ਕਿਸਾਨ ਅੰਦੋਲਨ: ਕਿਸਾਨ ਆਗੂ ਨੇ ਦੱਸਿਆ ਦਿੱਲੀ ਦੇ ਬਾਰਡਰਾਂ ਤੋਂ ਟਰੈਕਟਰ ਮਾਰਚ ਦਾ ਕੀ ਹੈ ਪੂਰਾ ਪਲਾਨ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕਿਸਾਨ ਅੰਦੋਲਨ ਅਤੇ ਅੱਜ ਦੀਆਂ ਘਟਨਾਵਾਂ ਦੀ ਅਪਡੇਟ ਪਹੁੰਚਾਵਾਂਗੇ।

ਕਿਸਾਨ ਆਗੂ ਤੋਂ ਸੁਣੋ ਦਿੱਲੀ ਦੇ ਬਾਰਡਰਾਂ ਤੋਂ ਟਰੈਕਟਰ ਮਾਰਚ ਦਾ ਪਲਾਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਦੱਸੀਆਂ ਦਿੱਲੀ ਦੇ ਬਾਰਡਰਾਂ ਤੋਂ ਟਰੈਕਟਰ ਮਾਰਚ ਦੀਆਂ ਅਹਿਮ ਗੱਲਾਂ...

  • ਕੱਲ ਦਾ ਪ੍ਰੋਗਰਾਮ 26 ਜਵਨਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੇ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਮਨਾਇਆ ਜਾ ਰਿਹਾ ਹੈ।
  • ਕਰੀਬ 9 ਵਜੇ ਅਸੀਂ ਰਸੋਈ ਢਾਬੇ ਵੱਲ ਵਧਾਂਗੇ। ਸਿੰਘੂ ਬਾਰਡਰ ਤੋਂ ਹਜ਼ਾਰਾਂ ਟਰੈਕਟਰ ਕੇਐਮਪੀ ਵੱਲ ਜਾਣਗੇ।
  • ਸਿੰਧੂ ਬਾਰਡਰ ਤੋਂ ਵੱਡੀ ਗਿਣਤੀ 'ਚ ਟ੍ਰੈਕਟਰ ਟਿਕਰੀ ਬਾਰਡਰ ਵੱਲ ਜਾਣਗੇ ਅਤੇ ਟਿਕਰੀ ਬਾਰਡਰ ਤੋਂ ਟਰੈਕਟਰ ਸਿੰਘੂ ਬਾਰਡਰ ਵੱਲ ਆਉਣਗੇ। ਇਸ ਤਰ੍ਹਾਂ ਹੀ ਗਾਜ਼ੀਪੁਰ ਬਾਰਡਰ ਤੋਂ ਪਲਵਲ ਵੱਲ ਟ੍ਰੈਕਟਰ ਜਾਣਗੇ।
  • ਹਰਿਆਣਾ-ਯੂਪੀ ਦੇ ਆਲੇ-ਦੁਆਲੇ ਦੇ ਪਿੰਡਾਂ 'ਚੋਂ 10-10 ਟਰੈਕਟਰ ਆਉਣਗੇ।
  • ਮੌਸਮ ਜੋ ਵੀ ਰਹੇ, ਕੱਲ ਦਾ ਸਾਰਾ ਪ੍ਰੋਗਰਾਮ ਜ਼ਰੂਰ ਹੋਵੇਗਾ।

ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਧਾਰਾ 307 ਹਟਾਉਣ ਦੇ ਨਿਰਦੇਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਲੀਡਰ ਤਿਕਸ਼ਣ ਸੂਦ ਦੇ ਘਰ ਦੇ ਬਾਹਰ ਗੋਹਾ ਸੁੱਟਣ ਵਾਲੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਕੀਤੇ ਗਏ ਕੇਸ ’ਚ ਧਾਰਾ 307 ਹਟਾਉਣ ਦੇ ਹੁਕਮ ਦਿੱਤੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ‘ਕਤਲ ਦੀ ਧਾਰਾ’ ਲਗਾਉਣ ਵਾਲੇ ਐਸਐਚਓ ਦੇ ਤਬਾਦਲੇ ਦੇ ਨਿਰਦੇਸ਼ ਦਿੱਤੇ ਹਨ। ਇਸ ਪੂਰੇ ਮਾਮਲੇ ਦੀ ਜਾਂਚ ਐਸਆਈਟੀ ਵਲੋਂ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ। ਅਸੀਂ ਵਿਧਾਨਸਭਾ 'ਚ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਮਤਾ ਪਾਸ ਕਰ ਚੁੱਕੇ ਹਾਂ। ਇਹ ਰਾਜ ਭਵਨ 'ਚ ਪਿਆ ਹੈ। ਗਵਰਨਰ ਸਾਬ੍ਹ ਨੂੰ ਇਹ ਬਿਲ ਰਾਸ਼ਟਰਪਤੀ ਨੂੰ ਭੇਜਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਭੇਜਿਆ ਨਹੀਂ।"

ਉਨ੍ਹਾਂ ਅੱਗੇ ਕਿਹਾ, "ਰਾਸ਼ਟਰਪਤੀ ਇਸ 'ਤੇ ਫੈਸਲਾ ਕਰਦੇ। ਚਾਹੇ ਸਾਡੇ ਹੱਕ 'ਚ ਜਾਂ ਸਾਡੇ ਖ਼ਿਲਾਫ਼। ਸੰਵਿਧਾਨ 'ਚ ਰਾਸ਼ਟਰਪਤੀ ਕੋਲ ਇਸ ਗੱਲ 'ਤੇ ਫੈਸਲਾ ਲੈਣ ਦਾ ਹੱਕ ਹੁੰਦਾ ਹੈ।"

ਗਾਇਕ ਸ੍ਰੀ ਬਰਾੜ ਦੀ ਗਿਰਫ਼ਤਾਰੀ ਕੀ ਬੋਲੇ ਮੁੱਖ ਮੰਤਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੈਂਗਸਟਰ ਅਤੇ ਗਨ ਕਲਚਰ ਨੂੰ ਵਧਾਵਾ ਦੇਣ ਵਾਲੇ ਗਾਣੇ ਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ ਅਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਸਹੀ ਹੈ। ਸ੍ਰੀ ਬਰਾੜ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

''ਮੈਂ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਕੋਈ ਹੋਰ ਵੀ ਅਜਿਹਾ ਨਹੀਂ ਕਰੇਗੀ। ਜੋ ਕੋਈ ਵੀ ਕਾਨੂੰਨ ਤੋੜੇਗਾ, ਗੈਂਗਸਟਰਾਂ ਨੂੰ ਵਧਾਵਾ ਦੇਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਾਡਾ ਸੂਬਾ ਪਾਕਿਸਤਾਨ ਬਾਰਡਰ ਨਾਲ ਲਗਦਾ ਹੈ, ਉਹ ਇਸ ਨੂੰ ਵਧਾਵਾ ਦੇਣਗੇ। ਮੈਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿਆਂਗਾ।

ਇਹ ਵੀ ਪੜ੍ਹੋ

‘ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਦਾ ਮਾਮਲਾ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ ਹੈ’

ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਹੋ ਰਹੇ ਵਿਰੋਧ ਪ੍ਰਦਰਸ਼ਨ ਦਾ ਮਾਮਲਾ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।

ਸੁਪਰੀਮ ਕੋਰਟ ਨੇ ਵੀ ਵਿਰੋਧ ਪ੍ਰਦਰਸ਼ਨ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਕਿਹਾ ਗਿਆ ਸੀ ਕਿ ਖੇਤੀਬਾੜੀ ਕਾਨੂੰਨਾਂ ਬਾਰੇ ਸਕਾਰਾਤਮਕ ਵਿਚਾਰ ਵਟਾਂਦਰੇ ਹੋ ਰਹੇ ਹਨ। ਇਸ ਬਾਰੇ ਅਦਾਲਤ ਨੇ ਕਿਹਾ, "ਅਸੀਂ ਗੱਲਬਾਤ ਨੂੰ ਉਤਸ਼ਾਹਤ ਕਰਦੇ ਹਾਂ।"

ਇੱਕ ਵਕੀਲ ਨੇ ਸੁਪਰੀਮ ਕੋਰਟ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਅਪੀਲ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਸਥਿਤੀ ਨੂੰ ਸਮਝਦੇ ਹਾਂ।

ਸੁਪਰੀਮ ਕੋਰਟ ਨੇ ਸੁਣਵਾਈ 11 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ।

ਪੰਜਾਬ 'ਚ ਕੱਲ੍ਹ ਤੋਂ 5ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਮੁੜ ਖੁੱਲ੍ਹਣਗੇ ਸਕੂਲ

ਪੰਜਾਬ ਸਰਕਾਰ ਨੇ 7 ਜਨਵਰੀ ਤੋਂ ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ।

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ ਅਤੇ ਸਿਰਫ਼ ਪੰਜਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਸਕੂਲਾਂ ਵਿੱਚ ਆ ਕੇ ਕਲਾਸਾਂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਹਿਮਤੀ ਦਿੰਦੇ ਹੋਏ ਸਿੱਖਿਆ ਵਿਭਾਗ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਮੁਖੀਆਂ ਤੋਂ ਇਸ ਬਾਰੇ ਸਲਾਹ ਮੰਗੀ ਸੀ। ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਮੁਖੀਆਂ ਨੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਲਈ ਅੰਤਮ ਸਮੀਖਿਆ ਤੋਂ ਪਹਿਲਾਂ ਮੁੜ ਸਕੂਲ ਖੋਲਣ ਦੀ ਬੇਨਤੀ ਕੀਤੀ ਸੀ।

ਮਾਰਚ ਮਹੀਨੇ ਤੋਂ ਹੀ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਸਕੂਲ ਬੰਦ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)