱਖਣੀ ਏਸ਼ੀਆ ਦੇ ਕੌਰਡੀਨੇਟਰ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














