ਕਿਸਾਨ ਅੰਦੋਲਨ: ਕੇਂਦਰ ਸਰਕਾਰ ਨਾਲ ਜੇ ਅਗਲੀ ਗੱਲਬਾਤ ਬੇਸਿੱਟਾ ਰਹੀ ਤਾਂ ਕਿਸਾਨ ਚੁੱਕਣਗੇ ਇਹ ਕਦਮ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਯਾਨਿ ਪਹਿਲੀ ਜਨਵਰੀ 2021 ਦੀਆਂ ਕਿਸਾਨ ਅੰਦੋਲਨ ਦੀਆਂ ਪ੍ਰਮੁੱਖ ਖ਼ਬਰਾਂ ਲੈ ਕੇ ਆਵਾਂਗੇ। ਸਿੰਘੂ ਬਾਰਡਰ ਉੱਪਰ ਧਰਨਾ ਦੇ ਰਹੇ ਕਿਸਾਨਾਂ ਨੇ ਨਵੇਂ ਸਾਲ ਮੌਕੇ ਨਗਰ ਕੀਰਤਨ ਕੱਢਿਆ।

ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ਉੱਪਰ ਧਰਨਾ ਦੇ ਰਹੇ ਕਿਸਾਨਾਂ ਨੂੰ 35 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸਾਲ ਮੌਕੇ ਟਵੀਟ ਕਰਦਿਆਂ ਕਿਸਾਨਾਂ ਵਲੋਂ ਸ਼ਾਂਤੀ ਨਾਲ ਅੰਦੋਲਨ ਕਰਨ ਲਈ ਵਧਾਈ ਦਿੱਤੀ।

ਇਸ ਤੋਂ ਪਹਿਲਾਂ 30 ਦਸੰਬਰ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਬੈਠਕ ਹੋਈ।

ਇਹ ਵੀ ਪੜ੍ਹੋ:

ਕਿਸਾਨਾਂ ਵਲੋਂ ਅਗਲੀ ਰਣਨੀਤੀ ਦਾ ਐਲਾਨ

ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਜੇ ਅਗਲੀ ਗੱਲਬਾਤ ਫੇਲ੍ਹ ਰਹੀ ਤਾਂ ਅਗਲੀ ਰਣਨੀਤੀ ਕੀ ਹੋਵੇਗੀ। ਸਵਰਾਜ ਪਾਰਟੀ ਦੇ ਆਗੂ ਯੋਗਿੰਦਰ ਜਾਦਵ ਨੇ ਅਗਲੀ ਰਣਨੀਤੀ ਦੱਸੀ। ਉਨ੍ਹਾਂ ਕਿਹਾ-

  • ਜੇ ਕੋਈ ਵਿਕਾਸ ਹੁੰਦਾ ਨਾ ਦਿਖਿਆ ਤਾਂ ਸ਼ਾਹਜਾਂਹਪੁਰ ਬਾਰਡਰ 'ਤੇ ਅਗਲੇ ਹਫ਼ਤੇ ਤਰੀਕ ਦਾ ਐਲਾਨ ਕਰਕੇ ਅੰਦੋਲਨ ਨੂੰ ਅੱਗੇ ਵਧਾਵਾਂਗੇ।
  • ਕੇਂਦਰ ਸਰਕਾਰ ਨਾਲ 4 ਜਨਵਰੀ ਦੀ ਗੱਲਬਾਤ ਫੇਲ੍ਹ ਹੋਣ 'ਤੇ ਕਿਸਾਨਾਂ ਵੱਲੋਂ 6 ਜਨਵਰੀ ਨੂੰ ਕੁੰਡਲੀ-ਮਾਨੇਸਰ-ਪਲਵਲ ਹਾਈਵੇ 'ਤੇ ਮਾਰਚ ਕੀਤਾ ਜਾਵੇਗਾ।
  • 6-20 ਦਸੰਬਰ ਤੱਕ ਪੂਰੇ ਦੇਸ ਵਿਚ ਦੇਸ ਜਾਗ੍ਰਿਤੀ ਮੁਹਿੰਮ ਹੋਵੇਗੀ। ਦੇਸ ਭਰ ਵਿਚ ਰੈਲੀਆਂ, ਧਰਨੇ, ਪ੍ਰੈਸ ਕਾਨਫਰੰਸ ਕੀਤੇ ਜਾਣਗੇ।
  • 20 ਦਸੰਬਰ ਤੱਕ ਸਰਕਾਰ ਨੂੰ ਸਮਝਾ ਦੇਵਾਂਗੇ ਕਿ ਪੂਰਾ ਦੇਸ ਇਸ ਅੰਦੋਲਨ ਵਿਚ ਹੈ ਨਾ ਕਿ ਸਿਰਫ਼ ਪੰਜਾਬ, ਹਰਿਆਣਾ ਦੇ ਕਿਸਾਨ।
  • 18 ਦਸੰਬਰ ਨੂੰ ਮਹਿਲਾ ਦਿਵਸ ਮਨਾਇਆ ਜਾਵੇਗੀ। ਕਿਸ ਤਰ੍ਹਾਂ ਇਸ ਦਾ ਫੈਸਲਾ ਹਾਲੇ ਕੀਤਾ ਜਾਵੇਗਾ।
  • 23 ਦਸੰਬਰ ਨੂੰ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਪੂਰੇ ਦੇਸ ਵਿਚ ਪ੍ਰੋਗਰਾਮ ਕੀਤੇ ਜਾਣਗੇ।

ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਕਿਹਾ ਕਿ ਅੰਬਾਨੀ-ਅਡਾਨੀ ਗਰੁੱਪਜ਼ ਦਾ ਬਾਈਕਾਟ ਲਗਾਤਾਰ ਜਾਰੀ ਹੈ।

ਕਿਸਾਨ ਆਗੂਆਂ ਨੇ ਹਰਿਆਣਾ ਬਾਰੇ ਵੀ ਅੱਗਲੀ ਰਣਨੀਤੀ ਦੀ ਜਾਣਕਾਰੀ ਦਿੱਤੀ-

ਹਰਿਆਣਾ ਵਿਚ ਪੈਟਰੋਲ ਪੰਪ ਬੰਦ ਕਰਵਾਏ ਜਾਣਗੇ।

ਹਰਿਆਣਾ ਵਿਚ ਟੋਲ ਪਲਾਜ਼ਾ ਮੁਫ਼ਤ ਰਹਿਣਗੇ, ਜੋ ਚੱਲ ਰਹੇ ਹਨ, ਉਹ ਬੰਦ ਕਰਵਾਏ ਜਾਣਗੇ।

ਹਰਿਆਣਾ ਵਿਚ ਬੀਜੇਪੀ ਤੇ ਜੇਜੇਪੀ ਦੇ ਵਿਧਾਇਕਾਂ, ਮੰਤਰੀਆਂ ਤੇ ਮੁੱਖ ਮੰਤਰੀ ਦਾ ਸ਼ਹਿਰਾਂ ਤੇ ਪਿੰਡਾ ਵਿਚ ਵਿਰੋਧ ਕੀਤਾ ਜਾਵੇਗਾ। ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗਠਜੋੜ ਦੀ ਸਰਕਾਰ ਟੁੱਟ ਨਹੀਂ ਜਾਂਦੀ।

'ਸ਼ਾਹਜਹਾਂਪੁਰ ਮੋਰਚਾ ਕਾਇਮ ਰਹੇਗਾ'

ਸ਼ਾਹਜਹਾਂਪੁਰ ਮੋਰਚੇ ਤੇ ਕੁਝ ਕਿਸਾਨਾਂ ਵਲੋਂ ਬੈਰੀਕੇਡ ਤੋੜ ਕੇ ਅੱਗੇ ਵਧਣ ਬਾਰੇ ਯੋਗਿੰਦਰ ਜਾਦਵ ਨੇ ਕਿਹਾ, "ਸ਼ਾਹਜਹਾਂਪੁਰ ਵਿਚ ਨੌਜਵਾਨ ਸਾਥੀਆਂ ਨੇ ਬੈਰੀਕੇਡ ਤੋੜਿਆ। ਸੰਯੁਕਤ ਕਿਸਾਨ ਯੂਨੀਅਨ ਨੇ ਤੈਅ ਕੀਤਾ ਸੀ ਕਿ ਉੱਥੇ ਮੋਰਚਾ ਲੱਗੇਗਾ। ਸ਼ਾਹਜਹਾਂਪੁਰ ਦਾ ਮੋਰਚਾ ਕਾਇਮ ਹੈ, ਕਾਇਮ ਰਹੇਗਾ।

ਜੋ ਨੌਜਵਾਨ ਸਾਥੀ ਅੱਗੇ ਵਧੇ ਉਨ੍ਹਾਂ ਲਈ ਕਹਿਣਾ ਚਾਹਾਂਗਾ ਕਿ ਸਰਕਾਰ ਉਨ੍ਹਾਂ ਨੂੰ ਥਕਾ ਰਹੀ ਹੈ ਕਿ ਕਦੋਂ ਤੱਕ ਉਹ ਬੈਠੇ ਰਹਿਣਗੇ। ਅਸੀਂ ਆਪਣੇ ਉਨ੍ਹਾਂ ਸਾਥੀਆਂ ਨਾਲ ਗੱਲਬਾਤ ਕਰਾਂਗੇ।"

ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ ਬੈਠਕ ਦੀਆਂ ਮੁੱਖ ਗੱਲਾਂ

•ਕਿਸਾਨਾਂ ਵਲੋਂ ਰੱਖੀਆਂ ਚਾਰ ਮੁੱਖ ਮੰਗਾਂ 'ਚੋਂ 2 ਮੰਗਾਂ ਸਰਕਾਰ ਨੇ ਮੰਨ ਲਈਆਂ ਹਨ।

•ਬਿਜਲੀ ਸੋਧ ਐਕਟ 2020 ਨੂੰ ਵਾਪਸ ਲੈਣ ਲਈ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।

•ਪਰਾਲੀ ਪ੍ਰਦੂਸ਼ਣ ਦੇ ਨਾਮ 'ਤੇ ਕਿਸਾਨਾਂ ਤੋਂ 1 ਕਰੋੜ ਜੁਰਮਾਨਾ ਲਗਾਉਣ ਵਾਲਾ ਪ੍ਰਾਵਧਾਨ ਸਰਕਾਰ ਵਾਪਸ ਲੈ ਲਵੇਗੀ।

•4 ਜਨਵਰੀ ਨੂੰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅਗਲੀ ਗੱਲਬਾਤ ਹੋਵੇਗੀ।

•ਤਿੰਨੋਂ ਕਾਨੂੰਨ ਵਾਪਸ ਲੈਣ ਅਤੇ ਐਮਐਸਪੀ ਨੂੰ ਕਾਨੂੰਨ ਬਨਾਉਣ 'ਤੇ ਗੱਲ ਅਗਲੀ ਮੀਟਿੰਗ 'ਚ ਹੋਵੇਗੀ।

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਤੇ ਐਮਐਸਪੀ ਬਾਰੇ ਚਰਚਾ 4 ਜਨਵਰੀ ਨੂੰ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਦੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਚੇਤਾਵਨੀ

ਕਿਸਾਨੀ ਅੰਦਲੋਨ ਦੇ ਹੱਕ ਵਿਚ ਕਈ ਸਿਆਸਤਦਾਨਾਂ ਤੇ ਵਰਕਰਾਂ ਦੇ ਘਰਾਂ ਵਿਚ ਜਬਰੀ ਦਾਖਲ ਹੋਣ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ।

ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਪੰਜਾਬੀਅਤ ਦੇ ਖਿਲਾਫ਼ ਹੈ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਤਰ੍ਹਾਂ ਦੇ ਵਤੀਰੇ ਦੀ ਸਖ਼ਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ "ਉਹ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਕਿਸੇ ਵੀ ਪਾਰਟੀ ਦੇ ਰਾਜਨੀਤਿਕ ਕਾਰਕੁਨਾਂ ਦੇ ਪਰਿਵਾਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਪਹੁੰਚਾਉਣ। ਲੋਕਾਂ ਦੀ ਨਿੱਜਤਾ 'ਤੇ ਹਮਲੇ ਨਾਲ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦਾ ਨਾਮ ਬਦਨਾਮ ਹੋ ਜਾਵੇਗਾ ਅਤੇ ਇਸ ਤਰ੍ਹਾਂ ਇਸ ਦਾ ਮੰਤਵ ਥ਼ਤਮ ਹੋ ਜਾਵੇਗਾ।"

ਉਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਲਈ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨ ਆਪਣੇ ਹੱਥਾਂ ਵਿਚ ਨਾ ਲੈਣ ਦੀ ਚੇਤਾਵਨੀ ਦਿੱਤੀ।

ਕਿਸਾਨ ਅੰਦੋਲਨ ਕਾਰਨ ਕਿੰਨਾ ਨੁਕਸਾਨ

ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਸੂਬੇ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਤਕਰੀਬਨ 27 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਸੀਈਆਈਟੀ) ਨੇ ਇਹ ਜਾਣਕਾਰੀ ਦਿੱਤੀ ਹੈ।

ਇਸ ਵਿਚ ਅੱਗੇ ਕਿਹਾ ਗਿਆ ਹੈ, ਹਾਲਾਂਕਿ ਟਰਾਂਸਪੋਰਟ ਸੈਕਟਰ ਦੀ ਸਭ ਤੋਂ ਵੱਡੀ ਸੰਸਥਾ ਸੀਆਈਆਈਟੀ ਅਤੇ ਆਲ ਇੰਡੀਆ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ (ਏਟੀਡਬਲੂਏ) ਦੇ ਸਾਂਝੇ ਯਤਨਾਂ ਨੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਹੈ ਅਤੇ ਜ਼ਰੂਰੀ ਵਸਤਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਸਪਲਾਈ ਜਾਰੀ ਰੱਖਣ ਲਈ ਦੂਜੇ ਸੂਬਿਆਂ ਤੋਂ ਦਿੱਲੀ ਜਾਣ ਵਾਲੇ ਟਰੱਕ ਹਾਈਵੇਅ ਤੋਂ ਗੁਰੇਜ਼ ਕਰ ਰਹੇ ਹਨ ਅਤੇ ਹੋਰ ਰਸਤਿਆਂ ਤੋਂ ਦਿੱਲੀ ਵੱਲ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਦਿੱਲੀ ਪਹੁੰਚਣ ਲਈ ਲੰਮਾ ਰਸਤਾ ਅਪਣਾਉਣਾ ਪਿਆ ਹੈ।

ਸੀਏਆਈਟੀ ਦੇ ਕੌਮੀ ਪ੍ਰਧਾਨ ਬੀਸੀ ਭਾਰਤੀਆ ਅਤੇ ਸੱਕਤਰ ਜਨਰਲ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਦੀ ਸਪਲਾਈ 'ਤੇ ਕਾਫ਼ੀ ਅਸਰ ਪਿਆ ਹੈ। ਇਨ੍ਹਾਂ ਸੂਬਿਆਂ ਤੋਂ ਆਉਣ ਵਾਲੀਆਂ ਪ੍ਰਮੁੱਖ ਚੀਜ਼ਾਂ ਵਿਚ ਫੂਡ ਆਰਟੀਕਲ, ਮਸ਼ੀਨਰੀ ਦੀਆਂ ਚੀਜ਼ਾਂ, ਸਪੇਅਰ ਪਾਰਟਸ, ਪਾਈਪ ਫਿਟਿੰਗਜ਼, ਸੈਨੇਟਰੀ ਫਿਟਿੰਗਜ਼, ਅਨਾਜ, ਬਿਜਲੀ ਅਤੇ ਪਾਣੀ ਦੀਆਂ ਮੋਟਰਾਂ, ਬਿਲਡਿੰਗ ਹਾਰਡਵੇਅਰ, ਹੋਰ ਖੇਤੀਬਾੜੀ ਵਾਲੀਆਂ ਚੀਜ਼ਾਂ ਸ਼ਾਮਲ ਹਨ।

ਮੁੱਖ ਮੰਤਰੀ ਨੇ ਸ਼ਾਂਤੀ ਨਾਲ ਅੰਦੋਲਨ ਦੀ ਵਧਾਈ ਦਿੱਤੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਸਾਨਾਂ ਵਲੋਂ ਸ਼ਾਂਤੀ ਨਾਲ ਅੰਦੋਲਨ ਕਰਨ ਲਈ ਵਧਾਈ ਦਿੱਤੀ।

ਉਨ੍ਹਾਂ ਵੀਡੀਓ ਟਵੀਟ ਕਰਦਿਆਂ ਕਿਹਾ, "ਇਸ ਸਾਲ ਵਿਚ ਕਿਸਾਨਾਂ ਦਾ ਮੁੱਦਾ ਆਇਆ। ਜੇ ਤੁਸੀਂ ਧਰਨੇ ਲਾਉਣੇ ਹਨ ਇਹ ਤੁਹਾਡਾ ਜਮੂਹਰੀ ਹੱਕ ਹੈ, ਸੰਵਿਧਾਨ ਵਿਚ ਅਧਿਕਾਰ ਹੈ ਵਿਰੋਧ ਹੈ।"

"ਪਰ ਜੋ ਤੁਸੀਂ ਸ਼ਾਂਤੀ ਨਾਲ ਵਿਰੋਧ ਕੀਤਾ ਹੈ, ਇਸ ਦੀ ਵਧਾਈ ਦਿੰਦਾ ਹਾਂ। ਪੰਜਾਬ ਵਿਚ ਨਾ ਕੋਈ ਝਗੜਾ ਹੋਇਆ, ਦਿੱਲੀ ਬਾਰਡਰ 'ਤੇ ਵੀ ਝਗੜਾ ਨਹੀਂ ਹੋਇਆ। ਤੁਸੀਂ ਦੁਨੀਆਂ ਦਾ ਦਿਲ ਜਿੱਤ ਲਿਆ ਕਿ ਸ਼ਾਂਤੀ ਨਾਲ ਮੁਜ਼ਾਹਰਾ ਕੀਤਾ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਝੋਨੇ ਦੀ ਫ਼ਸਲ ਦੀ ਰਿਕਾਰਡ ਪੈਦਾਵਾਰ ਹੋਣ ਤੇ ਵਧਾਈ ਦਿੱਤੀ।

ਉਨ੍ਹਾਂ ਕਿਹਾ, ਪੰਜਾਬ ਨੇ ਹਰ ਪੱਖੋਂ ਦੇਸ ਪ੍ਰਤੀ ਡਿਊਟੀ ਨਿਭਾਈ ਹੈ। ਹੁਣ ਕੋਰੋਨਾ ਤੋਂ ਬਾਅਦ ਸਨਅਤ ਚੱਲ ਪਈ ਹੈ। ਪਿਛਲੇ ਸਾਲ ਹਾਲਾਤ ਮਾੜੇ ਹੋਣ 'ਤੇ ਵੀ ਆਪਣੀ ਡਿਊਟੀ ਨਿਭਾਈ, ਇਸ ਦੀ ਵਧਾਈ ਦਿੰਦਾ ਹਾਂ। ਉਮੀਦ ਕਰਦਾ ਹਾਂ ਕਿ ਨਵਾਂ ਸਾਲ ਨਵੇਂ ਤਰੀਕੇ ਨਾਲ ਅੱਗੇ ਵਧੇਗਾ, ਕਿਸਾਨੀ ਦਾ ਮਸਲਾ ਹੱਲ ਹੋਵੇਗਾ। ਪੰਜਾਬ ਵਿਚ ਜੋ ਹੋਰ ਮੁਸ਼ਕਲਾਂ ਹਨ ਉਸ ਨੂੰ ਹੱਲ ਕਰ ਸਕਾਂਗੇ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਸਿੰਘੂ ਬਾਰਡਰ 'ਤੇ ਨਗਰ ਕੀਰਤਨ

ਖੇਤੀ ਕਾਨੂੰਨਾਂ ਖਿਲਾਫ਼ ਸਿੰਘੂ ਬਾਰਡਰ 'ਤੇ ਵਿਰੋਧ ਕਰ ਰਹੇ ਕਿਸਾਨਾਂ ਨੇ ਨਗਰ ਕੀਰਤਨ ਕੱਢਿਆ।

ਉੱਥੇ ਹੀ 'ਖਾਲਸਾ ਯੂਥ ਗਰੁੱਪਟ ਨੇ ਵੀ ਸਿੰਘੂ ਬਾਰਡਰ 'ਤੇ ਦਸਤਾਰ ਦਾ ਲੰਗਰ ਲਾਇਆ। ਇਸ ਮੌਕੇ ਨੌਜਵਾਨਾਂ, ਬਜ਼ੁਰਗਾਂ ਤੇ ਬੱਚਿਆਂ ਨੇ ਦਸਤਾਰਾਂ ਸਜਾਈਆਂ।

ਸਿੰਘੂ ਬਾਰਡਰ 'ਤੇ ਨਵਾਂ ਸਾਲ

25 ਨਵੰਬਰ ਤੋਂ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਉੱਪਰ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਦੇ ਲੋਕਾਂ ਨੂੰ ਨਵਾਂ ਸਾਲ ਉਨ੍ਹਾਂ ਨਾਲ ਆ ਕੇ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।

ਨਵੇਂ ਸਾਲ ਦੇ ਮੌਕੇ ਨਵੇਂ ਸਾਲ ਤੋਂ ਕਿਸਾਨਾਂ ਦੀਆਂ ਉਮੀਦਾਂ ਜਾਨਣ ਲਈ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਸਿੰਘੂ ਬਾਰਡਰ 'ਤੇ ਪਹੁੰਚੇ ਅਤੇ ਗੱਲਬਾਤ ਕੀਤੀ।

ਦਿੱਲੀ ਧਰਨਾ ਦੇ ਰਹੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨੂੰ ਮਿਲਿਆ ਪਰਿਵਾਰਕ ਜੀਆਂ ਦਾ ਸਾਥ

ਦਿੱਲੀ ਦੇ ਜੰਤਰ ਮੰਤਰ 'ਤੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਅਤੇ ਸਾਂਸਦਾਂ ਦਾ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਜਾਰੀ ਹੈ।

ਰਵਨੀਤ ਸਿੰਘ ਬਿੱਟੂ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ "ਸਾਨੂੰ ਇੱਥੇ ਬੈਠਿਆਂ ਨੂੰ ਹੁਣ 25 ਦਿਨ ਹੋ ਗਏ ਹਨ। ਅਸੀਂ ਇੱਥੇ ਆਪਣੇ ਪਰਿਵਾਰਾਂ ਨਾਲ ਹਾਂ। ਇਸ ਨਵੇਂ ਸਾਲ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਏ ਜਾਣ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)