ਮੋਦੀ ਸਰਕਾਰ ਮੁਗ਼ਲ ਸ਼ਹਿਜ਼ਾਦੇ ਦਾਰਾ ਸ਼ਿਕੋਹ ਦੀ ਕਬਰ ਕਿਉਂ ਲੱਭ ਰਹੀ ਹੈ?

    • ਲੇਖਕ, ਸ਼ਕੀਲ ਅਖ਼ਤਰ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਸਰਕਾਰ ਇਨ੍ਹੀਂ-ਦਿਨੀਂ 17ਵੀਂ ਸਦੀ ਦੇ ਮੁਗ਼ਲ ਸ਼ਹਿਜ਼ਾਦੇ ਦਾਰਾ ਸ਼ਿਕੋਹ ਦੀ ਕਬਰ ਦੀ ਭਾਲ ਕਰ ਰਹੀ ਹੈ।

ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਅਤੇ ਦਸਤਾਵੇਜਾਂ ਤੋਂ ਪਤਾ ਲੱਗਦਾ ਹੈ ਕਿ ਦਾਰਾ ਸ਼ਿਕੋਹ ਨੂੰ ਦਿੱਲੀ ਵਿੱਚ ਹਿਮਾਂਯੂ ਦੇ ਮਕਬਰੇ ਵਿੱਚ ਹੀ ਕਿਤੇ ਦਫ਼ਨ ਕੀਤਾ ਗਿਆ ਸੀ।

ਮੋਦੀ ਸਰਕਾਰ ਨੇ ਦਾਰਾ ਦੀ ਕਬਰ ਤੱਕ ਪਹੁੰਚਣ ਲਈ ਪੁਰਾਤੱਤਵ ਵਿਗਿਆਨੀਆਂ ਦੀ ਇੱਕ ਕਮੇਟੀ ਬਣਾਈ ਹੈ ਜੋ ਸਾਹਿਤ, ਕਲਾ ਅਤੇ ਵਸਤੂਕਲਾ ਦੇ ਆਧਾਰ 'ਤੇ ਉਨ੍ਹਾਂ ਦੀ ਕਬਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ

ਦਾਰਾ ਸ਼ਿਕੋਹ ਸ਼ਾਹਜਹਾਂ ਦੇ ਸਭ ਤੋਂ ਵੱਡੇ ਪੁੱਤਰ ਸਨ। ਮੁਗ਼ਲ ਰਵਾਇਤਾਂ ਮੁਤਾਬਿਕ, ਆਪਣੇ ਪਿਤਾ ਤੋਂ ਬਾਅਦ ਤਖ਼ਤ ਦੇ ਉੱਤਰਾਧਿਕਾਰੀ ਸਨ।

ਪਰ ਸ਼ਾਹਜਹਾਂ ਦੀ ਬੀਮਾਰੀ ਤੋਂ ਬਾਅਦ ਉਨ੍ਹਾਂ ਦੇ ਦੂਜੇ ਪੁੱਤਰ ਔਰੰਗਜ਼ੇਬ ਨੇ ਪਿਤਾ ਨੂੰ ਗੱਦੀ ਤੋਂ ਲਾਹ ਕੇ, ਉਨ੍ਹਾਂ ਨੂੰ ਆਗਰੇ ਵਿੱਚ ਕੈਦ ਕਰ ਦਿੱਤਾ ਸੀ।

ਔਰੰਗਜ਼ੇਬ ਨੇ ਖ਼ੁਦ ਨੂੰ ਬਾਦਸ਼ਾਹ ਐਲਾਨਿਆ ਅਤੇ ਗੱਦੀ ਦੀ ਲੜਾਈ ਵਿੱਚ ਦਾਰਾ ਸ਼ਿਕੋਹ ਨੂੰ ਹਰਾਕੇ ਜੇਲ੍ਹ ਭੇਜ ਦਿੱਤਾ।

ਸ਼ਾਹਜਹਾਂ ਦੇ ਸ਼ਾਹੀ ਇਤਿਹਾਸਕਾਰ ਮੁਹੰਮਦ ਸਾਲੇਹ ਕਮਬੋਹ ਲਾਹੌਰੀ ਨੇ ਆਪਣੀ ਕਿਤਾਬ 'ਸ਼ਾਹਜਹਾਂ ਨਾਮਾ' ਵਿੱਚ ਲਿਖਿਆ ਹੈ, "ਜਦੋਂ ਸ਼ਹਿਜ਼ਾਦੇ ਦਾਰਾ ਸ਼ਿਕੋਹ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ, ਉਸ ਸਮੇਂ ਉਨ੍ਹਾਂ ਦੇ ਸਰੀਰ 'ਤੇ ਮੈਲੇ ਕੁਚੈਲੇ ਕੱਪੜੇ ਸਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ਬਹੁਤ ਬੁਰੀ ਹਾਲਤ ਵਿੱਚ, ਬਾਗ਼ੀਆਂ ਵਾਂਗ ਹਾਥੀ 'ਤੇ ਸਵਾਰ ਕਰਕੇ ਖ਼ਿਜ਼ਰਾਬਾਦ ਪਹੁੰਚਾਇਆ ਗਿਆ।''

''ਕੁਝ ਸਮੇਂ ਲਈ ਉਨ੍ਹਾਂ ਨੂੰ ਇੱਕ ਛੋਟੀ ਅਤੇ ਹਨੇਰੀ ਜਗ੍ਹਾ ਰੱਖਿਆ ਗਿਆ ਸੀ। ਇਸ ਤੋਂ ਕੁਝ ਦਿਨਾਂ ਅੰਦਰ ਹੀ ਉਨ੍ਹਾਂ ਦੇ ਕਤਲ ਦਾ ਹੁਕਮ ਦੇ ਦਿੱਤਾ ਗਿਆ।"

ਉਹ ਲਿਖਦੇ ਹਨ ਕਿ "ਕੁਝ ਜੱਲਾਦ ਉਨ੍ਹਾਂ ਦਾ ਕਤਲ ਕਰਨ ਲਈ ਜੇਲ੍ਹ ਵਿੱਚ ਦਾਖ਼ਲ ਹੋਏ ਅਤੇ ਪਲ ਭਰ ਵਿੱਚ ਹੀ ਉਨ੍ਹਾਂ ਦੇ ਗਲ਼ੇ 'ਤੇ ਖੰਜਰ ਚਲਾਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।''

''ਬਾਅਦ ਵਿੱਚ ਉਨਾਂ ਹੀ ਮੈਲੇ ਅਤੇ ਖ਼ੂਨ ਨਾਲ ਲੱਥ-ਪੱਥ ਕੱਪੜਿਆਂ ਵਿੱਚ ਉਨ੍ਹਾਂ ਦੇ ਸਰੀਰ ਨੂੰ ਹਿਮਾਂਯੂ ਦੇ ਮਕਬਰੇ ਵਿੱਚ ਦਫ਼ਨ ਕਰ ਦਿੱਤਾ ਗਿਆ।"

ਉਸੇ ਦੌਰ ਦੇ ਇੱਕ ਹੋਰ ਇਤਿਹਾਸਕਾਰ, ਮੁਹੰਮਦ ਕਾਜ਼ਿਮ ਇਬਨੇ ਮੁਹੰਮਦ ਅਮੀਨ ਮੁਨਸ਼ੀ ਨੇ ਆਪਣੀ ਕਿਤਾਬ 'ਆਲਮਗੀਰ ਨਾਮਾ' ਵਿੱਚ ਵੀ ਦਾਰਾ ਸ਼ਿਕੋਹ ਦੀ ਕਬਰ ਬਾਰੇ ਲਿਖਿਆ ਹੈ।

ਉਹ ਲਿਖਦੇ ਹਨ, "ਦਾਰਾ ਨੂੰ ਹਿਮਾਂਯੂ ਦੇ ਮਕਬਰੇ ਵਿੱਚ ਉਸ ਗੁੰਬਦ ਦੇ ਥੱਲੇ ਦਫ਼ਨਾਇਆ ਗਿਆ ਸੀ ਜਿਥੇ ਬਾਦਸ਼ਾਹ ਅਕਬਰ ਦੇ ਬੇਟੇ ਦਾਨਿਆਲ ਅਤੇ ਮੁਰਾਦ ਦਫ਼ਨ ਹਨ ਅਤੇ ਇਥੇ ਬਾਅਦ ਵਿੱਚ ਹੋਰ ਤੈਮੂਰੀ ਖ਼ਾਨਦਾਨ ਦੇ ਸ਼ਹਿਜ਼ਾਦਿਆਂ ਅਤੇ ਸ਼ਹਿਜ਼ਾਦੀਆਂ ਨੂੰ ਦਫ਼ਨਾਇਆ ਗਿਆ ਸੀ।"

ਪਾਕਿਸਤਾਨ ਦੇ ਇੱਕ ਵਿਦਵਾਨ ਅਹਿਮਦ ਨਬੀ ਖ਼ਾਨ ਨੇ 1969 ਵਿੱਚ ਲਾਹੌਰ ਵਿੱਚ ਦੀਵਾਰ-ਏ-ਦਾਰਾ ਦਾਰਾ ਸ਼ਿਕੋਹ' ਨਾਮ ਦੇ ਇੱਕ ਖੋਜ ਪੱਤਰ ਵਿੱਚ ਦਾਰਾ ਦੀ ਕਬਰ ਦੀ ਇੱਕ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਸੀ।

ਉਨ੍ਹਾਂ ਮੁਤਾਬਿਕ, ਉੱਤਰ ਪੱਛਮ ਹਿੱਸੇ ਵਿੱਚ ਸਥਿਤ ਤਿੰਨ ਕਬਰਾਂ ਮਰਦਾਂ ਦੀਆਂ ਹਨ ਅਤੇ ਉਨ੍ਹਾਂ ਵਿਚੋਂ ਜਿਹੜੀ ਕਬਰ ਦਰਵਾਜੇ ਵੱਲ ਹੈ ਉਹ ਦਾਰਾ ਸ਼ਿਕੋਹ ਦੀ ਹੈ।

ਦਾਰਾ ਦੀ ਕਬਰ ਪਛਾਨਣ ਵਿੱਚ ਔਖਿਆਈ ਕੀ ਹੈ?

ਹਿਮਾਂਯੂ ਦੇ ਵਿਸ਼ਾਲ ਮਕਬਰੇ ਵਿੱਚ ਹਿਮਾਂਯੂ ਤੋਂ ਇਲਾਵਾ ਕਈ ਕਬਰਾਂ ਹਨ। ਉਨ੍ਹਾਂ ਵਿੱਚੋਂ ਮਕਬਰੇ ਦੇ ਅੰਦਰ ਸਥਿਤ ਸਿਰਫ਼ ਇੱਕ ਹਿਮਾਂਯੂ ਦੀ ਕਬਰ ਹੀ ਅਜਿਹੀ ਹੈ ਜਿਸਦੀ ਪਛਾਣ ਹੋਈ ਹੈ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਇਤਿਹਾਸਕਾਰ ਪ੍ਰੋਫ਼ੈਸਰ ਸ਼ਿਰੀਨ ਮੌਸਵੀ ਕਹਿੰਦੇ ਹਨ, "ਕਿਉਂਕਿ ਹਿਮਾਂਯੂ ਦੇ ਮਕਬਰੇ ਵਿੱਚ ਕਿਸੇ ਵੀ ਕਬਰ 'ਤੇ ਕੋਈ ਸ਼ਿਲਾਲੇਖ ਨਹੀਂ ਲੱਗਿਆ ਹੋਇਆ, ਇਸ ਕਰਕੇ ਕੌਣ ਕਿਸ ਕਬਰ ਵਿੱਚ ਦਫ਼ਨ ਹੈ, ਪਤਾ ਨਹੀਂ।"

ਸਰਕਾਰ ਨੇ ਦਾਰਾ ਦੀ ਕਬਰ ਦੀ ਪਛਾਣ ਕਰਨ ਲਈ ਪੁਰਾਤਵਵ ਵਿਗਿਆਨੀਆਂ ਦੀ ਜਿਹੜੀ ਟੀਮ ਬਣਾਈ ਹੈ, ਉਸ ਵਿੱਚ ਪੁਰਾਤੱਤਵ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਸਈਦ ਜਮਾਲ ਹਸਨ ਵੀ ਸ਼ਾਮਲ ਹਨ।

ਉਹ ਕਹਿੰਦੇ ਹਨ, "ਇੱਥੇ ਤਕਰੀਬਨ ਇੱਕ ਸੌ ਪੰਜਾਹ ਕਬਰਾਂ ਹਨ ਜਿਨ੍ਹਾਂ ਦੀ ਹਾਲੇ ਤੱਕ ਪਛਾਣ ਨਹੀਂ ਹੋਈ ਹੈ। ਇਹ ਪਛਾਣ ਦਾ ਪਹਿਲਾ ਯਤਨ ਹੈ।"

ਉਹ ਕਹਿੰਦੇ ਹਨ ਕਿ "ਹਿਮਾਂਯੂ ਦੇ ਗੁਬੰਦ ਦੇ ਥੱਲੇ ਜੋ ਕਮਰਾ ਬਣਿਆ ਹੋਇਆ ਹੈ, ਅਸੀਂ ਉੱਥੇ ਬਣੀਆਂ ਕਬਰਾਂ ਦਾ ਨਰੀਖਣ ਕਰਾਂਗੇ। ਉਨ੍ਹਾਂ ਕਬਰਾਂ ਦੇ ਡਿਜ਼ਾਈਨ ਦੇਖਾਂਗੇ। ਜੇ ਕਿਤੇ ਕੁਝ ਲਿਖਿਆ ਹੋਇਆ ਤਾਂ ਉਸਦੀ ਤਲਾਸ਼ ਕਰਾਂਗੇ। ਕਲਾ ਅਤੇ ਵਸਤੂਕਲਾ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਦਾਰਾ ਦੀ ਕਬਰ ਪਛਾਣੀ ਜਾ ਸਕੇ।"

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕੰਮ ਔਖਾ ਹੈ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਮੋਦੀ ਸਰਕਾਰ ਨੂੰ ਕਬਰ ਦੀ ਭਾਲ ਕਿਉਂ?

ਦਾਰਾ ਸ਼ਿਕੋਹ ਸ਼ਾਹਜਹਾਂ ਦੇ ਉਤਰਾਧਿਕਾਰੀ ਸਨ। ਉਹ ਭਾਰਤ ਦੇ ਇੱਕ ਅਜਿਹੇ ਬਾਦਸ਼ਾਹ ਬਣਨ ਦਾ ਸੁਫ਼ਨਾ ਦੇਖ ਰਹੇ ਸਨ ਜੋ ਬਾਦਸ਼ਾਹਤ ਦੇ ਨਾਲ ਨਾਲ ਦਰਸ਼ਨ, ਸ਼ੂਫ਼ੀਵਾਦ ਅਤੇ ਰੂਹਾਨੀਅਤ 'ਤੇ ਵੀ ਮੁਹਾਰਤ ਰੱਖਦਾ ਹੋਵੇ।

ਉਨ੍ਹਾਂ ਬਾਰੇ ਉਪਲੱਬਧ ਜਾਣਕਾਰੀਆਂ ਮੁਤਾਬਕ, ਉਹ ਆਪਣੇ ਸਮੇਂ ਦੇ ਪ੍ਰਮੁੱਖ ਹਿੰਦੂਆਂ, ਬੌਧੀਆਂ, ਜੈਨੀਆਂ, ਈਸਾਈਆਂ ਅਤੇ ਮੁਸਲਮਾਨ ਸੂਫ਼ੀਆਂ ਦੇ ਨਾਲ ਉਨ੍ਹਾਂ ਦੇ ਧਾਰਮਿਕ ਵਿਚਾਰਾਂ 'ਤੇ ਚਰਚਾ ਕਰਦੇ ਸਨ।

ਉਨ੍ਹਾਂ ਦੀ ਇਸਲਾਮ ਦੇ ਨਾਲ-ਨਾਲ ਹਿੰਦੂ ਧਰਮ ਵਿੱਚ ਵੀ ਗਹਿਰੀ ਰੁਚੀ ਸੀ ਅਤੇ ਸਾਰੇ ਧਰਮਾਂ ਨੂੰ ਇੱਕੋ ਨਜ਼ਰ ਨਾਲ ਦੇਖਦੇ ਸਨ।

ਉਨ੍ਹਾਂ ਨੇ ਬਨਾਰਸ ਤੋਂ ਪੰਡਤਾਂ ਨੂੰ ਬੁਲਾਇਆ ਅਤੇ ਉਨ੍ਹਾਂ ਦੀ ਮਦਦ ਨਾਲ ਹਿੰਦੂ ਧਰਮ ਦੇ ਉਪਨਿਸ਼ਦਾਂ ਦਾ ਫ਼ਾਰਸੀ ਭਾਸ਼ਾ ਵਿੱਚ ਅਨੁਵਾਦ ਕਰਵਾਇਆ ਸੀ।

ਉਪਨਿਸ਼ਦਾਂ ਦਾ ਇਹ ਫ਼ਾਰਸੀ ਅਨੁਵਾਦ ਯੂਰਪ ਤੱਕ ਪਹੁੰਚਿਆ ਅਤੇ ਉੱਥੇ ਉਨਾਂ ਦਾ ਅਨੁਵਾਦ ਲਾਤੀਨੀ ਭਾਸ਼ਾ ਵਿੱਚ ਹੋਇਆ ਜਿਸ ਨੇ ਉਪਨਿਸ਼ਦਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਕੀਤਾ।

ਭਾਰਤ ਵਿੱਚ ਦਾਰਾ ਸ਼ਿਕੋਹ ਨੂੰ ਇੱਕ ਉਦਾਰ ਕਿਰਦਾਰ ਮੰਨਿਆ ਜਾਂਦਾ ਹੈ।

ਭਾਰਤ ਵਿੱਚ ਹਿੰਦੂ ਝੁਕਾਅ ਵਾਲੇ ਇਤਿਹਾਸਕਾਰਾਂ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਜੇ ਔਰੰਗਜ਼ੇਬ ਦੀ ਥਾਂ ਦਾਰਾ ਸ਼ਿਕੋਹ ਮੁਗ਼ਲ ਸਲਤਨਤ ਦੇ ਤਖ਼ਤ 'ਤੇ ਬੈਠਦੇ ਤਾਂ ਦੇਸ ਦੀ ਸਥਿਤੀ ਬਿਲਕੁਲ ਵੱਖਰੀ ਹੁੰਦੀ।

ਇਹ ਇਤਿਹਾਸਕਾਰ ਔਰੰਗਜ਼ੇਬ ਨੂੰ ਇੱਕ 'ਸਖ਼ਤ, ਕੱਟੜਵਾਦੀ ਅਤੇ ਭੇਦਭਾਵ ਕਰਨ ਵਾਲਾ' ਮੁਸਲਮਾਨ ਮੰਨਦੇ ਹਨ।

ਉਨ੍ਹਾਂ ਮੁਤਾਬਕ, ਉਹ ਹਿੰਦੂਆਂ ਨਾਲ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੇ ਕਈ ਮੰਦਰਾਂ ਨੂੰ ਢੁਆ ਦਿੱਤਾ ਸੀ। ਮੌਜੂਦਾ ਸਿਆਸੀ ਦ੍ਰਿਸ਼ਟੀਕੋਣ ਵਿੱਚ ਇਹ ਧਾਰਨਾ ਹੋਰ ਵੀ ਮਜ਼ਬੂਤ ਹੋ ਗਈ ਹੈ।

ਬੀਬੀਸੀ ਨੇ ਜਿਨ੍ਹਾਂ ਇਤਿਹਾਸਕਾਰਾਂ ਨਾਲ ਗੱਲਬਾਤ ਕੀਤੀ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਔਰੰਗਜ਼ੇਬ ਦੇ ਉਲਟ ਦਾਰਾ ਸ਼ਿਕੋਹ ਹਿੰਦੂ ਧਰਮ ਤੋਂ ਪ੍ਰਭਾਵਿਤ ਸਨ ਅਤੇ ਉਹ ਹਿੰਦੂਆਂ ਦੀਆਂ ਧਾਰਮਿਕ ਮਾਨਤਾਵਾਂ ਦੀ ਵੀ ਇੱਜ਼ਤ ਕਰਦੇ ਸਨ।

ਹਿੰਦੂ ਵਿਚਾਰਧਾਰਾ ਵਾਲੇ ਸੰਗਠਨ ਆਰਐਸਐਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਭਾਰਤ ਵਿੱਚ ਮੁਸਲਮਾਨ ਸ਼ਾਸਕਾਂ ਦੇ ਤਕਰੀਬਨ ਸੱਤ ਸੌ ਸਾਲ ਦੇ ਸ਼ਾਸਨ ਨੂੰ 'ਹਿੰਦੂਆਂ ਦੀ ਗ਼ੁਲਾਮੀ' ਦਾ ਦੌਰ ਕਿਹਾ ਹੈ।

ਆਧੁਨਿਕ ਸਮੇਂ ਵਿੱਚ ਮੁਸਲਮਾਨ ਸ਼ਾਸਕਾਂ ਦੇ ਦੌਰ ਨੂੰ, ਵਿਸ਼ੇਸ਼ ਤੌਰ 'ਤੇ ਮੁਗ਼ਲ ਸ਼ਾਸਕਾਂ ਅਤੇ ਘਟਨਾਵਾਂ ਨੂੰ ਭਾਰਤ ਦੇ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਰਤਮਾਨ ਮੁਸਲਮਾਨਾਂ ਦੀ ਤੁਲਨਾ ਵਿੱਚ ਦਾਰਾ ਸ਼ਿਕੋਹ ਭਾਰਤ ਦੀ ਮਿੱਟੀ ਵਿੱਚ ਵਧੇਰੇ ਘੁਲੇ ਮਿਲ ਗਏ ਸਨ।

ਮੋਦੀ ਸਰਕਾਰ ਕਬਰ 'ਤੇ ਕੀ ਕਰੇਗੀ?

ਮੋਦੀ ਸਰਕਾਰ ਦਾਰਾ ਸ਼ਿਕੋਹ ਨੂੰ ਇੱਕ ਆਦਰਸ਼, ਉਦਾਰ ਮੁਸਲਮਾਨ ਕਿਰਦਾਰ ਮੰਨਦੀ ਹੈ ਅਤੇ ਇਸ ਲਈ ਉਹ ਦਾਰਾ ਨੂੰ ਮੁਸਲਮਾਨਾਂ ਲਈ ਇੱਕ ਆਦਰਸ਼ ਬਣਾਉਣਾ ਚਾਹੁੰਦੀ ਹੈ।

ਉਨ੍ਹਾਂ ਦੇ ਵਿਚਾਰਾਂ ਨੂੰ ਉਜਾਗਰ ਕਰਨ ਲਈ, ਇਹ ਸੰਭਵ ਹੈ ਕਿ ਮੁਗ਼ਲ ਸ਼ਹਿਜ਼ਾਦੇ ਦੀ ਕਬਰ ਦੀ ਪਛਾਣ ਹੋਣ ਤੋਂ ਬਾਅਦ ਧਾਰਮਿਕ ਸਦਭਾਵ ਦਾ ਕੋਈ ਸਲਾਨਾ ਤਿਉਹਾਰ ਜਾਂ ਸਮਾਗਮ ਸ਼ੁਰੂ ਕੀਤਾ ਜਾਵੇ।

ਸੱਤਾਧਾਰੀ ਪਾਰਟੀ ਭਾਜਪਾ ਦੇ ਨੇਤਾ ਸਈਦ ਜ਼ਫਰ ਇਸਲਾਮ ਦਾ ਕਹਿਣਾ ਹੈ ਕਿ, "ਦਾਰਾ ਸ਼ਿਕੋਹ ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਸਾਰੇ ਧਰਮਾਂ ਦਾ ਅਧਿਐਨ ਕੀਤਾ ਅਤੇ ਇੱਕ ਸ਼ਾਂਤੀ ਮੁਹਿੰਮ ਚਲਾਈ।''

''ਉਹ ਸਾਰੇ ਧਰਮਾਂ ਨੂੰ ਇਕੱਠਿਆਂ ਲੈ ਕੇ ਤੁਰਨ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਦਾ ਉਨ੍ਹਾਂ ਨੂੰ ਨਤੀਜਾ ਭੁਗਤਣਾ ਪਿਆ। ਅੱਜ ਦੇ ਮੁਸਲਮਾਨ ਸਮਾਜ ਵਿੱਚ ਵੀ ਦਾਰਾ ਵਰਗੀ ਸੋਚ ਅਤੇ ਸਮਝ ਦੀ ਬਹੁਤ ਲੋੜ ਹੈ।"

ਦਾਰਾ ਸ਼ਿਕੋਹ ਨੂੰ ਮੁਸਲਮਾਨਾਂ ਲਈ ਇੱਕ ਆਦਰਸ਼ ਦੇ ਰੂਪ ਵਿੱਚ ਪੇਸ਼ ਕਰਨ ਦਾ ਵਿਚਾਰ ਇਸ ਧਾਰਨਾ 'ਤੇ ਆਧਾਰਿਤ ਹੈ ਕਿ ਮੁਸਲਮਾਨ ਭਾਰਤ ਦੇ ਧਰਮਾਂ ਅਤੇ ਇੱਥੋਂ ਦੇ ਰੀਤੀ-ਰਿਵਾਜ਼ਾਂ ਵਿੱਚ ਪੂਰੀ ਤਰ੍ਹਾਂ ਘੁਲਮਿਲ ਨਹੀਂ ਸਕੇ ਅਤੇ ਨਾ ਹੀ ਇਨ੍ਹਾਂ ਨੂੰ ਅਪਣਾ ਸਕੇ ਹਨ।

ਹਾਲਾਂਕਿ ਕਈ ਅਲੋਚਕ ਇਹ ਸਵਾਲ ਵੀ ਪੁੱਛਦੇ ਹਨ ਕਿ ਦਾਰਾ ਸ਼ਿਕੋਹ ਨੂੰ ਉਨ੍ਹਾਂ ਦੀ ਉਦਾਰਤਾ ਅਤੇ ਧਾਰਮਿਕ ਏਕਤਾ ਦੇ ਵਿਚਾਰਾਂ ਲਈ ਸਿਰਫ਼ ਮੁਸਲਮਾਨਾਂ ਦਾ ਹੀ ਕਿਉਂ, ਪੂਰੇ ਦੇਸ ਦਾ ਆਦਰਸ਼ ਕਿਉਂ ਨਹੀਂ ਬਣਾਇਆ ਜਾਣਾ ਚਾਹੀਦਾ?

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)