ਕੈਪੀਟਲ ਹਿਲ 'ਤੇ ਹਮਲੇ ਤੋਂ ਪਹਿਲਾਂ 65 ਦਿਨਾਂ 'ਚ ਕੀ ਹੋਇਆ, ਜਿਸ ਨਾਲ ਅਮਰੀਕੀ ਲੋਕਤੰਤਰ 'ਤੇ ਸਵਾਲ ਖੜ੍ਹੇ ਹੋਣ ਲੱਗੇ

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੀ ਸੰਸਦ ਵਿੱਚ ਹੋਏ ਹਮਲੇ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ
    • ਲੇਖਕ, ਸ਼ਾਯਨ ਸਰਦਾਰਿਜ਼ਾਦੇਹ, ਜੈਸਿਕਾ ਲੁਸੇਨਹੋਪ
    • ਰੋਲ, ਬੀਬੀਸੀ ਮੌਨੀਟਰਿੰਗ ਅਤੇ ਬੀਬੀਸੀ ਨਿਊਜ਼ ਵਾਸ਼ਿੰਗਟਨ

ਵਾਸ਼ਿੰਗਟਨ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲੀਆਂ ਉਸ ਨਾਲ ਲੋਕ ਕਾਫੀ ਹੈਰਾਨ ਹਨ।

ਪਰ ਕੱਟੜ ਸੱਜੇ-ਪੱਖੀ ਸਮੂਹਾਂ ਅਤੇ ਸਾਜ਼ਿਸ਼ ਰਚਣ ਵਾਲਿਆਂ ਦੀਆਂ ਗਤੀਵਿਧੀਆਂ 'ਤੇ ਆਨਲਾਈਨ ਨਿਗ੍ਹਾ ਰੱਖਣ ਵਾਲੇ ਲੋਕਾਂ ਨੂੰ ਅਜਿਹੇ ਸੰਕਟ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਸੀ।

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਜਿਸ ਦਿਨ ਤੋਂ ਵੋਟਾਂ ਪਈਆਂ ਹਨ, ਉਸੇ ਰਾਤ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਦੀ ਸਟੇਜ 'ਤੇ ਆ ਕੇ ਜਿੱਤ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ ਸੀ, "ਅਸੀਂ ਲੋਕ ਇਹ ਚੋਣਾਂ ਜਿੱਤਣ ਦੀ ਤਿਆਰੀ ਕਰ ਰਹੇ ਹਾਂ। ਸਾਫ਼-ਸਾਫ਼ ਕਹਾਂ ਤਾਂ ਅਸੀਂ ਇਹ ਚੋਣਾਂ ਜਿੱਤ ਚੁੱਕੇ ਹਾਂ।"

ਉਨ੍ਹਾਂ ਦਾ ਇਹ ਸੰਬੋਧਨ ਉਨ੍ਹਾਂ ਦੇ ਆਪਣੇ ਹੀ ਟਵੀਟ ਦੇ ਇੱਕ ਘੰਟੇ ਬਾਅਦ ਹੋਇਆ ਸੀ। ਉਨ੍ਹਾਂ ਨੇ ਇੱਕ ਘੰਟਾ ਪਹਿਲਾਂ ਹੀ ਟਵੀਟ ਕੀਤਾ ਸੀ, "ਉਹ ਲੋਕ ਚੋਣਾਂ ਦੇ ਨਤੀਜੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਹਾਲਾਂਕਿ ਉਨ੍ਹਾਂ ਨੇ ਚੋਣਾਂ ਜਿੱਤੀਆਂ ਨਹੀਂ ਸਨ। ਕੋਈ ਜਿੱਤ ਨਹੀਂ ਹੋਈ ਸੀ ਜਿਸ ਨੂੰ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰਦਾ। ਪਰ ਉਨ੍ਹਾਂ ਦੇ ਬਹੁਤ ਉਤਸ਼ਾਹੀ ਸਮਰਥਕਾਂ ਦੇ ਲਈ ਤੱਥ ਕੋਈ ਅਹਿਮੀਅਤ ਨਹੀਂ ਰੱਖਦੇ ਸਨ ਅਤੇ ਨਾ ਹੀ ਅੱਜ ਰੱਖਦੇ ਹਨ।

ਡੌਨਲਡ ਟਰੰਪ

ਤਸਵੀਰ ਸਰੋਤ, Twitter

65 ਦਿਨਾਂ ਦੇ ਬਾਅਦ ਦੰਗਾਈਆਂ ਦੇ ਸਮੂਹ ਨੇ ਅਮਰੀਕਾ ਦੀ ਕੈਪੀਟਲ ਬਿਲਡਿੰਗ ਨੂੰ ਤਹਿਸ ਨਹਿਸ ਕਰ ਦਿੱਤਾ।

ਇੰਨ੍ਹਾਂ ਦੰਗਾਈਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਸ਼ਾਮਿਲ ਸਨ, ਕੱਟੜ ਸੱਜੇ-ਪੱਖੀ, ਆਨਲਾਈਨ ਟਰੋਲ ਕਰਨ ਵਾਲੇ ਅਤੇ ਡੌਨਲਡ ਟਰੰਪ ਸਮਰਥਕ ਕੁਆਨਨ ਦਾ ਸਮੂਹ ਜੋ ਮੰਨਦਾ ਹੈ ਕਿ ਦੁਨੀਆਂ ਨੂੰ ਪੀਡੋਫ਼ਾਈਲ ਲੋਕਾਂ ਦਾ ਸਮੂਹ ਚਲਾ ਰਿਹਾ ਹੈ ਅਤੇ ਟਰੰਪ ਸਭ ਨੂੰ ਸਬਕ ਸਿਖਾਏਗਾ।

ਇਨ੍ਹਾਂ ਲੋਕਾਂ ਵਿਚਾਲੇ ਚੋਣਾਂ ਵਿੱਚ ਧੋਖਾਧੜੀ ਦੇ ਇਲਜ਼ਾਮ ਲਗਾਉਣ ਵਾਲੇ ਟਰੰਪ ਸਮਰਥਕਾਂ ਦਾ ਸਮੂਹ 'ਸਟੌਪ ਦਾ ਸਟੀਲ' ਦੇ ਮੈਂਬਰ ਵੀ ਸ਼ਾਮਲ ਸਨ।

ਵਾਸ਼ਿੰਗਟਨ ਦੇ ਕੈਪੀਟਲ ਹਾਊਸ ਵਿੱਚ ਹੋਏ ਦੰਗਿਆਂ ਦੇ ਕਰੀਬ 48 ਘੰਟੇ ਬਾਅਦ 8 ਜਨਵਰੀ ਨੂੰ ਟਵਿਟਰ ਨੇ ਟਰੰਪ ਨਾਲ ਸਬੰਧਤ ਕੁਝ ਪ੍ਰਭਾਵਸ਼ਾਲੀ ਅਕਾਉਂਟ ਬੰਦ ਕਰਨੇ ਸ਼ੁਰੂ ਕੀਤੇ।

ਇਹ ਅਜਿਹੇ ਅਕਾਉਂਟ ਸਨ ਜੋ ਲਗਾਤਾਰ ਸਾਜਿਸ਼ ਘੜਨ ਵਾਲਿਆਂ ਨੂੰ ਉਤਸ਼ਾਹਿਤ ਕਰ ਰਹੇ ਸਨ ਅਤੇ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਲਈ ਸਿੱਧੀ ਕਾਰਵਾਈ ਕਰਨ ਲਈ ਲੋਕਾਂ ਨੂੰ ਉਕਸਾ ਰਹੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਐਨਾ ਹੀ ਨਹੀਂ ਟਵਿਟਰ ਨੇ ਇਸ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਕਾਉਂਟ 'ਤੇ ਵੀ ਪਾਬੰਦੀ ਲਾ ਦਿੱਤੀ। 8.8 ਕਰੋੜ ਤੋਂ ਵੀ ਵੱਧ ਫਾਲੌਅਰ ਵਾਲੇ ਟਰੰਪ ਦੇ ਅਕਾਉਂਟ 'ਤੇ ਪਾਬੰਦੀ ਲਗਾਉਣ ਪਿੱਛੇ ਕਾਰਨ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਟਵੀਟ ਨਾਲ ਹਿੰਸਾ ਹੋਰ ਭੜਕਨ ਦਾ ਖ਼ਤਰਾ ਹੈ।

ਵਾਸ਼ਿੰਗਟਨ ਵਿੱਚ ਹੋਈ ਹਿੰਸਾ ਨਾਲ ਦੁਨੀਆਂ ਸਦਮੇ ਵਿੱਚ ਹੈ ਅਤੇ ਲੱਗ ਰਿਹਾ ਸੀ ਅਮਰੀਕਾ ਵਿੱਚ ਪੁਲਿਸ ਅਤੇ ਅਧਿਕਾਰੀ ਕਿਤੇ ਮੌਜੂਦ ਨਹੀਂ ਹਨ।

ਪਰ ਜੋ ਲੋਕ ਇਸ ਘਟਨਾ ਦੀਆਂ ਕੜੀਆਂ ਨੂੰ ਆਨਲਾਈਨ ਅਤੇ ਅਮਰੀਕੀ ਸ਼ਹਿਰਾਂ ਦੀਆਂ ਗਲੀਆਂ ਵਿੱਚ ਹੁੰਦੀਆਂ ਗੱਲਾਂ ਨਾਲ ਜੋੜ ਕੇ ਦੇਖ ਰਹੇ ਸਨ ਉਨ੍ਹਾਂ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ।

ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਇਹ ਗੱਲ ਵੋਟਾਂ ਪੈਣ ਦੇ ਇੱਕ ਮਹੀਨਾਂ ਪਹਿਲਾਂ ਤੋਂ ਹੀ ਡੌਨਲਡ ਟਰੰਪ ਆਪਣੇ ਭਾਸ਼ਣਾਂ ਅਤੇ ਟਵੀਟ ਜ਼ਰੀਏ ਕਹਿ ਰਹੇ ਸਨ। ਚੋਣਾਂ ਦੇ ਦਿਨ ਵੀ ਜਦੋਂ ਅਮਰੀਕੀਆਂ ਨੇ ਵੋਟਿੰਗ ਕਰਨੀ ਸ਼ੁਰੂ ਕੀਤੀ ਸੀ, ਉਸੇ ਸਮੇਂ ਤੋਂ ਅਫ਼ਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਸੀ।

ਰਿਪਬਲਿਕਨ ਪਾਰਟੀ ਦੇ ਪੋਲਿੰਗ ਏਜੰਟਾਂ ਨੂੰ ਫਿਲਾਡੇਲਫ਼ੀਆ ਪੋਲਿੰਗ ਸਟੇਸ਼ਨ ਵਿੱਚ ਜਾਣ ਦੀ ਇਜਾਜ਼ਤ ਨਾ ਮਿਲੀ। ਇਸ ਪੋਲਿੰਗ ਏਜੰਟ ਦੇ ਅੰਦਰ ਜਾਣ 'ਤੇ ਰੋਕ ਵਾਲਾ ਵੀਡੀਓ ਵਾਇਰਲ ਹੋ ਗਿਆ।

ਅਜਿਹਾ ਨਿਯਮਾਂ ਨੂੰ ਸਮਝਣ ਵਿੱਚ ਹੋਈ ਗ਼ਲਤੀ ਕਰਕੇ ਹੋਇਆ ਸੀ। ਬਾਅਦ ਵਿੱਚ ਇਸੇ ਸ਼ਖਸ ਨੂੰ ਪੋਲਿੰਗ ਸਟੇਸ਼ਨ ਦੇ ਅੰਦਰ ਜਾਣ ਦੀ ਇਜਾਜ਼ਤ ਮਿਲ ਗਈ ਸੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਪਰ ਇਹ ਉਨ੍ਹਾਂ ਸ਼ੁਰੂਆਤੀ ਵੀਡੀਓਜ਼ ਵਿੱਚ ਸ਼ਾਮਲ ਸੀ ਜੋ ਕਈ ਦਿਨਾਂ ਤੱਕ ਵਾਇਰਲ ਹੁੰਦੇ ਰਹੇ। ਇਸ ਦੇ ਨਾਲ ਹੀ ਹੋਰ ਵੀਡੀਓਜ਼, ਤਸਵੀਰਾਂ, ਗ੍ਰਾਫ਼ਿਕਸ ਜ਼ਰੀਏ ਇੱਕ ਨਵੇਂ ਹੈਸ਼ਟੈਗ '#ਸਟੌਪ ਦਾ ਸਟੀਲ' ਦੇ ਨਾਲ ਆਵਾਜ਼ ਬਲੁੰਦ ਕੀਤੀ ਜਾਣ ਲੱਗੀ ਕਿ ਵੋਟਾਂ ਵਿੱਚ ਧੋਖਾਧੜੀ ਨੂੰ ਰੋਕਣਾ ਹੈ।

ਇਸ ਹੈਸ਼ਟੈਗ ਦਾ ਸੁਨੇਹਾ ਸਪੱਸ਼ਟ ਸੀ ਕਿ ਟਰੰਪ ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕਰ ਚੁੱਕੇ ਹਨ ਪਰ ਸੱਤਾ ਸਥਾਪਤੀ ਲਈ ਤਾਕਤਾਂ ਉਨ੍ਹਾਂ ਦੀ ਜਿੱਤ ਚੋਰੀ ਕਰ ਰਹੀਆਂ ਹਨ।

ਚਾਰ ਨਵੰਬਰ, 2020 ਬੁੱਧਵਾਰ ਨੂੰ ਦਿਨ ਦੇ ਸ਼ੁਰੂਆਤੀ ਘੰਟਿਆਂ ਵਿੱਚ ਜਦੋਂ ਵੋਟਾਂ ਦੀ ਗਿਣਤੀ ਦਾ ਕੰਮ ਚੱਲ ਰਿਹਾ ਸੀ ਟੈਲੀਵਿਜ਼ਨ ਨੈੱਟਵਰਕਾਂ 'ਤੇ ਜੋਅ ਬਾਇਡਨ ਦੀ ਜਿੱਤ ਦਾ ਐਲਾਨ ਹੋਣ ਵਿੱਚ ਹਾਲੇ ਤਿੰਨ ਦਿਨ ਬਾਕੀ ਸਨ।

ਉਸ ਸਮੇਂ ਰਾਸ਼ਟਰਪਤੀ ਟਰੰਪ ਨੇ ਜਿੱਤ ਦਾ ਦਾਅਵਾ ਕਰਦਿਆਂ ਇਹ ਇਲਜ਼ਾਮ ਲਾਇਆ ਸੀ ਕਿ ਅਮਰੀਕੀ ਜਨਤਾ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ।

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਆਪਣੀ ਜਿੱਤ ਦਾ ਦਾਅਵਾ ਵਾਰ-ਵਾਰ ਕਰ ਰਹੇ ਸਨ

ਹਾਲਾਂਕਿ ਆਪਣੇ ਦਾਅਵੇ ਦੇ ਪੱਖ ਵਿੱਚ ਉਨ੍ਹਾਂ ਨੇ ਕੋਈ ਸਬੂਤ ਨਹੀਂ ਸੀ ਦਿੱਤਾ। ਅਮਰੀਕਾ ਵਿੱਚ ਪਹਿਲਾਂ ਹੋਏ ਚੋਣ ਅਧਿਐਨਾਂ ਤੋਂ ਇਹ ਸਪੱਸ਼ਟ ਹੈ ਕਿ ਉੱਥੇ ਵੋਟਾਂ ਦੀ ਗਿਣਤੀ ਵਿੱਚ ਕਿਸੇ ਵੀ ਕਿਸਮ ਦੀ ਗੜਬੜੀ ਬਿਲਕੁਲ ਅਸੰਭਵ ਹੈ।

ਦੁਪਿਹਰ ਹੁੰਦੇ ਹੁੰਦੇ 'ਸਟੌਪ ਦਾ ਸਟੀਲ' ਨਾਮ ਨਾਲ ਇੱਕ ਫ਼ੇਸਬੁੱਕ ਸਮੂਹ ਬਣ ਚੁੱਕਿਆ ਸੀ ਜੋ ਫ਼ੇਸਬੁੱਕ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲਾ ਸਮੂਹ ਸਾਬਤ ਹੋਇਆ। ਵੀਰਵਾਰ ਸਵੇਰ ਤੱਕ ਇਸ ਸਮੂਹ ਨਾਲ ਤਿੰਨ ਲੱਖ ਤੋਂ ਵੀ ਵੱਧ ਲੋਕ ਜੁੜ ਚੁੱਕੇ ਸਨ।

ਬਹੁਤੇ ਪੋਸਟਾਂ ਵਿੱਚ ਬਿਨਾਂ ਕਿਸੇ ਸਬੂਤ ਦੇ ਇਲਜ਼ਾਮ ਲਾਏ ਗਏ ਸਨ ਕਿ ਵੱਡੇ ਪੈਨਾਮੇ 'ਤੇ ਵੋਟਾਂ ਦੀ ਗਿਣਤੀ ਵਿੱਚ ਧਾਂਦਲੀ ਕੀਤੀ ਜਾ ਰਹੀ ਹੈ, ਇਹ ਵੀ ਕਿਹਾ ਕਿ ਹਜ਼ਾਰਾਂ ਅਜਿਹੇ ਲੋਕਾਂ ਦੀਆਂ ਵੋਟਾਂ ਪਵਾਈਆਂ ਗਈਆਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਇਹ ਇਲਜ਼ਾਮ ਵੀ ਲਾਇਆ ਗਿਆ ਕਿ ਵੋਟਾਂ ਗਿਣਨ ਵਾਲੀ ਮਸ਼ੀਨ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ ਟਰੰਪ ਦੀਆਂ ਵੋਟਾਂ ਨੂੰ ਵੀ ਬਾਇਡਨ ਦੀਆਂ ਵੋਟਾਂ ਵਜੋਂ ਗਿਣ ਰਹੀ ਹੈ।

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਆਪਣੇ ਹਮਾਇਤੀਆਂ ਸਾਹਮਣੇ ਇੱਕ ਟੋਪੀ ਪਹਿਨੇ ਨਜ਼ਰ ਆਏ ਜਿਸ 'ਤੇ ਲਿਖਿਆ ਸੀ, 'ਮੇਕ ਅਮੈਰੀਕਾ ਗ੍ਰੇਟ'

ਪਰ ਕੁਝ ਪੋਸਟਾਂ ਅਸਲ ਵਿੱਚ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀਆਂ ਸਨ, ਇਨ੍ਹਾਂ ਪੋਸਟਾਂ ਵਿੱਚ ਸਿਵਲ ਵਾਰ ਅਤੇ ਕ੍ਰਾਂਤੀ ਨੂੰ ਜ਼ਰੂਰੀ ਦੱਸਿਆ ਜਾ ਰਿਹਾ ਸੀ।

ਵੀਰਵਾਰ ਦੀ ਦੁਪਿਹਰ ਤੱਕ ਫ਼ੇਸਬੁੱਕ ਨੇ ਸਟੌਪ ਦਿ ਸਟੀਲ ਪੇਜ ਨੂੰ ਹਟਾਇਆ ਪਰ ਉਸ ਸਮੇਂ ਤੱਕ ਇਸ ਪੇਜ 'ਤੇ ਪੰਜ ਲੱਖ ਤੋਂ ਵੱਧ ਕਮੈਂਟ, ਲਾਈਕਸ ਅਤੇ ਪ੍ਰਤੀਕਰਮ ਆ ਚੁੱਕੇ ਸਨ।

ਟਰੰਪ ਦੀਆਂ ਵੋਟਾਂ ਚੋਰੀ ਕੀਤੇ ਜਾਣ ਦੀ ਗੱਲ ਆਨਲਾਈਨ ਫੈਲਦੀ ਜਾ ਰਹੀ ਸੀ। ਛੇਤੀ ਹੀ, ਵੋਟਾਂ ਦੀ ਸੁਰੱਖਿਆ ਦੇ ਨਾਮ 'ਤੇ ਸਟੌਪ ਦਿ ਸਟੀਲ ਨਾਮ ਨਾਲ ਸਮਰਪਿਤ ਵੈੱਬਸਾਈਟ ਲਾਂਚ ਕੀਤੀ ਗਈ।

ਸ਼ਨੀਵਾਰ ਯਾਨੀ ਸੱਤ ਨਵੰਬਰ ਨੂੰ ਮੁੱਖ ਖ਼ਬਰ ਨੈੱਟਵਰਕਾਂ ਨੇ ਜੋਅ ਬਾਇਡਨ ਨੂੰ ਚੋਣਾਂ ਵਿੱਚ ਜੇਤੂ ਐਲਾਨ ਦਿੱਤਾ।

ਡੈਮੋਕਰੇਟਾਂ ਦੇ ਗੜ੍ਹ ਵਿੱਚ ਲੋਕ ਜਸ਼ਨ ਮਨਾਉਣ ਲਈ ਸੜਕਾਂ 'ਤੇ ਨਿਕਲੇ। ਪਰ ਟਰੰਪ ਦੇ ਉਤਸ਼ਾਹੀ ਸਮਰਥਕਾਂ ਦੀਆਂ ਆਨਲਾਈਨ ਪ੍ਰਤੀਕਿਰਿਆਵਾਂ ਨਾਰਾਜ਼ਗੀ ਭਰੀਆਂ ਅਤੇ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀਆਂ ਸਨ।

ਵੀਡੀਓ ਕੈਪਸ਼ਨ, ਅਮਰੀਕਾ 'ਚ ਕੈਪੀਟਲ ਬਿਲਡਿੰਗ ਹਮਲੇ ਦੀ ਪੂਰੀ ਕਹਾਣੀ

ਇਨ੍ਹਾਂ ਲੋਕਾਂ ਨੇ ਸ਼ਨੀਵਾਰ ਨੂੰ ਵਾਸ਼ਿੰਗਟਨ ਡੀਸੀ ਵਿੱਚ 'ਮਿਲੀਅਨ ਮੇਕ ਅਮੈਰੀਕਾ ਗਰੇਟ ਅਗੇਨ ਮਾਰਚ' ਦੇ ਨਾਮ ਹੇਠ ਇੱਕ ਰੈਲੀ ਦਾ ਪ੍ਰਬੰਧ ਕੀਤਾ।

ਟਰੰਪ ਨੇ ਇਸ ਸਬੰਧੀ ਵੀ ਟਵੀਟ ਕੀਤਾ ਕਿ ਉਹ ਪ੍ਰਦਰਸ਼ਨ ਦੇ ਜ਼ਰੀਏ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵਾਸ਼ਿੰਗਟਨ ਵਿੱਚ ਟਰੰਪ ਸਮਰਥਕਾਂ ਦੀਆਂ ਰੈਲੀਆਂ 'ਚ ਬਹੁਤੇ ਲੋਕਾਂ ਨੇ ਹਿੱਸਾ ਨਹੀਂ ਸੀ ਲਿਆ ਪਰ ਸ਼ਨੀਵਾਰ ਸਵੇਰੇ ਫ਼ਰੀਡਮ ਪਲਾਜ਼ਾ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ।

ਇੱਕ ਕੱਟੜਪੰਥੀ ਖੋਜਕਰਤਾ ਨੇ ਇਸ ਰੈਲੀ ਦੀ ਭੀੜ ਨੂੰ ਟਰੰਪ ਸਮਰਥਕਾਂ ਦੇ ਵਿਦਰੋਹ ਦੀ ਸ਼ੁਰੂਆਤ ਕਿਹਾ। ਜਦੋਂ ਟਰੰਪ ਦੀਆਂ ਗੱਡੀਆਂ ਦਾ ਕਾਫ਼ਲਾ ਸ਼ਹਿਰ ਵਿੱਚੋਂ ਗੁਜ਼ਰਿਆ ਤਾਂ ਸਮਰਥੱਕਾਂ ਵਿੱਚ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਹੋੜ ਮੱਚ ਗਈ।

ਟਰੰਪ ਆਪਣੇ ਹਮਾਇਤੀਆਂ ਸਾਹਮਣੇ ਇੱਕ ਟੋਪੀ ਪਹਿਨੇ ਨਜ਼ਰ ਆਏ ਜਿਸ 'ਤੇ ਲਿਖਿਆ ਸੀ, 'ਮੇਕ ਅਮੈਰੀਕਾ ਗ੍ਰੇਟ'।

ਇਸ ਰੈਲੀ ਵਿੱਚ ਕੱਟੜ ਸੱਜੇਪੱਖੀ ਸਮੂਹ, ਪਰਵਾਸੀਆਂ ਦਾ ਵਿਰੋਧ ਕਰਨ ਵਾਲੇ ਅਤੇ ਮਰਦਾਂ ਦੇ ਸਮੂਹ ਪ੍ਰਾਊਡ ਬੁਆਏਜ਼ ਦੇ ਮੈਂਬਰ ਸ਼ਾਮਲ ਸਨ ਜੋ ਗਲੀਆਂ ਵਿੱਚ ਹਿੰਸਾ ਕਰ ਰਹੇ ਸਨ ਅਤੇ ਜਿਨ੍ਹਾਂ ਨੇ ਬਾਅਦ ਵਿੱਚ ਅਮਰੀਕੀ ਕੈਪੀਟਲ ਬਿਲਡਿੰਗ ਵਿੱਚ ਵੜ ਕੇ ਹਿੰਸਾ ਕੀਤੀ।

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤੀਆਂ ਪੋਸਟਾਂ ਵਿੱਚ ਬਿਨਾਂ ਕਿਸੇ ਸਬੂਤ ਦੇ ਇਲਜ਼ਾਮ ਲਾਏ ਗਏ ਸਨ ਕਿ ਵੱਡੇ ਪੈਨਾਮੇ 'ਤੇ ਵੋਟਾਂ ਦੀ ਗਿਣਤੀ ਵਿੱਚ ਧਾਂਦਲੀ ਕੀਤੀ ਜਾ ਰਹੀ ਹੈ

ਇਸ ਵਿੱਚ ਫੌਜ, ਸੱਜੇ ਪੱਖੀ ਮੀਡੀਆ ਅਤੇ ਸਾਜ਼ਿਸ਼ ਰਚਣ ਦੇ ਸਿਧਾਂਤਾਂ ਦੀ ਵਕਾਲਤ ਕਰਨ ਵਾਲੇ ਤਮਾਮ ਲੋਕ ਸ਼ਾਮਲ ਹੋਏ ਸਨ।

ਰਾਤ ਹੁੰਦੇ-ਹੁੰਦੇ ਟਰੰਪ ਸਮਰਥਕਾਂ ਅਤੇ ਉਨ੍ਹਾਂ ਦੇ ਵਿਰੋਧੀਆਂ ਵਿੱਚ ਹਿੰਸਕ ਝੜਪਾਂ ਦੀਆਂ ਖ਼ਬਰਾਂ ਆਉਣ ਲੱਗੀਆਂ ਸਨ, ਇਨ੍ਹਾਂ ਵਿੱਚੋਂ ਇੱਕ ਘਟਨਾਂ ਤਾਂ ਵਾਈਟ੍ਹ ਹਾਊਸ ਤੋਂ ਮਹਿਜ਼ ਪੰਜ ਬਲਾਕ ਦੀ ਦੂਰੀ 'ਤੇ ਹੀ ਵਾਪਰੀ।

ਹਾਲਾਂਕਿ ਇਨ੍ਹਾਂ ਹਿੰਸਕ ਘਟਨਾਵਾਂ ਵਿੱਚ ਪੁਲਿਸ ਵੀ ਸ਼ਾਮਿਲ ਸੀ, ਪਰ ਇਸ ਨਾਲ ਆਉਣ ਵਾਲੇ ਦਿਨਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ।

ਡੌਨਲਡ ਟਰੰਪ

ਤਸਵੀਰ ਸਰੋਤ, Twitter

ਹੁਣ ਤੱਕ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਕਾਨੂੰਨੀ ਟੀਮ ਆਪਣੀਆਂ ਉਮੀਦਾਂ ਦਰਜਨਾਂ ਕਾਨੂੰਨੀ ਮਾਮਲਿਆਂ 'ਤੇ ਟਿਕਾ ਚੁੱਕੀ ਸੀ ਹਾਲਾਂਕਿ ਕਈ ਅਦਾਲਤਾਂ ਨੇ ਚੋਣਾਂ ਵਿੱਚ ਧਾਂਦਲੀ ਦੇ ਇਲਜ਼ਾਮਾਂ ਨੂੰ ਖ਼ਾਰਜ ਕਰ ਦਿੱਤਾ ਸੀ।

ਪਰ ਟਰੰਪ ਸਮਰਥਕਾਂ ਦੀਆਂ ਉਮੀਦਾਂ ਟਰੰਪ ਦੇ ਨਜ਼ਦੀਕੀ ਦੋ ਵਕੀਲਾਂ ਸਿਡਨੀ ਪਾਵੇਲ ਅਤੇ ਐਲ ਲਿਨ ਵੁੱਡ 'ਤੇ ਸਨ।

ਸਿਡਨੀ ਪਾਵੇਲ ਅਤੇ ਲਿਨ ਵੁੱਡ ਨੇ ਭਰੋਸਾ ਦਿਵਾਇਆ ਸੀ ਕਿ ਚੋਣਾਂ ਵਿੱਚ ਧੋਖਾਥੜੀ ਦੇ ਮਾਮਲੇ ਐਨੇ ਵਿਸਥਾਰ ਵਿੱਚ ਤਿਆਰ ਕਰਨਗੇ ਕਿ ਮਾਮਲਾ ਸਾਹਮਣੇ ਆਉਂਦੇ ਹੀ ਬਾਇਡਨ ਦੇ ਚੋਣਾਂ ਵਿੱਚ ਜਿੱਤ ਦੇ ਐਲਾਨਾਂ ਦੀ ਹਵਾ ਨਿਕਲ ਜਾਵੇਗੀ।

ਡੌਨਲਡ ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਾਸ਼ਟਰਪਤੀ ਟਰੰਪ ਨੇ ਜਿੱਤ ਦਾ ਦਾਅਵਾ ਕਰਦਿਆਂ ਇਹ ਇਲਜ਼ਾਮ ਲਾਇਆ ਸੀ ਕਿ ਅਮਰੀਕੀ ਜਨਤਾ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ

65 ਸਾਲਾ ਪਾਵੇਲ ਇੱਕ ਕੰਜ਼ਰਵੇਟਿਵ ਕਾਰਕੁਨ ਹਨ ਅਤੇ ਪਿਛਲੀ ਸਰਕਾਰ ਵਿੱਚ ਵਕੀਲ ਰਹਿ ਚੁੱਕੇ ਹਨ। ਉਨ੍ਹਾਂ ਨੇ ਫ਼ੌਕਸ ਨਿਊਜ਼ ਨੂੰ ਕਿਹਾ ਕਿ ਕ੍ਰੈਕਨ ਨੂੰ ਰਿਹਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕ੍ਰੈਕਨ ਦਾ ਜ਼ਿਕਰ ਸਕੈਂਡੇਵੀਅਨ ਲੋਕ ਕਹਾਣੀਆਂ ਵਿੱਚ ਆਉਂਦਾ ਹੈ ਜੋ ਵਿਸ਼ਾਲ ਕੱਦ ਸਮੁੰਦਰੀ ਦੈਂਤ ਹੈ ਜੋ ਆਪਣੇ ਦੁਸ਼ਮਣਾਂ ਨੂੰ ਖਾਣ ਲਈ ਬਾਹਰ ਨਿਕਲਦਾ ਹੈ।

ਉਨ੍ਹਾਂ ਦੇ ਇਸ ਬਿਆਨ ਦੇ ਬਾਅਦ ਕ੍ਰੈਨਨ ਨੂੰ ਲੈ ਕੇ ਇੰਟਰਨੈੱਟ 'ਤੇ ਕਈ ਤਰ੍ਹਾਂ ਦੇ ਮੀਮਜ਼ ਨਜ਼ਰ ਆਉਣ ਲੱਗੇ, ਇਨ੍ਹਾਂ ਸਭ ਦੇ ਜ਼ਰੀਏ ਚੋਣਾਂ ਵਿੱਚ ਧੋਖਾਧੜੀ ਦੀਆਂ ਗੱਲਾਂ ਨੂੰ ਬਿਨਾਂ ਕਿਸੇ ਸਬੂਤ ਦੇ ਦੁਹਰਾਇਆ ਜਾ ਰਿਹਾ ਸੀ।

ਟਰੰਪ ਸਮਰਥਕਾਂ ਅਤੇ ਕੁਆਨਨ ਕਾਂਸਪੀਰੇਸੀ ਥਿਉਰੀ ਦੇ ਸਮਰਥਕਾਂ ਦਰਮਿਆਨ ਪਾਵੇਲ ਅਤੇ ਵੁੱਡ ਕਿਸੇ ਨਾਇਕ ਵਾਂਗ ਉੱਭਰ ਕੇ ਸਾਹਮਣੇ ਆਏ।

ਕੁਆਨਨ ਕਾਂਸਪੀਰੇਸੀ ਥਿਉਰੀ ਵਿੱਚ ਯਕੀਨ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਟਰੰਪ ਗੁਪਤ ਸੈਨਾ ਡੈਮੋਕ੍ਰੈਟਿਕ ਪਾਰਟੀ, ਮੀਡੀਆ, ਵਪਾਰਕ ਘਰਾਣਿਆਂ ਅਤੇ ਹਾਲੀਵੁੱਡ ਵਿੱਚ ਮੌਜੂਦ ਪੀਡੋਫਾਈਲ ਲੋਕਾਂ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ।

ਦੋਵੇਂ ਵਕੀਲ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਸਾਜ਼ਿਸ਼ ਘੜੇ ਸਮਰਥਕਾਂ ਦਰਮਿਆਨ ਇੱਕ ਤਰ੍ਹਾਂ ਨਾਲ ਕੜੀ ਬਣ ਗਏ ਸਨ। ਇਨ੍ਹਾਂ ਵਿੱਚੋਂ ਬਹੁਤ ਸਮਰਥਕ ਛੇ ਜਨਵਰੀ ਨੂੰ ਕੈਪੀਟਲ ਬਿਲਡਿੰਗ ਵਿੱਚ ਹੋਈ ਹਿੰਸਾ ਵਿੱਚ ਸ਼ਾਮਿਲ ਸਨ।

ਅਮਰੀਕਾ ਵਿੱਚ ਹਿੰਸਾ

ਪਾਵੇਲ ਅਤੇ ਵੁੱਡ ਸਮਰਥਕਾਂ ਦੇ ਗੁੱਸੇ ਨੂੰ ਆਨਲਾਈਨ ਵਧਾਉਣ ਵਿੱਚ ਕਾਮਯਾਬ ਰਹੇ ਪਰ ਕਾਨੂੰਨੀ ਤੌਰ 'ਤੇ ਦੋਵੇਂ ਕੁਝ ਖ਼ਾਸ ਨਾ ਕਰ ਸਕੇ।

ਇਨ੍ਹਾਂ ਦੋਵਾਂ ਨੇ ਨਵੰਬਰ ਦੇ ਆਖੀਰ ਤੱਕ 200 ਪੰਨਿਆਂ ਦਾ ਇੱਕ ਇਲਜ਼ਾਮ ਪੱਤਰ ਜ਼ਰੂਰ ਤਿਆਰ ਕੀਤਾ ਪਰ ਉਨ੍ਹਾਂ ਵਿੱਚ ਬਹੁਤੀਆਂ ਗੱਲਾਂ ਸਾਜ਼ਿਸ਼ ਦੇ ਸਿਧਾਂਤ 'ਤੇ ਆਧਾਰਿਤ ਸਨ ਅਤੇ ਉਹ ਇਲਜ਼ਾਮ ਆਪਣੇ ਆਪ ਖਾਰਜ ਹੋ ਗਏ ਸਨ, ਜਿਨ੍ਹਾਂ ਨੂੰ ਦਰਜਨਾਂ ਵਾਰ ਅਦਾਲਤ ਵਿੱਚ ਖਾਰਜ ਕੀਤਾ ਜਾ ਚੁੱਕਿਆ ਸੀ।

ਐਨਾ ਹੀ ਨਹੀਂ ਇਸ ਦਸਤਾਵੇਜ਼ ਵਿੱਚ ਕਾਨੂੰਨੀ ਗ਼ਲਤੀਆਂ ਦੇ ਨਾਲ ਨਾਲ ਸ਼ਬਦਜੋੜਾਂ ਦੀਆਂ ਗ਼ਲਤੀਆਂ ਅਤੇ ਟਾਈਪਿੰਗ ਦੀਆਂ ਗ਼ਲਤੀਆਂ ਵੀ ਦੇਖਣ ਨੂੰ ਮਿਲੀਆਂ।

ਪਰ ਆਨਲਾਈਨ ਦੀ ਦੁਨੀਆਂ ਵਿੱਚ ਇਸਦੀ ਚਰਚਾ ਜਾਰੀ ਰਹੀ। ਕੈਪੀਟਲ ਬਿਲਡਿੰਗ ਵਿੱਚ ਹੋਈ ਹਿੰਸਾ ਨਾਲ 'ਕ੍ਰੈਨਨ' ਅਤੇ 'ਰਿਲੀਜ਼ ਦਾ ਕ੍ਰੈਨਨ' ਦਾ ਇਸਤੇਮਾਲ ਸਿਰਫ਼ ਟਵਿੱਟਰ 'ਤੇ ਹੀ ਦਸ ਲੱਖ ਤੋਂ ਵੱਧ ਵਾਰ ਕੀਤਾ ਜਾ ਚੁੱਕਾ ਸੀ।

ਜਦੋਂ ਅਦਾਲਤ ਨੇ ਟਰੰਪ ਦੀ ਕਾਨੂੰਨੀ ਅਪੀਲ ਖ਼ਾਰਜ ਕਰ ਦਿੱਤੀ ਤਾਂ ਕੱਟੜ ਸੱਜੇ-ਪੱਖੀਆਂ ਨੇ ਚੋਣ ਕਰਮੀਆਂ ਅਤੇ ਅਧਿਕਾਰੀਆਂ 'ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ। ਜੌਰਜੀਆ ਦੇ ਇੱਕ ਚੋਣ ਕਰਮੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾਣ ਲੱਗੀ।

ਵੀਡੀਓ ਕੈਪਸ਼ਨ, ਟਰੰਪ ਪੱਖੀਆਂ ਦੇ ਕੈਪੀਟਲ ਬਿਲਡਿੰਗ ਵਿੱਚ ਆਣ ਵੜੇ ਜਿਸ ਦੇ ਨਤੀਜੇ ਵਜੋਂ ਫ਼ੈਲੀ ਅਫ਼ਰਾ-ਤਫ਼ਰੀ

ਇਸ ਸੂਬੇ ਵਿੱਚ ਰਿਪਬਲਿਕਨ ਅਧਿਕਾਰੀ, ਜਿਸ ਵਿੱਚ ਗਵਰਨਰ ਬਰਾਇਨ ਕੈਅੰਪ, ਸਟੇਟ ਮੰਤਰੀ (ਸੂਬਾ ਸਕੱਤਰ) ਬ੍ਰੈਡ ਰਾਫੇਨਸਪਰਜਰ ਅਤੇ ਸੂਬੇ ਦੇ ਚੋਣ ਪ੍ਰਬੰਧਾਂ ਦੇ ਇੰਚਾਰਜ ਗੈਬਰੀਅਲ ਸਟਰਲਿੰਗ ਨੂੰ ਆਨਲਾਈਨ ਗੱਦਾਰ ਕਿਹਾ ਜਾਣ ਲੱਗਿਆ।

ਸਟਰਲਿੰਗ ਨੇ ਇੱਕ ਦਸੰਬਰ ਨੂੰ ਭਾਵਨਾਤਮਕ ਅਤੇ ਭਵਿੱਖ ਦੇ ਡਰਾਂ ਸਬੰਧੀ ਇੱਕ ਚੇਤਾਵਨੀ ਜਾਰੀ ਕੀਤੀ।

ਉਨ੍ਹਾਂ ਨੇ ਕਿਹਾ, "ਕਿਸੇ ਨੂੰ ਸੱਟ ਵੱਜਣ ਵਾਲੀ ਹੈ, ਕਿਸੇ ਨੂੰ ਗੋਲੀ ਲੱਗਣ ਵਾਲੀ ਹੈ, ਕਿਸੇ ਦੀ ਮੌਤ ਹੋਣ ਵਾਲੀ ਹੈ ਅਤੇ ਇਹ ਸਹੀ ਨਹੀਂ ਹੈ।"

ਦਸੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਮਿਸ਼ੀਗਨ ਦੇ ਵਿਦੇਸ਼ ਮੰਤਰੀ ਜੈਕਲੀਨ ਬੇਂਸਨ ਡੈਟ੍ਰਾਇਟ ਸਥਿਤ ਆਪਣੇ ਘਰ ਵਿੱਚ ਚਾਰ ਸਾਲ ਦੇ ਬੇਟੇ ਦੇ ਨਾਲ ਕ੍ਰਿਸਮਿਸ ਟ੍ਰੀ ਨੂੰ ਸਜ਼ਾ ਰਹੇ ਸਨ ਉਸੇ ਸਮੇਂ ਬਾਹਰ ਰੌਲਾ ਸੁਣਾਈ ਦਿੱਤਾ।

ਤਕਰੀਬਨ 30 ਮੁਜ਼ਾਹਰਾਕਾਰੀ ਉਨ੍ਹਾਂ ਦੇ ਘਰ ਦੇ ਬਾਹਰ ਬੈਨਰਾਂ, ਪੋਸਟਰਾਂ ਦੇ ਨਾਲ ਮੇਗਾਫ਼ੋਨ 'ਤੇ ਸਟੌਪ ਦਿ ਸਟੀਲ ਚੀਕ ਰਹੇ ਸਨ।

ਇੱਕ ਪ੍ਰਦਰਸ਼ਨਾਕਰੀ ਨੇ ਚੀਕ ਕੇ ਕਿਹਾ, "ਬੇਂਲਨ ਤੂੰ ਖਲ਼ਨਾਇਕਾ ਹੈਂ।" ਇੱਕ ਹੋਰ ਨੇ ਕਿਹਾ, "ਤੂੰ ਲੋਕਤੰਤਰ ਲਈ ਖ਼ਤਰਾ ਹੈਂ।"

ਇੱਕ ਪ੍ਰਦਰਸ਼ਨਕਾਰੀ ਇਸ ਮੌਕੇ 'ਤੇ ਫ਼ੇਸਬੁੱਕ ਲਾਈਵ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਨ੍ਹਾਂ ਦਾ ਸਮੂਹ ਇੱਥੋਂ ਹਟਣ ਵਾਲਾ ਨਹੀਂ।

ਗੈਬਰੀਅਲ ਸਟਰਲਿੰਗ
ਤਸਵੀਰ ਕੈਪਸ਼ਨ, ਚੋਣ ਪ੍ਰਬੰਧਾਂ ਦੇ ਇੰਚਾਰਜ ਗੈਬਰੀਅਲ ਸਟਰਲਿੰਗ ਨੂੰ ਆਨਲਾਈਨ ਗੱਦਾਰ ਕਿਹਾ ਜਾਣ ਲੱਗਾ

ਇਹ ਉਦਾਹਰਣ ਦੱਸਦੀ ਹੈ ਕਿ ਪ੍ਰਦਰਸ਼ਨਕਾਰੀ ਵੋਟਿੰਗ ਦੀ ਪ੍ਰੀਕਿਰਿਆ ਨਾਲ ਜੁੜੇ ਲੋਕਾਂ ਨਾਲ ਕਿਸ ਤਰੀਕੇ ਨਾਲ ਪੇਸ਼ ਆ ਰਹੇ ਸਨ।

ਜੌਰਜੀਆ ਵਿੱਚ ਟਰੰਪ ਸਮਰਥਕ ਲਗਾਤਾਰ ਰਾਫੇਨਸਪਰਜਰ ਦੇ ਘਰ ਦੇ ਬਾਹਰ ਹੌਰਨ ਵਜਾਉਂਦੇ ਹੋਏ ਗੱਡੀਆ ਚਲਾਉਂਦੇ ਰਹੇ। ਉਨ੍ਹਾਂ ਦੀ ਪਤਨੀ ਨੂੰ ਯੋਨ ਹਿੰਸਾਂ ਦੀਆਂ ਧਮਕੀਆਂ ਮਿਲੀਆਂ।

ਐਰੀਜ਼ੋਨਾ ਵਿੱਚ ਪ੍ਰਦਰਸ਼ਨਕਾਰੀ ਡੈਮੋਕ੍ਰੇਟ ਸੂਬਾ ਮੰਤਰੀ (ਸੈਕਰੇਟਰੀ ਆਫ਼ ਸਟੇਟ) ਕੈਟੀ ਹੋਬਸ ਦੇ ਘਰ ਦੇ ਬਾਹਰ ਇਕੱਠੇ ਹੋ ਗਏ। ਇਹ ਪ੍ਰਦਰਸ਼ਨਕਾਰੀ ਲਗਾਤਾਰ ਕਹਿ ਰਹੇ ਸਨ, "ਅਸੀਂ ਲੋਕ ਤੁਹਾਡੇ 'ਤੇ ਨਿਗ੍ਹਾ ਰੱਖ ਰਹੇ ਹਾਂ।"

11 ਦਸੰਬਰ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਟੈਕਸਸ ਸੂਬੇ ਵਿੱਚ ਚੋਣ ਨਤੀਜਿਆਂ ਨੂੰ ਖ਼ਾਰਜ ਕਰਨ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ।

ਜਿਵੇਂ-ਜਿਵੇਂ ਟਰੰਪ ਦੇ ਸਾਹਮਣੇ ਕਾਨੂੰਨੀ ਅਤੇ ਸਿਆਸੀ ਦਰਵਾਜ਼ੇ ਬੰਦ ਹੋ ਰਹੇ ਸਨ ਉਸ ਦੇ ਨਾਲ ਟਰੰਪ ਦੇ ਸਮਰਥਕ ਆਨਲਾਈਨ ਪਲੇਟਫ਼ਾਰਮਾਂ 'ਤੇ ਹਿੰਸਕ ਹੋ ਰਹੇ ਸਨ।

12 ਦਸੰਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਸਟੌਪ ਦਿ ਸਟੀਲ ਦੀ ਦੂਜੀ ਰੈਲੀ ਦਾ ਆਯੋਜਨ ਕੀਤਾ ਗਿਆ। ਇੱਕ ਵਾਰ ਫ਼ਿਰ ਇਸ ਰੈਲੀ ਵਿੱਚ ਹਜ਼ਾਰਾਂ ਸਮਰਥਕ ਇਕੱਠੇ ਹੋਏ।

ਇਸ ਵਿੱਚ ਕੱਟੜ ਸੱਜੇ ਪੱਖੀ ਲੋਕਾਂ ਅਤੇ ਮੇਕ ਅਮੈਰੀਕਾ ਗ੍ਰੇਟ ਅਗੇਨ ਤੋਂ ਲੈ ਕੇ ਸੈਨਿਕ ਅੰਦੋਲਨਾਂ ਵਿੱਚ ਸ਼ਾਮਿਲ ਰਹੇ ਲੋਕਾਂ ਨੇ ਵੀ ਹਿੱਸਾ ਲਿਆ।

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲਜ਼ਾਮ ਵੀ ਲਾਇਆ ਗਿਆ ਕਿ ਟਰੰਪ ਦੀਆਂ ਵੋਟਾਂ ਨੂੰ ਵੀ ਬਾਇਡਨ ਦੀਆਂ ਵੋਟਾਂ ਵਜੋਂ ਗਿਣਿਆ ਜਾ ਰਿਹਾ ਹੈ

ਟਰੰਪ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫ਼ਲਿਨ ਨੇ ਇਨ੍ਹਾਂ ਮੁਜ਼ਾਹਰਾਕਾਰੀਆਂ ਦੀ ਤੁਲਨਾ ਬਾਈਬਲ ਦੇ ਸੈਨਿਕਾਂ ਅਤੇ ਪੁਜਾਰੀਆਂ ਨਾਲ ਕੀਤੀ ਜਿਨ੍ਹਾਂ ਨੇ ਜੇਰਿਕੋ ਦੀ ਕੰਧ ਢਾਹੀ ਸੀ।

ਇਸ ਰੈਲੀ ਵਿੱਚ ਚੋਣ ਨਤੀਜੇ ਬਦਲਣ ਲਈ 'ਜੇਰੀਕੋ ਮਾਰਚ' ਦੇ ਆਯੋਜਨ ਦਾ ਸੱਦਾ ਦਿੱਤਾ ਗਿਆ।

ਰਿਪਬਲਿਕਨ ਪਾਰਟੀ ਨੂੰ ਸੰਤੁਲਿਤ ਬਣਾਉਣ ਵਾਲੀ ਕੱਟੜਪੰਥੀ ਸੱਜੇ ਪੱਖੀ ਅੰਦੋਲਨ ਗ੍ਰੋਏਪਰਸ ਦੇ ਆਗੂ ਨਿਕ ਫ਼ਿਊਨੇਟਸ ਨੇ ਮੁਜ਼ਾਹਰਾਕਾਰੀਆਂ ਨੂੰ ਕਿਹਾ, "ਅਸੀਂ ਲੋਕ ਰਿਪਬਲਿਕਨ ਪਾਰਟੀ ਨੂੰ ਨਸ਼ਟ ਕਰਨ ਜਾ ਰਹੇ ਹਾਂ।"

ਇਸ ਰੈਲੀ ਦੌਰਾਨ ਵੀ ਹਿੰਸਾ ਭੜਕ ਗਈ ਸੀ।

ਇਸ ਦਿਨ ਤੋਂ ਬਾਅਦ ਇਲੇਕਟੋਰਲ ਕਾਲਜ ਨੇ ਬਾਇਡਨ ਦੀ ਜਿੱਤ 'ਤੇ ਮੋਹਰ ਲਾ ਦਿੱਤੀ। ਅਮਰੀਕੀ ਰਾਸ਼ਟਰਪਤੀ ਲਈ ਅਹੁਦਾ ਸੰਭਾਲਣ ਲਈ ਲਾਜ਼ਮੀ ਅਹਿਮ ਪੜਾਵਾਂ ਵਿੱਚ ਇਹ ਵੀ ਸ਼ਾਮਿਲ ਹੈ।

ਆਨਲਾਈਨ ਪਲੇਟਫ਼ਾਰਮ 'ਤੇ ਟਰੰਪ ਸਮਰਥਕਾਂ ਨੂੰ ਇਹ ਨਜ਼ਰ ਆਉਣ ਲੱਗਿਆ ਸੀ ਕਿ ਸਾਰੇ ਕਾਨੂੰਨੀ ਰਾਹ ਬੰਦ ਹੋ ਚੁੱਕੇ ਹਨ। ਅਜਿਹੇ ਵਿੱਚ ਉਨ੍ਹਾਂ ਲੋਕਾਂ ਨੂੰ ਲੱਗਣ ਲੱਗਿਆ ਕਿ ਟਰੰਪ ਨੂੰ ਬਚਾਉਣ ਲਈ ਸਿੱਧੀ ਕਾਰਵਾਈ ਹੀ ਇੱਕਲੌਤਾ ਬਦਲ ਹੈ।

ਇਹ ਵੀ ਪੜ੍ਹੋ-

ਚੋਣਾਂ ਤੋਂ ਬਾਅਦ ਫ਼ਲਿਨ, ਪਾਵੇਲ ਅਤੇ ਵੁੱਡ ਤੋਂ ਇਲਾਵਾ ਟਰੰਪ ਸਮਰਥਕਾਂ ਦਰਮਿਆਨ ਆਨਲਾਈਨ ਇੱਕ ਹੋਰ ਸ਼ਖ਼ਸ ਤੇਜ਼ੀ ਨਾਲ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਇਆ।

ਅਮਰੀਕੀ ਕਾਰੋਬਾਰੀ ਅਤੇ ਇਮੇਜਬੋਰਡ 8 ਚੈਨ ਅਤੇ 8 ਕੁਨ ਦੇ ਪ੍ਰਮੋਟਰ ਜਿਮ ਵਾਟਕਿੰਸ ਦੇ ਬੇਟੇ ਰੌਨ ਵਾਟਕਿੰਸ ਆਨਲਾਈਨ ਪਲੇਟਫ਼ਾਰਮਾਂ 'ਤੇ ਟਰੰਪ ਦੇ ਸਮਰਥਕ ਵਜੋਂ ਸਾਹਮਣੇ ਆਏ।

17 ਦਸੰਬਰ ਨੂੰ ਵਾਇਰਲ ਹੋਏ ਟਵੀਟਾਂ ਵਿੱਚ ਰੌਨ ਵਾਟਕਿੰਸ ਨੇ ਡੋਨਲਡ ਟਰੰਪ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਰੋਮ ਦੇ ਸਮਰਾਟ ਜੂਲੀਅਸ ਸੀਜ਼ਰ ਦਾ ਰਾਹ ਅਪਣਾਉਣਾ ਚਾਹੀਦਾ ਹੈ ਅਤੇ ਲੋਕਤੰਤਰ ਦੀ ਬਹਾਲੀ ਲਈ ਸੈਨਾਂ ਦੀ ਵਫ਼ਾਦਾਰੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Getty Images

ਰੌਨ ਵਾਟਕਿੰਸ ਨੇ ਆਪਣੇ ਪੰਜ ਲੱਖ ਤੋਂ ਵੱਧ ਫ਼ੋਲੌਅਰਾਂ ਨੂੰ 'ਕਰਾਸ ਦਾ ਰੋਬਿਕਨ' ਨੂੰ ਟਵਿੱਟਰ ਟਰੈਂਡ ਬਣਾਉਣ ਲਈ ਉਤਸ਼ਾਹਿਤ ਕੀਤਾ।

ਜੂਲੀਅਸ ਸੀਜ਼ਰ ਨੇ 49 ਈਸਾਪੂਰਵ ਰੋਬੀਕਨ ਨਦੀ ਨੂੰ ਪਾਰ ਕਰਕੇ ਹੀ ਜੰਗ ਦੀ ਸ਼ੁਰੂਆਤ ਕੀਤੀ ਸੀ। ਇਸ ਹੈਸ਼ਟੈਗ ਦਾ ਮੁੱਖਧਾਰਾ ਦੇ ਲੋਕਾਂ ਨੇ ਵੀ ਇਸਤੇਮਾਲ ਕੀਤਾ।

ਇਨ੍ਹਾਂ ਵਿੱਚ ਐਰੀਜ਼ੋਨਾ ਵਿੱਚ ਰਿਪਬਲਿਕਨ ਪਾਰਟੀ ਦੇ ਆਗੂ ਕੈਲੀ ਵਾਰਡ ਵੀ ਸ਼ਾਮਲ ਸਨ।

ਇੱਕ ਹੋਰ ਟਵੀਟ ਵਿੱਚ ਰੌਨ ਵਾਟਕਿੰਸ ਨੇ ਟਰੰਪ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਕਾਨੂੰਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਸਦੇ ਤਹਿਤ ਰਾਸ਼ਟਰਪਤੀ ਦੇ ਬਾਅਦ ਸੈਨਾ ਅਤੇ ਪੁਲਿਸ ਬਲਾਂ ਨੂੰ ਅਧਿਕਾਰ ਮਿਲ ਜਾਂਦੇ ਹਨ।

18 ਦਸੰਬਰ ਨੂੰ ਟਰੰਪ ਨੇ ਪਾਵੇਲ, ਫਲਿਨ ਅਤੇ ਹੋਰ ਲੋਕਾਂ ਦੇ ਨਾਲ ਵਾਈਟ੍ਹ ਹਾਊਸ ਵਿੱਚ ਰਣਨੀਤਿਕ ਮੀਟਿੰਗ ਕੀਤੀ।

ਨਿਊਯਾਰਕ ਟਾਈਮਜ਼ ਮੁਤਾਬਿਕ ਇਸ ਮੀਟਿੰਗ ਦੌਰਾਨ ਫ਼ਲਿਨ ਨੇ ਟਰੰਪ ਨੂੰ ਮਾਰਸ਼ਲ ਲਾਅ ਲਾਗੂ ਕਰਕੇ ਫ਼ਿਰ ਤੋਂ ਚੋਣਾਂ ਕਰਵਾਉਣ ਦੀ ਸਲਾਹ ਦਿੱਤੀ ਸੀ।

ਇਸ ਮੀਟਿੰਗ ਦੇ ਬਾਅਦ ਆਨਲਾਈਨ ਦੁਨੀਆਂ ਵਿੱਚ ਸੱਜੇਪੱਖੀ ਸਮੂਹਾਂ ਦਰਮਿਆਨ ਇੱਕ ਵਾਰ ਫ਼ਿਰ ਤੋਂ ਜੰਗ ਅਤੇ ਕ੍ਰਾਂਤੀ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ।

ਕਈ ਲੋਕ ਛੇ ਜਨਵਰੀ ਨੂੰ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਦੇਖਣ ਆਏ ਸਨ, ਜੋ ਇੱਕ ਤਰ੍ਹਾਂ ਦਾ ਰਸਮੀ ਹੁੰਦੀ ਹੈ। ਪਰ ਟਰੰਪ ਸਮਰਥਕਾਂ ਨੂੰ ਉੱਪ-ਰਾਸ਼ਟਰਪਤੀ ਮਾਈਕ ਪੇਂਸ ਤੋਂ ਵੀ ਉਮੀਦ ਸੀ।

ਉਹ ਛੇ ਜਨਵਰੀ ਨੂੰ ਆਯੋਜਨ ਦੀ ਅਗਵਾਹੀ ਕਰਨ ਵਾਲੇ ਸਨ, ਟਰੰਪ ਸਮਰਥਕਾਂ ਨੂੰ ਆਸ ਸੀ ਕਿ ਮਾਈਕ ਪੇਂਸ ਇਲੈਕਟੋਰਲ ਕਾਲਜ ਵੋਟਾਂ ਨੂੰ ਨਜ਼ਰਅੰਦਾਜ਼ ਕਰਨਗੇ।

ਇਨ੍ਹਾਂ ਲੋਕਾਂ ਵਿੱਚ ਆਪਸੀ ਚਰਚਾ ਵਿੱਚ ਕਿਹਾ ਜਾ ਰਿਹਾ ਸੀ ਕਿ ਉਸਦੇ ਬਾਅਦ ਕਿਸੇ ਤਰ੍ਹਾਂ ਦੇ ਵਿਦਰੋਹ ਨਾਲ ਨਜਿੱਠਣ ਲਈ ਰਾਸ਼ਟਰਪਤੀ ਸੈਨਾ ਦੀ ਤੈਨਾਤੀ ਕਰਨਗੇ ਅਤੇ ਚੋਣਾਂ ਵਿੱਚ ਧਾਂਦਲੀ ਕਰਨ ਵਾਲਿਆਂ ਦੀਆਂ ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ ਦੇ ਹੁਕਮ ਦੇਣਗੇ ਅਤੇ ਉਨ੍ਹਾਂ ਸਭ ਨੂੰ ਸੈਨਾ ਦੀ ਗਵਾਂਤੇਨਾਮੋ ਬੇ ਦੀ ਜੇਲ੍ਹ ਵਿੱਚ ਭੇਜਿਆ ਜਾਵੇਗਾ।

ਪਰ ਇਹ ਸਭ ਆਨਲਾਈਨ ਦੀ ਦੁਨੀਆਂ ਵਿੱਚ ਟਰੰਪ ਸਮਰਥੱਕਾਂ ਵਿੱਚ ਹੀ ਰਿਹਾ ਸੀ, ਜ਼ਮੀਨ ਦੀ ਸੱਚਾਈ 'ਤੇ ਇਹ ਸਭ ਕੁਝ ਹੋਣਾ ਸੰਭਵ ਨਹੀਂ ਸੀ ਨਜ਼ਰ ਆ ਰਿਹਾ।

ਪਰ ਟਰੰਪ ਸਮਰਥੱਕਾਂ ਨੇ ਇਸ ਨੂੰ ਅੰਦੋਲਨ ਦਾ ਰੂਪ ਦੇ ਦਿੱਤਾ ਅਤੇ ਦੇਸ ਭਰ ਵਿੱਚ ਆਪਸੀ ਸਹਿਯੋਗ ਅਤੇ ਇਕੱਠਿਆਂ ਸਫ਼ਰ ਕਰਕੇ ਹਜ਼ਾਰਾਂ ਲੋਕ ਛੇ ਜਨਵਰੀ ਨੂੰ ਵਾਸ਼ਿੰਗਟਨ ਪਹੁੰਚ ਗਏ।

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Rex Features

ਤਸਵੀਰ ਕੈਪਸ਼ਨ, ਟਰੰਪ ਸਮਰਥਕਾਂ ਵਿੱਚ ਆਨਲਾਈਨ ਚਰਚਾਵਾਂ ਵਿੱਚ ਗੁੱਸਾ ਵੱਧਣ ਲੱਗਿਆ ਸੀ

ਟਰੰਪ ਦੇ ਝੰਡੇ ਲੱਗੀਆਂ ਗੱਡੀਆਂ ਦਾ ਲੰਬਾ ਕਾਫ਼ਲਾ ਸ਼ਹਿਰ ਵਿੱਚ ਪਹੁੰਚਣ ਲੱਗਾ ਸੀ। ਲੁਈਸਵਿਲ, ਕੇਂਟੁਕੀ, ਅਟਲਾਂਟਾ, ਜਾਰਜੀਆ ਅਤੇ ਸਕ੍ਰੇਟਨ ਵਰਗੇ ਸ਼ਹਿਰਾਂ ਤੋਂ ਗੱਡੀਆਂ ਦਾ ਕਾਫ਼ਲਾ ਨਿਕਲਣ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਨਜ਼ਰ ਆਉਣ ਲੱਗੀਆਂ ਸਨ।

ਇੱਕ ਵਿਅਕਤੀ ਨੇ ਕਰੀਬ ਦੋ ਦਰਜਨ ਸਮਰਥੱਕਾਂ ਦੇ ਨਾਲ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, "ਅਸੀਂ ਲੋਕ ਰਾਹ ਵਿੱਚ ਹਾਂ।"

ਨੌਰਥ ਕੈਰੋਲੀਨਾ ਦੇ ਆਈਕੀਆ ਪਾਰਕਿੰਗ ਵਿੱਚ ਇੱਕ ਸ਼ਖ਼ਸ ਨੇ ਆਪਣੇ ਟਰੱਕ ਦੀ ਤਸਵੀਰ ਦੇ ਨਾਲ ਲਿਖਿਆ, "ਝੰਡਾ ਥੋੜਾ ਖਿੰਡਿਆ ਹੋਇਆ ਹੈ ਪਰ ਅਸੀਂ ਇਸ ਨੂੰ ਲੜਾਈ ਦਾ ਝੰਡਾ ਕਹਿ ਰਹੇ ਹਾਂ।"

ਪਰ ਇਹ ਸਪੱਸ਼ਟ ਸੀ ਕਿ ਪੇਂਸ ਅਤੇ ਰਿਪਲਬੀਕਨ ਪਾਰਟੀ ਦੇ ਦੂਸਰੇ ਅਹਿਮ ਨੇਤਾ ਕਾਨੂੰਨ ਮੁਤਾਬਕ ਹੀ ਕੰਮ ਕਰਨਗੇ ਅਤੇ ਬਾਇਡਨ ਦੀ ਜਿੱਤ ਨੂੰ ਕਾਂਗਰਸ ਵਿੱਚ ਪ੍ਰਵਾਨ ਹੋਣ ਦੇਣਗੇ। ਅਜਿਹੇ ਵਿੱਚ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਵੀ ਜ਼ਹਿਰ ਉਗਲਿਆ ਜਾਣ ਲੱਗਿਆ।

ਵੁੱਡ ਨੇ ਉਨ੍ਹਾਂ ਲਈ ਟਵੀਟ ਕੀਤਾ, "ਪੇਂਸ ਰਾਸ਼ਟਰਧ੍ਰੋਹ ਦੇ ਮੁਕੱਦਮੇ ਦਾ ਸਾਹਮਣਆ ਕਰਨਗੇ ਅਤੇ ਜੇਲ੍ਹ ਵਿੱਚ ਹੋਣਗੇ। ਉਨ੍ਹਾਂ ਨੂੰ ਫ਼ਾਇਰਿੰਗ ਦਸਤੇ ਵਲੋਂ ਫ਼ਾਂਸੀ ਦਿੱਤੀ ਜਾਵੇਗੀ।"

ਟਰੰਪ ਸਮਰਥਕਾਂ ਵਿੱਚ ਆਨਲਾਈਨ ਚਰਚਾਵਾਂ ਵਿੱਚ ਗੁੱਸਾ ਵੱਧਣ ਲੱਗਿਆ ਸੀ। ਲੋਕ ਬੰਦੂਕਾਂ, ਜੰਗ ਅਤੇ ਹਿੰਸਾ ਦੀ ਗੱਲ ਕਰਨ ਲੱਗੇ ਸਨ।

ਟਰੰਪ ਸਮਰਥਕਾਂ ਦੇ ਦਰਮਿਆਨ ਮਸ਼ਹੂਰ ਗੈਬ ਅਤੇ ਪਾਰਲਰ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਇਲਾਵਾ ਹੋਰ ਥਾਵਾਂ 'ਤੇ ਵੀ ਅਜਿਹੀਆਂ ਗੱਲਾਂ ਮੌਜੂਦ ਸਨ।

ਪ੍ਰਾਊਡ ਬੁਆਏਜ਼ ਦੇ ਸਮੂਹ ਵਿੱਚ ਪਹਿਲਾਂ ਮੈਂਬਰ ਪੁਲਿਸ ਬੱਲ ਦੇ ਨਾਲ ਸਨ ਪਰ ਬਾਅਦ ਵਿੱਚ ਉਹ ਅਧਿਕਾਰੀਆਂ ਦੇ ਵਿਰੁੱਧ ਵੀ ਲਿਖਣ ਲੱਗੇ ਸਨ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਅਧਿਕਾਰੀਆਂ ਦਾ ਸਾਥ ਹੁਣ ਨਹੀਂ ਮਿਲ ਰਿਹਾ ਹੈ।

ਟਰੰਪ ਸਮਰਥਕਾਂ ਵਿੱਚ ਮਸ਼ਹੂਰ ਵੈੱਬਸਾਈਟ 'ਦਿ ਡੌਨਲਡ' 'ਤੇ ਪੁਲਿਸ ਬੈਰੀਕੇਡ ਤੋੜਨ, ਬੰਦੂਕਾਂ ਅਤੇ ਦੂਸਰੇ ਹਥਿਆਰ ਰੱਖਣ, ਬੰਦੂਕਾਂ ਸੰਬੰਧੀ ਵਾਸ਼ਿੰਗਟਨ ਵਿੱਚ ਸਖ਼ਤ ਕਾਨੂੰਨਾਂ ਦੀ ਉਲੰਘਣਾ ਬਾਰੇ ਖੁੱਲ੍ਹੇ ਆਮ ਚਰਚਾ ਹੋ ਰਹੀ ਸੀ।

ਕੈਪੀਟੋਲ ਬਿਲਡਿੰਗ ਵਿੱਚ ਰੌਲਾ ਪਾਉਣ ਅਤੇ ਕਾਂਗਰਸ ਦੇ ਦੇਸ਼ਧ੍ਰੋਹੀ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਦੀਆਂ ਗੱਲਾਂ ਹੋ ਰਹੀਆਂ ਸਨ।

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Getty Images

ਛੇ ਜਨਵਰੀ ਨੂੰ, ਯਾਨੀ ਬੁੱਧਵਾਰ ਨੂੰ ਟਰੰਪ ਨੇ ਵਾਈਟ੍ਹ ਹਾਊਸ ਦੇ ਸੱਜੇ ਪਾਸੇ ਸਥਿਤ ਇਲਿਪਸ ਪਾਰਕ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨੂੰ ਇੱਕ ਘੰਟੇ ਤੋਂ ਵੀ ਵੱਧ ਸਮੇਂ ਲਈ ਸੰਬੋਧਿਤ ਕੀਤਾ ਸੀ।

ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਸ਼ਾਂਤੀਪੂਰਣ ਅਤੇ ਦੇਸ਼ਭਗਤੀ ਨਾਲ ਤੁਸੀਂ ਗੱਲ ਕਹੋਗੇ ਤਾਂ ਉਹ ਸੁਣੀ ਜਾਵੇਗੀ।

ਪਰ ਆਖ਼ੀਰ ਤੱਕ ਆਉਂਦੇ ਆਉਂਦੇ ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ, "ਸਾਨੂੰ ਪੂਰੇ ਜ਼ੋਰ ਨਾਲ ਲੜਨਾ ਪਵੇਗਾ, ਜੇ ਅਸੀਂ ਪੂਰੇ ਜ਼ੋਰ ਨਾਲ ਨਾ ਲੱੜੇ ਤਾਂ ਤੁਸੀਂ ਆਪਣਾ ਦੇਸ ਗੁਆ ਦੇਵੋਗੇ। ਇਸ ਲਈ ਅਸੀਂ ਜਾ ਰਹੇ ਹਾਂ। ਅਸੀਂ ਪੈਨਸਿਲਵੇਨੀਆ ਐਵੀਨਿਊ ਜਾ ਰਹੇ ਹਾਂ ਅਤੇ ਅਸੀਂ ਕੈਪੀਟਲ ਬਿਲਡਿੰਗ ਜਾ ਰਹੇ ਹਾਂ।"

ਕੁਝ ਮਾਹਰਾਂ ਮੁਤਾਬਕ ਉਸ ਦਿਨ ਹਿੰਸਾਂ ਦਾ ਡਰ ਬਿਲਕੁਲ ਸਪੱਸ਼ਟ ਸੀ। ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਕਾਰਜਕਾਲ ਵਿੱਚ ਅੰਦਰੂਨੀ ਸੁਰੱਖਿਆ ਦੇ ਮੰਤਰੀ ਰਹੇ ਮਾਈਕਲ ਚੇਰਟੌਫ਼ ਉਸ ਦਿਨ ਹੋਈ ਹਿੰਸਾ ਲਈ ਕੈਪੀਟਲ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

ਕਥਿਤ ਤੌਰ 'ਤੇ ਕੈਪੀਟਲ ਪੁਲਿਸ ਨੇ ਨੈਸ਼ਨਲ ਗਾਰਡ ਦੀ ਮਦਦ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਸੀ।

ਮਾਈਕਲ ਇਸ ਨੂੰ ਕੈਪੀਟਲ ਪੁਲਿਸ ਦੀ ਸਭ ਤੋਂ ਵੱਡੀ ਨਾਕਾਮੀ ਦੱਸਦੇ ਹੋਏ ਕਹਿੰਦੇ ਹਨ, "ਮੈਂ ਜਿਥੋਂ ਤੱਕ ਸੋਚ ਪਾ ਰਿਹਾਂ ਹਾਂ, ਇਸ ਤੋਂ ਵੱਡੀ ਨਾਕਾਮੀ ਹੋਰ ਕੀ ਹੋਵੇਗੀ। ਇਸ ਦੌਰਾਨ ਹਿੰਸਾ ਹੋਣ ਦੇ ਸ਼ੱਕ ਦਾ ਪਤਾ ਪਹਿਲਾਂ ਤੋਂ ਹੀ ਲੱਗ ਰਿਹਾ ਸੀ।"

"ਸਪੱਸ਼ਟਤਾ ਨਾਲ ਕਹਾਂ ਤਾਂ ਇਹ ਸੁਭਾਵਿਕ ਵੀ ਸੀ। ਜੇ ਤੁਸੀਂ ਅਖ਼ਬਾਰਾਂ ਪੜ੍ਹਦੇ ਹੋ, ਜਾਗਰੂਕ ਹੋ ਤਾਂ ਤੁਹਾਨੂੰ ਅੰਦਾਜ਼ਾ ਹੋਵੇਗਾ ਕਿ ਇਸ ਰੈਲੀ ਵਿੱਚ ਚੋਣਾਂ ਵਿੱਚ ਧਾਂਦਲੀ ਦੀ ਗੱਲ 'ਤੇ ਭਰੋਸਾ ਕਰਨ ਵਾਲੇ ਲੋਕ ਸਨ, ਕੁਝ ਇਸ ਵਿੱਚ ਕੱਟੜਪੰਥੀ ਸਨ, ਕੁਝ ਹਿੰਸਕ ਸਨ। ਲੋਕਾਂ ਨੇ ਖੁੱਲ੍ਹੇ ਤੌਰ 'ਤੇ ਬੰਦੂਕਾਂ ਲਿਆਉਣ ਦੀ ਅਪੀਲ ਕੀਤੀ ਹੋਈ ਸੀ।"

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Getty Images

ਇਸ ਸਭ ਤਂ ਬਾਅਦ ਵੀ, ਵਰਜੀਨੀਆ ਦੇ 68 ਸਾਲਾਂ ਦੇ ਰਿਪਬਲੀਕਨ ਸਮਰਥਕ ਜੇਮਸ ਕਲਾਰਕ ਵਰਗੇ ਅਮਰੀਕੀ ਬੁੱਧਵਾਰ ਦੀ ਘਟਨਾ 'ਤੇ ਹੈਰਾਨ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਬਹੁਤ ਦੁਖ਼ਦ ਸੀ। ਅਜਿਹਾ ਕੁਝ ਹੋਵੇਗਾ ਮੈਂ ਨਹੀਂ ਸੀ ਸੋਚਿਆ।"

ਪਰ ਅਜਿਹੀ ਹਿੰਸਾ ਦਾ ਡਰ ਕਈ ਹਫ਼ਤੇ ਪਹਿਲਾਂ ਹੀ ਬਣ ਗਿਆ ਸੀ। ਕੱਟੜਪੰਥੀ ਅਤੇ ਸਾਜ਼ਿਸ਼ ਰਚਨ ਵਾਲੇ ਸਮੂਹਾਂ ਨੂੰ ਭਰੋਸਾ ਸੀ ਕਿ ਚੋਣ ਨਤੀਜਿਆਂ ਵਿੱਚ ਧਾਂਦਲੀ ਹੋਈ ਹੈ।

ਆਨਲਾਈਨ ਦੁਨੀਆਂ ਵਿੱਚ ਇਹ ਲੋਕ ਲਗਾਤਾਰ ਨਾਲ ਹਥਿਆਰ ਰੱਖਣ ਅਤੇ ਹਿੰਸਾ ਦੀ ਗੱਲ ਕਰ ਰਹੇ ਸਨ। ਹੋ ਸਕਦਾ ਹੈ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਦੀਆਂ ਪੋਸਟਾਂ ਨੂੰ ਗੰਭੀਰਤਾ ਨਾਲ ਨਾ ਲਿਆ ਹੋਵੇ ਜਾਂ ਫ਼ਿਰ ਉਨਾਂ ਨੂੰ ਜਾਂਚ ਲਈ ਯੋਗ ਨਾ ਪਾਇਆ ਹੋਵੇ।

ਪਰ ਹੁਣ ਜੁਆਬਦੇਹ ਅਧਿਕਾਰੀਆਂ ਨੂੰ ਚੁੰਭਵੇਂ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।

ਜੋ ਬਾਈਡਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜੋ ਬਾਈਡਨ

ਜੋਅ ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਮਾਈਕ ਚੇਰਟੌਫ਼ ਆਸ ਕਰ ਰਹੇ ਹਨ ਕਿ ਸੁਰੱਖਿਆ ਬਲ ਬੁੱਧਵਾਰ ਦੇ ਮੁਕਾਬਲੇ ਕਿਤੇ ਵੱਧ ਚੌਕਸੀ ਨਾਲ ਤੈਨਾਤ ਹੋਣਗੇ।

ਹਾਲਾਂਕਿ ਹਾਲੇ ਵੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਹਿੰਸਾ ਅਤੇ ਰੁਕਾਵਟ ਪੈਦਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਇਸ ਸਭ ਦਰਮਿਆਨ ਮੀਡੀਆ ਪਲੇਟਫ਼ਾਰਮਾਂ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਇਨ੍ਹਾਂ ਲੋਕਾਂ ਨੇ ਸਾਜਿਸ਼ ਦੇ ਸਿਧਾਂਤ ਨੂੰ ਲੱਖਾਂ ਲੋਕਾਂ ਤੱਕ ਕਿਉਂ ਪਹੁੰਚਣ ਦਿੱਤਾ?

ਬੁੱਧਵਾਰ ਦੀ ਹਿੰਸਾ ਦੇ ਬਾਅਦ ਟਵਿੱਟਰ ਨੇ ਟਰੰਪ ਦੇ ਸਾਬਕਾ ਸਲਾਹਕਾਰ, ਫਲਿਨ, ਕ੍ਰੈਕਨ ਥਿਉਰੀ ਦੇਣ ਵਾਲੇ ਵਕੀਲ ਪਾਵੇਲ ਅਤੇ ਵੁੱਡ ਅਤੇ ਵਾਟਕਿੰਸ ਦੇ ਖਾਤੇ ਡੀਲੀਟ ਕਰ ਦਿੱਤੇ ਹਨ। ਇਸ ਦੇ ਬਾਅਦ ਟਰੰਪ ਦਾ ਅਕਾਉਂਟ ਵੀ ਬੰਦ ਕਰ ਦਿੱਤਾ ਗਿਆ ਹੈ।

ਕੈਪੀਟਲ ਬਿਲਡਿੰਗ ਵਿੱਚ ਹਿੰਸਾ ਕਰਨ ਵਾਲੇ ਲੋਕਾਂ ਦੀ ਗ੍ਰਿਫ਼ਤਾਰੀ ਜਾਰੀ ਹੈ। ਹਾਲਾਂਕਿ ਹਾਲੇ ਤੱਕ ਵੀ ਜ਼ਿਆਦਾਤਰ ਦੰਗਾਕਾਰੀ ਆਪਣੀ ਸਮਾਂਨਤਰ ਦੁਨੀਆਂ ਵਿੱਚ ਮੌਜੂਦ ਹਨ ਜਿਥੇ ਉਹ ਆਪਣੀ ਸੁਵਿਧਾ ਮੁਤਾਬਕ ਤੱਥ ਘੜ ਰਹੇ ਹਨ।

ਬੁੱਧਵਾਰ ਨੂੰ ਹੋਈ ਹਿੰਸਾ ਦੇ ਬਾਅਦ ਡੌਨਲਡ ਟਰੰਪ ਨੇ ਵੀਡੀਓ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਇਹ ਸਵੀਕਾਰ ਕੀਤਾ ਕਿ ਨਵਾਂ ਪ੍ਰਸ਼ਾਸਨ 20 ਜਨਵਰੀ ਨੂੰ ਆਪਣਾ ਕੰਮਕਾਜ ਸੰਭਾਲੇਗਾ।

ਅਮਰੀਕਾ ਵਿੱਚ ਹਿੰਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 65 ਦਿਨਾਂ ਦੇ ਬਾਅਦ ਦੰਗੀਆਂ ਦੇ ਸਮੂਹ ਨੇ ਅਮਰੀਕਾ ਦੀ ਕੈਪੀਟੋਲ ਬਿਲਡਿੰਗ ਨੂੰ ਤਹਿਸ ਨਹਿਸ ਕਰ ਦਿੱਤਾ

ਟਰੰਪ ਸਮਰਥਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀ ਨਵੀਂ ਤਰ੍ਹਾਂ ਦੇ ਸਪੱਸ਼ਟੀਕਨ ਦੇ ਰਹੇ ਹਨ। ਉਹ ਆਪਣੇ ਆਪ ਨੂੰ ਦਿਲਾਸਾ ਦੇ ਰਹੇ ਹਨ ਕਿ ਟਰੰਪ ਨੇ ਸੌਖਿਆ ਹਾਰ ਨਹੀਂ ਮੰਨਣੀ ਚਾਹੀਦੀ, ਉਨ੍ਹਾਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ।

ਇੰਨਾਂ ਹੀ ਨਹੀਂ ਟਰੰਪ ਸਮਰਥੱਕਾਂ ਦੀ ਇੱਕ ਥਿਉਰੀ ਇਹ ਵੀ ਚੱਲ ਰਹੀ ਹੈ ਕਿ ਇਹ ਵੀਡੀਓ ਟਰੰਪ ਦਾ ਹੈ ਹੀ ਨਹੀਂ, ਇਹ ਕੰਪਿਊਟਰ ਰਾਹੀਂ ਬਣਾਇਆ ਗਿਆ ਝੂਠਾ ਵੀਡੀਓ ਹੈ।

ਟਰੰਪ ਸਮਰਥਕ ਇਹ ਡਰ ਵੀ ਜਤਾ ਰਹੇ ਹਨ ਕਿ ਟਰੰਪ ਨੂੰ ਬੰਧਕ ਤਾਂ ਨਹੀਂ ਬਣਾ ਲਿਆ ਗਿਆ। ਹਾਲਾਂਕਿ ਟਰੰਪ ਦੇ ਬਹੁਤੇ ਪ੍ਰਸ਼ੰਸਕਾਂ ਨੂੰ ਹਾਲੇ ਵੀ ਭਰੋਸਾ ਹੈ ਕਿ ਟਰੰਪ ਰਾਸ਼ਟਰਪਤੀ ਬਣੇ ਰਹਿਣਗੇ।

ਡੌਨਲਡ ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨਿਊਯਾਰਕ ਟਾਈਮਜ਼ ਮੁਤਾਬਿਕ ਇਸ ਮੀਟਿੰਗ ਦੌਰਾਨ ਫ਼ਲਿਨ ਨੇ ਟਰੰਪ ਨੂੰ ਮਾਰਸ਼ਲ ਲਾਅ ਲਾਗੂ ਕਰਕੇ ਸੈਨਾਂ ਦੇ ਫ਼ਿਰ ਤੋਂ ਚੋਣਾਂ ਕਰਵਾਉਣ ਦੀ ਸਲਾਹ ਦਿੱਤੀ ਸੀ

ਇੰਨਾਂ ਵਿੱਚੋਂ ਕਿਸੇ ਵੀ ਗੱਲ ਦੇ ਸਬੂਤ ਮੌਜੂਦ ਨਹੀਂ ਹਨ ਪਰ ਇਸ ਤੋਂ ਇੱਕ ਗੱਲ ਜ਼ਰੂਰ ਸਾਬਤ ਹੁੰਦੀ ਹੈ। ਡੌਨਲਡ ਟਰੰਪ ਦਾ ਚਾਹੇ ਜੋ ਹੋਵੇ, ਅਮਰੀਕੀ ਕੈਪੀਟਲ ਬਿਲਡਿੰਗ ਵਿੱਚ ਹਿੰਸਾ ਕਰਨ ਵਾਲੇ ਲੋਕ ਆਉਣ ਵਾਲੇ ਦਿਨਾਂ ਵਿੱਚ ਸ਼ਾਂਤ ਨਹੀਂ ਹੋਣ ਵਾਲੇ, ਇਹ ਤੈਅ ਹੈ।

ਓਲਗਾ ਰੌਬਿਨਸਨ ਅਤੇ ਜੈਕ ਹਾਰਟਨ ਦੀ ਐਡੀਸ਼ਨਲ ਰਿਪੋਰਟਿੰਗ ਨਾਲ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)