ਕੈਪੀਟਲ ਹਿੰਸਾ: ਡੌਨਲਡ ਟਰੰਪ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਹੋਈ ਤੇਜ਼, ਫੇਸਬੁੱਕ ਨੇ ਟਰੰਪ ਦਾ ਅਕਾਉਂਟ ਕੀਤਾ ਬਲਾਕ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਕੀ ਜੋ ਹੋਇਆ ਉਸ ਨੂੰ ਕੈਬਨਿਟ ਦੇ ਮੈਂਬਰ ਸਹੀ ਮੰਦੇ ਹਨ।

ਉਨ੍ਹਾਂ ਨੇ ਕਿਹਾ, "ਕੀ ਉਹ ਅਗਲੇ 13 ਦਿਨ ਇਹ ਕਹਿਣ ਲਈ ਤਿਆਰ ਹਨ ਕਿ ਇਹ ਖ਼ਤਰਨਾਕ ਆਦਮੀ ਸਾਡੇ ਲੋਕਤੰਤਰ ਨੂੰ ਹੋਰ ਨੁਕਸਾਨ ਨਹੀਂ ਪਹੁੰਚਾ ਸਕਦਾ?"

ਪੇਲੋਸੀ ਨੇ ਕਿਹਾ ਟਰੰਪ ਨੇ "ਦੇਸ਼ਧ੍ਰੋਹ ਵਾਲਾ ਕੰਮ" ਕੀਤਾ ਹੈ ਜਿਸ ਕਾਰਨ ਹਾਊਸ ਉਨ੍ਹਾਂ ਖਿਲਾਫ ਮਹਾਂਦੋਸ਼ ਚਲਾਉਣ ਨੂੰ ਮਜਬੂਰ ਹੋ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਡੈਮੋਕਰੈਟ ਨੇਤਾ ਉਨ੍ਹਾਂ ਨਾਲ ਸੰਪਰਕ ਵਿੱਚ ਹਨ ਤੇ ਟਰੰਪ ਨੂੰ ਹਟਾਉਣ ਦੀ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ

ਰਿਪਬਲੀਕਨਜ਼ ਨੇ ਅਮਰੀਕੀ ਸੰਸਦ ਉੱਤੇ ਹਮਲੇ ਬਾਰੇ ਕੀ ਕਿਹਾ

ਇਕ ਸਰਵੇਖਣ ਅਨੁਸਾਰ 45 ਫੀਸਦ ਰਿਪਬਲੀਕਨਜ਼ ਨੇ ਅਮਰੀਕੀ ਸੰਸਦ 'ਤੇ ਹਮਲੇ ਨੂੰ ਸਹੀ ਠਹਿਰਾਇਆ ਹੈ।

ਬੁੱਧਵਾਰ ਨੂੰ ਜਾਣ ਵਾਲੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਮਰਥਕਾਂ ਨੇ ਸੰਸਦ ਭਵਨ ਦੇ ਸਦਨ 'ਤੇ ਹਮਲਾ ਕੀਤਾ ਜਦੋਂ ਰਾਸ਼ਟਰਪਤੀ ਚੋਣ ਦੇ ਨਤੀਜੇ ਨੂੰ ਅਧਿਕਾਰਤ ਕਰਨ ਲਈ ਸੰਸਦ ਵਿੱਚ ਬਹਿਸ ਹੋ ਰਹੀ ਸੀ।

ਸੁਰੱਖਿਆ ਕਰਮਚਾਰੀਆਂ ਦੁਆਰਾ ਚਾਰ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਸੰਸਦ ਭਵਨ ਨੂੰ ਬਦਮਾਸ਼ਾਂ ਤੋਂ ਖਾਲੀ ਕਰਵਾਇਆ ਗਿਆ, ਪਰ ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ।

ਬਾਅਦ ਵਿੱਚ ਸਦਨ ਦੁਬਾਰਾ ਸ਼ੁਰੂ ਹੋਇਆ ਅਤੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਜਿੱਤ 'ਤੇ ਅਧਿਕਾਰਤ ਮੁਹਰ ਲਗਾ ਦਿੱਤੀ।

ਪਰ YouGov ਨਾਮਕ ਇਕ ਸੰਗਠਨ ਨੇ ਆਪਣੇ ਸਰਵੇਖਣ ਵਿੱਚ ਪਾਇਆ ਕਿ ਇੱਕ ਪਾਸੇ ਜਿੱਥੇ ਬਹੁਤੇ ਅਮਰੀਕੀਆਂ ਨੇ ਸੰਸਦ 'ਤੇ ਹੋਏ ਹਮਲੇ ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ, ਦੂਜੇ ਪਾਸੇ ਪਾਰਟੀ ਦੇ ਅਧਾਰ' ਤੇ ਲੋਕਾਂ ਦੀ ਰਾਏ ਵਿਚ ਭਾਰੀ ਫੁੱਟ ਪੈ ਗਈ।

ਸੰਸਥਾ ਨੇ 1397 ਵੋਟਰਾਂ ਨਾਲ ਗੱਲਬਾਤ ਕੀਤੀ ਜਿਸ ਵਿਚੋਂ 62 ਪ੍ਰਤੀਸ਼ਤ ਨੇ ਇਸ ਹਿੰਸਾ ਨੂੰ ਲੋਕਤੰਤਰ ਲਈ ਖ਼ਤਰਾ ਮੰਨਿਆ, ਜਿਸ ਵਿੱਚ 93 ਪ੍ਰਤੀਸ਼ਤ ਡੈਮੋਕਰੇਟ, 55 ਪ੍ਰਤੀਸ਼ਤ ਆਜ਼ਾਦ ਅਤੇ 27 ਪ੍ਰਤੀਸ਼ਤ ਰਿਪਬਲੀਕਨਜ਼ ਸ਼ਾਮਲ ਹਨ।

ਰਿਪਬਲੀਕਨਜ਼ ਵਿੱਚ, 45 ਫ਼ੀਸਦ ਨੇ ਟਰੰਪ ਦੇ ਸਮਰਥਕਾਂ ਦੀਆਂ ਹਿੰਸਕ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ, ਜਦੋਂ ਕਿ 43 ਪ੍ਰਤੀਸ਼ਤ ਰਿਪਬਲੀਕਨ ਨੇ ਇਸ ਨੂੰ ਗਲਤ ਕਰਾਰ ਦਿੱਤਾ।

ਹਾਲ ਹੀ ਦੇ ਸਾਲਾਂ ਵਿੱਚ, ਬਹੁਤ ਸਾਰੇ ਸਰਵੇਖਣ ਇਹ ਸਾਹਮਣੇ ਆਏ ਹਨ ਕਿ ਅਮਰੀਕੀ ਰਾਜਨੀਤੀ ਵਿੱਚ ਧਰੁਵੀਕਰਨ ਵਧ ਰਿਹਾ ਹੈ ਅਤੇ ਪਾਰਟੀ ਦੇ ਅਧਾਰ 'ਤੇ, ਲੋਕਾਂ ਦੀ ਧਾਰਨਾ ਵਿੱਚ ਅੰਤਰ ਵੇਖੇ ਗਏ ਹਨ।

ਫੇਸਬੁੱਕ ਨੇ ਟਰੰਪ 'ਤੇ ਅਣਮਿੱਥੇ ਸਮੇਂ ਲਈ ਲਗਾਈ ਪਾਬੰਦੀ

ਬੁੱਧਵਾਰ ਨੂੰ ਅਮਰੀਕੀ ਸੰਸਦ ਭਵਨ 'ਤੇ ਹੋਏ ਹਮਲੇ ਤੋਂ ਬਾਅਦ ਫੇਸਬੁੱਕ ਅਤੇ ਟਵਿੱਟਰ ਨੇ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਪਾਬੰਦੀ ਲਗਾ ਦਿੱਤੀ ਸੀ।

ਪਰ ਹੁਣ ਫੇਸਬੁੱਕ ਨੇ ਟਰੰਪ 'ਤੇ ਅਣਮਿਥੇ ਸਮੇਂ ਲਈ ਪਾਬੰਦੀ ਲਗਾਈ ਹੈ।

ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੇ ਇਕ ਬਿਆਨ ਜਾਰੀ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ।

ਮਾਰਕ ਜ਼ਕਰਬਰਗ ਨੇ ਆਪਣੇ ਬਿਆਨ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਦੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਾਣ ਵਾਲੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਬਾਕੀ ਦਿਨਾਂ ਦੀ ਵਰਤੋਂ ਸ਼ਾਂਤੀਪੂਰਵਕ ਅਤੇ ਕਾਨੂੰਨੀ ਤੌਰ 'ਤੇ ਆਪਣੇ ਚੁਣੇ ਗਏ ਉੱਤਰਾਧਿਕਾਰੀ, ਜੋਅ ਬਾਇਡਨ ਨੂੰ ਸੱਤਾ ਦੇ ਤਬਾਦਲੇ ਵਿਚ ਵਿਘਨ ਪਾਉਣ ਲਈ ਕਰਨਾ ਚਾਹੁੰਦੇ ਹਨ।

“ਟਰੰਪ ਨੇ ਇਸ ਪਲੇਟਫਾਰਮ ਦੀ ਵਰਤੋਂ ਆਪਣੇ ਸਮਰਥਕਾਂ ਦੀ ਨਿੰਦਾ ਕਰਨ ਦੀ ਬਜਾਏ ਸੰਸਦ ਭਵਨ ਉੱਤੇ ਹਮਲਾ ਕਰਨ ਲਈ ਪ੍ਰਸ਼ੰਸਾ ਕਰਨ ਲਈ ਕੀਤੀ।”

“ਟਰੰਪ ਦੀ ਇਸ ਕਾਰਵਾਈ ਨੇ ਨਾ ਸਿਰਫ ਅਮਰੀਕਾ ਵਿਚ, ਬਲਕਿ ਵਿਸ਼ਵ ਭਰ ਦੇ ਲੋਕਾਂ ਨੂੰ ਚਿੰਤਤ ਕੀਤਾ ਹੈ।”

ਜ਼ਕਰਬਰਗ ਨੇ ਅੱਗੇ ਕਿਹਾ, "ਅਸੀਂ ਕੱਲ ਉਨ੍ਹਾਂ ਦਾ ਬਿਆਨ ਹਟਾ ਦਿੱਤਾ ਸੀ ਕਿਉਂਕਿ ਅਸੀਂ ਫੈਸਲਾ ਲਿਆ ਸੀ ਕਿ ਉਨ੍ਹਾਂਦੇ ਬਿਆਨ ਦਾ ਪ੍ਰਭਾਵ ਅਤੇ ਮਕਸਦ ਹਿੰਸਾ ਭੜਕਾਉਣਾ ਸੀ।"

"ਸਾਨੂੰ ਪੂਰਾ ਯਕੀਨ ਹੈ ਕਿ ਰਾਸ਼ਟਰਪਤੀ ਨੂੰ ਇਸ ਮਿਆਦ ਦੇ ਦੌਰਾਨ ਇਸ ਪਲੇਟਫਾਰਮ ਦੀ ਵਰਤੋਂ ਜਾਰੀ ਰੱਖਣ ਦਾ ਜੋਖਮ ਬਹੁਤ ਜ਼ਿਆਦਾ ਹੈ। ਇਸੇ ਲਈ ਅਸੀਂ ਰਾਸ਼ਟਰਪਤੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਰੋਕ ਨੂੰ ਅਣਮਿੱਥੇ ਸਮੇਂ ਲਈ ਪਾ ਦਿੱਤਾ ਹੈ ਅਤੇ ਘੱਟੋ ਘੱਟ ਅਗਲੇ ਦੋ ਹਫ਼ਤਿਆਂ ਲਈ ਇਹ ਰੋਕ ਜਾਰੀ ਰਹੇਗੀ। "

ਹੁਣ ਤੱਕ ਕੀ ਕੁਝ ਹੋਇਆ ਤੇ ਘਟਨਾ ਅਹਿਮ ਕਿਉਂ ਹੈ

  • ਡੌਨਲਡ ਟਰੰਪ ਦੇ ਸਮਰਥਕ ਕੈਪੀਟਲ ਬਿਲਡਿੰਗ ਵਿੱਚ ਵੜੇ ਤੇ ਲੌਕਡਾਊਨ ਕਰਵਾਇਆ
  • ਉਨ੍ਹਾਂ ਦੀ ਪੁਲਿਸ ਨਾਲ ਝੜਪਾਂ ਹੋਈਆਂ, ਚਾਰ ਲੋਕਾਂ ਦੀ ਮੌਤ ਹੋਈ
  • ਕੈਪੀਟਲ ਵਿੱਚ ਜੋਅ ਬਾਇਡਨ ਦੀ ਜਿੱਤ ਬਾਰੇ ਬਹਿਸ ਚੱਲ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਅਧਿਕਾਰਤ ਜਿੱਤ 'ਤੇ ਮੁਹਰ ਲਗਾ ਦਿੱਤੀ ਗਈ।
  • ਫੇਸਬੁੱਕ ਤੇ ਟਵਿਟਰ ਨੇ ਟਰੰਪ ਦੇ ਅਕਾਊਂਟ ਬਲਾਕ ਕਰ ਦਿੱਤੇ ਹਨ
  • ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਨਸ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸਣੇ ਕਈਆਂ ਨੇ ਘਟਨਾ ਦੀ ਨਿੰਦਾ ਕੀਤੀ
  • ਦੁਨੀਆਂ ਭਰ ਤੋਂ ਆਗੂਆਂ ਨੇ ਅਮਰੀਕਾ ਵਿੱਚ ਹੋਈ ਹਿੰਸਾ ਦੀ ਨਿੰਦਾ ਕੀਤੀ
  • 1812 ਦੀ ਜੰਗ ਤੋਂ ਬਾਅਦ ਪਹਿਲੀ ਵਾਰੀ ਕੈਪੀਟਲ ਬਿਲਡਿੰਗ 'ਤੇ ਇਸ ਤਰ੍ਹਾਂ ਦਾ ਹਮਲਾ ਹੋਇਆ

ਵ੍ਹਾਈਟ ਹਾਉਸ ਦੇ ਪੁਰਾਣੇ ਸਹਿਯੋਗੀਆਂ ਨੇ ਕੀਤੀ ਟਰੰਪ ਦੀ ਨਿੰਦਾ

ਡੌਨਲਡ ਟਰੰਪ ਨਾਲ ਕੰਮ ਕਰ ਚੁੱਕੇ ਦੋ ਸਾਬਕਾ ਅਧਿਕਾਰੀਆਂ ਨੇ ਬੁੱਧਵਾਰ ਨੂੰ ਅਮਰੀਕੀ ਸੰਸਦ 'ਤੇ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਟਰੰਪ ਦੀ ਨਿੰਦਾ ਕੀਤੀ ਹੈ।

ਸਾਬਕਾ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਹਿੰਸਾ ਲਈ ਸਿੱਧੇ ਤੌਰ 'ਤੇ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਆਪਣੇ ਬਿਆਨ ਵਿੱਚ, ਉਨ੍ਹਾਂ ਨੇ ਕਿਹਾ, "ਕੈਪੀਟਲ ਉੱਤੇ ਅੱਜ ਹੋਏ ਹਿੰਸਕ ਹਮਲੇ ਕਾਰਨ ਅਮਰੀਕਾ ਦੇ ਲੋਕਤੰਤਰ ਨੂੰ ਭੀੜ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਟਰੰਪ ਦੇ ਕਾਰਨ ਹੋਈ ਹੈ।"

ਉਨ੍ਹਾਂ ਕਿਹਾ ਕਿ "ਟਰੰਪ ਨੂੰ ਸੂਡੋ ਰਾਜਨੀਤਿਕ ਨੇਤਾਵਾਂ ਨੇ ਅੱਗੇ ਵਧਾਇਆ ਹੈ ਜਿਨ੍ਹਾਂ ਦੇ ਨਾਮ ਗੁਮਨਾਮੀ 'ਚ ਰਹਿਣਗੇ ਅਤੇ ਕਾਇਰਤਾ ਲਈ ਜਾਣੇ ਜਾਣਗੇ।"

ਮੈਟਿਸ ਨੇ ਸਾਲ 2018 ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਦੋਂ ਉਨ੍ਹਾਂ ਨੇ ਸੀਰੀਆ ਦੀ ਲੜਾਈ 'ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਜੁਲਾਈ ਵਿੱਚ ਹੋਏ 'ਬਲੈਕ ਲਾਈਵਜ਼ ਮੈਟਰਜ਼' ਦੇ ਪ੍ਰਦਰਸ਼ਨ ਪ੍ਰਤੀ ਟਰੰਪ ਦੀ ਪ੍ਰਤੀਕ੍ਰਿਆ ਦੀ ਵੀ ਅਲੋਚਨਾ ਕੀਤੀ ਸੀ।

ਵ੍ਹਾਈਟ ਹਾਊਸ ਦੇ ਸਾਬਕਾ ਚੀਫ਼ ਆਫ਼ ਸਟਾਫ ਜਾਨ ਕੈਲੀ ਨੇ ਟਵਿੱਟਰ 'ਤੇ ਲਿਖਿਆ ਕਿ ਅਮਰੀਕਾ ਨੂੰ ਬਹੁਤ ਧਿਆਨ ਨਾਲ ਦੇਖਣਾ ਪਏਗਾ ਕਿ ਅਸੀਂ ਦੇਸ਼ ਦੇ ਕਿਸੇ ਵੀ ਅਹੁਦੇ ਲਈ ਕਿਸ ਨੂੰ ਚੁਣਦੇ ਹਾਂ।

ਉਨ੍ਹਾਂ ਕਿਹਾ ਕਿ ਉਮੀਦਵਾਰ ਦੇ ਚਰਿੱਤਰ, ਮੁੱਲ, ਚਾਲ-ਚਲਣ ਦੇ ਰਿਕਾਰਡ ਅਤੇ ਇਮਾਨਦਾਰੀ ਦੀ ਨੇੜਿਓਂ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਵੀ ਸਾਲ 2018 ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਦੋਂ ਤੋਂ ਹੀ ਟਰੰਪ ਦੇ ਅਲੋਚਕ ਰਹੇ ਹਨ।

ਅਮਰੀਕੀ ਸੰਸਦ ਭਵਨ 'ਤੇ ਹਮਲੇ ਦੌਰਾਨ ਇਕ ਵਿਅਕਤੀ ਭਾਰਤੀ ਝੰਡਾ ਲਏ ਵਿਖਿਆ

ਬੁੱਧਵਾਰ ਨੂੰ ਰਾਸ਼ਟਰਪਤੀ ਟਰੰਪ ਦੇ ਹਮਾਇਤੀਆਂ ਵਲੋਂ ਅਮਰੀਕੀ ਸੰਸਦ ਭਵਨ 'ਤੇ ਹਮਲੇ ਦੌਰਾਨ ਇਕ ਵਿਅਕਤੀ ਭਾਰਤੀ ਝੰਡਾ ਲਏ ਵਿਖਿਆ।

ਬਹੁਤ ਸਾਰੇ ਲੋਕ ਇਸ 'ਤੇ ਆਪਣੀ ਪ੍ਰਤੀਕਰਮ ਦੇ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਵੀ ਟਵੀਟ ਕਰਕੇ ਇਸ 'ਤੇ ਇਤਰਾਜ਼ ਜਤਾਇਆ ਹੈ।

ਵਰੁਣ ਗਾਂਧੀ ਨੇ ਉਸ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, "ਇੱਥੇ ਭਾਰਤੀ ਝੰਡਾ ਕਿਉਂ ਦਿਖਾਈ ਦੇ ਰਿਹਾ ਹੈ? ਇਹ ਇੱਕ ਅਜਿਹੀ ਲੜਾਈ ਹੈ ਜਿਸ ਵਿੱਚ ਸਾਨੂੰ ਨਿਸ਼ਚਤ ਰੂਪ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਨਹੀਂ ਹੈ।"

ਬਹੁਤ ਸਾਰੇ ਲੋਕਾਂ ਨੇ ਭਾਜਪਾ ਸੰਸਦ ਦੇ ਸਵਾਲ ਦਾ ਜਵਾਬ ਵੀ ਦਿੱਤਾ ਹੈ।

@Antahotness ਦੇ ਹੈਂਡਲ ਦੀ ਇਕ ਔਰਤ ਨੇ ਟਰੰਪ ਅਤੇ ਮੋਦੀ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਕਾਰਨ ਇਹ ਫੋਟੋਆਂ ਹਨ।

ਕੈਪੀਟਲ ਹਿੰਸਾ 'ਤੇ ਚੀਨ ਨੇ ਅਮਰੀਕਾ ਨੂੰ ਹਾਂਗਕਾਂਗ ਦੀ ਯਾਦ ਦੁਆਈ

ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਵਾਸ਼ਿੰਗਟਨ ਦੀ ਕੈਪੀਟਲ ਬਿਲਡਿੰਗ ਵਿੱਚ ਹੋਈ ਹਿੰਸਾ ਨੂੰ ਲੈ ਕੇ ਅਮਰੀਕਾ 'ਤੇ ਨਿਸ਼ਾਨਾ ਸਾਧਿਆ ਹੈ।

ਅਖ਼ਬਾਰ ਨੇ ਲਿਖਿਆ ਹੈ,''ਚੀਨ ਉਮੀਦ ਕਰਦਾ ਹੈ ਕਿ ਅਮਰੀਕਾ ਵਿੱਚ ਛੇਤੀ ਤੋਂ ਛੇਤੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਬਹਾਲ ਹੋਵੇਗੀ।'

ਅਖ਼ਬਾਰ ਨੇ ਹਾਂਗਕਾਂਗ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਕੈਪੀਟਲ ਬਿਲਡਿੰਗ ਵਿੱਚ ਹੋਏ ਹਿੰਸਾ ਦੇ ਨਾਲ ਪਾਉਂਦੇ ਹੋਏ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇੱਕੋ ਜਿਹੇ ਹਾਲਾਤਾਂ ਵਿੱਚ ਅਮਰੀਕੀ ਪ੍ਰਸ਼ਾਸਨ ਅਤੇ ਉੱਥੋਂ ਦਾ ਮੀਡੀਆ ਦੋ ਤਰ੍ਹਾਂ ਦਾ ਵਿਹਾਰ ਕਰਦਾ ਹੈ।'

ਅਖ਼ਬਾਰ ਨੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਬਿਆਨ ਵੀ ਪ੍ਰਕਾਸ਼ਿਤ ਕੀਤਾ ਹੈ। ਬੁਲਾਰੇ ਨੇ ਕਿਹਾ ਹੈ ਕਿ '' ਅਸੀਂ ਇਹ ਚਾਹਾਂਗੇ ਕਿ ਲੋਕ ਇਹ ਦੇਖਣ ਕਿ ਕਿਵੇਂ ਕੁਝ ਲੋਕ ਅਤੇ ਅਮਰੀਕਾ ਦਾ ਮੀਡੀਆ ਹਾਂਗਕਾਂਗ ਵਿੱਚ ਹੋਏ ਸਮਾਜਿਕ ਉਥਲ-ਪੁਥਲ ਨੂੰ ਇੱਕ ਵੱਖਰਾ ਹੀ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।''

ਟਰੰਪ ਪੱਖੀ ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿੱਚ ਵੜੇ, 4 ਲੋਕਾਂ ਦੀ ਮੌਤ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪੱਖੀ ਅਮਰੀਕੀ ਕੈਪੀਟਲ ਬਿਲਡਿੰਗ ਵਿੱਚ ਆਣ ਵੱੜੇ ਜਿਸ ਦੇ ਨਤੀਜੇ ਵਜੋਂ ਫ਼ੈਲੀ ਅਫ਼ਰਾ-ਤਫ਼ਰੀ ਵਿੱਚ ਇੱਕ ਔਰਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਤਿੰਨ ਹੋਰ ਲੋਕਾਂ ਦੀ ਵੀ ਮੌਤ ਦੀ ਪੁਸ਼ਟੀ ਹੋਈ ਹੈ।

ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਪੱਖੀਆਂ ਦੀ "ਬਗਾਵਤ" ਉੱਪਰ ਨਾਖ਼ੁਸ਼ੀ ਦਾ ਪਰਗਟਵਾ ਕੀਤਾ ਹੈ।

ਬਾਇਡਨ ਨੇ ਰਾਸ਼ਟਰਪਤੀ ਟਰੰਪ ਨੂੰ ਹਿੰਸਾ ਕਾਬੂ ਕਰਨ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਕਾਂਗਰਸ ਉੱਪਰ ਧਾਵਾ ਬੋਲਣ ਦੀ ਅਪੀਲ ਕੀਤੀ ਸੀ ਨੇ ਉਨ੍ਹਾਂ ਨੂੰ "ਘਰ ਜਾਣ" ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:

ਇਸ ਸਭ ਦੇ ਦੌਰਾਨ ਇਲੈਕੋਟੋਰਲ ਕਾਲਜ ਦੀਆਂ ਵੋਟਾਂ ਦੀ ਪੁਸ਼ਟੀ ਲਈ ਸੱਦਿਆ ਗਿਆ ਕਾਂਗਰਸ (ਸੰਸਦ) ਦਾ ਸਾਂਝਾ ਇਜਲਾਸ ਅੱਧ ਵਿਚਾਲਿਓਂ ਰੋਕਣਾ ਪਿਆ।

ਟਰੰਪ ਨੇ "ਤਬਦੀਲੀ" ਪ੍ਰਤੀ ਵਚਨਬੱਧਤਾ ਵਿਖਾਈ ਪਰ ਚੋਣ ਧੋਖਾਧੜੀ ਦਾ ਦਾਅਵਾ ਮੁੜ ਦੁਹਰਾਇਆ

ਰਾਸ਼ਟਰਪਤੀ ਟਰੰਪ ਨੇ ਇੱਕ ਬਿਆਨ ਜਾਰੀ ਕਰਦਿਆਂ "20 ਜਨਵਰੀ ਨੂੰ ਹੋਣ ਵਾਲੀ ਕ੍ਰਮਵਾਰ ਤਬਦੀਲੀ" ਕਰਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਹੈ ਪਰ ਚੋਣ ਧੋਖਾਧੜੀ ਦੇ ਆਪਣੇ ਦਾਅਵਿਆਂ ਨੂੰ ਮੁੜ ਦੁਹਰਾਇਆ।

ਉਨ੍ਹਾਂ ਕਿਹਾ, "ਭਾਵੇਂ ਮੈਂ ਚੋਣਾਂ ਦੇ ਨਤੀਜਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ, ਫਿਰ ਵੀ 20 ਜਨਵਰੀ ਨੂੰ ਤਬਦੀਲੀ ਹੋਵੇਗੀ।" ਇਹ ਗੱਲ ਉਨ੍ਹਾਂ ਨੇ ਆਪਣੇ ਬੁਲਾਰੇ ਦੇ ਟਵਿੱਟਰ ਅਕਾਉਂਟ 'ਤੇ ਕੀਤੀ ਗਈ ਪੋਸਟ ਵਿੱਚ ਕਹੀ ਹੈ।

ਟਵਿੱਟਰ ਨੇ ਅਸਥਾਈ ਤੌਰ 'ਤੇ ਰਾਸ਼ਟਰਪਤੀ ਨੂੰ ਆਪਣੇ ਅਕਾਉਂਟ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ, "ਮੈਂ ਹਮੇਸ਼ਾਂ ਕਿਹਾ ਹੈ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਕਿ ਸਿਰਫ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਵੇ।''

''ਹਾਲਾਂਕਿ ਇਹ ਰਾਸ਼ਟਰਪਤੀ ਇਤਿਹਾਸ ਦੇ ਸਭ ਤੋਂ ਮਹਾਨ ਕਾਰਜਕਾਲ ਦੇ ਅੰਤ ਨੂੰ ਦਰਸਾਉਂਦਾ ਹੈ, ਇਹ ਅਮਰੀਕਾ ਨੂੰ ਮਹਾਨ ਬਣਾਉਣ ਲਈ ਸਾਡੀ ਲੜਾਈ ਦੀ ਸਿਰਫ ਸ਼ੁਰੂਆਤ ਹੈ।"

ਦੱਸ ਦਈਏ ਕਿ ਟਰੰਪ ਦੀ ਪ੍ਰਚਾਰਕ ਟੀਮ ਵੱਲੋਂ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੇ 60 ਤੋਂ ਵੱਧ ਕਾਨੂੰਨੀ ਕੇਸ ਅਸਫ਼ਲ ਹੋਏ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪ੍ਰਦਰਸ਼ਨਕਾਰੀਆਂ ਨੇ ਕੈਪੀਟਲ ਵਿੱਚ ਦਾਖ਼ਲ ਹੋਣ ਲਈ ਪੁਲਿਸ ਨਾਲ ਫ਼ਸਾਦ ਵੀ ਕੀਤਾ।

ਦੱਸ ਦੇਈਏ ਕਿ ਕੈਪੀਟਲ ਜਾਂ ਕੈਪੀਟਲ ਬਿਲਡਿੰਗ ਅਮਰੀਕੀ ਸੰਸਦ ਦੇ ਮਿਲਣ ਦੀ ਥਾਂ ਹੈ ਅਤੇ ਸੰਘੀ ਸਰਕਾਰ ਦੀ ਵਿਧਾਨਪਾਲਕਾ ਹੈ।

ਟਰੰਪ ਪੱਖੀ ਨਾਅਰੇਬਜ਼ੀ ਕਰ ਰਹੇ ਸਨ ਅਤੇ ਉਨ੍ਹਾਂ ਨੇ ਟਰੰਪ-ਪੱਖੀ ਅਤੇ ਅਮਰੀਕੀ ਝੰਡੇ ਫੜੇ ਹੋਏ ਸਨ।

ਇਮਾਰਤ ਦੇ ਅੰਦਰ ਵੜ ਕੇ ਜਿੱਥੇ ਉਹ ਆਪਣੀਆਂ ਮਨ ਆਈਆਂ ਕਰ ਰਹੇ ਸਨ ਉੱਥੇ ਹੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਰੱਦ ਕਰਨ ਦੀ ਮੰਗ ਕਰ ਰਹੇ ਸਨ।

ਦੁਨੀਆਂ ਭਰ ਤੋਂ ਪ੍ਰਤੀਕਿਰਿਆ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਾਸ਼ਿੰਗਟਨ ਵਿੱਚ ਦੰਗਿਆਂ ਤੇ ਹਿੰਸਾ ਬਾਰੇ ਸੁਣ ਕੇ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਸਰਕਾਰ ਬਦਲਣ ਦੀ ਕੰਮ ਪੂਰਾ ਹੋਣਾ ਚਾਹੀਦਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਕੇ ਅਮਰੀਕਾ ਵਿੱਚ ਹੋ ਰਹੀ ਹਿੰਸਾ 'ਤੇ ਦੁੱਖ ਜ਼ਾਹਿਰ ਕੀਤਾ।

ਹਾਲਾਤ ਇੰਨ੍ਹੇ ਬੇਕਾਬੂ ਸਨ ਕਿ ਸੈਨੇਟਰਾਂ ਨੂੰ ਸੀਟਾਂ ਦੇ ਥੱਲੇ ਲੁਕਣਾ ਪਿਆ ਅਤੇ ਅੱਥਰੂ ਗੈਸ ਤੋਂ ਬਚਣ ਲਈ ਮਾਸਕ ਪਾਉਣੇ ਪਏ।

ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਇੱਕ ਨਾਗਰਿਕ ਨੂੰ ਗੋਲੀ ਲੱਗ ਗਈ ਸੀ ਅਤੇ ਉਸ ਦੀ ਮੌਤ ਹੋ ਗਈ ਹੈ।

ਫੈਡਰਲ ਲਾਅ ਇਨਫੋਰਸਮੈਂਟ ਅਧਿਕਾਰੀ ਨੇ ਦੱਸਿਆ ਕਿ ਦੋ ਸ਼ੱਕੀ ਧਮਾਕੇਖ਼ਜ਼ ਉਪਕਰਣ ਮਿਲੇ ਸਨ ਜਿਨ੍ਹਾਂ ਨੂੰ ਐੱਫ਼ਬੀਆਈ ਅਤੇ ਕੈਪੀਟਲ ਹਿੱਲ ਪੁਲਿਸ ਨੇ ਨਕਾਰਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)