ਪੈਰਾ ਓਲੰਪੀਅਨ ਦੀ ਮੌਤ: 'ਜਿਉਂਦੇ ਓਲੰਪੀਅਨ ਪੁੱਤਰ ਦੀ ਸਾਰ ਲਈ ਹੁੰਦੀ ਤਾਂ ਸ਼ਾਇਦ ਉਹ ਬੱਚ ਜਾਂਦਾ'

ਖਿਡਾਰੀ ਦੇ ਮਾਪੇ

ਤਸਵੀਰ ਸਰੋਤ, Gurminder Singh Grewal/BBC

ਤਸਵੀਰ ਕੈਪਸ਼ਨ, ਰਾਜਵੀਰ ਸਿੰਘ ਨੇ ਸਾਲ 2015 ਵਿੱਚ ਅਮਰੀਕਾ ਵਿੱਚ ਹੋਈਆਂ ਵਿਸ਼ੇਸ਼ ਉਲੰਪਿਕ ਖੇਡਾਂ ਦੇ ਸਾਈਕਲਿੰਗ ਈਵੈਂਟ ਵਿੱਚ ਦੋ ਗੋਲਡ ਮੈਡਲ ਜਿੱਤੇ ਸਨ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ, ਬੀਬੀਸੀ ਪੱਤਰਕਾਰ
    • ਰੋਲ, ਗੁਰਮਿੰਦਰ ਸਿੰਘ ਗਰੇਵਾਲ, ਬੀਬੀਸੀ ਪੰਜਾਬੀ ਲਈ

"ਮੇਰੇ ਨੌਜਵਾਨ ਪੁੱਤਰ ਦੇ ਤੁਰ ਜਾਣ ਮਗਰੋਂ ਹੁਣ ਪੰਜਾਬ ਸਰਕਾਰ ਨੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜੇਕਰ ਉਸ ਦੇ ਜਿਉਂਦੇ ਜੀਅ ਸਰਕਾਰ ਨੇ ਸਾਰ ਲਈ ਹੁੰਦੀ ਤਾਂ ਸ਼ਾਇਦ ਉਸ ਦੀ ਜਾਨ ਬੱਚ ਗਈ ਹੁੰਦੀ। ਮੇਰਾ ਪੁੱਤਰ ਸਰਕਾਰਾਂ ਦੇ ਲਾਰੇ ਦਿਲ ਵਿੱਚ ਲੈ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ।"

ਇਹ ਸ਼ਬਦ ਹਨ ਲੁਧਿਆਣਾ ਨੇੜਲੇ ਪਿੰਡ ਸਿਆੜ ਦੇ ਮਰਹੂਮ ਓਲੰਪੀਅਨ ਰਾਜਵੀਰ ਸਿੰਘ ਦੇ ਪਿਤਾ ਬਲਵੀਰ ਸਿੰਘ ਦੇ।

ਰਾਜਵੀਰ ਸਿੰਘ ਦੀ ਵੀਰਵਾਰ ਨੂੰ ਬਿਮਾਰੀ ਦੇ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਖੇਡ ਵਿਭਾਗ ਨੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਰਾਜਵੀਰ ਸਿੰਘ ਨੇ ਸਾਲ 2015 ਵਿੱਚ ਅਮਰੀਕਾ ਵਿੱਚ ਹੋਈਆਂ ਵਿਸ਼ੇਸ਼ ਉਲੰਪਿਕ ਖੇਡਾਂ ਦੇ ਸਾਈਕਲਿੰਗ ਈਵੈਂਟ ਵਿੱਚ ਦੋ ਗੋਲਡ ਮੈਡਲ ਜਿੱਤੇ ਸਨ ਅਤੇ ਇਸ ਦੇ ਬਦਲੇ ਉਸ ਨੂੰ ਉਸ ਸਮੇਂ ਦੀ ਸੂਬਾ ਸਰਕਾਰ (ਮੁੱਖ ਮੰਤਰੀ ) ਨੇ 30 ਲੱਖ ਰੁਪਏ ( 15 -15 ਲੱਖ ਇੱਕ ਮੈਡਲ ) ਦੇਣ ਦਾ ਵਾਅਦਾ ਸੀ।

ਪਰ ਸਰਕਾਰਾਂ ਦੀ ਬੇਰੁਖ਼ੀ ਕਾਰਨ ਇਹ ਵਾਅਦਾ ਵਫ਼ਾ ਨਹੀਂ ਹੋਇਆ ਅਤੇ ਬਿਮਾਰੀ ਕਾਰਨ ਮਹਿਜ਼ 21 ਸਾਲ ਦੀ ਉਮਰ ਵਿੱਚ ਰਾਜਵੀਰ ਜ਼ਿੰਦਗੀ ਤੋਂ ਹਾਰ ਗਿਆ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਪੈਰਾ ਓਲੰਪੀਅਨ ਦੀ ਮੌਤ: ‘ਪੁੱਤ ਨੂੰ ਚਪੜਾਸੀ ਹੀ ਲਾ ਦਿੰਦੇ, ਪੈਸਾ ਕਰ ਕਰਨਾ’

ਬਾਲਮਿਕੀ ਭਾਈਚਾਰੇ ਨਾਲ ਸਬੰਧਤ ਰਾਜਵੀਰ ਸਿੰਘ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ 2015 ਵਿੱਚ ਜਦੋਂ ਉਨ੍ਹਾਂ ਦੇ ਦਿਵਿਆਂਗ ਪੁੱਤਰ ਨੇ ਵਿਸ਼ੇਸ਼ ਉਲੰਪਿਕ ਦੇ ਸਾਈਕਲਿੰਗ ਵਰਗ ਵਿੱਚ ਦੋ ਗੋਲਡ ਮੈਡਲ ਜਿੱਤੇ ਸਨ ਤਾਂ ਲੱਗਦਾ ਸੀ ਕਿ ਘਰ ਦੀ ਗ਼ਰੀਬੀ ਦੂਰ ਹੋਵੇਗੀ।

ਉਨ੍ਹਾਂ ਨੇ ਕਿਹਾ, "ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਨੇ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ। ਮੰਤਰੀ ਅਤੇ ਵਿਧਾਇਕਾ ਨੇ ਸਾਡੇ ਨਾਲ ਵੱਡੇ-ਵੱਡੇ ਵਾਅਦੇ ਕੀਤੇ, ਫ਼ੋਟੋਆਂ ਖਿਚਵਾਈਆਂ ਪਰ ਕੁਝ ਨਹੀਂ ਹੋਇਆ, ਨਾ ਨੌਕਰੀ ਮਿਲੀ ਅਤੇ ਨਾ ਹੀ ਪੁੱਤਰ ਨੂੰ ਸੂਬਾ ਸਰਕਾਰ ਦੀ ਇਨਾਮੀ ਰਾਸ਼ੀ।"

"ਮੇਰਾ ਪੁੱਤਰ ਸਰਕਾਰਾਂ ਦੀ ਨੀਤੀਆਂ ਦੇ ਬੋਝ ਥੱਲੇ ਮਾਨਸਿਕ ਤੌਰ ਉੱਤੇ ਦੱਬਦਾ ਗਿਆ ਅਤੇ ਆਖ਼ਰ ਇਸ ਜਹਾਨ ਤੋਂ ਤੁਰ ਗਿਆ।"

ਪੇਸ਼ੇ ਤੋਂ ਰਾਜ ਮਿਸਤਰੀ ਬਲਵੀਰ ਸਿੰਘ ਨੇ ਦੱਸਿਆ ਕਿ ਮੈਡਲ ਜਿੱਤਣ ਤੋਂ ਬਾਅਦ ਵੀ ਜਦੋਂ ਕੋਈ ਨੌਕਰੀ ਰਾਜਵੀਰ ਨੂੰ ਨਹੀਂ ਮਿਲੀ ਤਾਂ ਉਹ ਉਨ੍ਹਾਂ ਨਾਲ ਦਿਹਾੜੀ ਕਰਨ ਲੱਗਾ।

ਜਿਸ ਸਮੇਂ ਬਲਵੀਰ ਸਿੰਘ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ।

'ਇਨਾਮੀ ਰਾਸ਼ੀ ਨਾਲ ਬਣੀ ਪੱਕੀ ਛੱਤ'

ਪਿੰਡ ਤੋਂ ਬਾਹਰ ਖੇਤਾਂ ਵਿੱਚ ਬਣੇ ਆਪਣੇ ਦੋ ਕਮਰਿਆਂ ਦੇ ਘਰ ਵੱਲ ਇਸ਼ਾਰੇ ਕਰ ਕੇ ਬਲਵੀਰ ਸਿੰਘ ਕਹਿੰਦੇ ਕਿ ਇਹ ਪੱਕੀ ਛੱਤ ਵੀ ਪੁੱਤਰ ਦੀਆਂ ਖੇਡਾਂ ਵਿੱਚ ਮਾਰੀਆਂ ਮੱਲਾਂ ਕਾਰਨ ਨਸੀਬ ਹੋਈ ਹੈ।

ਹੱਥ ਵਿੱਚ ਰਾਜਵੀਰ ਸਿੰਘ ਦੀ ਫ਼ੋਟੋ ਅਤੇ ਸੋਨ ਤਗਮੇ ਦਿਖਾਉਂਦੇ ਹੋਏ ਬਲਵੀਰ ਸਿੰਘ ਕਹਿੰਦੇ ਹਨ, "ਕੇਂਦਰ ਸਰਕਾਰ ਨੇ ਜੋ ਉਸ ਸਮੇਂ ਇਨਾਮੀ ਰਾਸ਼ੀ ਦਿੱਤੀ ਸੀ ਉਸ ਨਾਲ ਦੋ ਪੱਕੇ ਕਮਰੇ ਬਣਾ ਲਏ ਸਨ।"

ਬਲਵੀਰ ਸਿੰਘ, ਪਿਤਾ

ਤਸਵੀਰ ਸਰੋਤ, Gurminder Singh Grewal/BBC

ਤਸਵੀਰ ਕੈਪਸ਼ਨ, ਮਰਹੂਮ ਓਲੰਪੀਅਨ ਰਾਜਵੀਰ ਸਿੰਘ ਦੇ ਪਿਤਾ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਪੱਕੀ ਛੱਤ ਵੀ ਪੁੱਤਰ ਦੀਆਂ ਖੇਡਾਂ ਵਿੱਚ ਮਾਰੀਆਂ ਮੱਲਾਂ ਕਾਰਨ ਨਸੀਬ ਹੋਈ

"ਜੇਕਰ ਪੁੱਤਰ ਨੂੰ ਸੂਬੇ ਸਰਕਾਰ ਕੋਈ ਨੌਕਰੀ ਦੇ ਦਿੰਦੀ ਤਾਂ ਉਸ ਨੂੰ ਕੁਝ ਹੌਂਸਲਾ ਹੋਣਾ ਸੀ, ਉਸ ਦਾ ਵਿਆਹ ਵੀ ਹੋ ਜਾਣਾ ਸੀ ਪਰ ਇੰਨੀਆਂ ਮੱਲਾਂ ਮਾਰਨ ਦੇ ਬਾਵਜੂਦ ਸਰਕਾਰ ਨੇ ਉਸ ਦੀ ਸਾਰ ਨਹੀਂ ਲਈ। ਇਸੇ ਮਾਨਸਿਕ ਦਬਾਅ ਕਾਰਨ ਉਸ ਦੀ ਬਿਮਾਰੀ ਗੰਭੀਰ ਹੁੰਦੀ ਗਈ ਅਤੇ ਆਖਰਕਾਰ ਮੌਤ ਹੋ ਗਈ।"

ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ, "ਮੇਰੇ ਪੁੱਤਰ ਦੀ ਪਿੰਡ ਵਿੱਚ ਯਾਦਗਾਰ ਬਣਾਈ ਜਾਵੇ ਤਾਂ ਜੋ ਦੇਸ਼ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਦੀ ਹੌਸਲਾ ਅਫਜਾਈ ਹੋ ਸਕੇ।"

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗ਼ਰੀਬ ਅਤੇ ਦਿਵਿਆਂਗ ਖਿਡਾਰੀਆ ਨੂੰ ਹੋਰ ਖੇਡਾਂ ਦੇ ਖਿਡਾਰੀਆਂ ਦੀ ਤਰਜ਼ 'ਤੇ ਸਹੂਲਤਾਂ ਦੇਵੇ।

ਮ੍ਰਿਤਕ ਰਾਜਵੀਰ ਸਿੰਘ ਦੀ ਮਾਤਾ ਰਾਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਤ ਦੀ ਗ਼ਰੀਬੀ ਦੇ ਚੱਲਦੇ ਹੋਏ ਬਹੁਤ ਦਿੱਕਤਾਂ ਵਿੱਚ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕੀਤਾ ਸੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੁੱਤਰ ਨੇ ਵੀ ਮਿਹਨਤ ਨਾਲ ਨਾ ਸਿਰਫ਼ ਪੰਜਾਬ ਦਾ ਹੀ, ਬਲਕਿ ਪੂਰੇ ਦੇਸ ਦਾ ਨਾਮ ਰੌਸ਼ਨ ਕੀਤਾ। ਪਰ ਗ਼ਰੀਬੀ ਨੇ ਉਸ ਦਾ ਅੰਤ ਤੱਕ ਪਿੱਛਾ ਨਹੀਂ ਛੱਡਿਆ ਅਤੇ ਪੈਸੇ ਦੀ ਥੁੜ ਕਾਰਨ ਯੋਗ ਇਲਾਜ ਦੀ ਘਾਟ ਕਰ ਕੇ ਉਹ ਇਸ ਜਹਾਨ ਤੋਂ ਤੁਰ ਗਿਆ।

ਇਸ ਤੋਂ ਬਾਅਦ ਰਾਜਿੰਦਰ ਕੌਰ ਪੁੱਤਰ ਦੀ ਫ਼ੋਟੋ ਵੱਲ ਦੇਖਣ ਲੱਗ ਜਾਂਦੇ ਹਨ ਅਤੇ ਅੱਥਰੂ ਥੱਲੇ ਡਿਗਣੇ ਸ਼ੁਰੂ ਹੋ ਜਾਂਦੇ ਹਨ।

ਰਾਜਵੀਰ ਦੀ ਮਾਂ

ਤਸਵੀਰ ਸਰੋਤ, Gurminder Singh Grewal/BB

ਤਸਵੀਰ ਕੈਪਸ਼ਨ, ਮ੍ਰਿਤਕ ਰਾਜਵੀਰ ਸਿੰਘ ਦੀ ਮਾਤਾ ਰਾਜਿੰਦਰ ਕੌਰ ਦਾ ਕਹਿਣਾ ਹੈ ਕਿ ਗਰੀਬੀ ਨੇ ਪੁੱਤਰ ਦਾ ਪਿੱਛਾ ਨਾ ਛੱਡਿਆ

ਸਿਆੜ ਪਿੰਡ ਦੇ ਸਰਪੰਚ ਪਰਗਟ ਸਿੰਘ ਨੇ ਦੱਸਿਆ ਕਿ ਪਰਿਵਾਰ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ।

ਉਨ੍ਹਾਂ ਰਾਜਵੀਰ ਨੂੰ ਯਾਦ ਕਰਦੇ ਹੋਏ ਕਿਹਾ, "ਦਿਵਿਆਂਗ ਹੋਣ ਦੇ ਬਾਵਜੂਦ ਉਸ ਨੇ ਖੇਡਾਂ ਵਿੱਚ ਹਾਰ ਨਹੀਂ ਸੀ ਮੰਨੀ ਬਲਕਿ ਪੂਰੇ ਪਿੰਡ ਦਾ ਨਾਮ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਕਰ ਦਿੱਤਾ।"

ਉਨ੍ਹਾਂ ਪੰਜਾਬ ਸਰਕਾਰ ਨੂੰ ਖਿਡਾਰੀਆਂ ਦੀ ਸਾਰ ਲੈਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:

ਮੌਜੂਦਾ ਸਰਕਾਰ ਦੀ ਬੇਰੁਖ਼ੀ

ਅਕਾਲੀ ਭਾਜਪਾ ਸਰਕਾਰ ਸਮੇਂ ਤੋਂ ਰਾਜਵੀਰ ਸਿੰਘ ਦੀ ਨਹੀਂ ਸੁਣੀ ਗਈ ਤਾਂ ਘੱਟ ਕੈਪਟਨ ਸਰਕਾਰ ਨੇ ਵੀ ਨਹੀਂ ਗੁਜ਼ਾਰੀ।

25 ਜੁਲਾਈ 2020 ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹਫ਼ਤਾਵਾਰੀ ਫੇਸਬੁੱਕ ਲਾਈਵ ਵਿੱਚ ਰਾਜਵੀਰ ਸਿੰਘ ਦਾ ਮਾਮਲਾ ਆਇਆ ਸੀ।

ਉਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਸੀ ਕਿ ਪੰਜਾਬ ਸਰਕਾਰ ਦੀ ਸਪੈਸ਼ਲ ਉਲੰਪਿਕ ਲਈ ਕੋਈ ਨੀਤੀ ਨਹੀਂ ਹੈ ਅਤੇ ਉਨ੍ਹਾਂ ਉਸ ਦਿਨ ਹੀ ਪੰਜਾਬ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਨੀਤੀ ਬਣਾ ਕੇ ਰਾਜਵੀਰ ਸਿੰਘ ਨੂੰ ਉਸ ਨਾਲ ਹੋਏ ਵਾਅਦੇ ਮੁਤਾਬਕ ਬਕਾਇਆ ਰਾਸ਼ੀ ਦੇਣ ਦੇ ਹੁਕਮ ਦਿੱਤੇ ਸਨ। ਪਰ ਹੋਇਆ ਇੱਥੇ ਵੀ ਕੁਝ ਨਹੀਂ।

ਰਾਜਵੀਰ ਸਿੰਘ ਦਾ ਘਰ

ਤਸਵੀਰ ਸਰੋਤ, Gurminder Singh Grewal/BB

ਖੇਡ ਵਿਭਾਗ ਦਾ ਪੱਖ

ਲਾਸ ਏਂਜਲਸ ਵਿਖੇ ਸਾਲ 2015 ਦੇ ਵਿਸ਼ੇਸ਼ ਉਲੰਪਿਕਸ ਵਿੱਚ ਸਾਈਕਲਿੰਗ ਖੇਡ ਵਿੱਚ ਦੋ ਸੋਨ ਤਗਮੇ ਜਿੱਤ ਚੁੱਕੇ ਜ਼ਿਲ੍ਹਾ ਲੁਧਿਆਣਾ ਦੇ ਸਿਆੜ ਪਿੰਡ ਦੇ ਵਿਸ਼ੇਸ਼ ਓਲੰਪੀਅਨ ਰਾਜਵੀਰ ਸਿੰਘ (21) ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਖੇਡ ਮੰਤਰੀ ਰਾਣਾ ਸੋਢੀ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਵਿੱਤੀ ਸਹਾਇਤਾ ਦਾ ਚੈੱਕ ਪਰਿਵਾਰ ਨੂੰ ਦੇਣ ਲਈ ਕਿਹਾ ਗਿਆ ਹੈ।

ਖਿਡਾਰੀ ਦੀ ਮਾਂ

ਤਸਵੀਰ ਸਰੋਤ, Gurminder Singh Grewal/BBC

ਕੈਬਨਿਟ ਮੰਤਰੀ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਖਿਡਾਰੀ ਨੂੰ 2015 ਵਿੱਚ ਉਦੋਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ 30 ਲੱਖ ਰੁਪਏ ਦੀ ਨਗਦ ਰਾਸ਼ੀ ਦੇਣ ਦਾ ਮਹਿਜ਼ ਐਲਾਨ ਹੀ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਖਿਡਾਰੀ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਮਾਮਲਾ ਖੇਡ ਵਿਭਾਗ ਦੇ ਧਿਆਨ ਵਿੱਚ ਕਰੀਬ ਪੰਜ ਮਹੀਨੇ ਪਹਿਲਾਂ ਹੀ ਆਇਆ ਸੀ ਅਤੇ ਉਦੋਂ ਤੋਂ ਹੀ ਵਿਭਾਗ ਨੇ ਸਹਾਇਤਾ ਰਾਸ਼ੀ ਦੇਣ ਦੀ ਪ੍ਰਕਿਰਿਆ ਅਰੰਭੀ ਹੋਈ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)