ਕਿਸਾਨ ਅੰਦੋਲਨ: ਕੈਪਟਨ ਦਾ ਰਾਜਪਾਲ ਨਾਲ ਪਿਆ ਪੇਚਾ, ਕਿਹਾ 'ਮੇਰੇ ਅਫ਼ਸਰਾਂ ਨੂੰ ਨਹੀਂ ਮੈਨੂੰ ਤਲਬ ਕਰੋ'

ਇਸ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਸ਼ਨਿੱਚਰਵਾਰ ਦਾ ਪ੍ਰਮੁੱਖ ਘਟਨਾਕ੍ਰਮ ਪਹੁੰਚਾ ਰਹੇ ਹਾਂ। ਤਾਜ਼ਾ ਮਾਮਲਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਦੇ ਡੀਜੀਪੀ ਨੂੰ ਤਲਬ ਕੀਤੇ ਜਾਣ ’ਤੇ ਇਤਰਾਜ਼ ਚੁੱਕਿਆ।

ਇਸ ਦੇ ਨਾਲ ਹੀ ਹਰਿਆਣਾ 'ਚ ਭਾਜਪਾ ਆਗੂ ਦਾ ਘਿਰਾਓ ਕਰਨ ਪਹੁੰਚੇ ਕਿਸਾਨਾਂ ਨੇ ਟਰੈਕਟਰ ਨਾਲ ਬੈਰੀਕੇਡ ਤੋੜੇ।

ਕੈਪਟਨ ਨੇ ਰਾਜਪਾਲ ਦੀ ਕਾਰਵਾਈ ’ਤੇ ਚੁੱਕਿਆ ਇਤਰਾਜ਼

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਘਟਨਾਵਾਂ ਬਾਰੇ ਪੰਜਾਬ ਦੇ ਰਾਜਪਾਲ ਵੱਲੋਂ ਡੀਜੀਪੀ ਤੇ ਚੀਫ਼ ਸਕੱਤਰ ਨੂੰ ਤਲਬ ਕੀਤੇ ਜਾਣ 'ਤੇ ਇਤਰਾਜ਼ ਚੁੱਕਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੋਬਾਇਲ ਟਾਵਰਾਂ ਦੀ ਤਾਂ ਫਿਰ ਵੀ ਮੁਰੰਮਤ ਹੋ ਜਾਵੇਗੀ ਪਰ ਦਿੱਲੀ ਦੇ ਬਾਰਡਰਾਂ 'ਤੇ ਮਰ ਰਹੇ ਕਿਸਾਨਾਂ ਨੂੰ ਵਾਪਸ ਨਹੀਂ ਲਿਆਇਆ ਜਾ ਸਕਦਾ ਹੈ।"

"ਭਾਜਪਾ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਗਲਤ ਪ੍ਰੋਪੇਗੰਡਾ ਕਰਨਾ ਮੁੱਦੇ ਤੋਂ ਧਿਆਨ ਭਟਕਾਉਣ ਦਾ ਤਰੀਕਾ ਹੈ। ਮੈਨੂੰ ਅਫਸੋਸ ਹੈ ਕਿ ਪੰਜਾਬ ਦੇ ਗਵਰਨਰ ਵੀਪੀ ਬਦਨੌਰ ਇਸ ਪ੍ਰੋਪੇਗੰਡਾ ਵਿੱਚ ਆ ਗਏ ਤੇ ਮੇਰੇ ਤੋਂ ਰਿਪੋਰਟ ਮੰਗਣ ਦੀ ਬਜਾਏ ਮੇਰੇ ਅਫ਼ਸਰਾਂ ਨੂੰ ਤਲਬ ਕਰ ਲਿਆ।"

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗਵਰਨਰ ਵੀਪੀ ਬਦਨੌਰ ਨੇ ਟਵੀਟ ਰਾਹੀਂ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਨਿੰਦਾ ਕੀਤੀ ਸੀ।

ਉਨ੍ਹਾਂ ਕਿਹਾ ਸੀ, "ਕਿਸੇ ਵੀ ਤਰੀਕੇ ਦਾ ਨੁਕਸਾਨ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਪੰਜਾਬ ਸਰਕਾਰ ਨੂੰ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ਼ ਐਕਸ਼ਨ ਲੈਣਾ ਚਾਹੀਦਾ ਹੈ। ਮੈਂ ਡੀਜੀਪੀ ਪੰਜਾਬ ਤੇ ਪੰਜਾਬ ਦੇ ਚੀਫ਼ ਸਕੱਤਰ ਤੋਂ ਇਸ ਬਾਰੇ ਰਿਪੋਰਟ ਮੰਗੀ ਹੈ।"

ਅਫ਼ਸੋਸ ਹੈ ਕਿ ਪ੍ਰਧਾਨ ਮੰਤਰੀ ਹੰਕਾਰੀ ਹੋ ਗਏ ਹਨ-ਸੁਖਬੀਰ ਬਾਦਲ

ਅਕਾਲੀ ਦਲ ਦੇ ਪ੍ਰਧਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੰਕਾਰੀ ਕਿਹਾ ਹੈ।

ਉਨ੍ਹਾਂ ਕਿਹਾ, "ਇਹ ਬੇਹੱਦ ਮੰਦਭਾਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਕਾਰੀ ਹੋ ਗਏ ਹਨ। ਦਿੱਲੀ ਬਾਰਡਰ 'ਤੇ ਬੈਠੇ ਕਿਸਾਨਾਂ ਦੀਆਂ ਤਕਲੀਫ਼ਾਂ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਪਰਮਾਤਮਾ ਹੰਕਾਰੀ ਵਿਅਕਤੀਆਂ ਨਾਲ ਆਪਣੇ ਤਰੀਕੇ ਨਾਲ ਨਿਬੜਦਾ ਹੈ।"

ਕੈਥਲ ਵਿੱਚ ਕਿਸਾਨਾਂ ਨੇ ਬੈਰੀਕੇਡ ਤੋੜੇ

ਭਾਰਤੀ ਕਿਸਾਨ ਯੂਨੀਅਨ ਹਰਿਆਣਾ ਵੱਲੋਂ ਭਾਜਪਾ ਦੇ ਵਿਧਾਇਕਾਂ ਦੇ ਘਰਾਂ ਨੂੰ ਘੇਰਨ ਦਾ ਸੱਦਾ ਦਿੱਤਾ ਗਿਆ ਸੀ।

ਅੱਜ (ਸ਼ਨਿੱਚਰਵਾਰ) ਨੂੰ ਕਿਸਾਨ ਕੈਥਲ ਤੋਂ ਭਾਜਪਾ ਐੱਮਐੱਲਏ ਲੀਲਾ ਰਾਮ ਗੁਰਜਰ ਅਤੇ ਮੰਤਰੀ ਕਮਲੇਸ਼ ਢਾਂਡਾ ਦੇ ਘਰਾਂ ਦੇ ਬਾਹਰ ਇਕੱਠੇ ਹੋਏ।

ਪੁਲਿਸ ਵੱਲੋਂ ਮੰਤਰੀ ਦੇ ਘਰ ਦੇ ਬਾਹਰ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਸਨ।

ਬੈਰੀਕੇਡ ਤੋੜਨ ਲਈ ਪਹਿਲਾਂ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਨਾਲ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਪੁਲਿਸ ਵੱਲੋਂ ਵਿਰੋਧ ਕੀਤਾ ਗਿਆ।

ਬਾਅਦ ਵਿੱਚ ਕਿਸਾਨਾਂ ਨੇ ਬੈਰੀਕੇਡਾਂ ਉੱਪਰ ਟਰੈਕਟਰ ਚੜ੍ਹਾ ਦਿੱਤੇ।

ਗਾਜ਼ੀਪੁਰ ਬਾਰਡਰ 'ਤੇ ਕਿਸਾਨ ਨੇ ‘ਲਈ ਆਪਣੀ ਜਾਨ’

ਯੂਪੀ - ਦਿੱਲੀ ਦੇ ਗਾਜ਼ੀਪੁਰ ਬਾਰਡਰ ਉੱਪਰ ਸ਼ਨਿੱਚਰਵਾਰ ਨੂੰ ਇਕ ਕਿਸਾਨ ਨੇ ਕਥਿਤ ਤੌਰ ’ਤੇ ਆਪਣੀ ਜਾਨ ਲੈ ਲਈ।

ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸਮੀਰਾਤਮਜ ਮਿਸ਼ਰ ਨੇ ਦੱਸਿਆ ਕਿ ਸੱਠ ਸਾਲਾ ਕਸ਼ਮੀਰ ਸਿੰਘ ਰਾਮਪੁਰ ਦੇ ਬਿਲਾਸਪੁਰ ਥਾਣੇ ਅਧੀਨ ਇਲਾਕੇ ਦੇ ਰਹਿਣ ਵਾਲੇ ਸਨ। ਉਹ ਪਿਛਲੇ ਕਈ ਦਿਨਾਂ ਤੋਂ ਗਾਜ਼ੀਪੁਰ ਬਾਰਡਰ ਉੱਪਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਵਿੱਚ ਸ਼ਾਮਲ ਸਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇੱਕ ਹੋਰ ਕਿਸਾਨ ਦੀ ਇਸੇ ਥਾਂ ਤੇ ਠੰਢ ਕਾਰਨ ਮੌਤ ਹੋ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕਸ਼ਮੀਰ ਸਿੰਘ ਦੀ ਲਾਸ਼ ਸਵੇਰੇ ਨਗਰ ਨਿਗਮ ਵੱਲੋਂ ਧਰਨੇ ਵਾਲੀ ਥਾਂ ’ਤੇ ਲਗਾਏ ਗਏ ਮੋਬਾਈਲ ਪਾਖਾਨੇ ਵਿੱਚੋਂ ਮਿਲੀ ਅਤੇ ਇੱਕ ਸੁਈਸਾਈਡ ਨੋਟ ਵੀ ਬਰਾਬਦ ਮਿਲਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਘਟਨਾ ਤੋਂ ਬਾਅਦ ਮਰਹੂਮ ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਰਾਮਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਕਰਨ ਲਈ ਲਿਜਾਈ ਗਈ। ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਆਗੂ ਮੌਜੂਦ ਹਨ।

ਪੋਸਟਮਾਰਟਮ ਤੋਂ ਬਾਅਦ ਹੀ ਪੁਲਿਸ ਵੱਲੋਂ ਕੋਈ ਅਧਿਕਾਰਿਤ ਬਿਆਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।

ਇਸ ਤੋਂ ਪਹਿਲਾਂ ਗਾਜ਼ੀਪੁਰ ਬਾਰਡਰ ਉੱਪਰ ਹੀ ਸ਼ੁੱਕਰਵਾਰ ਨੂੰ ਬਾਗ਼ਪਤ ਜ਼ਿਲ੍ਹੇ ਦੇ ਭਗਵਾਨਪੁਰ ਨਾਂਗਲ ਪਿੰਡ ਦੇ ਵਾਸੀ 57 ਸਾਲਾ ਮੋਹਰ ਸਿੰਘ ਨੂੰ ਧਰਨੇ ਵਾਲੀ ਥਾਂ ਤੇ ਹੀ ਦਿਲ ਦਾ ਦੌਰਾ ਪੈ ਗਿਆ ਸੀ।

ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮਰਿਆ ਐਲਾਨ ਦਿੱਤਾ ਗਿਆ।

ਦਿੱਲੀ ਪ੍ਰੈੱਸ ਕਲੱਬ ਵਿੱਚ ਕਿਸਾਨ ਆਗੂਆਂ ਵੱਲੋਂ ਕੀ ਐਲਾਨ ਕੀਤੇ ਗਏ

4 ਦਸੰਬਰ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਅਗਲੇ ਗੇੜ ਦੀ ਗੱਲਬਾਤ ਹੋਵੇਗੀ ਪਰ ਉਸ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਸੱਤ ਮੈਂਬਰੀ ਕਮੇਟੀ ਨੇ ਭਾਜਪਾ ਨੂੰ ਘੇਰਨ ਲਈ ਐਲਾਨ ਕੀਤੇ ਹਨ।

ਅੱਜ ਦੀ ਪ੍ਰੈਸ ਕਾਨਫਰੰਸ ਦੀਆਂ ਖ਼ਾਸ ਗੱਲਾਂ

  • ਭਾਜਪਾ ਸਰਕਾਰ ’ਤੇ ਦਬਾਅ ਪਾਉਣ ਲਈ ਵੱਡੀ ਰੈਲੀਆਂ ਕੀਤੀਆਂ ਜਾਣਗੀਆਂ।
  • ਪੂਰੇ 15 ਦਿਨ ਭਾਜਪਾ ਖ਼ਿਲਾਫ਼ ਭੰਡਾ-ਫੋੜ ਪ੍ਰੋਗਰਾਮ ਅਤੇ ਜਨ-ਜਾਗਰਨ ਪ੍ਰੋਗਰਾਮ ਦੇਸ਼ ਭਰ ’ਚ ਕੀਤੇ ਜਾਣਗੇ।
  • 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮਦਿਨ ਮੌਕੇ ਪੂਰੇ ਦੇਸ਼ ’ਚ ਵੱਡੇ ਪ੍ਰੋਗਰਾਮ ਕਰਕੇ ਕਿਸਾਨ ਗਵਰਨਰ ਦਫ਼ਤਰ ਵੱਲ ਕੂਚ ਕਰਨਗੇ।
  • 26 ਜਨਵਰੀ ਨੂੰ ਕਿਸਾਨੀ ਸੰਘਰਸ਼ ਦੇ ਝੰਡੇ ਲਗਾ ਕੇ ਟ੍ਰੈਕਟਰ-ਟਰਾਲੀਆਂ ਦੀ ਪਰੇਡ ਹੋਵੇਗੀ। ਦੇਸ਼ ਭਰ ’ਚ ਕਿਸਾਨ ‘ਟ੍ਰੈਕਟਰ ਕਿਸਾਨ ਪਰੇਡ’ ’ਚ ਹਿੱਸਾ ਲੈਣਗੇ।
  • 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਦੇ ਰੂਪ ’ਚ ਮਨਾਇਆ ਜਾਵੇਗਾ।

ਇਸ ਤੋਂ ਇਲਾਵਾ ਬਿਹਾਰ ਦੇ ਪਟਨਾ ’ਚ ਕਿਸਾਨਾਂ ’ਤੇ ਹੋਈ ਲਾਠੀਚਾਰਜ ਨੂੰ ਲੈ ਕੇ ਸਵਾਲ ਚੁੱਕੇ ਗਏ।

ਉਨ੍ਹਾਂ ਕਿਹਾ, “ਹੁਣ ਇਹ ਅੰਦਲਨ ਸਿਰਫ਼ ਦੇਸ਼ ਦਾ ਨਾ ਰਹਿ ਕਿ ਵਿਦੇਸ਼ਾਂ ’ਚ ਵੀ ਚਰਚਾ ਦਾ ਵਿਸ਼ਾ ਹੋ ਗਿਆ ਹੈ। ਸਰਕਾਰ ਨੂੰ ਇਸ ਦਾ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ। ਸਰਕਾਰ ਇਸ ਨੂੰ ਜਿਨ੍ਹਾਂ ਲੰਮਾ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸ਼ਰਾਰਤੀ ਤੱਤ ਅੰਦੋਲਨ ’ਚ ਭੇਜੇ ਜਾ ਰਹੇ ਹਨ।”

"ਕਿਸਾਨ ਗਣਤੰਤਰ ਪਰੇਡ"

ਕਿਸਾਨ ਲੀਡਰਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਦਿੱਲੀ ਦੇ ਆਸਪਾਸ ਦੇ ਮੋਰਚਿਆਂ ਤੋਂ, ਕਿਸਾਨ 26 ਜਨਵਰੀ ਨੂੰ ਦਿੱਲੀ ਵਿੱਚ ਦਾਖਲ ਹੋਣਗੇ ਅਤੇ ਟਰੈਕਟਰ ਟਰਾਲੀ ਅਤੇ ਹੋਰ ਵਾਹਨਾਂ ਨਾਲ "ਕਿਸਾਨ ਗਣਤੰਤਰ ਪਰੇਡ" ਕਰਨਗੇ।

“26 ਜਨਵਰੀ ਤੱਕ, ਦਿੱਲੀ ਵਿਚ ਸਾਡੇ ਡੇਰਾ ਲਾਉਣ ਦੇ ਦੋ ਮਹੀਨੇ ਪੂਰੇ ਹੋ ਜਾਣਗੇ।” ਕਿਸਾਨ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਪਰੇਡ ਗਣਤੰਤਰ ਦਿਵਸ ਦੀ ਅਧਿਕਾਰਤ ਪਰੇਡ ਦੇ ਖਤਮ ਹੋਣ ਤੋਂ ਬਾਅਦ ਹੋਵੇਗੀ।

ਉਨ੍ਹਾਂ ਕਿਹਾ, “ਅਸੀਂ ਪਹਿਲੇ ਦਿਨ ਸਰਕਾਰ ਨੂੰ ਕਿਹਾ ਸੀ ਕਿ ਅਸੀਂ ਇਨ੍ਹਾਂ ਤਿੰਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤੇ ਬਗੈਰ ਹਟਣ ਵਾਲੇ ਨਹੀਂ ਹਾਂ। ਸਰਕਾਰ ਕੋਲ ਸਿਰਫ ਦੋ ਰਸਤੇ ਹਨ: ਜਾਂ ਤਾਂ ਇਸ ਅਣਸੁਲਝੇ ਤੋਹਫੇ ਨੂੰ ਜਲਦੀ ਤੋਂ ਜਲਦੀ ਵਾਪਸ ਲਓ ਅਤੇ ਐਮਐਸਪੀ 'ਤੇ ਕਿਸਾਨਾਂ ਨੂੰ ਕਾਨੂੰਨੀ ਗਾਰੰਟੀ ਦਿਓ, ਜਾਂ ਫਿਰ ਕਿਸਾਨਾਂ 'ਤੇ ਲਾਠੀ-ਗੋਲੀ ਚਲਾਓ। ਹੁਣ ਅਸੀਂ ਆਰ-ਪਾਰ ਦੀ ਲੜਾਈ ਵਿਚ ਇਕ ਫੈਸਲਾਕੁੰਨ ਮੋੜ ’ਤੇ ਆ ਗਏ ਹਾਂ।”

ਅਗਲੇ 15 ਦਿਨ ਹੋਣਗੇ ਇਹ ਖ਼ਾਸ ਪ੍ਰੋਗਰਾਮ

  • 6 ਜਨਵਰੀ ਤੋਂ 20 ਜਨਵਰੀ ਤੱਕ "ਦੇਸ਼ ਜਾਗ੍ਰਿਤੀ ਪਖਵਾੜਾ" ਸਰਕਾਰੀ ਝੂਠ ਅਤੇ ਪ੍ਰਚਾਰ ਨੂੰ ਬੇਨਕਾਬ ਕਰਨ ਲਈ ਮਨਾਇਆ ਜਾਵੇਗਾ। ਇਸ ਪੰਦਰਵਾੜੇ ਵਿਚ ਦੇਸ਼ ਦੇ ਹਰ ਜ਼ਿਲ੍ਹੇ ਵਿਚ ਧਰਨਾ ਅਤੇ ਪੱਕੇ ਮੋਰਚੇ ਲਗਾਏ ਜਾਣਗੇ।
  • ਜੇ 4 ਜਨਵਰੀ ਨੂੰ ਸਰਕਾਰ ਨਾਲ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ 6 ਜਨਵਰੀ ਨੂੰ ਕਿਸਾਨ ਕੇਐਮਪੀ ਐਕਸਪ੍ਰੈਸ ਵੇਅ 'ਤੇ ਮਾਰਚ ਕਰਨਗੇ। ਉਸ ਤੋਂ ਬਾਅਦ ਕਿਸਾਨ ਸ਼ਾਹਜਹਾਨਪੁਰ ਵਿਖੇ ਦਿੱਲੀ ਵੱਲ ਮਾਰਚ ਕਰਨਗੇ।
  • 13 ਜਨਵਰੀ ਨੂੰ ਲੋਹੜੀ / ਸੰਕਰਾਂਤ ਦੇ ਮੌਕੇ 'ਤੇ ਦੇਸ਼ ਭਰ ਵਿਚ "ਕਿਸਾਨ ਸੰਕਲਪ ਦਿਵਸ" ਬਣਾਇਆ ਜਾਵੇਗਾ ਅਤੇ ਇਹ ਤਿੰਨੋਂ ਕਾਨੂੰਨ ਪ੍ਰਕਾਸ਼ਤ ਕੀਤੇ ਜਾਣਗੇ।
  • 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਉਣਾ ਦੇਸ਼ ਦੀ ਖੇਤੀ ਵਿੱਚ ਔਰਤਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ।
  • 23 ਜਨਵਰੀ ਨੂੰ, ਕਿਸਾਨ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਵਿੱਚ "ਆਜ਼ਾਦ ਹਿੰਦ ਕਿਸਾਨ ਦਿਵਸ" ਮਨਾ ਕੇ ਸਾਰੇ ਰਾਜਧਾਨੀਆਂ ਵਿੱਚ ਰਾਜਪਾਲ ਦੇ ਨਿਵਾਸ ਦੇ ਬਾਹਰ ਡੇਰਾ ਲਾਉਣਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)