ਰਜਨੀ ਚੈਂਡੀ: 69 ਸਾਲਾਂ ਭਾਰਤੀ ਅਭਿਨੇਤਰੀ ਨੂੰ ਕਿਹੜੀਆਂ ਤਸਵੀਰਾਂ ਲਈ ਟਰੋਲ ਕੀਤਾ ਜਾ ਰਿਹਾ

ਤਸਵੀਰ ਸਰੋਤ, ATHIRA JOY
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਰਜਨੀ ਚੈਂਡੀ ਨੇ ਆਪਣੇ ਆਕਰਸ਼ਕ ਫ਼ੋਟੋਸ਼ੂਟ ਦੀਆਂ ਤਸਵੀਰਾਂ ਫ਼ੇਸਬੁੱਕ 'ਤੇ ਸਾਂਝੀਆਂ ਕੀਤੀਆਂ ਉਨ੍ਹਾਂ ਨੂੰ ਅੰਦਾਜਾ ਨਹੀਂ ਸੀ ਕਿ ਇਹ ਵਾਇਰਲ ਹੋ ਜਾਣਗੀਆਂ ਅਤੇ ਅਨੈਤਿਕ ਟਰੋਲਾਂ ਦਾ ਧਿਆਨ ਖਿੱਚਣਗੀਆਂ।
ਤਸਵੀਰਾਂ ਵਿੱਚ 69 ਸਾਲਾਂ ਘਰੇਲੂ ਔਰਤ ਜੋ ਅਭਿਨੇਤਰੀ ਵੀ ਹਨ ਤੇ ਆਮ ਤੌਰ 'ਤੇ ਰੰਗਦਾਰ ਖ਼ੂਬਸੂਰਤ ਸਾੜੀਆਂ ਪਹਿਨਦੇ ਹਨ ਉਹ ਜੰਪ-ਸੂਟ, ਲੰਬੀ ਪੌਸ਼ਾਕ, ਡਿਸਟਰੈਸਡ ਜੀਨਜ਼ (ਡਿਜ਼ਾਈਨਿੰਗ ਲਈ ਕੱਟ ਲੱਗੀ ਹੋਈ ਜੀਨਜ਼), ਇੱਕ ਛੋਟੀ ਡੈਨਿਮ ਪੌਸ਼ਾਕ ਪਹਿਨੇ ਨਜ਼ਰ ਆਉਂਦੇ ਹਨ। ਕਈ ਤਸਵੀਰਾਂ ਵਿੱਚ ਉਨ੍ਹਾਂ ਨੇ ਆਪਣੇ ਬਗ਼ੀਚੇ ਵਿੱਚੋਂ ਤੋੜੇ ਤਾਜ਼ਾ ਸਫ਼ੇਦ ਫ਼ੁੱਲਾਂ ਦਾ ਬਣਿਆ ਤਾਜ਼ ਪਹਿਨਿਆ ਹੋਇਆ ਹੈ।
ਭਾਰਤ ਦੇ ਦੱਖਣੀ ਸੂਬੇ ਕੇਰਲਾ ਜਿਥੇ ਉਹ ਰਹਿੰਦੇ ਹਨ, ਦੇ ਸਥਾਨਕ ਮੀਡੀਆ ਵਲੋਂ ਉਨ੍ਹਾਂ ਨੂੰ 'ਦਲੇਰ ਅਤੇ ਖ਼ੂਬਸੂਰਤ' ਕਿਹਾ ਗਿਆ। ਇਸ ਫ਼ੋਟੋਸ਼ੂਟ ਨੇ ਰੂੜੀਵਾਦੀ ਸੂਬੇ ਜਿਥੇ ਬਹੁਤੀਆਂ ਔਰਤਾਂ ਹਾਲੇ ਵੀ ਸਾੜੀ ਜਾਂ ਰਵਾਇਤੀ ਪੌਸ਼ਾਕ ਲੰਬੀ ਸਕਰਟ ਪਹਿਨਦੀਆਂ ਹਨ, ਵਿੱਚ ਕਈਆਂ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ:

ਤਸਵੀਰ ਸਰੋਤ, ATHIRA JOY
ਕਿਵੇਂ ਆਇਆ ਫ਼ੋਟੋਸ਼ੂਟ ਦਾ ਆਈਡਿਆ?
ਚੈਂਡੀ ਨੇ ਬੀਬੀਸੀ ਨੂੰ ਦੱਸਿਆ ਕਿ ਫ਼ੋਟੋਸ਼ੂਟ ਦਾ ਵਿਚਾਰ ਆਪਣੇ ਗ਼ੈਰ-ਰਵਾਇਤੀ ਕੰਮ ਲਈ ਜਾਣੇ ਜਾਂਦੇ 29 ਸਾਲਾ ਫ਼ੋਟੋਗ੍ਰਾਫ਼ਰ ਆਥੀਰਾ ਜੁਆਏ ਦਾ ਸੀ।
ਜੁਆਏ ਕਹਿੰਦੇ ਹਨ ਕਿ ਜਿਸ ਗੱਲ ਨੇ ਉਨ੍ਹਾਂ ਨੂੰ ਅਭਿਨੇਤਰੀ ਵੱਲ ਆਕਰਸ਼ਤ ਕੀਤਾ ਉਹ ਸੀ ਕਿ ਕਿਸ ਤਰ੍ਹਾਂ ਚੈਂਡੀ ਉਨ੍ਹਾਂ ਦੀ ਆਪਣੀ ਮਾਂ ਤੋਂ ਬਹੁਤ ਵੱਖ ਸੀ।
ਉਹ ਕਹਿੰਦੇ ਹਨ, "ਭਾਰਤੀ ਔਰਤਾਂ ਵਿਆਹ ਪ੍ਰਣਾਲੀ ਵਿੱਚ ਬੰਦ ਆਪਣੀ ਜ਼ਿੰਦਗੀ ਗੁਜ਼ਾਰਦੀਆਂ ਹਨ ਅਤੇ ਇੱਕ ਪਰਿਵਾਰ ਨੂੰ ਪਾਲਦੀਆਂ ਹਨ। ਬਹੁਤੀਆਂ 60 ਸਾਲ ਦੀ ਉਮਰ ਵਿੱਚ ਜ਼ਿੰਦਗੀ 'ਤੇ ਛੱਡ ਦਿੰਦੀਆਂ ਹਨ। ਉਹ ਆਪਣੇ ਪੋਤੇ ਪੋਤੀਆਂ ਦੀ ਦੇਖ ਭਾਲ ਕਰਨ ਵਾਲੀਆਂ ਬਣਕੇ ਰਹਿ ਜਾਂਦੀਆਂ ਹਨ।"
ਉਹ ਦੱਸਦੇ ਹਨ, "ਉਨ੍ਹਾਂ ਦੀ 65 ਸਾਲਾ ਮਾਂ ਇੱਕ ਰਵਾਇਤੀ ਭਾਰਤੀ ਔਰਤ ਹੈ ਜੋ ਉਨਾਂ ਸਭ ਬੀਮਾਰੀਆਂ ਤੋਂ ਪੀੜਤ ਹੈ ਜਿਨਾਂ ਦਾ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਸਾਹਮਣਾ ਕਰਦੀਆਂ ਹਨ।"
"ਪਰ ਰਜਨੀ ਅਲੱਗ ਹੈ - ਉਹ ਆਪਣਾ ਧਿਆਨ ਰੱਖਦੇ ਹਨ, ਉਹ ਤੰਦਰੁਸਤ ਹਨ, ਉਹ ਦਲੇਰ ਹਨ, ਉਹ ਖ਼ੂਬਸੂਰਤ ਹਨ, ਉਹ ਫ਼ੈਸ਼ਨਪ੍ਰਸਤ ਹਨ। ਉਨ੍ਹਾਂ ਦੀ ਉਮਰ 69 ਸਾਲ ਹੈ ਪਰ ਆਪਣੇ ਮਨ ਤੋਂ ਉਹ 29 ਸਾਲਾਂ ਦੇ ਹਨ, ਮੇਰੇ ਜਿੰਨੇ ਹੀ।"
ਚੈਂਡੀ ਰਵਾਇਤੀ ਕੇਰਲ ਸਮਾਜ ਤੋਂ ਹਮੇਸ਼ਾਂ ਬਾਹਰ ਹੀ ਰਹੇ।
ਕਈ ਦਹਾਕੇ ਮੁੰਬਈ ਜਿਥੇ ਉਨ੍ਹਾਂ ਦੇ ਪਤੀ ਇੱਕ ਵਿਦੇਸ਼ੀ ਬੈਂਕ ਵਿੱਚ ਕੰਮ ਕਰਦੇ ਵਿੱਚ ਬਿਤਾਉਣ ਤੋਂ ਬਾਅਦ ਉਹ 1995 ਵਿੱਚ ਕੇਰਲ ਵਾਪਸ ਆਏ। ਉਸ ਦੌਰ ਵਿੱਚ ਜਦੋਂ ਉਹ ਜੀਨਜ਼ ਪਹਿਨਕੇ ਅਤੇ ਲਿਪਸਟਿਕ ਲਗਾਕੇ ਬਾਹਰ ਜਾਂਦੇ ਤਾਂ ਲੋਕ ਉਨ੍ਹਾਂ ਵੱਲ ਦੇਖਦੇ ਸਨ। ਉਨ੍ਹਾਂ ਨੇ ਮੈਨੂੰ ਦੱਸਿਆ ਇੱਕ ਵਾਰ ਤਾਂ ਬਗ਼ੈਰ ਬਾਹਾਂ ਦਾ ਬਲਾਊਜ਼ ਪਹਿਨਣ ਲਈ ਉਨ੍ਹਾਂ ਨੂੰ ਵਰਜ਼ਿਆ ਗਿਆ।
ਬੀਤੇ ਸਮੇਂ ਵਿੱਚ ਆਪਣੀ ਗ਼ੈਰ-ਰਵਾਇਤੀ ਚੋਣਾਂ ਕਰਕੇ ਉਹ ਖ਼ਬਰਾਂ ਵਿੱਚ ਰਹੇ। ਸਾਲ 2016 ਵਿੱਚ 65 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮਲਿਆਲਮ ਭਾਸ਼ਾ ਦੇ ਇੱਕ ਹਾਸਰਸ ਡਰਾਮੇ 'ਉਰੂ ਮੂਥਾਸੀ ਗਾਧਾ (ਇੱਕ ਦਾਦੀ ਦੀ ਸੋਟੀ)' ਵਿੱਚ ਅਭਿਨੇਤਰੀ ਵਜੋਂ ਸ਼ੁਰੂਆਤ ਕੀਤੀ।
ਉਸਤੋਂ ਬਾਅਦ ਉਹ ਦੋ ਹੋਰ ਫ਼ਿਲਮਾਂ ਵਿੱਚ ਨਜ਼ਰ ਆਏ ਅਤੇ ਪਿਛਲੇ ਸਾਲ ਉਨ੍ਹਾਂ ਨੇ ਬਿੱਗ ਬੌਸ (ਬਿੱਗ ਬਰਦਰ ਦਾ ਮਲਿਆਲਮ ਸੰਸਕਰਨ) ਦੇ ਦੂਜੇ ਸੀਜ਼ਨ ਵਿੱਚ ਵੀ ਹਿੱਸਾ ਲਿਆ।

ਤਸਵੀਰ ਸਰੋਤ, ATHIRA JOY
ਕਿਉਂ ਖਿੱਚਵਾਈਆਂ ਇਹ ਤਸਵੀਰਾਂ?
ਚੈਂਡੀ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਤਸਵੀਰਾਂ ਵੱਡੀ ਉਮਰ ਦੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਖਿੱਚਵਾਈਆਂ ਸਨ ਕਿ ਉਹ ਵਿਸ਼ਵਾਸ ਕਰਨ ਕਿ ਹਾਲੇ ਵੀ ਜ਼ਿੰਦਗੀ ਨੂੰ ਮਾਣ ਸਕਦੇ ਹਨ।
ਉਹ ਕਹਿੰਦੇ ਹਨ, "ਬਹੁਤੇ ਨੌਜਵਾਨ ਜੋੜੇ ਆਪਣੀ ਜਵਾਨੀ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਗੁਜ਼ਾਰ ਦਿੰਦੇ ਹਨ। ਉਹ ਆਪਣੀਆਂ ਇੱਛਾਵਾਂ ਨੂੰ ਪਿੱਛੇ ਧੱਕ ਦਿੰਦੇ ਹਨ ਅਤੇ ਫ਼ਿਰ ਅਹਿਸਾਸ ਹੁੰਦਾ ਹੈ ਆਪਣੇ ਸੁਫ਼ਨੇ ਪੂਰੇ ਕਰਨ ਲਈ ਬਹੁਤ ਦੇਰੀ ਹੋ ਚੁੱਕੀ ਹੈ, ਕਿਉਂਕਿ ਉਨ੍ਹਾਂ ਨੂੰ ਚਿੰਤਾ ਹੁੰਦੀ ਹੈ ਕਿ ਸਮਾਜ ਕੀ ਕਹੇਗਾ। ਮੇਰਾ ਯਕੀਨ ਹੈ ਕਿ ਜੋ ਤੁਸੀਂ ਚਾਹੁੰਦੇ ਹੋ ਅਜਿਹਾ ਕਰਨਾ ਠੀਕ ਹੈ ਜਦੋਂ ਤੱਕ ਤੁਸੀਂ ਕਿਸੇ ਨੂੰ ਤਕਲੀਫ਼ ਨਹੀਂ ਦੇ ਰਹੇ।"
"ਮੈਂ ਆਪਣੀਆਂ ਸਾਰੀਆਂ ਪਰਿਵਾਰਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਅਤੇ ਹੁਣ ਮੈਂ ਬਸ ਉਹ ਕਰਦੀ ਹਾਂ ਜੋ ਮੈਨੂੰ ਖ਼ੁਸ਼ੀ ਦਿੰਦਾ ਹੈ। ਮੈਂ ਡਰੱਮ ਵਜਾਉਣਾ ਸਿੱਖ ਰਹੀ ਹਾਂ, ਮੇਰਾ ਉਦੇਸ਼ ਨਿਪੁੰਨਤਾ ਨਹੀਂ, ਮੈਂ ਬਸ ਮਜ਼ਾ ਕਰ ਰਹੀ ਹਾਂ।"
ਫ਼ੋਟੋਸ਼ੂਟ ਦਾ ਮਤਲਬ ਵੀ ਬਸ ਮਜ਼ਾ ਹੀ ਸੀ।
ਚੈਂਡੀ ਨੇ ਮੈਨੂੰ ਦੱਸਿਆ," ਦਸੰਬਰ ਵਿੱਚ ਆਥੀਰਾ ਨੇ ਮੈਨੂੰ ਪੁੱਛਿਆ ਜੇ ਮੈਂ ਫ਼ੋਟੋਸ਼ੂਟ ਵਿੱਚ ਦਿਲਚਸਪ ਹੋਵਾਂ ਅਤੇ ਮੈਨੂੰ ਪੱਛਮੀ ਕੱਪੜੇ ਪਹਿਨਣ ਵਿੱਚ ਕੋਈ ਦਿੱਕਤ ਤਾਂ ਨਹੀਂ। ਮੈਂ ਕਿਹਾ ਨਹੀਂ, ਮੈਂ ਉਨ੍ਹਾਂ ਨੂੰ ਹਰ ਵਕਤ ਪਹਿਨਦੀ ਸੀ ਜਦੋਂ ਮੈਂ ਜਵਾਨ ਸੀ। ਮੈਂ ਉਸ ਨੂੰ ਦੱਸਿਆ ਕਿ ਮੇਰੇ ਕੋਲ ਤਾਂ ਇੱਕ ਤਸਵੀਰ ਹੈ ਜਿਸ ਵਿੱਚ ਮੈਂ ਸਵਿਮਸੂਟ ਪਹਿਨਿਆ ਹੋਇਆ ਹੈ।"
ਚੈਂਡੀ ਨੇ ਕਿਹਾ, ਉਨ੍ਹਾਂ ਨੂੰ ਅਥੀਰਾ ਦਾ ਪ੍ਰਸਤਾਵ ਦਿਲਚਸਪ ਲੱਗਿਆ। ਆਪਣੀ ਵਿਦੇਸ਼ ਯਾਤਰਾਵਾਂ ਹਨ ਮੈਂ ਉਨ੍ਹਾਂ ਬਜ਼ੁਰਗ ਔਰਤਾਂ ਦੀ ਤਾਰੀਫ਼ ਕਰਦੀ ਸੀ ਜਿਹੜੀਆਂ ਚੰਗੀ ਤਰ੍ਹਾਂ ਸੰਵਰਕੇ ਰਹਿੰਦੀਆਂ ਸਨ।
"ਪਰ ਮੈਂ ਉਸ ਨੂੰ ਕਿਹਾ ਕਿ ਮੈਂ ਕਰਾਂਗੀ ਜੇ ਮੇਰੇ ਪਤੀ ਨੇ ਪ੍ਰਵਾਨਗੀ ਦਿੱਤੀ। ਇਸ ਲਈ ਉਸਨੇ ਉਨ੍ਹਾਂ ਨੂੰ ਆਗਿਆ ਲਈ ਪੁੱਛਿਆ ਅਤੇ ਉਨ੍ਹਾਂ ਨੇ ਕਿਹਾ: ਇਹ ਉਸਦੀ ਜ਼ਿੰਦਗੀ ਹੈ। ਜੇ ਉਹ ਕਰਨਾ ਚਾਹੁੰਦੀ ਹੈ ਤਾਂ ਮੈਂ ਇਸ ਨਾਲ ਸਹਿਮਤ ਹਾਂ।"
ਇਹ ਵੀ ਪੜ੍ਹੋ

ਤਸਵੀਰ ਸਰੋਤ, ATHIRA JOY
ਕਪੜੇ ਵੇਖ ਕੇ ਕੀ ਸੀ ਚੈਂਡੀ ਦਾ ਰਿਐਕਸ਼ਨ?
ਚੈਂਡੀ ਕਹਿੰਦੇ ਹਨ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਕੱਪੜੇ ਦੇਖੇ, ਅਥੀਰਾ ਨੇ ਇੱਕ ਸਥਾਨਕ ਬੁਟੀਕ ਤੋਂ ਕਿਰਾਏ 'ਤੇ ਲਈ ਸਨ, ਉਹ ਹੈਰਾਨ ਹੋ ਗਏ।
"ਮੈਂ ਲੰਬੇ ਸਮੇਂ ਤੋਂ ਇਸ ਤਰ੍ਹਾਂ ਸੈਕਸੀ ਤਰੀਕੇ ਨਾਲ ਤਿਆਰ ਨਹੀਂ ਸੀ ਹੋਈ। ਪਰ ਇੱਕ ਵਾਰ ਜਦੋਂ ਮੈਂ ਉਹ ਪਹਿਨੇ ਤਾਂ ਮੈਂ ਠੀਕ ਸੀ।"
ਪਿਛਲੇ ਮਹੀਨੇ ਦੇ ਅਖ਼ੀਰ ਵਿੱਚ ਚੈਂਡੀ ਦੇ ਵਿਸ਼ਾਲ ਘਰ ਵਿੱਚ 20 ਤਸਵੀਰਾਂ ਲਈਆਂ ਗਈਆਂ।
ਪਿਛਏ ਹਫ਼ਤੇ ਜਦੋਂ ਤਸਵੀਰਾਂ ਫ਼ੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਗਈਆਂ ਤਾਂ ਫ਼ੁੱਲ ਅਤੇ ਇੱਟਾਂ ਆਉਣ ਲੱਗੀਆਂ ਅਤੇ ਸਥਾਨਕ ਮੀਡੀਆ ਨੇ ਤਸਵੀਰਾਂ ਛਾਪੀਆਂ।
ਉਥੇ ਹਜ਼ਾਰਾਂ ਹੀ ਤਾਰੀਫ਼ ਭਰੇ ਕੰਮੈਂਟ ਸਨ, ਲੋਕ ਕਹਿ ਰਹੇ ਸਨ "ਤੁਸੀਂ ਸਾਬਤ ਕਰ ਦਿੱਤਾ ਉਮਰ ਮਹਿਜ਼ ਇੱਕ ਨੰਬਰ ਹੈ", ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ "ਦਲੇਰ", "ਬੇਹੱਦ ਖ਼ੂਬਸੂਰਤ", "ਹੌਟ" ਅਤੇ "ਸੁੰਦਰ" ਕਿਹਾ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ "ਹੌਸਲੇ" ਲਈ ਉਨ੍ਹਾਂ ਦੀ ਤਾਰੀਫ਼ ਕੀਤੀ, ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਫ਼ੋਨ ਨੰਬਰ ਲਿਆ, ਉਨ੍ਹਾਂ ਨੂੰ ਫ਼ੋਨ ਜਾਂ ਵੱਟਸਐਪ ਜ਼ਰੀਏ ਕਿਹਾ, "ਤੁਸੀਂ ਬਹੁਤ ਸ਼ਾਨਦਾਰ ਅੰਟੀ ਲੱਗਦੇ ਹੋ"।
ਪਰ ਜਲਦ ਹੀ ਇਸ ਦੇ ਉੱਲਟ ਜੁਆਬੀ ਕਾਰਵਾਈ ਸ਼ੁਰੂ ਹੋਈ ਅਤੇ ਇਹ ਲਗਾਤਾਰ ਚੱਲਦੀ ਰਹੀ।

ਤਸਵੀਰ ਸਰੋਤ, RAJINI CHANDY
ਕਿਉਂ ਚੈਂਡੀ ਨੂੰ ਕੀਤਾ ਗਿਆ ਟ੍ਰੋਲ?
"ਮੈਂਨੂੰ ਵੇਸਵਾ ਕਿਹਾ ਗਿਆ"। ਕਿਸੇ ਨੇ ਮੈਨੂੰ ਪੁੱਛਿਆ, 'ਕੀ ਮੈਂ ਹਾਲੇ ਮਰੀ ਨਹੀਂ?' ਇੱਕ ਹੋਰ ਨੇ ਮੈਨੂੰ ਸਲਾਹ ਦਿੱਤੀ ਕਿ 'ਮੈਂ ਘਰ ਬੈਠ ਜਾਵਾਂ ਅਤੇ ਬਾਈਬਲ ਪੜ੍ਹਾਂ। ਇਹ ਤੁਹਾਡੀ ਅਰਦਾਸ ਕਰਨ ਦੀ ਉਮਰ ਹੈ, ਆਪਣਾ ਸਰੀਰ ਨਾ ਦਿਖਾਓ।' ਹਾਲੇ ਇੱਕ ਹੋਰ ਨੇ ਮੈਨੂੰ ਕਿਹਾ ਕਿ ਮੈਂ ਇੱਕ ਪੁਰਾਣਾ ਆਟੋਰਿਕਸ਼ਾ ਹਾਂ ਅਤੇ ਚਾਹੇ ਮੈਂ ਇੱਕ ਨਵਾਂ ਕੋਟ ਪੈਂਟ ਪਹਿਨ ਲਵਾਂ, ਮੈਂ ਫ਼ਿਰ ਵੀ ਬੁੱਢੀ ਹੀ ਰਹਾਂਗੀ।'
ਟ੍ਰੋਲ ਅਸਲ 'ਚ ਦੋ ਤਸਵੀਰਾਂ ਤੋਂ ਸ਼ੁਰੂ ਹੋਏ, ਇੱਕ ਵਿੱਚ ਉਨ੍ਹਾਂ ਨੇ ਡਿਸਟਰੈਸਡ ਜੀਨਜ਼ ਪਹਿਨੀ ਹੋਈ ਹੈ ਅਤੇ ਲੱਤਾਂ ਖੋਲ੍ਹ ਕੇ ਬੈਠੇ ਹਨ, ਇਸ ਵਿੱਚ ਉਨ੍ਹਾਂ ਦਾ ਕਲੀਵੇਜ਼ ਵੀ ਨਜ਼ਰ ਆ ਰਿਹਾ ਹੈ। ਦੂਸਰੀ ਵਿੱਚ ਉਨ੍ਹਾਂ ਨੇ ਇੱਕ ਛੋਟੀ ਡੈਨਿਮ ਪੌਸ਼ਾਕ ਪਹਿਨੀ ਹੋਈ ਹੈ।
ਉਹ ਹੱਸਦੇ ਹਨ, " ਇਹ ਬਹੁਤ ਬੁਰੀ ਸੀ ਕਿਉਂਕਿ ਇਸ ਵਿੱਚ ਮੇਰੀਆਂ ਲੱਤਾਂ ਦਿੱਖ ਰਹੀਆਂ ਸਨ। ਪਰ ਮੇਰੀਆਂ ਲੱਤਾਂ ਚੰਗੀਆਂ ਹਨ, ਇਸ ਕਰਕੇ ਅਸਲ 'ਚ ਇਸਨੇ ਮੈਨੂੰ ਪਰੇਸ਼ਾਨ ਨਹੀਂ ਕੀਤਾ।"
ਇੱਕ ਪਲ ਬਾਅਦ ਉਨ੍ਹਾਂ ਨੇ ਮੰਨਿਆ ਕਿ ਕਿ ਲਗਾਤਾਰ ਟ੍ਰੋਲਿੰਗ ਅਤੇ ਨਾਕਾਰਤਮਕ ਕੁਮੈਂਟ ਉਨ੍ਹਾਂ ਲਈ ਆ ਰਹੇ ਹਨ। ਅਤੇ ਇੱਕ ਤੱਥ ਕਿ ਬਹੁਤਾ ਦੁਰਵਿਵਹਾਰ ਔਰਤਾਂ ਵਲੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ, "ਬਹੁਤ ਸਾਰੇ ਨੌਜਵਾਨ ਮਰਦਾਂ ਲਈ ਵੱਡੀ ਉਮਰ ਦੀਆਂ ਔਰਤਾਂ ਵਿੱਚ ਕਾਮੁਕਤਾ ਪਰੇਸ਼ਾਨੀ ਭਰੀ ਹੁੰਦੀ ਹੈ, ਉਹ ਉਨ੍ਹਾਂ ਨੂੰ ਇੱਛਾ ਦੀ ਕਿਸੇ ਚੀਜ਼ ਵਜੋਂ ਨਹੀਂ ਸੋਚਣਾ ਚਾਹੁੰਦੇ। ਪਰ ਜੋ ਮੈਨੂੰ ਬਹੁਤਾ ਹੈਰਾਨ ਕਰਨ ਵਾਲਾ ਲੱਗਿਆ ਉਹ ਸੀ ਕਿ ਬਹੁਤੇ ਨਾਕਾਰਤਮਕ ਕੁਮੈਂਟ ਔਰਤਾਂ ਦੁਆਰਾ ਕੀਤੀ ਗਏ ਸਨ।"
"ਮੈਨੂੰ ਲੱਗਦਾ ਹੈ ਇਹ ਈਰਖ਼ਾ ਦੀ ਭਾਵਨਾਂ ਵਿੱਚੋਂ ਪੈਦਾ ਹੋਇਆ ਹੈ, 40ਵਿਆਂ ਅਤੇ 50 ਵਿਆਂ ਵਿੱਚਲੀਆਂ ਔਰਤਾਂ ਜੋ ਆਪਣਾ ਧਿਆਨ ਹੀਂ ਰੱਖ ਸਕਦੀਆਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਕਿ ਇੱਕ ਬਜ਼ੁਰਗ ਔਰਤ ਆਪਣੀ ਖ਼ੂਬਸੂਰਤ ਦਿੱਖ ਦਾ ਪ੍ਰਦਰਸ਼ਨ ਕਰੇ।"
ਨਮੀਤਾ ਭੰਡਾਰੇ, ਇੱਕ ਨਿਊਜ਼ ਵੈੱਬਸਾਈਟ ਆਰਟੀਕਲ 14 ਵਿੱਚ ਜਿਨਸੀ ਮਾਮਲਿਆਂ ਦੇ ਸੰਪਾਦਕ ਹਨ, ਉਹ ਕਹਿੰਦੇ ਹਨ ਕਿ ਸ਼ਾਇਦ ਕੰਮੈਂਟ ਈਰਖ਼ਾ ਵਿੱਚੋਂ ਹੋਣ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਰੀਆਂ ਔਰਤਾਂ ਨਾਰੀਵਾਦੀ ਨਹੀਂ ਹਨ। "ਸਾਡੀਆਂ ਮਾਵਾਂ ਅਤੇ ਦਾਦੀਆਂ ਪਿੱਤਰਸੱਤਾ ਵਾਲੇ ਸਮਾਜ ਦੀਆਂ ਵੱਡੀਆਂ ਹਮਾਇਤੀ ਰਹੀਆਂ ਹਨ।"
ਉਹ ਕਹਿੰਦੇ ਹਨ, ਵਿਸ਼ਵੀ ਪੱਧਰ 'ਤੇ ਜਿਵੇਂ ਜਿਵੇਂ ਔਰਤਾਂ ਬਜ਼ੁਰਗ ਹੁੰਦੀਆਂ ਹਨ ਉਨ੍ਹਾਂ ਨੂੰ ਕਾਮੁਕਤਾ ਅਤੇ ਉਮਰ ਪੱਖੋਂ ਦੋਹਰੀ ਮਾਰ ਝੱਲਣੀ ਪੈਂਦੀ ਹੈ, ਪਰ ਭਾਰਤ ਵਿੱਚ ਪੱਛਮ ਦੇ ਉੱਲਟ, "ਅਸੀਂ ਬਜ਼ੁਰਗ ਔਰਤਾਂ ਨੂੰ ਹਾਸ਼ੀਏ 'ਤੇ ਨਹੀਂ ਧੱਕਦੇ"।
"ਮੈਨੂੰ ਲੱਗਦਾ ਹੈ ਕਿ ਭਾਰਤ ਵਿੱਚ ਵੱਧਦੀ ਉਮਰ ਕਿਸੇ ਹੱਦ ਤੱਕ ਔਰਤਾਂ ਲਈ ਫ਼ਾਇਦੇਮੰਦ ਹੈ। ਬਜ਼ੁਰਗ ਔਰਤਾਂ ਸਾਡੀਆਂ ਦਾਦੀਆਂ ਅਤੇ ਨਾਨੀਆਂ ਪਰਿਵਾਰ ਵਿੱਚ ਇੱਕ ਰ਼ੁਤਬਾ ਮਾਣਦੀਆਂ ਹਨ।
ਅਤੇ ਫ਼ਿਰ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਉਹ ਰੂੜੀਵਾਦੀ ਹਨ। ਉਨ੍ਹਾਂ ਦਾ ਪਹਿਰਾਵਾ ਸਾਦਾ ਹੈ, ਜੇ ਉਹ ਵਿਧਵਾ ਹਨ ਤਾਂ ਸਫ਼ੇਦ ਕੱਪੜੇ ਪਹਿਨਦੀਆਂ ਹਨ, ਅਤੇ ਉਨ੍ਹਾਂ ਦੇ ਜਿਨਸੀ ਸਬੰਧ ਨਹੀਂ ਹੁੰਦੇ।
"ਹੁਣ ਜੇ ਇੱਕ ਦਾਦੀ ਆਪਣਾ ਗਲਮਾਂ ਦਿਖਾਉਂਦੀ ਹੈ ਜਾਂ ਆਪਣੀਆਂ ਲੱਤਾਂ ਦਿਖਾਉਂਦੀ ਹੈ, ਉਹ ਰੂੜੀਵਾਦੀ ਸੋਚ ਨੂੰ ਉਲਟਾ ਰਹੀ ਹੈ, ਉਹ ਸੀਮਾਂ ਤੋਂ ਬਾਹਰ ਪੈਰ ਰੱਖ ਰਹੀ ਹੈ ਅਤੇ ਫ਼ਿਰ ਉਹ ਇੱਕ ਨਿਰਪੱਖ ਖੇਡ ਹੈ।"
ਚੈਂਡੀ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੀ ਨਹੀਂ ਸੋਚਿਆ ਸੀ ਕਿ ਤਸਵੀਰਾਂ ਵਾਇਰਲ ਹੋ ਜਾਣਗੀਆਂ ਅਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਵੇਗਾ।
"ਮੈਂ ਸੱਚੀਂਓ ਖੁੱਲ੍ਹਕੇ ਬੋਲਣ ਵਾਲੀ ਹਾਂ ਸ਼ਾਇਸ ਇਸ ਕਰਕੇ ਬਹੁਤ ਲੋਕ ਮੈਨੂੰ ਪਸੰਦ ਨਹੀਂ ਕਰਦੇ। ਪਰ ਮੈਂ ਉਨ੍ਹਾਂ ਨੂੰ ਕਹਿੰਦੀ ਹਾਂ, ਆਪਣਾ ਸਮਾਂ ਮੇਰੇ 'ਤੇ ਬਰਬਾਦ ਕਰਨ ਦੀ ਬਜਾਇ, ਤੁਸੀਂ ਆਪਣੀ ਊਰਜਾ ਦੀ ਵਰਤੋਂ ਦੇਸ ਲਈ ਜਾਂ ਫ਼ਿਰ ਦੁਨੀਆਂ ਲਈ ਜਾਂ ਫ਼ਿਰ ਧਰਤੀ ਮਾਂ ਲਈ ਕੁਝ ਚੰਗਾ ਕਰਨ ਲਈ ਕਿਉਂ ਨਹੀਂ ਕਰਦੇ?"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












