ਕਿਸਾਨ ਅੰਦੋਲਨ : 'ਖੇਤੀ ਨੇ ਸਾਨੂੰ ਰਾਜੇ ਨਹੀਂ ਬਣਾਇਆ ਪਰ ਹੋਂਦ ਬਚਾਈ ਰੱਖੀ ਹੈ, ਹੁਣ ਉਹੀ ਖ਼ਤਰੇ 'ਚ ਹੈ'

    • ਲੇਖਕ, ਚਿੰਕੀ ਸਿਨਹਾ
    • ਰੋਲ, ਬੀਬੀਸੀ ਲਈ

ਉਹ ਇੱਕ ਵਾਰ ਫ਼ਿਰ ਉਥੇ ਡਟ ਗਈ ਸੀ। ਉਥੇ ਵੀ ਰਾਹ ਦੇ ਇੱਕਦਮ ਵਿਚਕਾਰ।

ਰੋਹਤਕ ਫ਼ਲਾਈਓਲਰ 'ਤੇ ਉਨ੍ਹਾਂ ਦਾ ਜੱਥਾ ਆ ਕੇ ਰੁਕਿਆ ਸੀ। ਇਹ ਬਠਿੰਡਾ ਤੋਂ ਆਇਆ ਹੋਇਆ ਇੱਕ ਜਥਾ ਹੈ, ਜੋ ਟਰਾਲੀ 'ਤੇ ਬੈਠ ਕੇ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਆਇਆ ਸੀ।

ਇਨ੍ਹਾਂ ਔਰਤਾਂ ਲਈ ਇਹ ਕਾਨੂੰਨ ਕਾਲੇ ਹਨ ਅਤੇ ਇਹ ਔਰਤਾਂ 'ਦਿੱਲੀ ਚਲੋ' ਦਾ ਨਾਹਰਾ ਸੁਣ ਕੇ ਇਨਾਂ ਕਾਨੂੰਨਾਂ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਉਣ ਆ ਗਈਆਂ ਸਨ।

ਰੋਹਤਕ ਫ਼ਲਾਈਓਵਰ 'ਤੇ ਸਰਕਾਰ ਵਿਰੁੱਧ ਆ ਕੇ ਬੈਠੇ ਹਜ਼ੂਮ ਵਿੱਚ ਨੌ ਔਰਤਾਂ ਸ਼ਾਮਿਲ ਸਨ। ਇਨ੍ਹਾਂ ਵਿੱਚ ਸਭ ਤੋਂ ਬਜ਼ੁਰਗ ਔਰਤ 72 ਸਾਲਾ ਦੀ ਸੀ ਅਤੇ ਸਭ ਤੋਂ ਛੋਟੀ 20 ਸਾਲਾਂ ਦੀ। ਇੱਕ ਛੋਟਾ ਬੱਚਾ ਵੀ ਇਨ੍ਹਾਂ ਦੇ ਨਾਲ ਆਇਆ ਹੈ।

ਇਹ ਵੀ ਪੜ੍ਹੋ

ਇਹ ਲੋਕ ਬਠਿੰਡਾ ਦੇ ਚੱਕ ਰਾਮ ਸਿੰਘ ਵਾਲਾ ਦੇ ਸਨ। ਦੋ ਪੁਰਾਣੇ ਜੱਥੇ ਦੇ ਹੀ ਸਨ। ਤਿੰਨ ਹੋਰ ਉਨ੍ਹਾਂ ਲੋਕਾਂ ਦੀ ਥਾਂ 'ਤੇ ਆਏ ਸਨ, ਜੋ ਧਰਨੇ ਤੋਂ ਵਾਪਸ ਜਾ ਚੁੱਕੇ ਸਨ।

28 ਦਸੰਬਕ ਨੂੰ ਪਿੰਡ ਤੋਂ ਹੋਰ ਔਰਤਾਂ ਇਥੇ ਆਉਣਗੀਆਂ। ਇਸੇ ਤਰ੍ਹਾਂ ਵਾਰੀ ਵਾਰੀ ਨਾਲ ਉਹ ਇਥੇ ਆ ਕੇ ਧਰਨੇ 'ਤੇ ਬੈਠ ਰਹੀਆਂ ਹਨ।

ਇਨ੍ਹਾਂ ਲੋਕਾਂ ਨੇ ਇਸੇ ਤਰ੍ਹਾਂ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੂੰ ਇਥੇ ਆਉਣ ਲਈ ਟਰੈਕਟਰ ਦਾ ਸਹਾਰਾ ਲੈਣਾ ਪਿਆ।

ਪਹਿਲਾਂ ਟਿਕਰੀ ਬਾਰਡਰ ਪਾਰ ਕੀਤਾ। ਫ਼ਿਰ ਟਰੈਕਟਰ, ਟਰਾਲੀਆਂ ਅਤੇ ਰਾਹੀਂ ਸਫ਼ਰ ਤਹਿ ਕਰਦੀਆਂ ਰਹੀਆਂ। ਦੋ ਕਿਸਾਨਾਂ ਨੇ ਆਪਣੇ ਟਰੈਕਟਰ 'ਤੇ ਬਿਠਾ ਲਿਆ। ਰੋਹਤਕ ਫ਼ਲਾਈਓਵਰ ਖ਼ਤਮ ਹੁੰਦੇ ਹੀ ਇੱਕ ਨੌਜਵਾਨ ਕਿਸਾਨ ਨੇ ਪੀਲਾ ਕੱਪੜਾ ਲਹਿਰਾਇਆ। ਇਹ ਰੁਕਣ ਦਾ ਸੰਕੇਤ ਸੀ।

ਅਸੀਂ ਪੁੱਛਿਆ ਔਰਤਾਂ ਕਿਥੇ ਹਨ? ਕੀ, ਉਥੇ ਬੈਠੀਆਂ ਹਨ? ਇਹ ਨੌ ਔਰਤਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਮੁਜ਼ਹਾਰਾਕਾਰੀਆਂ ਦਾ ਹਿੱਸਾ ਸਨ।

ਪੀਲੇ ਕੱਪੜਿਆਂ ਵਿੱਚ ਵਿਰੋਧ ਪ੍ਰਦਰਸ਼ਨ

ਚੰਗੇ ਕੱਦ ਕਾਠ ਦੀ 48 ਸਾਲਾ ਸੁਖਜੀਤ ਕੌਰ। ਚਿਹਰਾ ਧੁੱਪ ਨਾਲ ਤਪਿਆ ਹੋਇਆ। ਅੱਖਾਂ ਗਹਿਰੀਆਂ ਧੱਸੀਆਂ ਹੋਈਆਂ। ਉਨ੍ਹਾਂ ਨੇ ਇੱਕ ਸਟੋਵ ਵੱਲ ਇਸ਼ਾਰਾ ਕੀਤਾ। ਉਥੇ ਕੁਝ ਭਾਂਡੇ ਪਏ ਸਨ।

ਟਰਾਲੀ ਦੇ ਕਿਨਾਰੇ ਲੱਕੜਾਂ ਦੀਆਂ ਗੰਢਾਂ ਪਾਸੇ ਲਾ ਕੇ ਰੱਖੀਆਂ ਹੋਈਆਂ ਸਨ। ਇਹ ਕਈਆਂ ਦਿਨਾਂ ਤੋਂ ਇਥੇ ਹੀ ਡਟੀਆਂ ਹੋਈਆਂ ਸਨ।

ਸੁਖਜੀਤ ਕੌਰ ਕਹਿੰਦੀ ਹੈ, ''ਹਰਿਆਣਾ ਵਿੱਚ ਸਾਡਾ ਸਾਹਮਣਾ ਇਨਾਂ ਬੈਰੀਕੇਡਾਂ ਨਾਲ ਹੋਇਆ ਸੀ। ਉਨ੍ਹਾਂ ਨੇ ਸਾਡੇ 'ਤੇ ਪਾਣੀ ਦੀਆਂ ਬੌਛਾੜਾਂ ਮਾਰੀਆਂ। ਸਾਨੂੰ ਇਥੇ ਪ੍ਰਦਰਸ਼ਨ ਕਰਦੇ ਹੋਏ 90 ਦਿਨ ਹੋ ਗਏ।"

ਇਹ ਜਗ੍ਹਾਂ ਸਮਝੋ ਉਨ੍ਹਾਂ ਲਈ ਘਰ ਹੀ ਹੋ ਗਈ ਹੈ।

ਇਹ ਨੌ ਔਰਤਾਂ ਇਥੇ 26 ਨਵੰਬਰ ਤੋਂ ਧਰਨੇ 'ਤੇ ਬੈਠੀਆਂ ਹੋਈਆਂ ਹਨ। ਉਹ ਆਪਣੇ ਪਿੰਡ ਵਾਲਿਆਂ ਨਾਲ ਇਥੇ ਆਈਆਂ ਸਨ।

ਇਨ੍ਹਾਂ ਵਿਚੋਂ ਕਈ ਆਪਣੇ ਪਤੀਆਂ ਦੇ ਨਾਲ ਆਈਆਂ ਸਨ। ਇਥੇ ਉਹ ਉਨ੍ਹਾਂ ਦੇ ਨਾਲ ਨਹੀਂ ਵੱਖ ਵੱਖ ਟਰਾਲੀਆਂ ਵਿੱਚ ਰਹਿ ਰਹੀਆਂ ਹਨ। ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦਾ ਇਹ ਉਨ੍ਹਾਂ ਦਾ ਆਪਣਾ ਤਰੀਕਾ ਹੈ।

ਪਿੰਡ ਵਿੱਚ ਸੁਖਜੀਤ ਕੌਰ ਕੋਲ ਦਸ ਏਕੜ ਜ਼ਮੀਨ ਸੀ। ਉਨ੍ਹਾਂ ਦੇ ਨੂੰਹ ਪੁੱਤ ਹੀ ਖੇਤੀ ਨੂੰ ਦੇਖਦੇ ਹਨ। ਉਹ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਮੁਜ਼ਾਹਾਰਾ ਕਰ ਰਹੀਆਂ 25 ਹਜ਼ਾਰ ਔਰਤਾਂ ਵਿੱਚ ਸ਼ਾਮਿਲ ਹਨ। ਇਹ ਔਰਤਾਂ ਭਾਰਤੀ ਕਿਸਨ ਯੂਨੀਅਨ (ਏਕਤਾ ਉਗਰਾਹਾਂ) ਨਾਲ ਜੁੜੀਆਂ ਹੋਈਆਂ ਹਨ।

ਸੁਖਜੀਤ ਕੌਰ ਕਹਿੰਦੇ ਹਨ, "ਅਸੀਂ ਭਗਤ ਸਿੰਘ ਦੀ ਯਾਦ ਵਿੱਚ ਬਸੰਤੀ ਦੁਪੱਟੇ ਪਹਿਨੇ ਹਨ। ਮੈਂ 20 ਸਾਲ ਪਹਿਲਾਂ ਯੂਨੀਅਨ ਨਾਲ ਜੁੜੀ ਸੀ।"

ਉਥੇ ਤਿੰਨ ਬਜ਼ੁਰਗ ਔਰਤਾਂ ਵੀ ਸਨ। ਉਹ ਹੌਲੀ ਹੌਲੀ ਲੋਹੇ ਦੀਆਂ ਪੋੜੀਆਂ ਚੜ੍ਹ ਕੇ ਟਰਾਲੀ ਵਿੱਚ ਚਲੀਆਂ ਗਈਆਂ। ਨੌਜਵਾਨ ਔਰਤਾਂ ਨੇ ਉਨ੍ਹਾਂ ਦਾ ਹੱਥ ਫ਼ੜ੍ਹ ਲਿਆ।

ਟਰਾਲੀਆਂ ਪੀਲੀ ਤਰਪਾਲ ਨਾਲ ਢੱਕੀਆਂ ਹੋਈਆਂ ਹਨ ਤਾਂ ਕਿ ਇਸ ਕੜਾਕੇ ਦੀ ਠੰਡ ਤੋਂ ਬਚਿਆ ਜਾ ਸਕੇ। ਟਰਾਲੀਆ ਦੇ ਅੰਦਰ ਕੰਬਲ ਤੈਹਾਂ ਲਾ ਕੇ ਇੱਕ ਪਾਸੇ ਰੱਖੇ ਸਨ। ਅੰਦਰ ਬਾਂਸ ਦਾ ਇੱਕ ਛੋਟਾ ਖੰਭਾ ਸੀ, ਜਿਸ ਨਾਲ ਬਲ਼ਬ ਟੰਗਿਆ ਹੋਇਆ ਸੀ।

ਇੱਕ ਹੋਰ ਬਾਂਸ ਦੇ ਖੰਭੇ 'ਤੇ ਕੱਪੜੇ ਟੰਗੇ ਹੋਏ ਸਨ। ਦੂਸਰੇ ਪਾਸੇ ਇੱਕ ਛੋਟੀ ਤਖ਼ਤੀ ਸੀ ਅਤੇ ਇਸ 'ਤੇ ਸ਼ੈਂਪੂ ਦੇ ਪਾਉਚ, ਸਰਫ਼ ਅਤੇ ਕੁਝ ਹੋਰ ਸਾਮਾਨ ਰੱਖਿਆ ਹੋਇਆ ਸੀ।

ਇੱਕ ਛੋਟਾ ਸ਼ੀਸ਼ਾ ਵੀ ਸੀ। ਗੱਦੇ ਵੀ ਸਨ। ਇੱਕ 'ਤੇ ਚੈੱਕ ਕਵਰ ਸੀ ਅਤੇ ਦੂਸਰਾ ਫੁੱਲ ਪੱਤੀਆਂ ਵਾਲਾ। ਦੋਵੇਂ ਸਾਫ਼ ਕੀਤੇ ਜਾ ਚੁੱਕੇ ਸਨ।

ਟਰਾਲੀ ਦੇ ਨੇੜੇ ਹੀ ਉਨ੍ਹਾਂ ਨੇ ਸਾਂਝਾ ਚੁੱਲ੍ਹਾ ਬਣਾਇਆ ਹੋਇਆ ਸੀ। ਜਗ੍ਹਾ ਸਾਫ਼ ਰੱਖਣ ਲਈ ਭਾਂਡੇ ਟਰਾਲੀ ਦੇ ਹੇਠਾਂ ਸਰਕਾ ਦਿੱਤੇ ਗਏ ਸਨ।

'ਜ਼ਿਉਂਦੇ ਕਿਵੇਂ ਰਹਾਂਗੇ'

ਜਸਵੀਰ ਕੌਰ 70 ਸਾਲ ਦੇ ਹਨ। ਉਹ ਬੈਠੀਆਂ ਸਾਰੀਆਂ ਔਰਤਾਂ ਵਿੱਚੋਂ ਸੁਘੜ ਸਰੀਰ ਦੇ ਲੱਗ ਰਹੇ ਹਨ। ਚਿਹਰਾ ਭਰਿਆ ਹੋਇਆ। ਟਰਾਲੀ ਵਿੱਚ ਬੈਠੀਆਂ 70 ਸਾਲ ਦੀਆਂ ਚਾਰ ਔਰਤਾਂ ਵਿੱਚ ਉਹ ਵੀ ਸ਼ਾਮਿਲ ਸਨ।

ਉਨ੍ਹਾਂ ਨੇ ਕਿਹਾ, "ਅਸੀਂ ਅੰਦੋਲਨ ਦਾ ਸਾਥ ਦੇਣ ਲਈ ਇਥੇ ਆਉਣ ਦਾ ਫ਼ੈਸਲਾ ਕੀਤਾ। ਅਸੀਂ ਕਿਸਾਨ ਹਾਂ।"

2006 ਵਿੱਚ ਇੱਕ ਅੰਦੋਲਨ ਵਿੱਚ ਸ਼ਾਮਿਲ ਹੋਣ ਕਰਕੇ ਉਹ ਜੇਲ੍ਹ ਵਿੱਚ ਵੀ ਰਹਿ ਚੁੱਕੇ ਹਨ। ਪਿੰਡ ਦੀਆਂ ਔਰਤਾਂ ਉਨ੍ਹਾਂ ਦੇ ਹੌਸਲੇ ਦੀ ਇੱਜਤ ਕਰਦੀਆਂ ਹਨ। ਠੰਡ ਹੋਵੇ ਜਾਂ ਬੈਰੀਕੇਡ ਜਾਂ ਵਾਟਰ ਕੈਨਨ ਨਾਲ ਪੈਣ ਵਾਲੀਆਂ ਪਾਣੀ ਦੀਆਂ ਬੌਛਾੜਾਂ, ਕੁਝ ਵੀ ਉਨ੍ਹਾਂ ਨੂੰ ਡਰਾ ਨਹੀਂ ਸਕਦਾ।

ਉਹ ਕਹਿੰਦੇ ਹਨ, "ਉਹ ਸਾਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।"

ਔਰਤਾਂ ਨੇ ਇਸ ਪੂਰੇ ਜੱਥੇ ਦਾ ਦਸਵਾਂ ਮੈਂਬਰ ਇੱਕ ਛੋਟਾ ਲੜਕਾ ਸੀ। ਉਹ ਆਪਣੀ ਮਾਂ ਦੇ ਨਾਲ ਇਥੇ ਆਇਆ ਸੀ। ਲੜਕੇ ਨੇ ਦੱਸਿਆ ਕਿ ਉਸਨੇ ਆਪਣੇ ਸਕੂਲ ਦਾ ਕੰਮ ਇਥੇ ਬੈਠ ਕੇ ਹੀ ਕੀਤਾ।

ਬੱਚੇ ਨੇ ਕਿਹਾ, "ਖੇਤ ਤਾਂ ਸਾਡੀ ਵਿਰਾਸਤ ਹਨ। ਜੇ ਉਨ੍ਹਾਂ ਨੇ ਸਾਡੇ ਖੇਤ ਹੀ ਲੈ ਲਏ ਤਾਂ ਅਸੀਂ ਖਾਵਾਂਗੇ ਕੀ। ਜਿਉਂਦੇ ਜਿਵੇਂ ਰਹਾਂਗੇ?"

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਧੀਆਂ ਦਾ ਜ਼ਮੀਨ ਵਿੱਚ ਹਿੱਸਾ

ਇਨ੍ਹਾਂ ਔਰਤਾਂ ਵਿੱਚ ਸ਼ਾਮਿਲ 20 ਸਾਲਾਂ ਦੇ ਅਮਨਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਮਏ ਕੀਤੀ ਹੋਈ ਹੈ। ਪਰ ਹਾਲੇ ਤੱਕ ਨੌਕਰੀ ਨਹੀਂ ਮਿਲੀ।

ਉਹ ਆਪਣੇ ਭਰਾ ਨਾਲ ਟਿਕਰੀ ਬਾਰਡਰ ਤੱਕ ਆਏ ਹਨ। ਅਮਨਪ੍ਰੀਤ ਨੇ ਕਿਹਾ, ਪਹਿਲਾਂ ਉਨ੍ਹਾਂ ਨੇ ਐਮਏ ਕੀਤੀ ਫ਼ਿਰ ਬੀਐੱਡ। ਪਰ ਨੌਕਰੀ ਨਹੀਂ ਮਿਲੀ।

ਉਹ ਕਹਿੰਦੇ ਹਨ, "ਉਨ੍ਹਾਂ ਨੇ ਤਿੰਨ ਕਾਨੂੰਨ ਬਣਾਏ ਹਨ ਪਰ ਉਹ ਸਾਡੇ ਲਈ ਠੀਕ ਨਹੀਂ ਹਨ। ਜੇ ਸਾਡੇ ਕੋਲ ਸਾਡੀ ਜ਼ਮੀਨ ਹੀ ਨਹੀਂ ਹੋਵੇਗੀ ਤਾਂ ਅਸੀਂ ਕੀ ਕਰਾਂਗੇ।"

ਅਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਧੀਆਂ ਨੂੰ ਵੀ ਜ਼ਮੀਨ ਵਿੱਚੋਂ ਹਿੱਸਾ ਮਿਲਦਾ ਹੈ। ਹੁਣ ਜ਼ਮਾਨਾ ਬਦਲ ਗਿਆ ਹੈ। ਔਰਤਾਂ ਹੁਣ ਪਰਦਾ ਨਹੀਂ ਕਰਦੀਆਂ।

ਅਮਨਪ੍ਰੀਤ ਨੇ ਲਾਲ ਨੇਲਪਾਲਿਸ਼ ਲਗਾਈ ਹੋਈ ਸੀ। ਪੀਲੇ ਰੰਗ ਦਾ ਦੁਪੱਟਾ ਲਿਆ ਹੋਇਆ ਸੀ। ਅਮਨਪ੍ਰੀਤ ਦੇ ਮਾਪਿਆਂ ਨੇ ਉਨ੍ਹਾਂ ਨੂੰ ਇਥੇ ਭੇਜਿਆ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਇਥੇ ਛੇ ਮਹੀਨੇ ਤੱਕ ਰਹਿਣ ਦਾ ਮਨ ਬਣਾ ਕੇ ਆਏ ਹਨ। ਪ੍ਰਦਰਸ਼ਨ ਵਿੱਚ ਸ਼ਾਮਿਲ ਇਨ੍ਹਾਂ ਔਰਤਾਂ ਵਿੱਚ ਕੁਝ ਆਪਸ ਵਿੱਚ ਦੂਰ ਦੀਆਂ ਰਿਸ਼ਤੇਦਾਰ ਸਨ ਤਾਂ ਕੁਝ ਸਹੇਲੀਆਂ ਸਨ।

ਪੰਜਾਬ ਦੇ ਕਿਸਾਨਾਂ ਨੇ ਦਿੱਲੀ ਚਲੋ ਮੁਹਿੰਮ ਤਹਿਤ ਖ਼ੁਦ ਨੂੰ ਜਥੇਬੰਦ ਕਰ ਲਿਆ ਹੈ ਅਤੇ ਉਹ ਹੁਣ ਰਾਜਧਾਨੀ ਵੱਲ ਕੂਚ ਕਰ ਰਹੇ ਹਨ।

ਉਨ੍ਹਾਂ ਦੇ ਨਾਲ ਔਰਤਾਂ ਦੇ ਜੱਥੇ ਵਿੱਚ ਬਜ਼ੁਰਗ ਔਰਤਾਂ ਵੀ ਹਨ। ਉਹ ਕੇਅਰਟੇਕਰ ਦੀ ਭੂਮਿਕਾ ਨਿਭਾ ਰਹੀਆਂ ਹਨ ਅਤੇ ਇਹ ਯਕੀਨੀ ਬਣਾ ਰਹੀਆਂ ਹਨ ਕਿ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਹੋਵੇ।

ਸੁਖਜੀਤ ਕੌਰ ਨੇ ਕਿਹਾ ਕਿ ਪਿੰਡ ਦੀਆਂ ਕਈ ਔਰਤਾਂ ਕਿਸਾਨ ਸੰਗਠਨਾਂ ਦੀਆਂ ਮੈਂਬਰ ਹਨ। ਇਹ ਔਰਤਾਂ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।

ਰਵਾਇਤੀ ਨਾਰੀਵਾਦੀ ਨਜ਼ਰੀਏ ਨਾਲ ਟਕਰਾਅ

ਵਿਰੋਧ ਪ੍ਰਦਰਸ਼ਨਾਂ ਵਿੱਚ ਔਰਤਾਂ ਦੀ ਸਰਗਰਮ ਸ਼ਾਮੂਲੀਅਤ ਉਨ੍ਹਾਂ ਦੀ ਪਹਿਚਾਣ ਦੇ ਦਾਅਵਿਆਂ ਨੂੰ ਬਾਖ਼ਬੀ ਬਿਆਨ ਕਰ ਰਹੀ ਹੈ। ਪਰ ਉਨ੍ਹਾਂ ਦਾ ਟਕਰਾਅ ਰਵਾਇਤੀ ਨਾਰੀਵਾਦ ਦੇ ਉਸ ਨਜ਼ਰੀਏ ਨਾਲ ਵੀ ਹੋ ਰਿਹਾ ਹੈ, ਜਿਸ ਤਹਿਤ ਔਰਤਾਂ ਦੀ ਪਹਿਲੀ ਅਤੇ ਸਭ ਤੋਂ ਅਹਿਮ ਪਹਿਚਾਣ ਇੱਕ ਔਰਤ ਹੋਣਾ ਹੈ।

ਇਹ ਔਰਤਾਂ ਆਪਣੇ ਆਪ ਨੂੰ ਕਿਸਾਨ ਕਹਿੰਦੀਆਂ ਹਨ ਅਤੇ ਇਸ ਲਈ ਆਪਣੀ ਪਹਿਚਾਣ ਕਈਆਂ ਮਿਲੀਆਂ ਜੁਲੀਆਂ ਪਹਿਚਾਣਾਂ ਵਜੋਂ ਪੇਸ਼ ਕਰਦੀਆਂ ਹਨ। ਇਸ ਵਿੱਚ ਉਹ ਕਿਸਾਨ ਦੇ ਰੂਪ ਵਿੱਚ ਵੀ ਮੌਜੂਦ ਹਨ।

ਯੂਨੀਅਨ ਦੇ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਹੈ। ਉਹ ਆਪਣੇ ਭਾਈਚਾਰੇ ਅਤੇ ਧਰਮ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਆਪਣੀ ਜ਼ਮੀਨ ਦੀ ਨੁਮਾਇੰਦਗੀ ਵੀ ਕਰ ਰਹੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦੀ ਇੱਕ ਪਹਿਚਾਣ ਦੂਸਰੀ ਨੂੰ ਛੂਹ ਰਹੀ ਹੈ ਅਤੇ ਇਕੱਠਿਆਂ ਕਈ ਮੁੱਦਿਆਂ ਦੀ ਲੜਾਈ ਨੂੰ ਮਾਨਤਾ ਦੇਣ ਦੀ ਅਹਿਮੀਅਤ 'ਤੇ ਜ਼ੋਰ ਪਾ ਰਹੀ ਹੈ।

ਦੇਖਿਆ ਜਾਵੇ ਤਾਂ ਪਿਛਲੇ ਸਾਲ ਹੋਏ ਕਈ ਪ੍ਰਦਰਸ਼ਨਾਂ ਵਿੱਚ ਇੱਕ ਸਾਫ਼ ਪੈਟਰਨ ਨਜ਼ਰ ਆਇਆ ਅਤੇ ਉਹ ਇਹ ਕਿ ਇਨਾਂ 'ਚ ਕਈ ਮੁੱਦੇ ਸਮੇਟੇ ਹੋਏ ਹਨ। ਇਹ ਕਿਸੇ ਇੱਕ ਮੁੱਦੇ 'ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਤੋਂ ਸਿੱਧੇ ਤੌਰ 'ਤੇ ਵੱਖਰੇ ਸਨ।

ਔਰਤਾਂ ਦੇ ਇਸ ਪ੍ਰਦਰਸ਼ਨ ਬਾਰੇ ਸੁਖਜੀਤ ਕੌਰ ਕਹਿੰਦੇ ਹਨ, "ਲੋਕ ਸਿੱਖਿਅਕ ਹਨ। ਹੁਣ ਔਰਤਾਂ ਪੜ੍ਹੀਆਂ ਲਿਖੀਆਂ ਹਨ ਅਤੇ ਆਪਣੇ ਹੱਕਾਂ ਬਾਰੇ ਜਾਣਦੀਆਂ ਹਨ। ਹਰ ਔਰਤ ਇੱਕ ਦੂਸਰੇ ਤੋਂ ਪ੍ਰੇਰਿਤ ਹੁੰਦੀ ਹੈ। ਅਸੀਂ ਇਸੇ ਤਰ੍ਹਾਂ ਸਿੱਖਦੇ ਹਨ।"

ਅਮਨਪ੍ਰੀਤ ਨੂੰ ਇਸ ਗੱਲ ਦਾ ਅਹਿਸਾਸ ਜਲਦੀ ਹੋ ਗਿਆ ਹੈ। ਉਨ੍ਹਾਂ ਲਈ ਸੰਘਰਸ਼ ਵੀ ਸਿੱਖਿਆ ਵਾਂਗ ਅਹਿਮ ਹੈ। ਉਹ ਜਸਬੀਰ ਕੌਰ ਵੱਲ ਇਸ਼ਾਰਾ ਕਰਦੇ ਹਨ ਅਤੇ ਕਹਿੰਦੇ ਹਨ ਉਨ੍ਹਾਂ ਤੋਂ ਮੈਂ ਇਹ ਸਭ ਸਿੱਖਿਆ। ਪਤੀ ਦੇ ਗੁਜ਼ਰਨ ਤੋਂ ਬਾਅਦ ਜਸਬੀਰ ਨੇ ਹੀ ਖੇਤਾਂ ਦਾ ਕੰਮ ਸੰਭਾਲਿਆ

ਜਸਬੀਰ ਨੇ ਦੱਸਿਆ, "ਮੈਂ ਖੇਤਾਂ ਵਿੱਚ ਪਤੀ ਦੇ ਨਾਲ ਕੰਮ ਕਰਦੀ ਸੀ। ਮੈਂ ਘਰ ਦੇਖਦੀ ਸੀ। ਖੇਤਾਂ ਵਿੱਚ ਰੋਟੀ ਪਹੁੰਚਾਉਂਦੀ ਸੀ। ਬਿਜਾਈ ਅਤੇ ਸਿੰਜਾਈ ਵਿੱਚ ਮਦਦ ਕਰਦੀ ਸੀ।"

ਉਨ੍ਹਾਂ ਨੇ ਕਿਹਾ ਕਿ ਔਰਤਾਂ ਦਾ ਇਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਲੜਨਾ ਜ਼ਰੂਰੀ ਸੀ ਕਿਉਂਕਿ ਬਦਲਾਅ ਦਾ ਅਸਰ ਉਨ੍ਹਾਂ 'ਤੇ ਸਭ ਤੋਂ ਵੱਧ ਪਵੇਗਾ। ਉਨ੍ਹਾਂ ਨੇ ਕਿਹਾ, "ਇਹ ਸਾਡੀ ਜ਼ਮੀਨ ਬਚਾਉਣ ਦੀ ਲੜਾਈ ਹੈ।"

ਸਿਰਫ਼ ਖੇਤੀ ਦਾ ਸਹਾਰਾ

ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕੁਝ ਔਰਤਾਂ ਤਾਂ ਪ੍ਰਦਰਸ਼ਨ ਸਥਲ 'ਤੇ ਡਟੀਆਂ ਹੋਈਆਂ ਹਨ ਉਥੇ ਹੀ ਕੁਝ ਘਰਾਂ ਵਿੱਚ ਰੁੱਕੀਆਂ ਹੋਈਆਂ ਹਨ। ਉਹ ਆਪੋ ਆਪਣੇ ਪਿੰਡਾਂ 'ਚ ਇਨਾਂ ਕਾਨੂੰਨਾਂ ਵਿਰੁੱਧ ਰੈਲੀਆਂ ਕਰ ਰਹੀਆਂ ਹਨ। ਲੋਕਾਂ ਨੂੰ ਜਗਰੂਕ ਕਰ ਰਹੀਆਂ ਹਨ। ਰਾਸ਼ਨ ਇਕੱਠਾ ਕਰਕੇ ਪ੍ਰਦਰਸ਼ਨ ਵਾਲੀਆਂ ਥਾਵਾਂ 'ਤੇ ਭੇਜ ਰਹੀਆਂ ਹਨ।

ਇਨ੍ਹਾਂ ਨੌ ਔਰਤਾਂ ਦੇ ਦਲ ਨਾਲ ਇੱਕ 12 ਸਾਲਾਂ ਦਾ ਜਿਹੜਾ ਲੜਕਾ ਆਇਆ ਸੀ, ਉਸਦਾ ਨਾਮ ਸੀ ਗੁਰਜੀਤ ਸਿੰਘ। ਉਸ ਨੇ ਵੀ ਪੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ। ਉਸਦੇ ਸੱਜੇ ਪਾਸੇ ਛਾਤੀ 'ਤੇ ਯੂਨੀਅਨ ਦਾ ਬੈਜ ਲੱਗਿਆ ਹੋਇਆ ਸੀ। ਉਸਨੇ ਕਿਹਾ, ਮੈਂ ਕਿਸਾਨ ਦਾ ਪੁੱਤ ਹਾਂ।

ਟਰਾਲੀਆਂ ਵਿੱਚ ਡੇਰਾ ਲਾਈ ਬੈਠੀਆਂ ਇਹ ਔਰਤਾਂ ਵੱਡੀ ਕਿਸਾਨੀਂ ਵਾਲੇ ਘਰਾਂ ਦੀਆਂ ਨਹੀਂ ਹਨ। ਇਨ੍ਹਾਂ ਵਿੱਚ ਕੁਝ ਜਿਵੇਂ ਕਿ ਜਸਵੀਰ ਕੌਰ ਅਤੇ ਬਾਰਾਂ ਸਾਲ ਦੇ ਬੱਚੇ ਦੀ ਮਾਂ ਅਮਨਦੀਪ ਕੌਰ(35 ਸਾਲ) ਦੇ ਪਤੀ ਨਹੀਂ ਹਨ।

ਅਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਕੌਲ ਸਿਰਫ਼ ਤਿੰਨ ਏਕੜ ਜ਼ਮੀਨ ਹੈ।

ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜ ਏਕੜ ਜ਼ਮੀਨ ਹੈ। ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਉਨ੍ਹਾਂ ਦੀ ਸੱਸ ਨੇ ਉਨ੍ਹਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਕਿਹਾ।

ਉਨ੍ਹਾਂ ਨੇ ਕਿਹਾ, "ਜੇ ਅਸੀਂ ਅਮੀਰ ਹੁੰਦੇ ਤਾਂ ਇਥੇ ਆ ਕੇ ਧਰਨੇ 'ਤੇ ਕਿਉਂ ਬੈਠਦੇ?" ਉਨ੍ਹਾਂ ਨੇ ਕਿਹਾ ਕਿ ਪਤੀ ਦੇ ਗੁਜ਼ਰਨ ਤੋਂ ਬਾਅਦ ਉਹ ਹੀ ਖੇਤੀ ਦਾ ਕੰਮ ਕਰ ਰਹੇ ਹਨ।

ਅਮਨਦੀਪ ਨੇ ਕਿਹਾ, "ਅਜਿਹਾ ਨਹੀਂ ਕਿ ਖੇਤੀ ਸਾਨੂੰ ਰਾਜੇ ਬਣਾ ਰਹੀ ਹੋਵੇ। ਇਸ ਵਿੱਚ ਤਾਂ ਸਾਨੂੰ ਘਾਟਾ ਖਾਣਾ ਪੈਂਦਾ ਹੈ। ਪਰ ਇੱਕ ਚੀਜ਼ ਹੈ ਜੋ ਸਾਡੇ ਕੋਲ ਹੈ ਅਤੇ ਅਸੀਂ ਇਸ ਨੂੰ ਬਚਾਉਣ ਲਈ ਲੜਾਈ ਲੜਾਂਗੇ।"

ਅਮਨਜੀਤ ਕੌਰ ਅਤੇ ਅਮਨਪ੍ਰੀਤ ਵਰਗੀਆਂ ਜਵਾਨ ਔਰਤਾਂ ਇਥੇ ਕੱਪੜੇ ਬਰਤਨ ਧੋਣ ਅਤੇ ਖਾਣਾ ਬਣਾਉਣ ਦਾ ਕੰਮ ਕਰ ਰਹੀਆਂ ਹਨ ਉਥੇ ਹੀ ਮਨਜੀਤ ਕੌਰ (72) ਅਤੇ ਗੁਰਦੀਪ ਕੌਰ (60) ਵਰਗੀਆਂ ਰਸੋਈ ਦੇ ਕੰਮ 'ਚ ਮਦਦ ਕਰਵਾ ਰਹੀਆਂ ਹਨ।

ਮਨਜੀਤ ਕੌਰ ਦੇ ਪਤੀ ਜਗਜੀਤ ਸਿੰਘ ਪਿੰਡ ਦੇ ਪ੍ਰਧਾਨ ਹਨ। ਉਨ੍ਹਾਂ ਕੋਲ ਵੀਹ ਏਕੜ ਜ਼ਮੀਨ ਹੈ। ਦੋ ਲੜਕੇ ਹਨ ਜੋ ਉਨ੍ਹਾਂ ਦੀ ਗ਼ੈਰ-ਹਾਜ਼ਰੀ 'ਚ ਖੇਤੀ ਸੰਭਾਲ ਰਹੇ ਹਨ।

ਇਥੇ ਹੁਣ ਇਨ੍ਹਾਂ ਔਰਤਾਂ ਨੇ ਨਾਲ ਰਹਿੰਦਿਆਂ ਇੱਕ ਛੋਟਾ ਪਰਿਵਾਰ ਬਣਾ ਲਿਆ ਹੈ। ਇਨ੍ਹਾਂ ਵਿਚੋਂ ਕੁਝ ਔਰਤਾਂ ਵਾਪਸ ਜਾਣਗੀਆਂ ਅਤੇ ਕੁਝ ਆਉਣਗੀਆਂ।

ਬਸੰਤੀ ਦੁਪੱਟਾ ਲਈ ਇਹ ਔਰਤਾਂ ਗਾ ਰਹੀਆਂ ਸਨ,'ਰੰਗ ਦੇ ਬਸੰਤੀ ਚੋਲਾ।'

ਇਸ ਜ਼ਰੀਏ ਇਹ ਭਗਤ ਸਿੰਘ ਨੂੰ ਯਾਦ ਕਰ ਰਹੀਆਂ ਸਨ।

ਜਸਬੀਰ ਕੌਰ ਨੇ ਕਿਹਾ, "ਪੀਲਾ ਸਾਡਾ ਰੰਗ ਹੈ।"

ਹੱਸਦਿਆਂ ਮੁਸ਼ਕਿਲਾਂ ਦਾ ਸਾਹਮਣਾ

ਇਨ੍ਹਾਂ ਔਰਤਾਂ ਨੇ ਕਿਹਾ ਕਿ ਪੈਖ਼ਾਨੇ ਜਾਣ ਵਰਗੀਆਂ ਛੋਟੀਆਂ ਮੋਟੀਆਂ ਦਿੱਕਤਾਂ ਹਨ ਪਰ ਨੇੜੇ ਤੇੜੇ ਦੀਆਂ ਫ਼ੈਕਟਰੀਆਂ ਨੇ ਉਨ੍ਹਾਂ ਨੂੰ ਆਪਣੇ ਪੈਖ਼ਾਨੇ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਉਹ ਹਰ ਦੂਸਰੇ ਦਿਨ ਨਹਾਉਂਦੇ ਹਨ। ਇੰਨੀਂ ਸਖ਼ਤ ਠੰਡ ਵਿੱਚ ਬਾਹਰ ਰਹਿਣਾ ਸੌਖਾ ਨਹੀਂ ਹੈ। ਪਰ ਉਹ ਹੱਸ ਰਹੇ ਸਨ। ਅਤੇ ਨਾਲ ਨਾਲ ਗਾਣਾ ਗਾਉਂਦੇ ਹੋਏ ਮਾਰਚ ਕਰ ਰਹੇ ਸਨ।

ਇਹ ਔਰਤਾਂ ਲੰਗਰ ਤਿਆਰ ਕਰਦੀਆਂ ਹਨ ਅਤੇ ਵਾਰੀ ਨਾਲ ਸਾਰਾ ਕੰਮ ਕਰਦੀਆਂ ਹਨ।

ਸੁਖਜੀਤ ਕੌਰ ਨੇ ਕਿਹਾ, "ਸਰਕਾਰ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲੈਂਦੀ ਉਸ ਸਮੇਂ ਤੱਕ ਅਸੀਂ ਇਥੇ ਹੀ ਡਟੀਆਂ ਰਹਾਂਗੀਆਂ। ਅਸੀਂ ਲੋਹੜੀ ਵੀ ਇਥੇ ਹੀ ਮਨਾਵਾਂਗੀਆਂ। ਅਸੀਂ ਆਪਣੇ ਪੀਲੇ ਪਟਕੇ ਪਹਿਨ ਕੇ ਇਥੇ ਅੱਗ ਬਾਲਾਂਗੀਆਂ।"

ਤਾਂ ਇਹ ਅੰਦੋਲਨ ਦਾ ਪੂਰਾ ਨਜ਼ਾਰਾ ਹੈ। ਦਿੱਲੀ ਦੀਆਂ ਹੱਦਾਂ 'ਤੇ ਮੌਜੂਦ ਟਰਾਲੀਆਂ ਵਿੱਚ ਔਰਤਾਂ ਦਾ ਹਜ਼ੂਮ ਹੈ। ਕੁਝ ਆਪਣੇ ਟਰੈਕਟਰ ਲੈ ਕੇ ਇਥੇ ਆਈਆਂ ਹਨ ਤਾਂ ਕੁਝ ਪ੍ਰਦਰਸ਼ਨਕਾਰੀ ਮਰਦਾਂ ਦੇ ਟਰੈਕਟਰ ਟਰਾਲੀਆਂ ਵਿੱਚ ਆਈਆਂ ਹਨ।

ਇਨਾਂ ਵਿੱਚ ਇੱਕ ਟਰਾਲੀ ਉਹ ਵੀ ਹੈ, ਜਿਸ ਵਿੱਚ ਨੌ ਮੁਜ਼ਾਹਾਰਾਕਾਰੀ ਔਰਤਾਂ ਬੈਠੀਆਂ ਸਨ। ਨੌਂ ਔਰਤਾਂ, ਇੱਕ ਛੋਟਾ ਬੱਚਾ ਅਤੇ ਬਹੁਤ ਸਾਰਾ ਹੌਸਲਾ...ਇੱਕ ਪੀਲੀ ਟਰਾਲੀ।

ਜਸਬੀਰ ਕੌਰ ਨੇ ਕਿਹਾ, "ਦੇਖੋ ਪੀਲੀ ਤਰਪਾਲ ਵਿਚੋਂ ਰੌਸ਼ਨੀਂ ਕਿਵੇਂ ਛਣਕੇ ਆ ਰਹੀ ਹੈ। ਇਹ ਕਿੰਨੀ ਖ਼ੂਬਸੂਰਤ ਰੌਸ਼ਨੀ ਹੈ।"

"ਆਓ ਕਦੀ ਸਾਡੇ ਨਾਲ ਇਥੇ ਰਹਿਣ, ਅਸੀਂ ਤੁਹਾਨੂੰ ਰੋਟੀ ਖਵਾਂਵਾਂਗੇ ਅਤੇ ਕਿੱਸੇ ਵੀ ਸੁਣਾਵਾਂਗੇ।"

ਇਸ ਦਬਾਅ ਨਾਲ ਤੁਸੀਂ ਉਥੋਂ ਬਾਹਰ ਆਉਂਦੇ ਹੋ। ਥੋੜ੍ਹੀ ਦੂਰ ਜਾ ਕੇ ਪਿੱਛੇ ਮੁੜਕੇ ਦੇਖਦੇ ਹੋ ਤਾਂ ਪੀਲੇ ਝੰਡੇ ਲਹਿਰਾਉਂਦੇ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)