ਕਿਸਾਨ ਅੰਦੋਲਨ : ਨਰਿੰਦਰ ਮੋਦੀ ਨਾਲ ਬੈਠਕ ਕਰਨ ਤੋਂ ਬਾਅਦ ਕੀ ਬੋਲੇ ਸੁਰਜੀਤ ਜਿਆਣੀ ਤੇ ਹਰਜੀਤ ਗਰੇਵਾਲ

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕਿਸਾਨ ਅੰਦੋਲਨ ਨਾਲ ਸਬੰਧਤ ਤਾਜ਼ਾ ਤੇ ਅਹਿਮ ਜਾਣਕਾਰੀਆਂ ਦੇ ਰਹੇ ਹਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਦੋ ਭਾਜਪਾ ਆਗੂਆਂ ਸੁਰਜੀਤ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਨਾਲ ਬੈਠਕ ਕਰਕੇ ਪੰਜਾਬ ਦੀ ਜ਼ਮੀਨੀ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਦੂਜੇ ਪਾਸੇ ਕਿਸਾਨਾਂ ਨੇ ਸਿੰਘੂ ਵਿਚ ਬੈਠਕ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ।

ਇਸ ਦੇ ਨਾਲ ਹੀ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ

ਪੀਐੱਮ ਮੋਦੀ ਨੂੰ ਮਿਲਣ ਤੋਂ ਬਾਅਦ ਕੀ ਬੋਲੇ ਪੰਜਾਬ ਭਾਜਪਾ ਆਗੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਦੀ ਬੈਠਕ ਕਰੀਬ 2 ਘੰਟੇ ਚੱਲੀ।

ਬੈਠਕ ਤੋਂ ਬਾਹਰ ਆਉਣ ਤੋਂ ਬਾਅਦ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕਾਨੂੰਨ ਵਾਪਸ ਕਰਾਉਣ ਦੀ ਜ਼ਿੱਦ ਛੱਡਣੀ ਚਾਹੀਦੀ ਹੈ। ਕਿਸਾਨ ਦਾ ਭਲਾ ਸਰਕਾਰ ਕਰਨ ਨੂੰ ਤਿਆਰ ਹੈ।

ਉਨ੍ਹਾਂ ਕਿਹਾ, "ਇਹ ਲੀਡਰਹੀਣ ਅੰਦੋਲਨ ਹੈ। ਇਸ ਅੰਦੋਲਨ ਦੇ 40 ਬੰਦਿਆਂ 'ਚ ਕੋਈ ਲੀਡਰ ਨਹੀਂ ਹੈ। ਫੈਸਲਾ ਲੈਣ ਦੀ ਕੋਈ ਤਾਕਤ ਉਨ੍ਹਾਂ ਕੋਲ ਨਹੀਂ ਹੈ। ਮੈਂ ਤਾਂ ਕਹਿੰਦਾ ਹੈ ਕਿ ਤੁਸੀਂ ਕੋਈ ਇੱਕ ਲੀਡਰ ਬਣਾਓ, ਇਸ ਨਾਲ ਮਸਲਾ ਹੱਲ ਹੋ ਜਾਣਾ।"

"ਟ੍ਰੈਕਟਰ ਰੈਲੀਆਂ ਕਰਨੀਆਂ, ਲੀਡਰਾਂ ਦਾ ਵਿਰੋਧ ਕਰਨਾ ਉਚਿਤ ਨਹੀਂ ਹੈ। ਇਥੇ ਕਾਮਰੇਡ ਜੁੜ ਗਏ ਹਨ। ਕਿਸਾਨਾਂ ਨੂੰ ਕਾਮਰੇਡਾਂ ਤੋਂ ਵੱਖ ਹੋ ਕੇ ਆਪਣੇ ਹਿੱਤ ਦੀ ਗੱਲ ਕਰਨੀ ਪਵੇਗੀ। "

ਉਨ੍ਹਾਂ ਕਿਹਾ ਕਿ ਪੀਐਮ ਮੋਦੀ ਵਾਂਗ ਕੋਈ ਵੀ ਪੰਜਾਬ ਦੀ ਚਿੰਤਾ ਨਹੀਂ ਕਰ ਸਕਦਾ। ਕਾਨੂੰਨ ਰੱਦ ਕਰਨ ਦੀ ਮੰਗ ਕਰਨਾ ਇੱਕ ਜ਼ਿੱਦ ਹੈ।

ਹਰਜੀਤ ਸਿੰਘ ਗਰੇਵਾਲ ਨੇ ਕਿਹਾ, "ਮੋਦੀ ਜੀ ਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ। ਉਹ ਮਜ਼ਬੂਤ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਅੰਦੋਲਨ ਦੌਰਾਨ ਹੋਈਆਂ ਸਾਰੀਆਂ ਮੌਤਾਂ ਬਾਰੇ ਪਤਾ ਹੈ। ਮਰਨਾ-ਜਿਉਣਾ ਰੱਬ ਦੇ ਹੱਥ ਹੁੰਦਾ ਹੈ, ਪਰ ਕੋਈ ਜਾਨ ਜਾਵੇ ਤਾਂ ਦੁੱਖ ਤਾਂ ਹੁੰਦਾ ਹੀ ਹੈ।"

"ਪ੍ਰਧਾਨ ਮੰਤਰੀ ਦਾ ਅਕਸ ਖ਼ਰਾਬ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ 'ਚ ਦੇਸ਼ ਮਜ਼ਬੂਤ ਹੋ ਰਿਹਾ ਹੈ।"

ਪੰਜਾਬ ਦੇ ਜ਼ਮੀਨੀ ਹਾਲਾਤ ਦਾ ਜਾਇਜ਼ਾ

ਇਸ ਤੋਂ ਪਹਿਲਾਂ ਮਿਲੀਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੋ ਰਿਹਾ ਹੈ, ਇਸ ਨੂੰ ਵੇਖਦਿਆਂ ਪੀਐੱਮ ਮੋਦੀ ਪੰਜਾਬ ਦੇ ਲੀਡਰਾਂ ਗੱਲਬਾਤ ਕਰਕੇ ਜ਼ਮੀਨੀ ਹਾਲਾਤ ਦੀ ਸਿੱਧੀ ਜਾਣਕਾਰੀ ਹਾਸਲ ਕਰ ਰਹੇ ਹਨ।

ਦੱਸ ਦੇਇਏ ਕਿ ਕਿਸਾਨ ਸੰਘਰਸ਼ ਦੇ ਚਲਦਿਆਂ ਪੰਜਾਬ ਦੇ ਭਾਜਪਾ ਲੀਡਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਜਪਾ ਆਗੂ ਤੀਕਸ਼ਨ ਸੂਦ ਦੇ ਘਰ ਪਿਛਲੇ ਦਿਨੀਂ ਪ੍ਰਦਰਸ਼ਨਕਾਰੀ ਕਿਸਾਨਾਂ ਵਲੋਂ ਗੋਹਾ ਸੁੱਟਣ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਮੋਗਾ ਅਤੇ ਸੰਗਰੂਰ 'ਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਕਿਸਾਨਾਂ ਤੇ ਸਰਕਾਰ ਵਿਚਾਲੇ ਹੋ ਰਹੀ ਗੱਲਬਾਤ ਵਿਚ ਕੜੀ ਵਜੋਂ ਕੰਮ ਕਰ ਰਹੇ ਹਰਜੀਤ ਸਿੰਘ ਗਰੇਵਾਲ ਦੇ ਜੱਦੀ ਕਸਬੇ ਵਿਚ ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਵੀ ਸੱਦਾ ਦਿੱਤਾ ਗਿਆ ਹੈ।

ਭਾਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਕਈ ਲੋਕਾਂ ਖ਼ਿਲਾਫ਼ ਇਰਾਦਾ ਕਤਲ ਤੱਕ ਦੇ ਮਾਮਲੇ ਦਰਜ ਕਰ ਲਏ ਹਨ। ਪਰ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਭੰਨਤੋੜ ਦੀਆਂ ਕਾਰਵਾਈਆਂ ਦੇ ਖ਼ਿਲਾਫ਼ ਹੋਣ ਦੀ ਗੱਲ ਕਹਿ ਰਹੇ ਹਨ।

ਮੰਗਲਵਾਰ ਨੂੰ ਸਿੰਘੂ ਬਾਰਡਰ ਉੱਤੇ ਹੋਈ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਦੇ ਕੁਝ ਹੋਰ ਬਿੰਦੂ

•7 ਜਨਵਰੀ ਨੂੰ ਸਵੇਰੇ 11 ਵਜੇ ਚਾਰੋ ਪਾਸਿਓ ਐਕਸਪ੍ਰੈਸਵੇ 'ਤੇ ਕਿਸਾਨ ਟ੍ਰੈਕਟਰ ਮਾਰਚ ਕਰਨਗੇ। 26 ਜਨਵਰੀ ਨੂੰ ਹੋਣ ਵਾਲੀ ਪਰੇਡ ਦੀ ਝਲਕ ਇਸ ਟ੍ਰੈਕਟਰ ਰੈਲੀ 'ਚ ਮਿਲੇਗੀ। •9 ਜਨਵਰੀ ਨੂੰ ਕਿਸਾਨ ਨੇਤਾ ਛੋਟੂ ਰਾਮ ਦੀ ਬਰਸੀ ਮੌਕੇ ਸਾਡੇ ਸਾਰੇ ਮੋਰਚਿਆਂ 'ਤੇ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। •13 ਜਨਵਰੀ ਦੀ ਲੋਹੜੀ ਨੂੰ ਕਿਸਾਨ ਸੰਕਲਪ ਦਿਵਸ ਦੇ ਰੂਪ 'ਚ ਮਨਾਇਆ ਜਾਵੇਗਾ ਅਤੇ ਕਿਸਾਨ ਤਿੰਨੇ ਕਿਸਾਨ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। • ਕੱਲ ਬੁੱਧਵਾਰ ਤੋਂ 2 ਹਫ਼ਤੇ ਲਈ 'ਦੇਸ਼ ਜਾਗਰਨ' ਦਾ ਅਭਿਆਨ ਚਲੇਗਾ। ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਿਸ਼ਾਲ ਪ੍ਰਦਰਸ਼ਨ ਕੀਤੇ ਜਾਣਗੇ। • ਅੰਡਾਨੀ ਅਤੇ ਅੰਬਾਨੀ ਦੇ ਪ੍ਰੋਡਕਟ੍ਸ ਦਾ ਬਾਇਕਾਟ ਜਾਰੀ ਰਹੇਗਾ। • ਐਨਡੀਏ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਜਾਰੀ ਰਹੇਗਾ। • 18 ਤਾਰੀਖ ਨੂੰ 'ਮਹਿਲਾ ਕਿਸਾਨ ਦਿਵਸ' ਦੇ ਰੂਪ 'ਚ ਮਨਾਇਆ ਜਾਵੇਗਾ ਅਤੇ 23 ਜਨਵਰੀ ਨੂੰ ਸਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ ਜਾਵੇਗਾ।• 26 ਜਨਵਰੀ ਨੂੰ ਗਣਤੰਤਰ ਟ੍ਰੈਕਟਰ ਪਰੇਡ ਕੀਤੀ ਜਾਵੇਗੀ ਅਤੇ ਕਿਸਾਨ ਆਪਣੇ ਟਰੈਕਟਰਾਂ ਨਾਲ ਦਿੱਲੀ ਵਿਚ ਦਾਖ਼ਲ ਹੋਣਗੇ।

ਕਿਸਾਨਾਂ ਦੀ ਸਿੰਘੂ ਬਾਰਡਰ ਤੋਂ ਲਾਈਵ ਪ੍ਰੈਸ ਕਾਨਫਰੰਸ ਦਾ ਵੀਡੀਓ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)