ਕਿਸਾਨ ਅੰਦੋਲਨ: ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਇਨ੍ਹਾਂ 4 ਸ਼ਰਤਾਂ ਨਾਲ ਗੱਲਬਾਤ ਲਈ ਤਿਆਰ

ਕੇਂਦਰ ਸਰਕਾਰ ਵਲੋਂ ਫਿਰ ਮੀਟਿੰਗ ਦੇ ਸੱਦੇ ਬਾਰੇ ਕਿਸਾਨ ਜਥੇਬੰਦੀਆਂ ਨੇ ਬੈਠਕ ਕਰਕੇ ਕਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ। ਇਸ ਲਈ ਉਨ੍ਹਾਂ ਨੇ 29 ਤਰੀਕ ਦਾ ਦਿਨ ਸਰਕਾਰ ਨੂੰ ਦੱਸਿਆ ਹੈ।

ਕਿਸਾਨਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਨਾਲ ਨਵੇਂ ਸਾਲ ਦਾ ਜਸ਼ਨ ਉਨ੍ਹਾਂ ਦੇ ਨਾਲ ਮਨਾਉਣ ਲਈ ਸੱਦਾ ਦਿੱਤਾ।

ਸਵਰਾਜ ਇੰਡੀਆ ਦੇ ਆਗੂ ਯੋਗਿੰਦਰ ਯਾਦਵ ਨੇ ਕੇਂਦਰ ਨੂੰ ਲਿਖੀ ਚਿੱਠੀ ਪੜ੍ਹ ਕੇ ਸੁਣਾਈ।

ਉਨ੍ਹਾਂ ਕਿਹਾ, "ਸਰਕਾਰ ਸਾਨੂੰ ਇੱਕ ਚਿੱਠੀ ਭੇਜਦੀ ਹੈ, ਉਸ ਦਾ ਜਵਾਬ ਦੇਣ ਵਿੱਚ ਸਾਨੂੰ ਦੋ ਦਿਨ ਲੱਗਦੇ ਹਨ ਕਿਉਂਕਿ ਅਸੀਂ ਲੋਕਤੰਤਰੀ ਤਰੀਕੇ ਨਾਲ ਚਰਚਾ ਕਰਨੀ ਹੈ। ਚਿੱਠੀ ਵਿੱਚ ਉਹੀ ਗੱਲ ਹੈ।"

ਉਨ੍ਹਾਂ ਇਲਜ਼ਾਮ ਲਾਇਆ ਕਿ ਕਿਸਾਨ ਜਥੇਬੰਦੀਆਂ ਨੇ ਹਰ ਗੱਲ ਵਿੱਚ ਹਮੇਸ਼ਾ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕੀਤੀ ਪਰ ਸਰਕਾਰ ਨੇ ਹਮੇਸ਼ਾ ਤੋੜ-ਮਰੋੜ ਕੇ ਹੀ ਪੇਸ਼ ਕੀਤਾ।

ਚਿੱਠੀ ਵਿੱਚ ਉਹ ਕਹਿੰਦੇ ਹਨ- 'ਸਰਕਾਰ ਕਿਸਾਨਾਂ ਦੀ ਗੱਲ ਸਨਮਾਨ ਨਾਲ ਸੁਣਨਾ ਚਾਹੁੰਦੀ ਹੈ।'

ਯੋਗਿੰਦਰ ਯਾਦਵ ਨੇ ਅੱਗੇ ਕਿਹਾ, "ਜੇ ਸਰਕਾਰ ਇਹ ਚਾਹੁੰਦੀ ਹੈ ਤਾਂ ਜੋ ਮੁੱਦੇ ਅਸੀਂ ਚੁੱਕੇ ਹਨ ਤਾਂ ਉਹ ਸਹੀ ਤਰੀਕੇ ਨਾਲ ਦਿਖਾਉਣ। ਕਿਸਾਨਾਂ ਖਿਲਾਫ਼ ਮਾੜਾ ਪ੍ਰਚਾਰ ਬੰਦ ਕਰਨ।"

ਇਹ ਵੀ ਪੜ੍ਹੋ:

ਕਿਸਾਨਾਂ ਦਾ ਸਰਕਾਰ ਲਈ ਪ੍ਰਸਤਾਵ

ਯੋਗਿੰਦਰ ਯਾਦਵ ਨੇ ਦੱਸਿਆ ਸਰਕਾਰ ਲਈ ਹੁਣ ਕੀ ਪ੍ਰਸਤਾਵ ਹੈ-

ਅਗਲੀ ਬੈਠਕ 29 ਦਸੰਬਰ, 2020 ਨੂੰ ਸਵੇਰੇ 11 ਵਜੇ ਹੋਵੇ।

ਬੈਠਕ ਦਾ ਏਜੰਡਾ ਤੇ ਕ੍ਰਮ ਕੀ ਹੋਵੇਗਾ ਅਸੀਂ ਦੱਸ ਰਹੇ ਹਾਂ।

ਇਹ ਵੀ ਪੜ੍ਹੋ:

ਕਿਸਾਨਾਂ ਦੇ 4 ਏਜੰਡੇ

ਕਿਸਾਨ ਜੱਥੇਬੰਦੀਆਂ ਨੇ ਬੈਠਕ ਲਈ ਚਾਰ ਏਜੰਡੇ ਤੈਅ ਕੀਤੇ ਹਨ।

  • ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪ੍ਰਕਿਰਿਆ ਕੀ ਹੋਵੇ
  • ਖੇਤੀ ਵਸਤੂਆਂ 'ਤੇ ਐੱਮਐਸਪੀ ਅਤੇ ਸਵਨਾਮੀਨਾਥਨ ਆਯੋਗ ਤਹਿਤ ਖਰੀਦ ਦੀ ਕਾਨੂੰਨੀ ਗਰੰਟੀ 'ਤੇ ਕੀ ਪ੍ਰਕਿਰਿਆ ਹੋਵੇਗੀ
  • ਹਵਾ ਗੁਣਵੱਤਾ ਅਧਿਆਧੇਸ਼ ਤਹਿਤ ਪਰਾਲੀ ਸਾੜਨ ਸਬੰਧੀ ਜੋ ਕਿਸਾਨਾਂ ਨੂੰ ਪੈਨਲਟੀ ਲਾਈ ਜਾਂਦੀ ਹੈ ਉਸ ਤੋਂ ਦੂਰ ਕਿਵੇਂ ਕੀਤਾ ਜਾਵੇ
  • ਬਿਜਲੀ ਬਿੱਲ ਵਿੱਚ ਕਿਸਾਨਾਂ ਦੇ ਇੰਟਰੈਸਟ ਨੂੰ ਕਿਵੇਂ ਬਚਾਇਆ ਜਾਵੇ

ਯੋਗਿੰਦਰ ਯਾਦਵ ਨੇ ਕਿਹਾ, "ਅਸੀਂ ਸਪਸ਼ਟ ਕਰ ਦੇਈਏ ਕਿ ਕਿਸਾਨ ਹਮੇਸ਼ਾ ਖੁੱਲ੍ਹੇ ਮਨ ਨਾਲ ਗੱਲਬਾਤ ਲਈ ਤਿਆਰ ਹਨ।"

ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ

ਕਿਸਾਨ ਆਗੂ ਦਰਸ਼ਨਪਾਲ ਨੇ ਦੱਸਿਆ ਕਿ ਇਹ ਚਿੱਠੀ ਫਾਈਨਲ ਕਰਕੇ ਕੇਂਦਰ ਨੂੰ ਭੇਜ ਦਿੱਤੀ ਹੈ।

ਕਿਸਾਨ ਅੰਦੋਲਨ ਦਾ ਅਗਲਾ ਸਵਰੂਪ ਕੀ ਹੋਵੇਗਾ ਉਸ ਸਬੰਧੀ ਵੀ ਕਿਸਾਨ ਜਥੇਬੰਦੀਆਂ ਨੇ ਅੱਜ ਦੀ ਮੀਟਿੰਗ ਵਿੱਚ ਫੈਸਲਾ ਲਿਆ।

ਹੁਣ ਪੰਜਾਬ ਤੇ ਹਰਿਆਣਾ ਦੇ ਟੋਲ ਪਲਾਜ਼ਾ ਪੱਕੇ ਤੌਰ 'ਤੇ ਖੁੱਲ੍ਹੇ ਰਹਿਣਗੇ।

  • 27-28 ਦਸੰਬਰ ਨੂੰ ਸਾਰੇ ਬਾਰਡਰਾਂ 'ਤੇ ਧਰਨਿਆਂ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਪੂਰੇ ਦੋ ਦਿਨਾਂ ਲਈ ਮਨਾਇਆ ਜਾਵੇਗਾ।
  • 29 ਦਸੰਬਰ ਨੂੰ ਸਰਕਾਰ ਨਾਲ ਬੈਠਕ ਲਈ ਮੀਟਿੰਗ ਦਾ ਸੱਦਾ ਭੇਜਿਆ ਹੈ।
  • 30 ਦਸੰਬਰ ਨੂੰ ਟਰੈਕਟਰ ਲੈ ਕੇ ਮਾਰਚ ਕੀਤਾ ਜਾਵੇਗਾ। ਇਹ ਮਾਰਚ ਸਿੰਘੂ ਤੋਂ ਟਿਕਰੀ ਅਤੇ ਸ਼ਾਰਜਾਂਹ ਤੱਕ ਕੱਢਿਆ ਜਾਵੇਗਾ।
  • ਇੱਕ ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਹਰਿਆਣਾ, ਦਿੱਲੀ ਦੇ ਲੋਕਾਂ ਨੂੰ ਨਾਲ ਆ ਕੇ ਮਨਾਉਣ ਦਾ ਸੱਦਾ ਹੈ।
  • ਉੱਧਮ ਸਿੰਘ ਦਾ ਜਨਮ ਦਿਵਸ ਵੀ ਇੱਥੇ ਹੀ ਬਾਰਡਰਾਂ 'ਤੇ ਮਨਾਵਾਂਗੇ।

ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ 29 ਤਰੀਕ ਨੂੰ ਸਰਕਾਰ ਗੱਲ ਨਹੀਂ ਮੰਨਦੀ ਤਾਂ ਸਭ ਲੋਕ 30 ਤਰੀਕ ਨੂੰ ਸਿੰਘੂ ਬਾਰਡਰ 'ਤੇ ਪਹੁੰਚਣ। ਫਿਰ ਜੇ ਹਾਈਵੇਅ ਜਾਮ ਹੋ ਜਾਂਦਾ ਹੈ ਤਾਂ ਜ਼ਿੰਮੇਵਾਰ ਸਰਕਾਰ ਹੋਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)