ਕਿਸਾਨ ਅੰਦੋਲਨ: ਕਿਸਾਨ ਹੁਣ ਮਸਲੇ ਦਾ ਹੱਲ ਨਹੀਂ ਚਾਹੁੰਦੇ, ਉਨ੍ਹਾਂ ਦੀ ਨੀਅਤ ਕੁਝ ਹੋਰ ਹੀ ਹੈ- ਸੁਰਜੀਤ ਜਿਆਣੀ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕਿਸਾਨ ਅੰਦੋਲਨ ਅਤੇ ਅੱਜ ਦੀਆਂ ਘਟਨਾਵਾਂ ਦੀ ਅਪਡੇਟ ਪਹੁੰਚਾਵਾਂਗੇ।

ਭਾਜਪਾ ਲੀਡਰਾਂ ਦੀ ਅਮਿਤ ਸ਼ਾਹ ਨਾਲ ਮੁਲਾਕਾਤ

ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਗਰੇਵਾਲ ਦੀਆਂ ਲਗਾਤਾਰ ਦੂਜੇ ਦਿਨ ਕੇਂਦਰ ਸਰਕਾਰ ਨਾਲ ਬੈਠਕਾਂ ਜਾਰੀ ਹਨ। ਬੀਤੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ ਤੋਂ ਬਾਅਦ ਅੱਜ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ।

ਬੈਠਕ ਤੋਂ ਬਾਹਰ ਆ ਕੇ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸਰਕਾਰ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ ਪਰ ਲਗਦਾ ਹੈ ਕਿ ਕਿਸਾਨ ਫ਼ੈਸਲੇ ਲਈ ਤਿਆਰ ਨਹੀਂ ਸਗੋਂ ਉਨ੍ਹਾਂ ਦੀ ਨੀਅਤ ਕੁਝ ਹੋਰ ਹੀ ਹੈ।

ਦੂਜੇ ਪਾਸੇ ਹਰਜੀਤ ਗਰੇਵਾਲ ਨੇ ਕਿਹਾ ਕਿ ਇਸ ਅੰਦੋਲਨ ਨੂੰ ਕਮਿਓੂਨਿਸਟਾਂ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਹੁਣ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਰਿਹਾ।

ਬਾਬਾ ਲੱਖ ਸਿੰਘ ਦੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ

ਜਗਰਾਓਂ ਦੇ ਕਲੇਰਾਂ ਦੇ ਗੁਰਦੁਆਰਾ ਨਾਨਕਸਰ ਦੇ ਮੁਖੀ ਬਾਬਾ ਲੱਖਾ ਸਿੰਘ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਗਈ ਗਈ।

ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਇਹ ਮੁਲਾਕਾਤ ਹੋਈ। ਜਿਸ ਵਿੱਚ ਇਸਦੇ ਹੱਲ ਨੂੰ ਲੈ ਕੇ ਚਰਚਾ ਹੋਈ।

ਬੈਠਕ ਤੋਂ ਬਾਅਦ ਬਾਬਾ ਲੱਖਾ ਸਿੰਘ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ''ਕਿਸਾਨ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਰਹੀ ਹੈ, ਬਹੁਤ ਸਾਰੇ ਬਜ਼ੁਰਗ ਅਤੇ ਬੱਚੇ ਸੜਕਾਂ 'ਤੇ ਬੈਠੇ ਹਨ। ਮੇਰੇ ਕੋਲ ਇਹ ਸਭ ਦੇਖਿਆ ਨਹੀਂ ਜਾ ਰਿਹਾ।''

''ਮੁਲਾਕਾਤ ਦੌਰਾਨ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰ੍ਹਾਂ ਮਸਲਾ ਹੱਲ ਹੋ ਸਕੇ, ਬਹੁਤ ਚੰਗੀ ਗੱਲਬਾਤ ਹੋਈ।''

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਹੌਸਲਾ ਦਿੱਤਾ ਕਿ ''ਨਵੇਂ ਪ੍ਰਸਤਾਵ ਭੇਜ ਕੇ ਮਸਲਾ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਉਹ ਹਰ ਫ਼ੈਸਲੇ ਵਿੱਚ ਸਾਡੇ ਨਾਲ ਹਨ।''

ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਦੌਰਾਨ ਕੋਵਿਡ-19 ਦੇ ਫੈਲਾ ਤੋਂ ਬਚਾਅ ਬਾਰੇ ਪੁੱਛਿਆ

ਸੁਪਰੀਮ ਕੋਰਟ ਨੇ ਦਿੱਲੀ ਬਾਰਡਰਾਂ 'ਤੇ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਵੱਡੇ ਇਕੱਠਾਂ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ।

ਕੋਰਟ ਨੇ ਕਿਹਾ ਕੀ ਉਨ੍ਹਾਂ ਵਿੱਚ ਕੋਵਿਡ-19 ਦੇ ਫੈਲਾਅ ਤੋਂ ਬਚਾਅ ਲਈ ਪ੍ਰਬੰਧ ਕੀਤੇ ਗਏ ਹਨ?

ਚੀਫ ਜਸਟਿਸ ਆਫ਼ ਇੰਡੀਆ ਸ਼ਰਦ ਅਰਵਿੰਦ ਬੋਬੜੇ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, "ਤੁਹਾਨੂੰ ਜ਼ਰੂਰ ਦੱਸਣਾ ਚਾਹੀਦਾ ਹੈ, ਕੀ ਹੋ ਰਿਹਾ ਹੈ?

''ਮੈਂ ਨਹੀਂ ਜਾਣਦਾ ਕਿ ਕੀ ਕਿਸਾਨ ਕੋਰੋਨਾਵਾਇਰਸ ਤੋਂ ਸੁਰੱਖਿਅਤ ਹਨ, ਕਿਉਂਕਿ ਉਹ ਇੱਕ ਵਿਸ਼ਾਲ ਇਕੱਠ ਵਿੱਚ ਵਿਰੋਧ ਕਰ ਰਹੇ ਹਨ।''

ਐਸਜੀ ਮਹਿਤਾ ਨੇ ਜਵਾਬ ਦਿੱਤਾ, ਅਸੀਂ ਇਸ ਬਾਰੇ ਪਤਾ ਕਰਾਂਗੇ ਅਤੇ ਅਦਾਲਤ ਨੂੰ ਦੱਸਾਂਗੇ।

ਸੁਪਰੀਮ ਕੋਰਟ ਇਸ ਕੇਸ ਵਿੱਚ ਐਡਵੋਕੇਟ-ਆਨ-ਰਿਕਾਰਡ ਓਮ ਪ੍ਰਕਾਸ਼ ਪਰਿਹਾਰ ਅਤੇ ਵਕੀਲ ਦੁਸ਼ਯੰਤ ਤਿਵਾੜੀ ਵੱਲੋਂ ਐਡਵੋਕੇਟ-ਕਮ-ਪਟੀਸ਼ਨਰ ਸੁਪ੍ਰੀਆ ਪੰਡਿਤਾ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।

ਇਹ ਵੀ ਪੜ੍ਹੋ

ਪਟੀਸ਼ਨਕਰਤਾ ਨੇ ਕੇਂਦਰੀ ਜਾਂਚ ਬਿਊਰੋ ਵੱਲੋਂ 24 ਮਾਰਚ ਨੂੰ ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਹੋਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਨਿਜ਼ਾਮੂਦੀਨ ਮਰਕਜ਼ ਵਿਖੇ ਆਨੰਦ ਵਿਹਾਰ ਬੱਸ ਟਰਮੀਨਲ ਅਤੇ ਤਬਲੀਗੀ ਜਮਾਤ ਵਿੱਚ ਲੋਕਾਂ ਦੇ ਇਕੱਠ ਦੀ ਜਾਂਚ ਬਾਰੇ ਵੀ ਪੁੱਛਿਆ।

ਉੱਚ ਅਦਾਲਤ ਨੇ ਕੇਂਦਰ ਨੂੰ ਪੁੱਛਿਆ ਕਿ ਕੀ ਪ੍ਰਦਰਸ਼ਨਕਾਰੀ ਕਿਸਾਨ ਕੋਰੋਨਾਵਾਇਰਸ ਦੇ ਫੈਲਾਅ ਵਿਰੁੱਧ ਸਾਵਧਾਨੀ ਵਰਤ ਰਹੇ ਹਨ ਜਾਂ ਨਹੀਂ।

ਪਟੀਸ਼ਨ ਵਿੱਚ ਨਿਜ਼ਾਮੂਦੀਨ ਮਰਕਜ਼ ਖੇਤਰ ਵਿੱਚ ਵਿਸ਼ਾਲ ਇਕੱਠ ਕਰਨ ਦੀ ਇਜਾਜ਼ਤ ਦੇ ਕੇ ਲੱਖਾਂ ਨਾਗਰਿਕਾਂ ਦੀ ਸਿਹਤ ਨੂੰ ਖਤਰੇ ਵਿੱਚ ਪਾਉਣ ਲਈ ਕੇਂਦਰ, ਦਿੱਲੀ ਸਰਕਾਰ ਅਤੇ ਦਿੱਲੀ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕਿਆ ਗਿਆ ਸੀ।

ਦਿੱਲੀ ਦੇ ਬਾਰਡਰਾਂ ਤੋਂ ਟਰੈਕਟਰ ਮਾਰਚ ਦੀਆਂ ਤਸਵੀਰਾਂ

ਅੱਜ ਦੀ ਦੂਜੀ ਪ੍ਰਮੁੱਖ ਖ਼ਬਰ ਕਿਸਾਨ ਜਥੇਬੰਦੀਆਂ ਵੱਲੋਂ ਐਲਾਨਿਆ ਗਿਆ ਦੇਸ਼ ਵਿਆਪੀ ਟਰੈਕਟਰ ਮਾਰਚ ਹੈ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੋਂ ਟਰੈਕਟਰ ਮਾਰਚ ਕੱਢਿਆ ਗਿਆ। ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ 'ਤੇ ਵੱਡੀ ਗਿਣਤੀ ਵਿੱਚ ਟਰੈਕਟਰ ਵੇਖਣ ਨੂੰ ਮਿਲੇ।

ਹਰਿਆਣਾ ਅਤੇ ਪੰਜਾਬ ਦੀਆਂ ਸੜਕਾਂ 'ਤੇ ਵੀ ਕਈ ਥਾਂਈਂ ਟਰੈਕਟਰ ਉਤਰੇ ਹਨ।

ਟਰੈਕਟਰ ਮਾਰਚ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ।

ਕੀ ਕਹਿ ਰਹੇ ਹਨ ਕਿਸਾਨ ਆਗੂ

ਕਿਸਾਨ ਆਗੂਆਂ ਦਾ ਕਹਿਣਾ ਹੈ ਵੀਰਵਾਰ ਦਾ ਇਹ ਟਰੈਕਟਰ ਮਾਰਚ 26 ਜਨਵਰੀ ਨੂੰ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਗਣਤੰਤਰ ਦਿਵਸ ਮੌਕੇ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਦੀ ਇੱਕ ਰਿਹਰਸਲ ਹੈ।

  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਇਸ ਟਰੈਕਟਰ ਮਾਰਚ ਬਾਰੇ ਜਾਣਕਾਰੀ ਦਿੰਦਿਆਂ ਬੁੱਧਵਾਰ ਨੂੰ ਦੱਸਿਆ ਸੀ-
  • ਸੱਤ ਜਾਨਵਰੀ ਦਾ ਪ੍ਰੋਗਰਾਮ 26 ਜਵਨਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੇ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਮਨਾਇਆ ਜਾ ਰਿਹਾ ਹੈ।
  • ਸਿੰਘੂ ਬਾਰਡਰ ਤੋਂ ਵੱਡੀ ਗਿਣਤੀ 'ਚ ਟ੍ਰੈਕਟਰ ਟਿਕਰੀ ਬਾਰਡਰ ਵੱਲ ਅਤੇ ਟਿਕਰੀ ਬਾਰਡਰ ਤੋਂ ਟਰੈਕਟਰ ਸਿੰਘੂ ਬਾਰਡਰ ਵੱਲ ਜਾਣਗੇ। ਇਸ ਤਰ੍ਹਾਂ ਹੀ ਗਾਜ਼ੀਪੁਰ ਬਾਰਡਰ ਤੋਂ ਪਲਵਲ ਵੱਲ ਟ੍ਰੈਕਟਰ ਜਾਣਗੇ।
  • ਹਰਿਆਣਾ-ਯੂਪੀ ਦੇ ਆਲੇ-ਦੁਆਲੇ ਦੇ ਪਿੰਡਾਂ 'ਚੋਂ 10-10 ਟਰੈਕਟਰ ਸ਼ਾਮਲ ਹੋਣਗੇ।

ਟਿਕਰੀ ਬਾਰਡਰ ਤੋਂ ਟਰੈਕਟਰ ਮਾਰਚ ਅੱਗੇ ਤੁਰਿਆ

ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਹੋਇਆ ਟਿਕਰੀ ਬਾਰਡਰ ਤੋਂ ਟਰੈਕਟਰ ਮਾਰਚ ਅੱਗੇ ਤੁਰਿਆ ਤਾਂ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਨੇ ਮਾਹੌਲ ਦਾ ਜਾਇਜ਼ਾ ਲਿਆ।

ਮਾਰਚ ਤੋਂ ਪਹਿਲਾਂ ਕਿਸਾਨਾਂ ਨੇ ਕੀ ਕਿਹਾ

ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਨੇ ਟਿੱਕਰੀ ਬਾਰਡਰ ਉੱਪਰ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਰਾਜਪਥ 'ਤੇ ਪਰੇਡ ਕਰਨ ਲਈ ਔਰਤਾਂ ਨੇ ਵੀ ਸਿੱਖੇ ਟਰੈਕਟਰ

ਕਿਸਾਨ 26 ਜਨਵਰੀ ਨੂੰ ਦਿੱਲੀ ਦੇ ਰਾਜਪਥ 'ਤੇ ਟਰੈਕਟਰ ਪਰੇਡ ਦੀ ਤਿਆਰੀ ਕਰ ਰਹੇ ਹਨ। ਹਰਿਆਣਾ ਦੇ ਜੀਂਦ 'ਚ ਮਹਿਲਾ ਕਿਸਾਨ ਟਰੈਕਟਰ ਚਲਾਉਣ ਦੀ ਟ੍ਰੇਨਿੰਗ ਲੈ ਰਹੀਆਂ ਹਨ।

ਇਹ ਔਰਤਾਂ ਨੈਸ਼ਨਲ ਹਾਈਵੇਅ 'ਤੇ ਟੋਲ ਪਲਾਜ਼ਾ ਦੇ ਕੋਲ ਟ੍ਰੇਨਿੰਗ ਲੈ ਰਹੀਆਂ ਹਨ। ਟ੍ਰੇਨਿੰਗ ਵਿੱਚ ਉਹ ਤੰਗ ਗਲੀਆਂ ਅਤੇ ਸਪੀਡ ਬ੍ਰੇਕਰਾਂ ਤੋਂ ਟਰੈਕਟਰ ਕੱਢਣਾ ਸਿੱਖ ਰਹੀਆਂ ਹਨ।

ਔਰਤਾਂ 26 ਜਨਵਰੀ ਨੂੰ ਖ਼ੁਦ ਟਰੈਕਟਰ ਚਲਾ ਕੇ ਰਾਜਪਥ ਪਹੁੰਚਣਾ ਚਾਹੁੰਦੀਆਂ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)