ਛੋਟੀ ਕਿਸਾਨੀ ਲਈ ਵਰਦਾਨ ਬਣਿਆ ਇਸ ਨਾਸਾ ਵਿਗਿਆਨੀ ਦਾ ਮਾਡਲ

ਸੈਟੇਲਾਈਟ ਦੀ ਵਰਤੋਂ ਨਾਲ ਦੂਰ ਦਰਾਡੇ ਜਾਣਕਾਰੀ ਤੋਂ ਮਹਿਰੂਮ ਛੋਟੇ ਕਿਸਾਨਾਂ ਦੀ ਮਦਦ ਦਾ ਨਵਾਂ ਮਾਡਲ ਹੈ।

ਇੱਕ ਬੈਂਡਮਿੰਟਨ ਖਿਡਾਰੀ ਬਣਨ ਦੀ ਤਾਂਘ ਕਾਰਨ ਯੁਗਾਂਡਾ ਦੀ ਕੈਥਰੀਨ ਨਾਕਾਲੈਂਬੇ ਯੂਨੀਵਰਸਿਟੀ ਵਿੱਚ ਖੇਡ ਵਿਗਿਆਨ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ।

ਬੀਬੀਸੀ ਪੇਸ਼ੈਂਸ਼ ਅਤੂਹਰੇ ਦੀ ਰਿਪੋਰਟ ਮੁਤਾਬਕ ਉਹ ਸਰਕਾਰੀ ਗ੍ਰਾਂਟ ਹਾਸਿਲ ਕਰਨ ਲਈ ਲੋੜੀਂਦੇ ਨੰਬਰ ਲੈਣ ਵਿੱਚ ਅਸਫ਼ਲ ਰਹੀ ਅਤੇ ਇਸ ਨੇ ਉਨ੍ਹਾਂ ਨੂੰ ਨਾਸਾ ਦੀ ਰਾਹ ਦੇ ਪਾ ਦਿੱਤਾ ਜਿੱਥੇ ਉਨ੍ਹਾਂ ਨੇ ਮਸ਼ਹੂਰ ਫ਼ੂਡ ਰਿਸਰਚ ਪੁਰਸਕਾਰ (ਭੋਜਨ ਖੋਜ ਲਈ ਪੁਰਸਕਾਰ) ਜਿੱਤਿਆ।

ਜਦੋਂ ਡਾ. ਨਾਕਾਲੈਂਬੇ ਨੇ ਉੱਤਰ ਪੂਰਬੀ ਯੁਗਾਂਡਾ ਦੇ ਇੱਕ ਕਿਸਾਨ ਕਾਰਾਮੋਜੋਂਗ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਉਸਦਾ ਕੰਮ ਧਰਤੀ ਤੋਂ ਸੈਂਕੜੇ ਕਿਲੋਮੀਟਰ ਦੂਰ ਉਪਗ੍ਰਹਿ ਦੇ ਜ਼ਰੀਏ ਲਏ ਗਏ ਚਿੱਤਰ ਅਤੇ ਉਸਦੇ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਨਾਲ ਸੰਬੰਧਿਤ ਹੈ ਤਾਂ ਉਹ ਹੱਸ ਪਿਆ।

ਉਹ ਆਪਣੇ ਸ਼ੁਰੂਆਤੀ ਕੰਮ ਰਾਹੀਂ ਕਿਸਾਨਾਂ ਅਤੇ ਸਰਕਾਰ ਦੀ ਸਹੀ ਫ਼ੈਸਲੇ ਲੈਣ ਵਿੱਚ ਮਦਦ ਕਰਨ ਲਈ ਵੱਧ ਰੈਜ਼ੂਲਿਊਸ਼ਨ ਦੀਆਂ ਤਸਵੀਰਾਂ ਦੀ ਵਰਤੋਂ ਕਰਦੇ ਹਨ, ਫ਼ਿਰ ਵੀ ਉਨ੍ਹਾਂ ਨੂੰ ਆਪਣੇ ਤੱਥਾਂ ਨੂੰ ਪੁਖ਼ਤਾ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ।

ਦੂਜੇ ਸ਼ਬਦਾਂ ਵਿੱਚ ਤੁਸੀਂ ਸਪੇਸ ਤੋਂ ਘਾਹ, ਮੱਕੀ ਜਾਂ ਜਵਾਹ ਦੇ ਫ਼ਰਕ ਬਾਰੇ ਨਹੀਂ ਦੱਸ ਸਕਦੇ।

"ਇੱਕ ਅਨੁਵਾਦਕ ਜ਼ਰੀਏ ਮੈਂ ਕਿਸਾਨਾਂ ਨੂੰ ਦੱਸਿਆ ਕਿ ਜਦੋਂ ਮੈਂ ਡਾਟੇ ਵੱਲ ਦੇਖਦੀ ਹਾਂ, ਮੈਂ ਸਿਰਫ਼ ਹਰੇ ਰੰਗ ਦੇ ਖੇਤ ਹੀ ਦੇਖ ਸਕਦੀ ਹਾਂ।"

ਇਹ ਵੀ ਪੜ੍ਹੋ:

ਅਕਾਦਮਿਕ ਕੈਥਰੀਨ ਨੇ ਬੀਬੀਸੀ ਨੂੰ ਦੱਸਿਆ, "ਮੈਂ ਇੱਕ ਤਸਵੀਰ ਪ੍ਰਿੰਟ ਕੀਤੀ, ਜਿਹੜੀ ਮੈਂ ਉਨ੍ਹਾਂ ਨੂੰ ਦਿਖਾਈ। ਫ਼ਿਰ ਉਹ ਸਮਝਣ ਦੇ ਸਮਰੱਥ ਸਨ...ਇਨ੍ਹਾਂ ਵਖਰੇਵਿਆਂ ਦਾ ਪਤਾ ਲਾਉਣ ਲਈ ਤੁਹਾਨੂੰ ਖੇਤਾਂ ਨੂੰ ਸਰੀਰਕ ਤੌਰ 'ਤੇ ਜਾ ਕੇ ਦੇਖਣ ਦੀ ਲੋੜ ਹੈ।"

ਉਹ ਇੱਕ ਨਰਮੀ ਨਾਲ ਬੋਲਣ ਵਾਲੀ ਅਤੇ ਚੰਗੇ ਸੁਭਾਅ ਦੀ ਔਰਤ ਹੈ ਅਤੇ ਉਨ੍ਹਾਂ ਨੂੰ ਅੱਧ-ਬੰਜਰ ਕਾਰਾਮੋਜ਼ਾ ਦੀ ਗਰਮੀ ਵਿੱਚ ਘੰਟਿਆ ਬੱਧੀ ਤਸਵੀਰਾਂ ਲੈਣਾ ਔਖਾ ਹੋ ਜਾਂਦਾ ਹੈ, ਉਨ੍ਹਾਂ ਅਨਾਜ ਦੇ ਵਖਰੇਵਿਆਂ ਦਾ ਪਤਾ ਲਾਉਣ ਲਈ ਜਿਨ੍ਹਾਂ ਨੂੰ ਸਿਰਫ਼ ਜ਼ਮੀਨ 'ਤੇ ਹੀ ਦੇਖਿਆ ਜਾ ਸਕਦਾ ਹੈ।

ਇਹ ਖ਼ਾਸ ਤੌਰ 'ਤੇ ਛੋਟੀ ਕਿਸਾਨੀ ਵਾਲੇ ਖੇਤਾਂ ਲਈ ਅਹਿਮ ਹੈ, ਜਿਹੜੇ ਸ਼ਾਇਦ ਵੱਖ ਵੱਖ ਸਮੇਂ 'ਤੇ ਵੱਖੋ ਵੱਖਰੀਆਂ ਫ਼ਸਲਾਂ ਉਗਾਉਂਦੇ ਹਨ, ਜੋ ਕਿ ਵੱਡੀ ਗਿਣਤੀ ਤੱਤਾਂ ਨੂੰ ਜਨਮ ਦਿੰਦੀਆਂ ਹਨ।

ਇਹ ਜਟਿਲਤਾ ਬਹੁਤੇ ਅਧਿਕਾਰੀਆਂ ਲਈ ਨਿਗਰਾਨੀ ਕਰਨਾ ਤਕਰਬੀਨ ਅਸੰਭਵ ਬਣਾ ਦਿੰਦੀ ਹੈ।

ਡਾ. ਨਾਕਾਲੈਂਬੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਖੇਤੀ ਅਤੇ ਮੌਸਮੀ ਬਦਲਾਵਾਂ ਸਬੰਧੀ ਅਧਿਐਨ ਕਰਨ ਲਈ ਸੈਟੇਲਾਈਟ ਡਾਟਾ ਦੀ ਵਰਤੋਂ ਕੀਤੀ ਹੈ।

ਇਸ ਜਾਣਕਾਰੀ ਨੂੰ ਜ਼ਮੀਨੀ ਪੱਧਰ 'ਤੇ ਫ਼ਸਲਾਂ ਅਤੇ ਉਨ੍ਹਾਂ ਦੀਆਂ ਸਥਿਤੀਆਂ ਸਬੰਧੀ ਇਕੱਤਰ ਕੀਤੇ ਗਏ ਡਾਟਾ ਨਾਲ ਜੋੜਿਆ ਗਿਆ ਜਿਸ ਦੀ ਵਰਤੋਂ ਇੱਕ ਅਜਿਹੇ ਮਾਡਲ ਨੂੰ ਤਿਆਰ ਕਰਨ ਲਈ ਕੀਤੀ ਗਈ ਜਿਹੜਾ ਭਵਿੱਖਬਾਣੀਆਂ ਦੇਣ ਵਿੱਚ ਮਦਦ ਕਰਨ ਲਈ ਇਸ ਸਭ ਦੇ ਪੈਟਰਨ ਨੂੰ ਸਮਝ ਸਕੇ।

ਇਸ ਸਭ ਨੇ ਉਨ੍ਹਾਂ ਨੂੰ ਡਾ. ਆਂਦਰੇ ਬਾਟੀਓਨੋ ਸਣੇ 2020 ਦਾ ਅਫ਼ਰੀਕਾ ਫ਼ੂਡ ਪੁਰਸਕਾਰ ਜਿਤਾਇਆ ਜਿਨ੍ਹਾਂ ਦਾ ਕੰਮ ਖਾਦ ਦੀ ਵਰਤੋਂ ਨਾਲ ਸਬੰਧਿਤ ਹੈ।

ਇਹ ਵਿਗਿਆਨੀ ਜੋ ਨਾਸਾ ਦੇ ਭੋਜਨ ਅਤੇ ਖੇਤੀ ਪ੍ਰੋਗਰਾਮ ਦੇ ਅਫ਼ਰੀਕਾ ਸੈਕਸ਼ਨ ਦੇ ਮੁਖੀ ਵੀ ਹਨ ਦੱਸਦੇ ਹਨ, " ਹਵਾ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਖੇਤਰ ਵਿੱਚ ਨਿਰਮਾਣ ਹੋਇਆ ਹੈ, ਕਿਹੜਾ ਖਾਲੀ ਹੈ, ਕਿਸ ਵਿੱਚ ਹਰਿਆਲੀ ਜਾਂ ਪਾਣੀ ਹੈ।"

"ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕਿਹੜੀ ਫ਼ਸਲੀ ਜ਼ਮੀਨ ਹੈ ਅਤੇ ਕਿਹੜਾ ਜੰਗਲ ਹੈ। ਕਿਉਂਕਿ ਸਾਡੇ ਕੋਲ 30 ਸਾਲਾਂ ਦਾ ਰਿਕਾਰਡ ਹੈ ਕਿ ਫ਼ਸਲੀ ਜ਼ਮੀਨ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ, ਅਸੀਂ ਦੱਸ ਸਕਦੇ ਹਾਂ ਕਿ ਕੀ ਨਰੋਆ ਹੈ, ਕੀ ਨਹੀਂ ਹੈ ਜਾਂ ਕਿਹੜੇ ਹਿੱਸੇ ਵਿੱਚ ਸੁਧਾਰ ਹੋਇਆ ਹੈ।"

ਪੇਂਡੂ ਪਰਿਵਾਰਾਂ ਲਈ ਜੀਵਨ-ਰੇਖਾ

ਖੋਜਕਾਰਾਂ ਵਲੋਂ ਜ਼ਮੀਨੀ ਪੱਧਰ 'ਤੇ ਇਕੱਠੀ ਕੀਤੀ ਜਾਣਕਾਰੀ ਅਤੇ ਖ਼ੁਦ ਕਿਸਾਨਾਂ ਵਲੋਂ ਭੇਜੀ ਜਾਣਕਾਰੀ ਦੇ ਅਧਾਰ 'ਤੇ, ਉਹ ਫ਼ਸਲਾਂ ਦੀਆਂ ਕਿਸਮਾਂ ਵਿੱਚ ਅੰਤਰ ਕਰ ਸਕੇ ਅਤੇ ਇੱਕ ਨਕਸ਼ਾ ਉਲੀਕ ਸਕੇ ਜਿਹੜਾ ਦਰਸਾਉਂਦਾ ਹੈ ਕਿ ਫ਼ਸਲ ਵਿੱਚ ਕਿਸੇ ਹੋਰ ਖੇਤਰ ਵਿੱਚ ਉਸੇ ਫ਼ਸਲ ਦੇ ਉਤਪਾਦ ਦੇ ਮੁਕਾਬਲੇ ਵਾਧਾ ਹੋਇਆ ਹੈ।

ਇਸ ਮਾਡਲ ਦੀ ਵਰਤੋਂ ਅਮਰੀਕਾ ਵਰਗੀਆਂ ਥਾਵਾਂ 'ਤੇ ਕੀਤੀ ਗਈ ਜਿੱਥੇ ਮਸ਼ੀਨ ਅਧਾਰਿਤ ਖੇਤੀ ਉਦਯੋਗਿਕ ਪੱਧਰ 'ਤੇ ਕੀਤੀ ਜਾਂਦੀ ਹੈ।

ਇਸ ਜਾਣਕਾਰੀ ਦੀ ਵਰਤੋਂ, ਕਦੋਂ ਸਿੰਜਾਈ ਕੀਤੀ ਜਾਵੇ ਅਤੇ ਕਿੰਨੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਸੰਬੰਧੀ ਫ਼ੈਸਲੇ ਲੈਣ ਲਈ ਕੀਤੀ ਜਾਂਦੀ ਹੈ।

ਪਰ ਇਥੋਂ ਤੱਕ ਕਿ ਯੁਗਾਂਡਾ ਦਾ ਇੱਕ ਕਿਸਾਨ ਜਾਂ ਮਹਾਂਦੀਪ ਦੇ ਕਿਸੇ ਹੋਰ ਹਿੱਸੇ ਵਿੱਚ ਰੰਬੇ ਨਾਲ ਆਪਣੇ ਛੋਟੇ ਜਿਹੇ ਖੇਤ ਵਿੱਚ ਘੰਟਿਆਂ ਬੱਧੀ ਕੰਮ ਕਰਨ ਵਾਲਾ ਕਿਸਾਨ ਵੀ ਇਸ ਜਾਣਕਾਰੀ ਨੂੰ ਬਹੁਮੁੱਲੀ ਸਮਝੇਗਾ।

ਡਾ. ਨਾਕਾਲੈਂਬੇ ਕਹਿੰਦੇ ਹਨ, "ਦੂਰ ਦਰਾਡੇ ਕੀਤੀ ਗਈ ਸੈਂਸਿੰਗ ਨੇ ਮੁਫ਼ਤ ਉਪਲੱਬਧ ਡਾਟਾ ਜ਼ਰੀਏ ਵੱਡੇ ਪੱਧਰ 'ਤੇ ਜ਼ਮੀਨ ਦੀ ਨਿਗਰਾਨੀ ਨੂੰ ਸੰਭਵ ਬਣਾ ਦਿੱਤਾ ਹੈ।"

"ਤੁਸੀਂ ਮੌਸਮ ਬਾਰੇ ਜਾਣਕਾਰੀ ਦੇ ਸਕਦੇ ਹੋ, ਜੇ ਤੁਸੀਂ ਸੈਟੇਲਾਈਟ ਦੇ ਮੀਂਹ ਸਬੰਧੀ ਅਨੁਮਾਨਾਂ ਅਤੇ ਤਾਪਮਾਨ ਨੂੰ ਆਪਸ ਵਿੱਚ ਮਿਲਾਓਂ, ਤੁਸੀਂ ਦੱਸ ਸਕਦੇ ਹੋ ਕਿ ਆਉਣ ਵਾਲੇ 10 ਦਿਨਾਂ ਵਿੱਚ ਮੀਂਹ ਪੈਣ ਵਾਲਾ ਹੈ ਅਤੇ ਕਿਸਾਨ ਆਪਣੇ ਖੇਤ ਤਿਆਰ ਕਰ ਸਕਦੇ ਹਨ। ਅਤੇ ਜੇ ਮੀਂਹ ਨਹੀਂ ਪੈਣ ਵਾਲਾ ਤਾਂ ਉਨ੍ਹਾਂ ਨੂੰ ਆਪਣੇ ਬੀਜ ਬਰਬਾਦ ਨਹੀਂ ਕਰਨੇ ਚਾਹੀਦੇ ਅਤੇ ਕੁਝ ਹੋਰ ਹਫ਼ਤੇ ਉਡੀਕ ਕਰਨੀ ਚਾਹੀਦੀ ਹੈ।"

ਮਹਾਂਦੀਪ ਦੇ ਬਹੁਤੇ ਹਿੱਸਿਆਂ, ਜਿੱਥੇ ਆਮ ਤੌਰ 'ਤੇ ਛੋਟੇ ਖੇਤ ਹਨ ਅਤੇ ਜਾਣਕਾਰੀ ਦੇ ਸਾਧਨਾਂ ਤੋਂ ਦੂਰ ਹਨ, ਇਹ ਡਾਟਾ ਸਥਾਨਕ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ ਅਤੇ ਲਿਖਤੀ ਸੰਦੇਸ਼ਾਂ ਦੇ ਰੂਪ ਵਿੱਚ, ਰੇਡੀਓ ਪ੍ਰੋਗਰਾਮਾਂ ਜ਼ਰੀਏ ਖੇਤੀ ਕਰਮਚਾਰੀਆਂ ਨੂੰ ਪਹੁੰਚਾਇਆ ਜਾ ਸਕਦਾ ਹੈ।

ਇਸ ਗੱਲ ਦੇ ਸਬੂਤ ਹਨ ਕਿ ਸਰਕਾਰਾਂ ਵੀ ਇਸ ਦੀ ਵਰਤੋਂ ਕਰ ਸਕਦੀਆਂ ਹਨ, ਕਿਸੇ ਕੁਦਰਤੀ ਆਫ਼ਤ ਦੌਰਾਨ ਫ਼ੈਸਲੇ ਲੈਣ ਲਈ, ਜਦੋਂ ਫ਼ਸਲਾਂ ਤਬਾਹ ਹੋ ਗਈਆਂ ਹੋਣ ਜਾਂ ਹੜ੍ਹ ਆਏ ਹੋਣ ਅਤੇ ਭਾਈਚਾਰਿਆਂ ਨੂੰ ਅਕਾਲ ਤੋਂ ਬਚਾ ਸਕਦੀਆਂ ਹਨ।

ਡਾ. ਨਾਕਾਲੈਂਬੇ ਦੀ ਮੁੱਢਲੀ ਖੋਜ ਨੇ ਕਾਰਾਮੋਜ਼ਾ ਦੇ 84,000 ਲੋਕਾਂ ਨੂੰ ਬਹੁਤ ਹੀ ਬਦਲਾਅ ਭਰੇ ਮੌਸਮ ਅਤੇ ਮੀਂਹ ਦੀ ਕਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਦੇ ਯੋਗ ਬਣਾਇਆ।

ਇਹ ਵੀ ਪੜ੍ਹੋ:

ਸਟੈਲਾ ਸੈਨਗੈਂਡੋ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਆਫ਼ਤ ਜੋਖ਼ਮ ਵਿਭਾਗ (ਡਿਜ਼ਾਸਟਰ ਰਿਸਕ ਡਿਪਾਰਟਮੈਂਟ) ਵਿੱਚ ਕੰਮ ਕਰਦੇ ਹਨ।

ਉਹ ਕਹਿੰਦੇ ਹਨ, "ਉਸਨੇ ਸਾਡੇ ਨਾਲ ਸਾਲ 2016 ਵਿੱਚ ਕੰਮ ਕੀਤਾ, ਉਨ੍ਹਾਂ ਸਾਧਨਾਂ ਨੂੰ ਤਿਆਰ ਕਰਨ ਲਈ ਜਿਹੜੇ ਸੋਕੇ ਦੀਆਂ ਸੰਭਾਵਨਾਵਾਂ ਬਾਰੇ ਭਵਿੱਖਬਾਣੀ ਕਰ ਸਕਣ।"

ਸੈਨਗੈਂਡੋ ਕਹਿੰਦੇ ਹਨ, "ਅਸੀਂ ਇਸ ਦੀ ਵਰਤੋਂ ਉਨ੍ਹਾਂ ਘਰਾਂ ਦੀ ਗਿਣਤੀ ਦਾ ਪਤਾ ਕਰਨ ਲਈ ਕਰਦੇ ਹਾਂ ਜੋ ਬਹੁਤ ਜ਼ਿਆਦਾ ਸੋਕੇ ਤੋਂ ਪ੍ਰਭਾਵਿਤ ਹੁੰਦੇ ਹਨ। ਅਸੀਂ ਫ਼ਿਰ ਇੱਕ ਪ੍ਰੋਗਰਾਮ ਤਿਆਰ ਕੀਤਾ ਜਿਸ ਰਾਹੀਂ ਅਸੀਂ ਸਥਾਨਕ ਸਰਕਾਰਾਂ ਜ਼ਰੀਏ ਪਰਿਵਾਰਾਂ ਲਈ ਫੰਡ ਮੁਹੱਈਆ ਕਰਵਾ ਸਕੀਏ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਉਹ ਦੱਸਦੇ ਹਨ,"ਸਥਾਨਕ ਲੋਕ ਸੋਕੇ ਦੇ ਸੀਜ਼ਨ ਵਿੱਚ ਜਨਤਕ ਕੰਮ ਕਰਦੇ ਹਨ ਅਤੇ ਪੈਸੇ ਕਮਾਉਂਦੇ ਹਨ। ਉਹ 30 ਫ਼ੀਸਦ ਬਚਾਉਂਦੇ ਹਨ ਅਤੇ 70 ਫ਼ੀਸਦ ਰੋਜ਼ਮਰ੍ਹਾਂ ਦੀਆਂ ਲੋੜਾਂ ਲਈ ਇਸਤੇਮਾਲ ਕਰਦੇ ਹਨ।"

ਪ੍ਰਤੀ ਦਿਨ 5500 ਯੁਗਾਂਡਾ ਸ਼ਿਲਿੰਗ (1.12ਪੌਂਡ) ਇਲਾਕੇ ਦੇ ਉਨ੍ਹਾਂ ਪਰਿਵਾਰਾਂ ਲਈ ਜੀਵਨ ਰੇਖਾ ਹਨ ਜਿਨ੍ਹਾਂ ਲਈ ਸਾਲ ਵਿੱਚ ਇੱਕ ਹੀ ਵਾਰ ਫ਼ਸਲੀ ਪੈਦਾਵਰ ਹੁੰਦੀ ਹੈ। ਅਤੇ ਇਨ੍ਹਾਂ ਕਾਮਿਆਂ ਵਿੱਚ ਕਰੀਬ 60 ਫ਼ੀਸਦ ਔਰਤਾਂ ਹਨ, ਜਿਨ੍ਹਾਂ ਬਾਰੇ ਅਧਿਐਨ ਦੱਸਦੇ ਹਨ ਕਿ ਉਹ ਮੌਸਮੀਂ ਬਦਲਾਅ ਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਝੱਲਦੀਆਂ ਹਨ।

ਅਚਾਨਕ ਬਣੇ ਵਾਤਾਵਰਣ ਵਿਗਿਆਨੀ

ਰਾਜਧਾਨੀ ਕੰਮਪਾਲਾ ਵਿੱਚ ਇੱਕ ਰੈਸਟੋਂਰੈਂਟ ਚਲਾਉਣ ਵਾਲੀ ਮਾਂ ਅਤੇ ਇੱਕ ਮਕੈਨਿਕ ਪਿਤਾ ਘਰ ਜਨਮੇ ਅਤੇ ਵੱਡੇ ਹੋਏ ਡਾ. ਨਾਕਾਲੈਂਬੇ ਨੇ ਕਦੇ ਸੈਟੇਲਾਈਟਾਂ ਨਾਲ ਕੰਮ ਕਰਨ ਵਾਲੇ ਵਿਗਿਆਨੀ ਬਣਨ ਬਾਰੇ ਨਹੀਂ ਸੋਚਿਆ ਸੀ।

ਉਹ ਆਪਣੀ ਭੈਣ ਨਾਲ ਬੈਡਮਿੰਟਨ ਖੇਡਦੇ ਸਨ ਅਤੇ ਖੇਡ ਵਿਗਿਆਨ ਵਿੱਚ ਡਿਗਰੀ ਕਰਨਾ ਚਾਹੁੰਦੇ ਸਨ।

ਸਰਕਾਰੀ ਗਰਾਂਟ ਲਈ ਲੋੜੀਂਦੇ ਗਰੇਡ ਨਾ ਹਾਸਿਲ ਕਰ ਸਕਣ 'ਤੇ ਉਹ ਮੇਕਰੇਅਰ ਯੂਨੀਵਰਸਿਟੀ ਵਿੱਚ ਵਾਤਾਵਰਣ ਵਿਗਿਆਨ ਦੀ ਪੜ੍ਹਾਈ ਕਰਨ ਲੱਗੇ।

ਕਦੇ ਕਦਾਈਂ ਪਰਿਵਾਰਿਕ ਪ੍ਰੋਗਰਾਮਾਂ ਨੂੰ ਛੱਡ ਕੇ ਕਦੇ ਵੀ ਕੰਮਪਾਲਾ ਨਾ ਛੱਡਣ ਵਾਲੇ ਨਾਕਾਲੈਂਬੇ ਨੇ ਆਪਣੇ ਕੋਰਸ ਲਈ ਕਰੈਡਿਟ ਲੈਣ ਲਈ ਯੁਗਾਂਡਾ ਵਾਈਲਡ ਲਾਈਫ਼ ਅਥਾਰਟੀ ਵਿੱਚ ਕੰਮ ਕਰਨ ਲਈ ਅਪਲਾਈ ਕੀਤਾ।

ਉਹ ਦੱਸਦੇ ਹਨ, "ਨਕਸ਼ੇ ਬਣਾਉਣਾ ਮੈਨੂੰ ਚੰਗਾ ਲੱਗਿਆ। ਮੈਂ ਪੂਰਬ ਵਿੱਚ ਮਾਉਂਟ ਐਲਗਨ ਗਈ। ਮੇਰੇ ਕੋਲ ਮੇਰੇ ਸਭ ਤੋਂ ਪਹਿਲੇ ਜ਼ਮੀਨੀ ਪੱਧਰ 'ਤੇ ਕੀਤੇ ਕੰਮ ਦੀਆਂ ਤਸਵੀਰਾਂ ਹਾਲੇ ਵੀ ਹਨ ਕਿਉਂਕਿ ਇਹ ਸੱਚੀਂ ਬਹੁਤ ਉਤਸ਼ਾਹ ਭਰਿਆ ਸੀ।"

ਨਾਸਾ ਵਿਗਿਆਨੀ ਜੋ ਹੁਣ ਸਰਕਾਰੀ ਵਿਭਾਗਾਂ ਨੂੰ ਖੁਰਾਕ ਸੁਰੱਖਿਆ ਪ੍ਰੋਗਰਾਮ ਤਿਆਰ ਕਰਨ ਦੀ ਟ੍ਰੇਨਿੰਗ ਦੇਣ ਲਈ ਪੂਰੇ ਅਫ਼ਰੀਕਾ ਵਿੱਚ ਘੁੰਮ ਰਹੇ ਹਨ, ਆਪਣੀ ਭੂਗੋਲ ਅਤੇ ਵਾਤਾਵਰਣ ਇੰਜੀਨੀਅਰਿੰਗ ਵਿੱਚ ਮਾਸਟਰਜ਼ ਦੀ ਡਿਗਰੀ ਲਈ ਜੌਨਜ਼ ਹੌਪਕਿੰਨ ਯੂਨੀਵਰਸਿਟੀ ਗਏ।

ਉਹ ਕਹਿੰਦੇ ਹਨ, "ਮੇਰਾ ਹਮੇਸ਼ਾ ਇੱਕ ਵਿਅਕਤੀਗਤ ਕਥਨ ਰਿਹਾ ਹੈ, ਗਿਆਨ ਹਾਸਲ ਕਰਨਾ ਅਤੇ ਉਸਨੂੰ ਆਪਣੇ ਖੇਤਰ ਵਿਚ ਲਾਗੂ ਕਰਨਾ।

"ਯੂਨੀਵਰਸਿਟੀ ਆਫ਼ ਮੈਰੀਲੈਂਡ ਵਿੱਚ ਮੇਰੇ ਪੀਐੱਚਡੀ ਪ੍ਰੋਗਰਾਮ ਨੇ ਮੈਨੂੰ ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਪਰ ਸਭ ਤੋਂ ਅਹਿਮ ਗੱਲ, ਵਾਪਸ ਆ ਕੇ ਯੁਗਾਂਡਾ ਅਤੇ ਮਹਾਂਦੀਪ ਵਿੱਚ ਕੰਮ ਕਰਨਾ ਹੈ।"

ਖੋਜਕਾਰ ਕਾਲੀਆਂ ਔਰਤਾਂ ਨੂੰ ਸਲਾਹ ਵੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਵਾਤਾਵਰਣ ਵਿਗਿਆਨ ਵੱਲ ਜਾਣ ਲਈ ਉਤਸ਼ਾਹਿਤ ਵੀ ਕਰਦੇ ਹਨ।

"ਮੈਂ ਵਿਦੇਸ਼ਾਂ 'ਚ ਮੀਟਿੰਗਾਂ ਲਈ ਜਾਂਦੀ ਹਾਂ ਅਤੇ ਮੈਂ ਇਕੱਲੀ ਹੀ ਹਾਂ ਜੋ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਹਾਂ। ਜਦੋਂ ਕਿਸੇ ਨਵੇਂ ਦੇਸ ਜਾਂ ਜਗ੍ਹਾ ਹੋਵਾਂ ਤਾਂ ਇਕੱਲਤਾ ਮਹਿਸੂਸ ਹੁੰਦੀ ਹੈ।"

ਉਹ ਦ੍ਰਿੜਤਾ ਨਾਲ ਕਹਿੰਦੇ ਹਨ, "ਪੂਰਬੀ ਅਫ਼ਰੀਕਾ ਵਿੱਚ, ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹਾਂ ਜਿਨ੍ਹਾਂ ਨਾਲ ਮੈਂ ਤਜ਼ਰਬੇ ਅਤੇ ਸਾਡੀਆਂ ਮੁਸ਼ਕਿਲਾਂ ਸਾਂਝੀਆਂ ਕਰ ਸਕਦੀ ਹਾਂ। ਮੈਂ ਇਸ ਸਮੂਹ ਵਿੱਚ ਹੋਰ ਅਫਰੀਕੀ ਔਰਤਾਂ ਨੂੰ ਦੇਖਣਾ ਚਾਹੁੰਦੀ ਹਾਂ।"

ਸਾਲ 2020 ਦਾ ਅਫ਼ਰੀਕਾ ਫ਼ੂਡ ਪੁਰਸਕਾਰ ਜਿੱਤਣ ਦੀ ਖ਼ਬਰ ਉਨ੍ਹਾਂ ਨੂੰ ਸਤੰਬਰ ਵਿੱਚ ਇੱਕ ਫ਼ੋਨ ਜ਼ਰੀਏ ਮਿਲੀ।

ਉਹ ਆਪਣੀ ਨਾਮਜ਼ਦਗੀ ਬਾਰੇ ਨਹੀਂ ਜਾਣਦੇ ਸਨ ਅਤੇ ਹੈਰਾਨ ਸਨ ਕਿ ਸਹਿਕਰਮੀ ਉਨ੍ਹਾਂ ਨੂੰ ਫ਼ੋਨ ਕੋਲ ਰੱਖਣ ਲਈ ਕਿਉਂ ਕਹਿ ਰਹੇ ਸਨ।

ਇਹ ਵੀ ਪੜ੍ਹੋ:

ਜਦੋਂ ਫ਼ੋਨ ਆਇਆ ਤਾਂ ਉਨ੍ਹਾਂ ਨੂੰ ਨਾਈਜ਼ੀਰੀਆ ਦੇ ਸਾਬਕਾ ਰਾਸ਼ਟਰਪਤੀ ਓਲੁਸੇਗਨ ਓਬਾਸਾਂਜੋ ਨਾਲ ਗੱਲ ਕਰਨ ਲਈ ਕਿਹਾ ਗਿਆ, ਜਿਨ੍ਹਾਂ ਨੇ ਫ਼ੋਨ ਕੱਟ ਹੋਣ ਤੋਂ ਪਹਿਲਾਂ ਮੁਸ਼ਕਿਲ ਨਾਲ ਮੁਬਾਰਕਬਾਦ ਹੀ ਦਿੱਤੀ ਸੀ।

"ਇਹ ਇਸ ਤਰ੍ਹਾਂ ਸੀ ਜਿਵੇਂ ਤੁਸੀਂ ਸਿਰ ਦਰਦ ਨਾਲ ਹਸਪਤਾਲ ਜਾਵੋਂ ਅਤੇ ਤੁਹਾਨੂੰ ਦੱਸਿਆ ਜਾਵੇ ਕਿ ਤੁਹਾਡੇ ਬੱਚਾ ਹੋਣ ਵਾਲਾ ਹੈ।"

ਉਹ ਕਹਿੰਦੇ ਹਨ, "ਜਦੋਂ ਮੈਂ ਆਪਣੇ ਪਰਿਵਾਰ ਨੂੰ ਦੱਸਿਆ, ਮੇਰੀ ਭੈਣ ਨੇ ਸੋਚਿਆ ਮੇਰੇ ਨਾਲ ਧੋਖਾ ਹੋਇਆ ਹੈ। ਮੇਰੀ ਮਾਂ ਨੇ ਉਹੀ ਹੀ ਕਿਹਾ ਜੋ ਉਹ ਹਮੇਸ਼ਾਂ ਕਹਿੰਦੀ ਹੈ ਜਦੋਂ ਵੀ ਮੈਂ ਕੁਝ ਹਾਸਿਲ ਕਰਦੀ ਹਾਂ 'ਵੈਬਾਲੇ ਕੁਸੋਮਾ (Webale kusoma)' ('ਬਹੁਤ ਮਿਹਨਤ ਨਾਲ ਪੜ੍ਹਾਈ ਕਰਨ ਲਈ ਸ਼ੁਕਰੀਆ)।"

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)