ਕਿਸਾਨ ਅੰਦੋਲਨ 'ਚ ਜਾਨਾਂ ਗੁਆਉਣ ਵਾਲੇ ਕੁਝ ਕਿਸਾਨਾਂ ਦੇ ਪਰਿਵਾਰਾਂ ਦਾ ਹਾਲ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਸਾਲ 26 ਨਵੰਬਰ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਨੇ ਕਈ ਜਾਨਾਂ ਵੀ ਲੈ ਲਈਆਂ ਹਨ।

ਪੰਜਾਬ ਸਰਕਾਰ ਮੁਤਾਬਕ ਹੁਣ ਤਕ 53 ਮੌਤਾਂ ਹੋ ਚੁਕੀਆਂ ਹਨ, ਜਿਨਾਂ ਵਿੱਚੋਂ 20 ਪੰਜਾਬ ਵਿੱਚ ਤੇ 33 ਦਿਲੀ ਦੇ ਬਾਰਡਰਾਂ 'ਤੇ ਹੋਈਆਂ ਹਨ।

ਕਿਸਾਨ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਸਕਦੇ ਹਨ, ਹਾਲਾਂਕਿ ਸਰਕਾਰ ਉਨ੍ਹਾਂ ਨੂੰ ਕਿਸਾਨਾਂ ਦੇ ਹਿਤ ਵਿੱਚ ਦੱਸਦੀ ਹੈ।

ਸੜਕ ਹਾਦਸਿਆਂ ਤੋਂ ਲੈ ਕੇ ਠੰਢ ਤੱਕ ਕਈ ਕਾਰਨਾਂ ਕਰ ਕੇ ਕਿਸਾਨਾਂ ਦੀ ਮੌਤ ਹੋਈ ਹੈ ਜਦਕਿ ਕੁੱਝ ਨੇ ਖ਼ੁਦ ਆਪਣੀ ਜਾਨ ਲਈ ਹੈ।

ਇਹ ਵੀ ਪੜ੍ਹੋ

ਅਸੀਂ ਤੁਹਾਨੂੰ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕੁਝ ਅਜਿਹੇ ਲੋਕਾਂ ਬਾਰੇ ਦੱਸਦੇ ਹਾਂ।

ਮੇਵਾ ਸਿੰਘ, 48, ਟਿੱਕੀ ਬਾਰਡਰ 'ਤੇ ਮੌਤ

7 ਦਸੰਬਰ ਨੂੰ, ਦਿੱਲੀ ਦੀ ਸਰਹੱਦ ਨਾਲ ਲੱਗਦੇ ਟਿਕਰੀ ਬਾਰਡਰ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਤੇ, ਮੇਵਾ ਸਿੰਘ (48) ਨੇ ਕੁੱਝ ਸਤਰਾਂ ਲਿਖੀਆਂ ਅਤੇ ਆਪਣੇ ਦੋਸਤਾਂ ਨੂੰ ਕਿਹਾ ਕਿ ਉਹ ਅਗਲੇ ਦਿਨ ਆਪਣੀ ਕਵਿਤਾ ਪੂਰੀ ਕਰ ਦੇਣਗੇ।

ਉਨ੍ਹਾਂ ਦੇ ਦੋਸਤ ਜਸਵਿੰਦਰ ਸਿੰਘ ਗੋਰਾ ਯਾਦ ਕਰਦੇ ਹੋਏ ਦੱਸਦੇ ਹਨ, "ਅਸੀਂ ਉਸੇ ਕਮਰੇ ਵਿੱਚ ਸੀ ਅਤੇ ਦੇਰ ਰਾਤ ਤੱਕ ਗੱਲਬਾਤ ਕੀਤੀ। ਮੇਵਾ ਸਿੰਘ ਨੂੰ ਭੁੱਖ ਲੱਗੀ ਅਤੇ ਉਹ ਕੁੱਝ ਖਾਣ ਲਈ ਨਿਕਲ ਪਏ।"

ਉਨ੍ਹਾਂ ਦੱਸਿਆ, "ਕੋਈ ਸਾਨੂੰ ਦੱਸਣ ਆਇਆ ਕਿ ਇੱਕ ਆਦਮੀ ਬਾਹਰ ਡਿਗ ਪਿਆ ਹੈ। ਅਸੀਂ ਬਾਹਰ ਭੱਜੇ ਤੇ ਵੇਖਿਆ ਕਿ ਮੇਵਾ ਸਿੰਘ ਫ਼ਰਸ਼ 'ਤੇ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।"

ਮੇਵਾ ਆਪਣੀ ਕਵਿਤਾ ਨੂੰ ਵੀ ਪੂਰਾ ਨਹੀਂ ਕਰ ਸਕੇ। ਉਹ ਮੋਗਾ ਜ਼ਿਲ੍ਹੇ ਤੋਂ ਆਏ ਸੀ।

ਭਾਗ ਸਿੰਘ, 76, ਸਿੰਘੂ ਬਾਰਡਰ 'ਤੇ ਮੌਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ 76 ਸਾਲਾ ਕਿਸਾਨ ਭਾਗ ਸਿੰਘ ਦੀ 11 ਦਸੰਬਰ ਨੂੰ ਮੌਤ ਹੋ ਗਈ ਸੀ।

ਉਨ੍ਹਾਂ ਦੇ ਬੇਟੇ ਰਘੁਬੀਰ ਸਿੰਘ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਦੀ ਥਾਂ 'ਤੇ ਸਨ ਜਿੱਥੇ ਕਾਫ਼ੀ ਠੰਢ ਸੀ ਅਤੇ ਘਟਨਾ ਵਾਲੇ ਦਿਨ ਉਨ੍ਹਾਂ ਨੂੰ ਥੋੜ੍ਹਾ ਦਰਦ ਹੋਇਆ ਸੀ।

ਉਨ੍ਹਾਂ ਦੱਸਿਆ, "ਉਨ੍ਹਾਂ ਨੂੰ ਪਹਿਲਾਂ ਸੋਨੀਪਤ ਦੇ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਰੋਹਤਕ ਹਸਪਤਾਲ ਲਿਜਾਇਆ ਗਿਆ, ਪਰ ਉਥੇ ਉਨ੍ਹਾਂ ਦੀ ਮੌਤ ਹੋ ਗਈ।"

ਮੌਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਦਮਾ ਦਿੱਤਾ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਹ ਫਿਰ ਵੀ ਵਿਰੋਧ ਪ੍ਰਦਰਸ਼ਨ ਲਈ ਜਾਣ ਲਈ ਤਿਆਰ ਹਨ।

ਮ੍ਰਿਤਕ ਭਾਗ ਸਿੰਘ ਦੀ ਨੂੰਹ ਕੁਲਵਿੰਦਰ ਕੌਰ ਨੇ ਕਿਹਾ, "ਉਨ੍ਹਾਂ ਨੇ ਆਪਣੇ ਬੱਚਿਆਂ ਲਈ ਆਪਣੀ ਕੁਰਬਾਨੀ ਦਿੱਤੀ ਹੈ, ਅਸੀਂ ਆਪਣੇ ਬੱਚਿਆਂ ਲਈ ਆਪਣੀਆਂ ਜਾਨਾਂ ਕੁਰਬਾਨ ਕਰਾਂਗੇ। ਜਦੋਂ ਤੱਕ ਕਾਨੂੰਨਾਂ ਨੂੰ ਖ਼ਤਮ ਨਹੀਂ ਕੀਤਾ ਜਾਂਦਾ ਉਹ ਲੜਨ ਲਈ ਵਚਨਬੱਧ ਹਨ।

65 ਸਾਲਾ ਸਿੱਖ ਪ੍ਰਚਾਰਕ ਰਾਮ ਸਿੰਘ ਸਿੰਘੜਾ ਨੇ ਲਈ ਆਪਣੀ ਜਾਨ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਸਿੱਖ ਪ੍ਰਚਾਰਕ ਰਾਮ ਸਿੰਘ ਸਿੰਘੜਾ ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਸੀ, ਕਿਉਂਕਿ "ਕਿਸਾਨਾਂ ਦੀ ਦੁਰਦਸ਼ਾ" ਨੇ ਉਨ੍ਹਾਂ ਨੂੰ ਕਾਫ਼ੀ ਦੁਖੀ ਕੀਤਾ ਗਿਆ ਸੀ।

9 ਦਸੰਬਰ ਨੂੰ ਸਿੰਘੂ ਸਰਹੱਦ 'ਤੇ ਆਪਣੀ ਪਹਿਲੀ ਫੇਰੀ ਤੋਂ ਬਾਅਦ ਉਨ੍ਹਾਂ ਦੁਆਰਾ ਲਿਖੀ ਗਈ ਡਾਇਰੀ, ਇੱਕ ਗ੍ਰੰਥੀ ਦੁਆਰਾ ਪੜ੍ਹੀ ਗਈ ਜਿਸ ਵਿੱਚ ਕਿਹਾ ਗਿਆ ਸੀ ਕਿ ਇਹਨੀਂ ਠੰਢ ਦੇ ਦੌਰਾਨ ਰੋਸ ਪ੍ਰਦਰਸ਼ਨ ਵਾਲੀ ਥਾਂ 'ਤੇ ਉਹ ਕਿਸਾਨਾਂ ਦੀਆਂ ਮੁਸ਼ਕਲਾਂ ਵੇਖ ਕੇ ਦੁਖੀ ਹੋਏ ਸਨ।

ਉਨ੍ਹਾਂ ਨੇ ਸਰਕਾਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਧਿਆਨ ਨਾ ਦੇਣ ਦਾ ਇਲਜ਼ਾਮ ਲਾਇਆ ਸੀ।

75 ਸਾਲਾ ਅਮਰੀਕ ਸਿੰਘ ਦੀ ਟਿਕਰੀ ਸਰਹੱਦ 'ਤੇ ਮੌਤ

ਗੁਰਦਾਸਪੁਰ ਦੇ ਵਸਨੀਕ, ਅਮਰੀਕ ਹੋਰ ਪ੍ਰਦਰਸ਼ਨਕਾਰੀਆਂ ਸਮੇਤ ਬਹਾਦੁਰਗੜ ਵਿੱਚ ਬੱਸ ਅੱਡੇ ਨੇੜੇ ਰੁਕੇ ਹੋਏ ਸੀ। 25 ਦਸੰਬਰ ਨੂੰ ਉਨ੍ਹਾਂ ਦੀ ਠੰਢ ਨਾਲ ਮੌਤ ਹੋ ਗਈ।

ਉਹ ਆਪਣੀ ਤਿੰਨ ਸਾਲਾ ਪੋਤੀ ਨਾਲ ਵਿਰੋਧ ਪ੍ਰਦਰਸ਼ਨ 'ਤੇ ਬੈਠੇ ਸੀ। ਮ੍ਰਿਤਕ ਦਾ ਬੇਟਾ ਦਲਜੀਤ ਸਿੰਘ ਕਹਿੰਦਾ ਹੈ ਕਿ ਅਸੀਂ ਵਿਰੋਧ ਪ੍ਰਦਰਸ਼ਨ ਹੋਣ ਤੱਕ ਵਿਰੋਧ ਦੀ ਥਾਂ 'ਤੇ ਰਹਿਣ ਦਾ ਮਨ ਬਣਾ ਲਿਆ ਸੀ।

ਉਨ੍ਹਾਂ ਕਿਹਾ, "ਉਸ ਦਿਨ, ਉਹ ਉੱਠ ਨਹੀਂ ਰਹੇ ਸੀ। ਅਸੀਂ ਉਨ੍ਹਾਂ ਨੂੰ ਡਾਕਟਰ ਕੋਲ ਲੈ ਗਏ ਜਿਥੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ।"

70 ਸਾਲਾ ਮਲਕੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਵਸਨੀਕ, ਮਲਕੀਤ ਕੌਰ ਮਜ਼ਦੂਰ ਮੁਕਤੀ ਮੋਰਚੇ ਦੀ ਮੈਂਬਰ ਸੀ, ਜਿਸ ਦੀ ਫ਼ਤਿਹਾਬਾਦ ਨੇੜੇ ਵਾਪਰੇ ਇੱਕ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਉਹ ਆਪਣੇ ਘਰ ਪਰਤ ਰਹੀ ਸੀ।

ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਰਾਉਂ ਕਹਿੰਦੇ ਹਨ, "ਉਹ ਕੁੱਝ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ' ਤੇ ਬੈਠੀ ਸੀ, 27 ਦਸੰਬਰ ਦੀ ਰਾਤ ਨੂੰ ਉਹ ਲੰਗਰ ਨੇੜੇ ਰੁਕੇ ਹੋਏ ਸੀ। ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਅਸੀਂ ਸੋਚਿਆ ਕਿ ਉਸ ਨੂੰ ਸਿਰਫ਼ ਲੱਤ 'ਤੇ ਸੱਟ ਲੱਗੀ ਹੈ ਪਰ ਉਸ ਦੀ ਮੌਤ ਹੋ ਗਈ।"

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਕਰਜ਼ੇ ਹੇਠ ਹੈ ਅਤੇ ਉਨ੍ਹਾਂ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਜਨਕ ਰਾਜ, ਬਰਨਾਲਾ, 55, ਕਾਰ ਨੂੰ ਅੱਗ ਲੱਗਣ ਕਾਰਨ ਮੌਤ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਕ ਰਾਜ ਦੀ ਕਾਰ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਜਿਸ ਵਿੱਚ ਉਹ ਸੌ ਰਹੇ ਸੀ। ਉਹ ਇੱਕ ਮਕੈਨਿਕ ਸਨ।

ਉਨ੍ਹਾਂ ਦੇ ਪੁੱਤਰ ਸਾਹਿਲ ਨੇ ਦੱਸਿਆ, "ਉਨ੍ਹਾਂ ਦੇ ਬਿਨਾਂ ਸਭ ਕੁੱਝ ਬਹੁਤ ਸੁੰਨਸਾਨ ਨਜ਼ਰ ਆ ਰਿਹਾ ਹੈ, ਖ਼ਾਸਕਰ ਉਸ ਵਕਤ ਜਦੋਂ ਉਨ੍ਹਾਂ ਦੇ ਘਰ ਆਉਣ ਦਾ ਵੇਲਾ ਹੁੰਦਾ ਹੈ।"

ਉਹ ਦੱਸਦੇ ਹਨ, "ਇੱਕ ਮਕੈਨਿਕ ਨੇ ਵਿਰੋਧ ਪ੍ਰਦਰਸ਼ਨ ਵਿੱਚ ਟਰੈਕਟਰਾਂ ਦੀ ਮੁਫ਼ਤ ਮੁਰੰਮਤ ਦਾ ਵਾਅਦਾ ਕੀਤਾ ਸੀ। ਮੇਰੇ ਪਿਤਾ ਜੀ ਵੀ ਉਨ੍ਹਾਂ ਦੇ ਨਾਲ ਚਲੇ ਗਏ ਸਨ।"

"ਉਹ ਇੱਕ ਸਾਈਕਲ ਰਿਪੇਅਰ ਮਕੈਨਿਕ ਸੀ ਪਰ ਉਹ ਥੋੜ੍ਹਾ ਬਹੁਤ ਟਰੈਕਟਰਾਂ ਨੂੰ ਵੀ ਜਾਣਦੇ ਸੀ। ਪਰ ਉਨ੍ਹਾਂ ਦੀ 28 ਨਵੰਬਰ ਨੂੰ ਇੱਕ ਕਾਰ ਵਿਚ ਅੱਗ ਲੱਗਣ ਦੀ ਘਟਨਾ ਵਿੱਚ ਮੌਤ ਹੋ ਗਈ।"

ਭੀਮ ਸਿੰਘ (36), ਸੰਗਰੂਰ, ਸਿੰਘੂ ਬਾਰਡਰ 'ਤੇ ਮੌਤ

16 ਦਸੰਬਰ ਨੂੰ ਉਹ ਸਿੰਘੂ ਬਾਰਡਰ 'ਤੇ ਪਹੁੰਚ ਗਏ ਸੀ ਜਿੱਥੇ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਉਹ ਟੋਏ ਵਿੱਚ ਡਿਗ ਗਏ।

ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਉਹ ਆਪਣੇ ਸਹੁਰਿਆਂ ਨਾਲ ਰਹਿੰਦੇ ਸੀ।

ਉਨ੍ਹਾਂ ਦੱਸਿਆ, "ਉਹ ਪਿਸ਼ਾਬ ਕਰਨ ਗਏ ਸੀ ਜਦੋਂ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਡਿਗ ਪਏ। ਅਸੀਂ ਸਰਕਾਰ ਨੂੰ ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਕਰਨ ਲਈ ਕਿਹਾ ਹੈ।"

ਇਹ ਵੀ ਪੜ੍ਹੋ

ਯਸ਼ਪਾਲ ਸ਼ਰਮਾ, ਅਧਿਆਪਕ, 68, ਬਰਨਾਲਾ

ਦਿਲ ਦਾ ਦੌਰਾ ਪੈਣ ਕਾਰਨ ਇੱਕ ਟੋਲ ਪਲਾਜ਼ਾ 'ਤੇ ਵਿਰੋਧ ਪ੍ਰਦਰਸ਼ਨ ਦੌਰਾਨ ਯਸ਼ਪਾਲ ਸ਼ਰਮਾ ਦੀ ਮੌਤ ਹੋ ਗਈ। ਉਹ ਰਿਟਾਇਰਡ ਅਧਿਆਪਕ ਸੀ ਅਤੇ ਇੱਕ ਕਿਸਾਨ ਵੀ।

ਉਨ੍ਹਾਂ ਦੀ ਪਤਨੀ ਰਾਜ ਰਾਣੀ ਨੇ ਦੱਸਿਆ, "ਉਨ੍ਹਾਂ ਨੇ ਸਵੇਰੇ ਚਾਹ ਬਣਾਈ ਅਤੇ ਧਰਨੇ 'ਤੇ ਚਲੇ ਗਏ। ਅਸੀਂ ਕਦੇ ਨਹੀਂ ਸੋਚਿਆ ਸੀ ਉਹ ਇਂਝ ਵਾਪਸ ਆਉਣਗੇ।"

ਰਾਜ ਰਾਣੀ ਦੱਸਦੇ ਹਨ, "ਉਹ ਕਹਿੰਦੇ ਸੀ ਕਿ ਮੈਂ ਚਲਦੇ ਫਿਰਦੇ ਹੀ ਮਰਨਾ ਚਾਹੁੰਦਾ ਹਾਂ ਨਾ ਕਿ ਕਿਸੇ ਬਿਮਾਰ ਵਿਅਕਤੀ ਦੀ ਤਰਾਂ। ਰੱਬ ਨੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਹੈ। ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨਗੇ ਅਤੇ ਜ਼ਿਆਦਾ ਲੋਕ ਇਸ ਤਰਾਂ ਨਹੀਂ ਮਰਨਗੇ।"

ਕਾਹਨ ਸਿੰਘ, 74, ਬਰਨਾਲਾ, ਸੜਕ ਹਾਦਸਾ

25 ਨਵੰਬਰ ਨੂੰ ਉਹ ਆਪਣੀ ਟਰੈਕਟਰ-ਟਰਾਲੀ ਨੂੰ ਪੰਜਾਬ-ਹਰਿਆਣਾ ਸਰਹੱਦ 'ਤੇ ਖਨੌਰੀ ਵੱਲ ਜਾਣ ਲਈ ਤਿਆਰ ਕਰ ਰਹੇ ਸੀ, ਜਿੱਥੇ ਕਿਸਾਨ ਦਿੱਲੀ ਜਾਣ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਏ ਸਨ।

ਉਨ੍ਹਾਂ ਦੇ ਪੋਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਸਨ।

ਉਨ੍ਹਾਂ ਦੱਸਿਆ, "ਉਹ ਪਿੰਡ ਦੀ ਇਕਾਈ ਦੇ ਕੈਸ਼ੀਅਰ ਸੀ। ਉਨ੍ਹਾਂ ਨੇ ਆਪਣਾ ਟਰੈਕਟਰ ਖੜ੍ਹਾ ਕੀਤਾ ਸੀ ਅਤੇ ਇਸ ਦੇ ਲਈ ਤਰਪਾਲ ਲੈਣ ਗਏ ਸੀ ਜਿਸ ਦੌਰਾਨ ਦੁਰਘਟਨਾ ਹੋ ਗਈ। ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਉਹ ਬਚ ਨਹੀਂ ਸਕੇ।"

ਬਲਜਿੰਦਰ ਸਿੰਘ ਗਿੱਲ, 32, ਲੁਧਿਆਣਾ, ਹਾਦਸੇ ਵਿੱਚ ਮੌਤ

1 ਦਸੰਬਰ ਨੂੰ ਬਲਜਿੰਦਰ, ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਸੀ, ਟਰੈਕਟਰ ਲੈਣ ਗਏ ਸੀ, ਪਰ ਇਸ ਦੀ ਬਜਾਏ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਦੀ ਮਾਤਾ ਚਰਨਜੀਤ ਕੌਰ ਕਹਿੰਦੇ ਹਨ, "ਮੇਰਾ ਪੋਤਾ ਮੈਨੂੰ ਪੁੱਛਦਾ ਹੈ ਕਿ ਉਸ ਦੇ ਪਿਤਾ ਟਰੈਕਟਰ ਲੈ ਕੇ ਵਾਪਸ ਕਿਉਂ ਨਹੀਂ ਆਏ। ਉਹ ਮੈਨੂੰ ਪੁੱਛਦਾ ਹੈ ਕਿ ਉਸ ਦੇ ਪਿਤਾ ਨੂੰ ਸੱਟ ਕਿਉਂ ਲੱਗੀ ਹੈ।"

ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ। ਚਰਨਜੀਤ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਆਮਦਨੀ ਲਈ ਬਲਜਿੰਦਰ 'ਤੇ ਨਿਰਭਰ ਕਰਦਾ ਸੀ।

ਉਨ੍ਹਾਂ ਕਿਹਾ, "ਮੈਂ ਅਤੇ ਮੇਰੀ ਨੂੰਹ ਬਚੇ ਹਾਂ। ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ।"

ਹੌਂਸਲੇ ਅਜੇ ਵੀ ਬੁਲੰਦ ਹਨ

ਇਨ੍ਹਾਂ ਮੌਤਾਂ ਦੇ ਬਾਵਜੂਦ, ਕਿਸਾਨ ਆਪਣੇ ਦ੍ਰਿੜ ਇਰਾਦੇ 'ਤੇ ਅੜੇ ਹਨ।

ਕੁਰਬਾਨੀ, ਸ਼ਹਾਦਤ ਆਦਿ ਉਹ ਮੂਲ ਸ਼ਬਦ ਹਨ ਜੋ ਉਹ ਇਨ੍ਹਾਂ ਮੌਤਾਂ ਨਾਲ ਜੋੜੇ ਜਾ ਰਹੇ ਹਨ।

ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੀਤੀ ਗਈ ਇੱਕ ਰੈਲੀ ਵਿੱਚ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦ੍ਰਿੜਤਾ ਨਾਲ ਐਲਾਨ ਕੀਤਾ ਕਿ ਅਸੀਂ ਇਨ੍ਹਾਂ ਕੁਰਬਾਨੀਆਂ ਨੂੰ ਵਿਅਰਥ ਨਾ ਜਾਣ ਦੇਣ ਅਤੇ ਅੰਤਿਮ ਜਿੱਤ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਣ ਦਾ ਇੱਕ ਗੰਭੀਰ ਵਾਅਦਾ ਲੈਂਦੇ ਹਾਂ।

ਉਨ੍ਹਾਂ ਕਿਹਾ ਕਿ ਸੰਘਰਸ਼ ਹੋਰ ਕੁਰਬਾਨੀਆਂ ਦੀ ਮੰਗ ਕਰੇਗਾ ਪਰ ਉਹ ਇਸ ਲਈ ਤਿਆਰ ਹਨ।

ਕੀ ਮੌਤਾਂ ਕਾਰਨ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਮਨੋਬਲ ਥੱਲੇ ਆਇਆ ਹੈ?

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਬੀਬੀਸੀ ਨੂੰ ਆਖਿਆ, "ਅਸੀਂ ਔਸਤਨ ਇੱਕ ਦਿਨ ਇੱਕ ਕਿਸਾਨ ਨੂੰ ਗੁਆ ਰਹੇ ਹਾਂ। ਇਸ ਨਾਲ ਸਾਨੂੰ ਉਦਾਸੀ ਹੋਈ ਹੈ ਪਰ ਨਿਸ਼ਚਤ ਰੂਪ ਵਿਚ ਸਾਡਾ ਮਨੋਬਲ ਨਹੀਂ ਘਟਿਆ। ਇਸ ਦੇ ਉਲਟ, ਹਰ ਮੌਤ ਨੇ ਹੀ ਸਾਡਾ ਇਰਾਦਾ ਹੋਰ ਪੱਕਾ ਕੀਤਾ ਹੈ।"

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ "ਮੈਂ ਬਹੁਤ ਸਾਰੇ ਕਿਸਾਨਾਂ ਦੀ ਮੌਤ 'ਤੇ ਬਹੁਤ ਦੁਖੀ ਮਹਿਸੂਸ ਕਰ ਰਿਹਾਂ ਹਾਂ, ਜੋ ਆਪਣੀ ਬਚਾਅ ਦੀ ਲੜਾਈ ਲੜਦੇ ਹੋਏ ਠੰਢ ਅਤੇ ਕੇਂਦਰ ਦੀ ਉਦਾਸੀਨਤਾ ਦਾ ਸਾਹਮਣਾ ਵੀ ਕਰਨ ਲਈ ਮਜਬੂਰ ਹਨ। ਇਹ ਬਹੁਤ ਹੀ ਮੰਦਭਾਗਾ ਹੈ ਅਤੇ ਇਸ ਨੂੰ ਖਤਮ ਹੋਣ ਦੀ ਜ਼ਰੂਰਤ ਹੈ।"

ਉਨ੍ਹਾਂ ਕਿਹਾ, "ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸਾਨਾਂ ਦੀ ਦੁਰਦਸ਼ਾ ਦਾ ਨੋਟਿਸ ਲੈਣ ਅਤੇ ਮਸਲਾ ਤੁਰੰਤ ਹੱਲ ਕਰਨ। ਨਾ ਹੀ ਪੰਜਾਬ ਅਤੇ ਨਾ ਹੀ ਕੌਮ ਇਸ ਸੰਕਟ ਵਿੱਚ ਸਾਡੀ ਅੰਨਦਾਤਿਆਂ ਦੀਆਂ ਹੋਰ ਜਾਨਾਂ ਕੁਰਬਾਨ ਕਰਨ ਦੇ ਸਮਰਥ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)