ਸੁਖਬੀਰ ਬਾਦਲ ਵੱਲੋਂ ਅੰਦੋਲਨ ’ਚ ਮਰਨ ਵਾਲੇ ਕਿਸਾਨਾਂ ਨੂੰ ਅਕਾਲੀ ਕਹਿਣ ’ਤੇ ਕਿਸਾਨ ਆਗੂਆਂ ਨੇ ਕੀ ਕਿਹਾ- ਪ੍ਰੈੱਸ ਰਿਵੀਊ

ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ 54 ਕਿਸਾਨਾਂ ਵਿੱਚੋਂ 40 ਜਣੇ ਅਕਾਲੀ ਦਲ ਨਾਲ ਸੰਬੰਧਿਤ ਸਨ।

ਕਿਸਾਨ ਆਗੂਆਂ ਨੇ ਇਸ ਗੱਲ ਦਾ ਕਰੜਾ ਸਟੈਂਡ ਲਿਆ ਅਤੇ ਦੁਹਰਾਇਆ ਕਿ ਕਿਵੇਂ ਅਕਾਲੀਆਂ ਨੂੰ ਮਰਹੂਮ ਕਿਸਾਨਾਂ ਦੀਆਂ ਅੰਤਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਸੀ ਹੋਣ ਦਿੱਤਾ ਗਿਆ।

ਦਿ ਇੰਡੀਅਨ ਐਕਸਪ੍ਰੈੱਸ ਨਾਲ ਗੱਲਬਾਤ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਅੰਦੋਲਨ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।

ਇਹ ਵੀ ਪੜ੍ਹੋ:-

ਹਾਲਾਂਕਿ ਉਨ੍ਹਾਂ ਕੇ ਕਿਹਾ ਕਿ ਪ੍ਰਦਰਸ਼ਨ ਵਿੱਚ ਮੌਜੂਦ ਅਕਾਲੀ ਦਲ ਦੇ ਵਰਕਰ ਅਕਾਲੀਆਂ ਵਜੋਂ ਨਹੀਂ ਸਗੋਂ ਕਿਸਾਨਾਂ ਵਜੋਂ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਦੇ 65 ਹਲਕਾ ਇੰਚਾਰਜ ਦਿੱਲੀ ਧਰਨੇ ਵਿੱਚ ਮੌਜੂਦ ਹਨ।

ਉਨ੍ਹਾਂ ਨੇ ਕਿਹਾ, "ਯੂਥ ਅਕਾਲੀ ਦਲ ਦੇ ਵਰਕਰਾਂ ਨੇ ਧਰਨੇ ਵਾਲੀ ਥਾਂ 'ਤੇ ਕਿਸਾਨਾਂ ਲਈ ਟੈਂਟ ਸਿਟੀ ਬਣਾਈ ਹੈ। ਜਿਨ੍ਹਾਂ ਵਿੱਚੋਂ ਕਈ ਬਲਾਕ ਅਤੇ ਪਿੰਡ ਪੱਧਰ 'ਤੇ ਪਾਰਟੀ ਦੇ ਅਹੁਦੇਦਾਰ ਹਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਬਰਡ ਫਲੂ ਪੰਜਾਬ ਪਹੁੰਚਿਆ

ਬਰਡ ਫਲੂ ਕਾਰਨ ਕੇਰਲਾ ਜਿਸ ਦੇ ਪੰਛੀ ਬੀਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਸਮੇਤ ਹਿਮਾਚਲ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਪੰਜਾਬ, ਹਰਿਆਣਾ, ਉਡੀਸ਼ਾ ਅਤੇ ਉੱਤਰ ਪ੍ਰਦੇਸ਼ ਦੇ ਪੰਛੀਆਂ ਵਿੱਚ ਵੀ ਬੀਮਾਰੀ ਦੀ ਪੁਸ਼ਟੀ ਹੋ ਗਈ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਸੋਨਭੱਦਰਾ ਵਿੱਚ ਮਰੇ ਹੋਏ ਕਾਂ ਮਿਲਣ ਤੋਂ ਬਾਅਦ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ ਪੰਜਾਬ ਦੇ ਗੁਰਦਾਸਪੁਰ ਵਿੱਚ ਵੀਰਵਾਰ ਨੂੰ ਚਾਰ ਕਾਂ ਅਤੇ ਇੱਕ ਬਗਲਾ ਮਰਿਆ ਪਾਇਆ ਗਿਆ।

ਦੇਸ਼ ਵਿਆਪੀ ਕੋਰੋਨਾਵੈਕਸੀਨ ਡਰਾਈ ਰਨ ਅੱਜ

ਕੋਰੋਨਾਵਾਇਰਸ ਦੀ ਵੈਕਸੀਨ ਦੇ ਅਸਲੀ ਟੀਕਾਕਰਣ ਤੋਂ ਪਹਿਲਾਂ ਸਮੁੱਚੇ ਭਾਰਤ ਵਿੱਚ ਸ਼ੁੱਕਰਵਾਰ ਨੂੰ ਵੈਕਸੀਨ ਦੇ ਡਰਾਈ ਰਨ ਦਾ ਦੂਜਾ ਗੇੜ ਕੀਤਾ ਜਾਵੇਗਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੋਰੋਨਾਵਾਇਰਸ ਵੈਕਸੀਨ ਬਾਰੇ ਇਹ ਪਹਿਲੀ ਦੇਸ਼ ਵਿਆਪੀ ਮਸ਼ਕ ਹੈ ਜੋ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤੀ ਜਾਣੀ ਹੈ।

ਇਸ ਤੋਂ ਪਹਿਲਾਂ 28 ਦਸੰਬਰ ਨੂੰ ਦੇਸ਼ ਦੇ ਅੱਠ ਜ਼ਿਲ੍ਹਿਆਂ ਵਿੱਚ ਅਤੇ ਫਿਰ ਦੋ ਜਨਵਰੀ ਨੂੰ 72 ਜ਼ਿਲ੍ਹਿਆਂ ਵਿੱਚ ਕੀਤਾ ਜਾ ਚੁੱਕਿਆ ਹੈ।

ਡਰਾਈ ਰਨ ਦਾ ਮਕਸਦ ਇਹ ਦੇਖਣਾ ਹੈ ਕਿ ਵੈਕਸੀਨ ਦੀ ਲੋਕਾਂ ਤੱਕ ਪਹੁੰਚ ਦੀ ਪ੍ਰਕਿਰਿਆ ਕਿੰਨੀ ਕਾਰਗਰ ਹੈ ਤੇ ਇਸ ਵਿੱਚ ਕੀ ਦਿੱਕਤਾਂ ਆ ਸਕਦੀਆਂ ਹਨ।

ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਕੋਰੋਨਾਵਾਇਰਸ ਦੀਆਂ ਦੋ ਵੈਕਸੀਨਾਂ ਦੀ ਸੀਮਤ ਵਰਤੋਂ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)