You’re viewing a text-only version of this website that uses less data. View the main version of the website including all images and videos.
ਬਰਡ ਫਲੂ: ਹਿਮਾਚਲ ਪ੍ਰਦੇਸ਼ 'ਚ ਪੁਸ਼ਟੀ ਨਾਲ ਮਚਿਆ ਹੜਕੰਪ, ਪੰਜਾਬ ਤੇ ਹਰਿਆਣਾ 'ਚ ਕੀ ਹਨ ਹਾਲਾਤ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚ ਏਵੀਅਨ ਫਲੂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਹਿਮਾਚਲ ਵਿਚ ਇਸ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਬਾਕੀ ਦੋ ਸੂਬਿਆਂ ਵਿਚ ਅਜੇ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ।
ਪਿਛਲੇ ਦਿਨੀਂ ਚੰਡੀਗੜ੍ਹ ਦੇ ਨੇੜੇ ਬਰਵਾਲਾ ਵਿਚ ਹਜ਼ਾਰਾਂ ਪੰਛੀਆਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ।
ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਅਹੂਜਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਹਜ਼ਾਰਾਂ ਪੰਛੀਆਂ ਦੀ ਮੌਤ ਤੋਂ ਬਾਅਦ ਅਸੀਂ ਜਲੰਧਰ ਦੀ ਲੈਬ ਤੋਂ ਇਸ ਦਾ ਕਾਰਨ ਪਤਾ ਲਗਾਉਣ ਵਾਸਤੇ ਬੇਨਤੀ ਕੀਤੀ ਸੀ। ਮੰਗਲਵਾਰ ਨੂੰ ਉੱਥੋਂ ਟੀਮ ਆ ਰਹੀ ਹੈ ਜੋ ਅਗਲੇ 24 ਘੰਟਿਆਂ ਵਿਚ ਆਪਣੀ ਰਿਪੋਰਟ ਦੇਵੇਗੀ ਜਿਸਤੋਂ ਬਾਅਦ ਮਾਮਲਾ ਸਾਫ਼ ਹੋ ਜਾਏਗਾ ਕਿ ਇਹ ਫਲੂ ਹੈ ਕਿ ਨਹੀਂ।
ਇਹ ਵੀ ਪੜ੍ਹੋ
ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਫਲੂ ਹੈ, ਇਸ ਲਈ ਅਜੇ ਮਾਸਾਹਾਰੀ ਖਾਣੇ ਦੀ ਖ਼ਰੀਦਦਾਰੀ ਤੇ ਵੇਚਣ ਉੱਤੇ ਕੋਈ ਰੋਕ ਨਹੀਂ ਲਾਈ ਗਈ ਹੈ।
ਹਿਮਾਚਲ ਪ੍ਰਦੇਸ਼ ਵਿੱਚ ਹੋਈ ਪੁਸ਼ਟੀ
ਹਿਮਾਚਲ ਵਿਚ ਪੌਂਗ ਵੈੱਟ ਲੈਂਡ ਵਿਚ ਸੈਂਕੜੇ ਪਰਵਾਸੀ ਪੰਛੀਆਂ ਦੀ ਮੌਤ ਦੀ ਰਿਪੋਰਟ ਤੋਂ ਬਾਅਦ ਜਦੋਂ ਜਾਂਚ ਕਰਾਈ ਗਈ ਤਾਂ ਉਸ ਦੇ ਵਿਚ ਏਵੀਅਨ ਫਲੂ ਦੀ ਪੁਸ਼ਟੀ ਹੋਈ ਹੈ।
ਜਲੰਧਰ ਦੀ ਰਿਜਨਲ ਡਿਜੀਜ਼ ਡਾਇਗਨੋਸਟਿਕ ਲੈਬੋਰਟਰੀ ਅਤੇ ਨੇਸ਼ਨਲ ਇੰਸਟੀਚਿਊਟ ਆਫ ਹਾਈ ਸਿਕਿਊਰਿਟੀ ਐਨੀਮਲ ਡੀਸੀਜ਼, ਭੋਪਾਲ ਤੋਂ ਇਸ ਬਾਰੇ ਰਿਪੋਰਟ ਆ ਗਈ ਸੀ।
ਇਸ ਤੋਂ ਮਗਰੋਂ ਕਾਂਗੜਾ ਪ੍ਰਸ਼ਾਸਨ ਨੇ ਝੀਲ ਤੋਂ ਇੱਕ ਕਿੱਲੋ ਮੀਟਰ ਦੇ ਦੂਰੀ ਤਕ ਰੈੱਡ ਜ਼ੋਨ ਐਲਾਨਣ ਦੇ ਹੁਕਮ ਦੇ ਦਿੱਤੇ ਹਨ ਤਾਂਕਿ ਪੋਲਟਰੀ ਬੋਰਡ ਅਤੇ ਇਨਸਾਨਾਂ ਦੇ ਵਿਚ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ।
ਚਿਕਨ ਮੀਟ ਤੇ ਅੰਡੇ ਵੇਚਣ ਉੱਤੇ ਪਾਬੰਦੀ
ਪ੍ਰਸ਼ਾਸਨ ਨੇ ਮੀਟ, ਅੰਡੇ ਅਤੇ ਚਿਕਨ ਦੀ ਖ਼ਰੀਦ ਫ਼ਰੋਖ਼ਤ ਦੇ ਕੁੱਝ ਇਲਾਕਿਆਂ ਜਿਵੇਂ ਜਵਾਲੀ, ਫ਼ਤਿਹਪੁਰ, ਦੇਹਰਾ ਅਤੇ ਇੰਦੌਰਾ ਵਿਖੇ ਪਾਬੰਦੀ ਲਾ ਦਿੱਤੀ ਹੈ। ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ 50,000 ਰੁਪਏ ਦਾ ਜੁਰਮਾਨਾ ਕੀਤਾ ਜਾਏਗਾ।
ਪੰਚਕੂਲਾ ਦੇ ਪੋਲਟਰੀ ਫਾਰਮ ਦੇ ਮਾਲਕ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਫਾਰਮ ਵਿਚ ਲਗਭਗ 5000 ਪੰਛੀ ਮਾਰੇ ਜਾ ਚੁੱਕੇ ਹਨ ਪਰ ਅਜੇ ਤਕ ਇਹ ਨਹੀਂ ਕਿਹਾ ਜਾ ਸਕਦਾ ਕਿ ਇੱਥੇ ਫਲੂ ਫੈਲਿਆ ਹੈ।
ਉਨ੍ਹਾਂ ਨੇ ਕਿਹਾ, “ਇਨ੍ਹਾਂ ਖ਼ਬਰਾਂ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਕਾਫ਼ੀ ਅਸਰ ਹੋਇਆ ਹੈ। ਪਹਿਲਾਂ ਕੋਵਿਡ ਦੀ ਮਾਰ ਤੇ ਹੁਣ ਫਲੂ ਦਾ ਖ਼ਤਰਾ। ਅਸੀਂ ਇਹੀ ਉਮੀਦ ਕਰ ਰਹੇ ਹਾਂ ਕਿ ਇਹ ਨਾ ਫੈਲੇ।”
ਕਈ ਹੋਰ ਸੂਬਿਆਂ ਜਿਵੇਂ ਰਾਜਸਥਾਨ ਨੇ ਵੀ ਕੁੱਝ ਮੋਰਾਂ ਦੀ ਮੌਤ ਤੋ ਬਾਅਦ ਅਲਰਟ ਜਾਰੀ ਕੀਤਾ ਹੈ ਹਾਲਾਂਕਿ ਉੱਥੇ ਵੀ ਫਲੂ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: