ਕੋਰੋਨਾ ਮਹਾਂਮਾਰੀ ਫ਼ੈਲਣ ਦੀ ਨਵੀਂ ਕਹਾਣੀ ਚੀਨ ਨੇ ਵਿਰੋਧੀ ਸੁਰਾਂ ਦਬਾ ਕੇ ਕਿਵੇਂ ਲਿਖੀ

ਸਾਲ 2020 ਦੀ ਸ਼ੁਰੂਆਤ ਵਿੱਚ ਚੀਨ ਸਰਕਾਰ ਸਾਹਮਣੇ ਦੋ ਚਣੌਤੀਆਂ ਆ ਖੜ੍ਹੀਆਂ ਹੋਈਆਂ ਸਨ।

ਇੱਕ ਤਾਂ ਸੀ ਅਣਜਾਣ ਬਿਮਾਰੀ ਜਿਸਦਾ ਖ਼ਤਰਾ ਦੇਸ ਦੇ ਲੋਕਾਂ ਦੇ ਸਿਰਾਂ 'ਤੇ ਸੀ ਅਤੇ ਦੂਜੀ ਚਣੌਤੀ ਸੀ ਉਨ੍ਹਾਂ ਆਵਾਜ਼ਾਂ ਦੀ ਜੋ ਇੰਜਰਨੈੱਟ ਜ਼ਰੀਏ ਦੁਨੀਆਂ ਨੂੰ ਦੱਸ ਰਹੀਆਂ ਸਨ ਕਿ ਕੀ ਹੋ ਰਿਹਾ ਹੈ।

ਪਰ ਹੁਣ ਸਾਲ ਦੇ ਅੰਤ ਵਿੱਚ ਜੇ ਸਰਕਾਰੀ ਨਿਯੰਤਰਿਤ ਮੀਡੀਆ ਨੂੰ ਦੇਖੀਏ ਤਾਂ ਲੱਗਦਾ ਹੈ ਚੀਨ ਨੇ ਦੋਵਾਂ ਚੁਣੌਤੀਆਂ 'ਤੇ ਕਾਬੂ ਪਾ ਲਿਆ ਹੈ।

ਬੀਬੀਸੀ ਦੀ ਕੈਰੀ ਏਲਨ ਅਤੇ ਝਾਓਯਿਨ ਫ਼ੇਂਗ ਨੇ ਇੱਕ ਨਜ਼ਰ ਮਾਰੀ ਕਿ ਕਿਵੇਂ ਚੀਨ ਸਰਕਾਰ ਨੇ ਨਕਾਰਾਤਮਕ ਖ਼ਬਰਾਂ ਨੂੰ ਦਬਾਉਣ ਲਈ ਲੋਕਾਂ ਨੂੰ ਸੈਂਸਰ ਕੀਤਾ, ਇਸ ਦੇ ਬਾਵਜੂਦ ਕਿਵੇਂ ਕੁਝ ਨਾਗਰਿਕ ਜਾਣਕਾਰੀ ਸਾਂਝੀ ਕਰ ਸਕੇ ਅਤੇ ਫ਼ਿਰ ਕਿਵੇਂ ਮਾੜਾ ਪ੍ਰਚਾਰ ਕਰਨ ਵਾਲੀ ਮਸ਼ੀਨੀਰੀ ਨੇ ਦੁਬਾਰਾ ਬਿਰਤਾਂਤ ਉਲੀਕਿਆ।

ਸਾਲ ਦੀ ਸ਼ੁਰੂਆਤ ਵਿੱਚ ਇਹ ਸਪਸ਼ਟ ਹੋਣ ਲੱਗਿਆ ਸੀ ਕਿ ਕੁਝ ਅਜਿਹਾ ਹੋ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ।

ਇਹ ਵੀ ਪੜ੍ਹੋ:

ਚੀਨ ਦਾ ਸੋਸ਼ਲ ਮੀਡੀਆ

ਲੋਕਾਂ ਦੇ ਗੁੱਸੇ ਭਰੇ ਹਜ਼ਾਰਾਂ ਪੋਸਟ ਚੀਨੀ ਸੋਸ਼ਲ ਮੀਡੀਆ 'ਤੇ ਨਜ਼ਰ ਆਉਣ ਲੱਗੇ ਸਨ। ਲੋਕ ਪੁੱਛ ਰਹੇ ਸਨ ਕਿ ਕੀ ਸਥਾਨਕ ਸਰਕਾਰ ਸਾਰਸ ਵਰਗੇ ਵਾਇਰਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਚੀਨ ਵਿੱਚ ਵੀਬੋ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਸਰਕਾਰ ਵਿਰੋਧੀ ਪੋਸਟਾਂ ਅਕਸਰ ਸੈਂਸਰ ਕਰ ਦਿੱਤੀਆਂ ਜਾਂਦੀਆਂ ਹਨ ਪਰ ਇਸ ਵਾਰ ਅਜਿਹੀਆਂ ਪੋਸਟਾਂ ਵੱਡੀ ਗਿਣਤੀ ਵਿੱਚ ਸਨ ਤੇ ਕੁਝ ਸੈਂਸਰ ਤੋਂ ਬਚ ਗਈਆਂ।

ਅਜਿਹਾ ਇਸ ਲਈ ਹੋਇਆ ਕਿਉਂਕਿ ਕਿਸੇ ਵੱਡੇ ਸੰਕਟ ਸਮੇਂ ਸਰਕਾਰ ਜਲਦ ਪ੍ਰਤੀਕਿਰਿਆ ਦਿੰਦੀ ਹੈ ਅਤੇ ਸੈਂਸਰ ਕੁਝ ਸੁਸਤ ਹੋ ਜਾਂਦੇ ਹਨ।

ਜਨਵਰੀ ਅਤੇ ਫ਼ਰਵਰੀ ਵਿੱਚ ਵੀ ਇਸ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਕਈ ਮੀਡੀਆ ਸਾਧਨਾਂ ਨੇ ਖੋਜੀ ਰਿਪੋਰਟਾਂ ਛਾਪੀਆਂ ਜੋ ਸੋਸ਼ਲ ਮੀਡੀਆ 'ਤੇ ਬਹੁਤ ਸਾਂਝੀਆਂ ਹੋਈਆਂ।

ਬਾਅਦ ਵਿੱਚ ਜਦੋਂ ਚੀਨ ਦੁਸ਼ਪ੍ਰਚਾਰ ਦੀ ਰਣਨੀਤੀ ਲੈ ਕੇ ਆਇਆ ਤਾਂ ਇਨ੍ਹਾਂ ਰਿਪੋਰਟਾਂ ਨੂੰ ਹਟਾ ਦਿੱਤਾ ਗਿਆ। ਹਰ ਪਾਸੇ ਇਲਜ਼ਾਮ ਲਾਏ ਜਾ ਰਹੇ ਸਨ। ਜਨਵਰੀ ਮਹੀਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨੀ ਮੀਡੀਆ ਦੀਆਂ ਖ਼ਬਰਾਂ ਵਿੱਚ ਕਿਤੇ ਨਜ਼ਰ ਨਹੀਂ ਆਏ।

ਨਾ ਤਾਂ ਜਨਤੱਕ ਤੌਰ 'ਤੇ ਕਿਤੇ ਸਨ ਤੇ ਨਾ ਹੀ ਚੀਨੀ ਸਰਕਾਰੀ ਮੀਡੀਆ ਵਰਗੇ ਪੀਪਲਸ ਡੇਲੀ ਦੇ ਮੂਹਰਲੇ ਪੰਨੇ 'ਤੇ ਉਨ੍ਹਾਂ ਦੀਆਂ ਕੋਈ ਤਸਵੀਰਾਂ ਸਨ। ਅਜਿਹਾ ਸ਼ੱਕ ਕੀਤਾ ਜਾ ਰਿਹਾ ਸੀ ਕਿ ਉਹ ਇਲਜ਼ਮਾਂ ਤੋਂ ਬਚਣ ਲਈ ਕਿਤੇ ਗੁਆਚ ਗਏ ਹਨ।

ਹਾਲਾਂਕਿ ਹਫ਼ਤੇ ਬਾਅਦ ਹੀ ਹਾਲਾਤ ਥੋੜ੍ਹੇ ਬਦਲੇ। ਸਰਕਾਰ ਦੇ ਵੱਡੇ ਅਧਿਕਾਰੀ ਸਥਾਨਕ ਸਰਕਾਰਾਂ ਨੂੰ ਚੇਤਾਵਨੀ ਦੇਣ ਲੱਗੇ ਕਿ ਜੇ ਉਨ੍ਹਾਂ ਦੇ ਇਲਾਕਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਨੂੰ ਲੁਕਾਇਆ ਗਿਆ ਤਾਂ ਆਉਣ ਵਾਲੇ ਇਤਿਹਾਸ ਵਿੱਚ ਉਨ੍ਹਾਂ ਹਿੱਸੇ ਸ਼ਰਮਿੰਦਗੀ ਲਿਖੀ ਜਾਵੇਗੀ।

ਚੀਨੀ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਇਲਜ਼ਾਮ ਵੂਹਾਨ ਦੇ ਅਧਿਕਾਰੀਆਂ ਸਿਰ ਪਾਇਆ ਗਿਆ ਕਿ "ਵੂਹਾਨ ਨੇ ਲੋਕਾਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ?"

ਇਸ ਤੋਂ ਬਾਅਦ ਫ਼ਰਵਰੀ ਵਿੱਚ ਚੀਨ ਦੀ ਰਿਕਵਰੀ ਦੇ ਦਰਮਿਆਨ ਸ਼ੀ ਜਿਨਪਿੰਗ ਵਿਸ਼ਵਾਸ ਅਤੇ ਮਜ਼ਬੂਤੀ ਦੇ ਥੰਮ੍ਹ ਵਜੋਂ ਫ਼ਿਰ ਤੋਂ ਨਜ਼ਰ ਆਉਣ ਲੱਗੇ।

ਡਾਕਟਰਾਂ ਨੂੰ ਸੈਂਸਰ ਕੀਤਾ ਗਿਆ

ਭਰਮ ਦੇ ਹਾਲਾਤ ਵਿੱਚ ਇੱਕ ਗੱਲ ਸਾਫ਼ ਹੋਈ ਕਿ ਹਰ ਉਸ ਇੱਕ ਵਿਅਕਤੀ ਦੀ ਆਵਾਜ਼ ਚੁੱਪ ਕਰਵਾਈ ਗਈ ਜਿਸਨੂੰ ਨਹੀਂ ਸੀ ਕਰਵਾਉਣਾ ਚਾਹੀਦਾ।

ਲੀ ਵੇਨਲਿਆਂਗ ਦਾ ਨਾਮ ਇੱਕ ਸੁਚੇਤ ਕਰਨ ਲਈ ਆਵਾਜ਼ ਚੁੱਕਣ ਵਾਲੇ ਡਾਕਟਰ ਵਜੋਂ ਜਾਣਿਆ ਜਾਣ ਲੱਗਿਆ ਸੀ। ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨੂੰ ਸਾਰਸ ਵਰਗੇ ਵਾਇਰਸ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ। ਪਰ ਸੱਤ ਫ਼ਰਵਰੀ ਨੂੰ ਡਾਕਟਰ ਲੀ ਦੀ ਮੌਤ ਹੋ ਗਈ।

ਪਤਾ ਲੱਗਿਆ ਕਿ ਝੂਠੀਆਂ ਟਿੱਪਣੀਆਂ ਨਾਲ ਸਮਾਜਿਕ ਪ੍ਰਣਾਲੀ ਖ਼ਰਾਬ ਕਰਨ ਦੇ ਇਲਜ਼ਾਮਾਂ ਤਹਿਤ ਉਨ੍ਹਾਂ ਦੀ ਜਾਂਚ ਚੱਲ ਰਹੀ ਸੀ।

ਉਨ੍ਹਾਂ ਦੀ ਮੌਤ ਤੋਂ ਬਾਅਦ ਹਜ਼ਾਰਾਂ ਯੂਜ਼ਰਸ ਨੇ ਸਾਈਨਾ ਵੀਬੋ 'ਤੇ ਉਨ੍ਹਾਂ ਦੇ ਸਮਰਥਨ ਵਿੱਚ ਲਿਖਿਆ। ਹਾਲਾਂਕਿ ਹੌਲੀ ਹੌਲੀ ਇਨ੍ਹਾਂ ਪੋਸਟਾਂ ਨੂੰ ਉੱਥੋਂ ਹਟਾ ਦਿੱਤਾ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਪਰ ਇੰਟਰਨੈੱਟ ਯੂਜ਼ਰਸ ਨੇ ਇਮੋਜੀ, ਮੋਰਸ ਕੋਰਡ ਅਤੇ ਪੁਰਾਤਣ ਚੀਨੀ ਸਕ੍ਰਿਪਟ ਜ਼ਰੀਏ ਉਨ੍ਹਾਂ ਦੀ ਯਾਦ ਬਣਾਈ ਰੱਖਣ ਦਾ ਰਚਨਾਤਮਕ ਤਰੀਕਾ ਲੱਭ ਲਿਆ।

ਫ਼ੇਸਬੁੱਕ ਅਤੇ ਵੀਚੈਟ 'ਤੇ ਇੱਕ ਟ੍ਰੈਂਡ ਸ਼ੁਰੂ ਹੋਇਆ ਕਿ ਲੋਕ ਡਾਕਟਰ ਦੀ ਮੌਤ 'ਤੇ ਪ੍ਰਤੀਕਿਰਿਆ ਵਜੋਂ ਆਪਣੇ ਮਾਸਕਾਂ 'ਤੇ ਲਿਖਣ ਲੱਗੇ।

ਕਈ ਲੋਕਾਂ ਨੇ ਲਿਖਿਆ, "ਮੈਂ ਨਹੀਂ ਕਰ ਸਕਦਾ" ਅਤੇ "ਮੈਨੂੰ ਸਮਝ ਨਹੀਂ ਆਉਂਦਾ।" ਪੁਲਿਸ ਆਪਣੀ ਜਾਂਚ ਤੋਂ ਬਾਅਦ ਡਾ. ਲੀ ਤੋਂ "ਝੂਠੇ ਬਿਆਨਾਂ" ਨੂੰ ਬੰਦ ਕਰਨ ਦੀ ਚੇਤਾਵਨੀ ਦਿੰਦਿਆਂ ਪੁੱਛ ਰਹੀ ਸੀ, "ਕੀ ਤੁਸੀਂ ਇਹ ਕਰ ਸਕਦੇ ਹੋ?" ਅਤੇ "ਕੀ ਤੁਹਨੂੰ ਸਮਝ ਆਉਂਦਾ ਹੈ?"

ਲੋਕਾਂ ਦੀ ਪ੍ਰਤੀਕਿਰਿਆ ਇਨ੍ਹਾਂ ਸਵਾਲਾਂ 'ਤੇ ਹੀ ਸੀ ਜਿਨ੍ਹਾਂ ਦਾ ਜੁਆਬ ਉਹ ਆਪਣੇ ਮਾਸਕਾਂ 'ਤੇ ਲਿਖ ਕੇ ਦੇ ਰਹੇ ਸਨ।

ਪੱਤਰਕਾਰ 'ਗੁਆਚ' ਗਏ

ਵੂਹਾਨ ਵਿੱਚ ਲਾਗ਼ ਦੇ ਫ਼ੈਲਾਅ ਸਮੇਂ ਕਈ ਸੀਨੀਅਰ ਪੱਤਰਕਾਰਾਂ ਨੇ ਕੌਮਾਂਤਰੀ ਪੱਧਰ 'ਤੇ ਪ੍ਰਭਾਵਸ਼ਾਲੀ ਕੰਮ ਕੀਤਾ ਅਤੇ ਚੀਨ ਦੀ ਇੰਟਰਨੈੱਟ ਫ਼ਾਇਰਵਾਲ ਤੋੜਿਦਆਂ ਸ਼ਹਿਰ ਤੋਂ ਬਾਹਰ ਜਾਣਕਾਰੀ ਪਹੁੰਚਾ ਸਕੇ।

ਇਨ੍ਹਾਂ ਵਿੱਚ ਚੇਨ ਕਵੀਸ਼ੀ, ਫ਼ੇਂਗ ਬਿਨ, ਝਾਂ ਝਨ ਸ਼ਾਮਿਲ ਹਨ। ਯੂ-ਟਿਊਬ 'ਤੇ ਉਨ੍ਹਾਂ ਦੀ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਜਿਸ ਵਿੱਚ ਵੂਹਾਨ ਦੀ ਅਸਲ ਤਸਵੀਰ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ।

ਹਾਲਾਂਕਿ ਇਸ ਦਾ ਮੁੱਲ ਵੀ ਉਨ੍ਹਾਂ ਨੂੰ ਦੇਣਾ ਪਿਆ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ (ਸੀਪੀਜੇ) ਨੇ ਦੱਸਿਆ ਕਿ ਵੂਹਾਨ ਵਿੱਚ ਅਧਿਕਾਰੀਆਂ ਨੇ ਕਈ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਸਰਕਾਰ ਦੇ ਨੈਰੈਟਿਵ ਲਈ ਖ਼ਤਰਾ ਸਨ।

ਸੀਪੀਜੇ ਨੇ ਦੱਸਿਆ ਕਿ ਉਹ ਪੱਤਰਕਾਰ ਹਾਲੇ ਵੀ ਜੇਲ੍ਹ ਵਿੱਚ ਹਨ। ਚੀਨ ਵਿੱਚ ਯੂ-ਟਿਊਬ ਬੰਦ ਹੈ ਪਰ ਦੇਸ ਵਿੱਚ ਕੁਝ ਲੋਕ ਉਸਦੇ ਪ੍ਰਭਾਵ ਤੋਂ ਵਾਕਿਫ਼ ਹਨ।

ਇਹ ਸਵਾਲ ਵੀ ਉੱਠਿਆ ਕਿ ਗੁਆਚ ਜਾਣ ਤੋਂ ਬਾਅਦ ਵਾਪਸ ਆਏ ਇੱਕ ਪੱਤਰਕਾਰ ਕੀ ਵਿਦੇਸ਼ ਵਿੱਚ ਮਾੜਾ ਪ੍ਰਚਾਰ ਕਰਨ ਦੀ ਮੁਹਿੰਮ ਦਾ ਹਿੱਸਾ ਬਣ ਗਏ ਹਨ?

ਇਹ ਵੀ ਪੜ੍ਹੋ:

ਲੀ ਝੇਹੁਆ ਨੇ ਫ਼ਰਵਰੀ ਵਿੱਚ ਯੂਟਿਊਬ 'ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਦੀ ਕਾਰ ਦਾ ਪਿੱਛਾ ਕਰ ਰਹੀ ਹੈ। ਇਸ ਤੋਂ ਬਾਅਦ ਉਹ ਲਾਪਤਾ ਹੋ ਗਏ।

ਦੋ ਮਹੀਨਿਆਂ ਤੱਕ ਕਿਸੇ ਨੂੰ ਉਨ੍ਹਾਂ ਬਾਰੇ ਕੁਝ ਨਹੀਂ ਸੀ ਪਤਾ ਪਰ ਉਸ ਤੋਂ ਬਾਅਦ ਉਨ੍ਹਾਂ ਦੀ ਇੱਕ ਵੀਡੀਓ ਆਈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਇਕਾਂਤਵਾਸ ਵਿੱਚ ਹਨ ਅਤੇ ਅਧਿਕਾਰੀਆਂ ਨੂੰ ਸਹਿਯੋਗ ਦੇ ਰਹੇ ਹਨ।

ਉਸ ਦੇ ਬਾਅਦ ਤੋਂ ਉਨ੍ਹਾਂ ਨੇ ਕੋਈ ਵੀਡੀਓ ਸਾਂਝਾ ਨਹੀਂ ਕੀਤਾ ਅਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਇਹ ਵੀਡੀਓ ਜ਼ਬਰਦਸਤੀ ਪੋਸਟ ਕਰਵਾਇਆ ਗਿਆ ਸੀ।

ਨੌਜਵਾਨਾਂ ਨੇ ਲੱਭੇ ਰਾਹ

ਮਾਰਚ ਤੋਂ ਹੀ ਚੀਨ ਖੁਦ ਨੂੰ ਕੋਰੋਨਾਵਾਇਰਸ 'ਤੇ ਜੇਤੂ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਸੀ। ਪਰ ਇਹ ਵੀ ਸੱਚ ਹੈ ਕਿ ਸੈਂਸਰ ਨੇ ਲੋਕਾਂ ਵਿੱਚ ਪੈਦਾ ਹੋ ਰਹੀ ਅਸ਼ਾਂਤੀ ਦੇ ਸਬੂਤਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।

ਚੀਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਵੂਹਾਨ ਦੀ ਤਰ੍ਹਾਂ ਦੂਜਾ ਲੌਕਡਾਊਨ ਨਹੀਂ ਲਾਉਣਾ ਚਾਹੁੰਦਾ। ਪਰ ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਕਈ ਯੂਨੀਵਰਸਿਟੀਆਂ ਵਿੱਚ 'ਬਲੈਂਕੇਟ ਕੈਂਪਸ ਲੌਕਡਾਊਨ' ਚਲਦੇ ਰਹੇ।

ਅਗਸਤ ਵਿੱਚ ਪਹਿਲੀ ਵਾਰ ਵਿਦਿਆਰਥੀ ਕਲਾਸਾਂ ਵਿੱਚ ਵਾਪਸ ਆਏ। ਪਰ ਜਲਦ ਹੀ ਦੇਸ ਭਰ ਦੇ ਕਾਲਜਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਲੱਗੇ ਕਿਉਂਕਿ ਯੂਨੀਵਰਸਿਟੀਆਂ ਨੇ ਇੰਟਰਨੈੱਟ ਦੀ ਸੁਵਿਧਾ ਸੀਮਿਤ ਕਰ ਦਿੱਤੀ ਸੀ।

ਅਜਿਹੇ ਵਿੱਚ ਸ਼ਿਕਾਇਤਾਂ ਆਈਆਂ ਕਿ ਯੂਨੀਵਰਸਿਟੀ ਦੀਆਂ ਕੰਟੀਨਾਂ ਨੇ ਨਿਰਭਰਤਾ ਦੇਖਦੇ ਹੋਏ ਭੋਜਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਹ ਸਭ ਗੱਲਾਂ ਵੀ ਜ਼ਿਆਦਾਤਰ ਸੈਂਸਰ ਕਰ ਦਿੱਤੀਆਂ ਗਈਆਂ।

ਗੁੱਸੇ ਅਤੇ ਅਸਤੁੰਸ਼ਟਾ ਨਾਲ ਭਰੇ ਚੀਨੀ ਨੌਜਵਾਨਾਂ ਨੇ ਇਸ ਸਾਲ ਰਵਾਇਤੀ ਸੋਸ਼ਲ ਮੀਡੀਆ ਪਲੇਟਫ਼ਾਰਮ ਛੱਡ ਕੇ ਮਸ਼ਹੂਰ ਸਾਧਨ ਅਪਣਾਏ ਤਾਂ ਕਿ ਉਹ ਆਪਣੀ ਗੱਲ ਰੱਖ ਸਕਣ।

ਨਿਊਜ਼ ਵੈੱਬਾਸਈਟ ਸਿਕਸਥ ਟੋਨ ਮੁਤਾਬਕ ਇੱਕ ਮਿਊਜ਼ਿਕ ਸਟ੍ਰੀਮਿੰਗ ਪਲੇਟਫ਼ਾਰਮ ਨੇਟਈਮੋ 'ਤੇ ਨੌਜਵਾਨ ਇਮਤਿਹਾਨਾਂ, ਉਦਾਸ ਰਿਸ਼ਤਿਆਂ ਅਤੇ ਟੁੱਟੇ ਸੁਫ਼ਨਿਆਂ ਬਾਰੇ ਲਿਖ ਰਹੇ ਸਨ।

ਵੈਬਸਾਈਟ ਮੁਤਾਬਕ ਪਲੇਟਫ਼ਾਰਮ ਨੇ ਇਸ ਟ੍ਰੈਂਡ ਨੂੰ ਮਨਘੜੰਤ ਯੂਜ਼ਰ ਕਮੈਂਟ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ।

ਨਵੀਆਂ ਕਿਤਾਬਾਂ ਅਤੇ ਟੈਲੀਵਿਜ਼ਮ ਪ੍ਰੋਗਰਾਮਾਂ ਦੁਆਰਾ ਇਤਿਹਾਸ ਦੁਬਾਰਾ ਰਚਿਆ ਗਿਆ।

ਚੀਨ ਨੇ ਵੀ ਇੱਕ ਬੇਹੱਦ ਸਕਾਰਾਤਮਕ ਤਸਵੀਰ ਪੇਸ ਕਰਨ ਦੀ ਕੋਸ਼ਿਸ਼ ਕੀਤੀ।

ਜਿਸ ਤਰ੍ਹਾਂ ਦੀਆਂ ਚਿੰਤਾਵਾਂ ਸਨ ਕਿ 'ਦਿ ਕਰਾਉਨ' ਬਰਤਾਨੀਆਂ ਦੇ ਇਤਿਹਾਸ ਦਾ ਸਹੀ ਸੰਸਕਰਣ ਨਹੀਂ ਦਿਖਾਏਗਾ, ਉਸੇ ਤਰ੍ਹਾਂ ਕਈ ਚੀਨੀ ਲੋਕਾਂ ਨੇ ਇਹ ਚਿੰਤਾ ਕੀਤੀ ਕਿ ਕੋਵਿਡ-19 ਬਾਅਦ ਲਿਖੀਆਂ ਜਾਣ ਵਾਲੀਆਂ ਕਿਤਾਬਾਂ ਅਤੇ ਟੈਲੀਵਿਜ਼ਨ ਪ੍ਰੋਗਰਾਮ, ਜੋ ਕੁਝ ਵੂਹਾਨ ਵਿੱਚ ਹੋਇਆ ਉਹ ਸਹੀ ਤਰੀਕੇ ਨਾਲ ਨਹੀਂ ਦਿਖਾਉਣਗੇ।

ਸਾਲ ਦੀ ਸ਼ੁਰੂਆਤ ਵਿੱਚ ਚੀਨੀ ਲੇਖਕ ਫ਼ੇਂਗ ਫ਼ੇਂਗ ਨੂੰ ਵੁਹਾਨ ਵਿੱਚ ਆਪਣੀ ਜ਼ਿੰਦਗੀ ਬਾਰੇ ਲਿਖਣ ਲਈ ਤਾਰੀਫ਼ ਹਾਸਿਲ ਹੋਈ। ਉਨ੍ਹਾਂ ਦੇ ਲਿਖੇ ਨਾਲ ਵੁਹਾਨ ਦੇ ਲੋਕਾਂ ਦੇ ਡਰ ਅਤੇ ਉਮੀਦਾਂ ਬਾਰੇ ਜਾਣਨ ਦਾ ਮੌਕਾ ਮਿਲਿਆ।

ਪਰ ਉਨ੍ਹਾਂ ਦੀ ਆਨਲਾਈਨ ਡਾਇਰੀ ਲਿਖਣ ਦੇ ਬਾਅਦ ਤੋਂ ਹੀ ਉਹ ਚੀਨੀ ਰਾਸ਼ਟਰਵਾਦੀਆਂ ਦੀ ਅਲੋਚਨਾਂ ਦਾ ਸ਼ਿਕਾਰ ਹੋ ਰਹੇ ਹਨ। ਜਿਨ੍ਹਾਂ ਦਾ ਅਰੋਪ ਹੈ ਕਿ ਉਹ ਚੀਨ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ।

ਸਰਕਾਰੀ ਮੀਡੀਆ ਨੇ ਵੀ ਦੂਜੀਆਂ ਕਿਤਾਬਾਂ ਨੂੰ ਉਤਸ਼ਾਹਿਤ ਕੀਤਾ ਜਿਨਾਂ ਵਿੱਚ ਅਧਿਕਾਰੀਆਂ ਦੇ ਵਾਇਰਸ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਦਾ ਸਾਕਾਰਾਤਮਕ ਸੰਦੇਸ਼ ਹੈ।

ਕਈ ਵਾਰ ਤਾਂ ਇਹ ਵੀ ਹੋਇਆ ਕਿ ਸਰਕਾਰੀ ਮੀਡੀਆ ਨੂੰ ਵੂਹਾਨ ਵਿੱਚ ਲਾਗ਼ ਦੇ ਫ਼ੈਲਾਅ ਸੰਬੰਧੀ ਕਿਤੇ ਬਿਰਤਾਂਤ ਲਈ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ।

ਜਦੋਂ ਸਤੰਬਰ ਵਿੱਚ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਫ਼ਰੰਟ ਲਾਈਨ ਵਰਕਰ ਬਾਰੇ ਪਹਿਲਾ ਸ਼ੋਅ 'ਹੀਰੋਜ਼ ਇੰਨ ਹਾਰਮਜ਼ ਵੇਅ' ਦਿਖਾਇਆ ਜਾ ਰਿਹਾ ਸੀ, ਉਸ ਸਮੇਂ ਇਸ ਸ਼ੋਅ ਨੂੰ ਅਲੋਚਨਾ ਸਹਾਰਣੀ ਪਈ ਸੀ ਕਿਉਂਕਿ ਇਸ ਵਿੱਚ ਔਰਤਾਂ ਦੀ ਭੂਮਿਕਾ ਨੂੰ ਘਟਾ ਕੇ ਦਿਖਾਇਆ ਗਿਆ ਸੀ।

ਚੀਨ ਬਨਾਮ ਪੱਛਮ

ਇਹ ਬਹੁਤ ਸਪਸ਼ਟ ਹੈ ਕਿ ਚੀਨ ਆਪਣਾ ਹੱਥ ਉੱਪਰ ਰੱਖਦਿਆਂ ਸਾਲ 2020 ਨੂੰ ਵਿਦਾ ਕਰਨਾ ਚਾਹੁੰਦਾ ਹੈ। ਆਪਣੇ ਨਾਗਰਿਕਾਂ ਦੇ ਨਾਲ ਨਾਲ ਉਹ ਦੁਨੀਆਂ ਨੂੰ ਵੀ ਦਿਖਾਉਣਾ ਚਾਹੁੰਦਾ ਹੈ ਕਿ ਉਸਨੇ ਕੋਵਿਡ-19 ਦੇ ਖ਼ਿਲਾਫ਼ ਜੰਗ ਜਿੱਤ ਲਈ ਹੈ।

ਪਰ ਚੀਨ ਹੁਣ ਇਸ ਗੱਲ ਤੋਂ ਦੂਰੀ ਬਣਾ ਰਿਹਾ ਕਿ ਕੋਰੋਨਾਵਾਇਰਸ ਦੀ ਸ਼ੁਰੂਆਤ ਦਾ ਸਬੰਧ ਉਸ ਨਾਲ ਹੈ।

ਹੁਣ ਉਹ ਇਸ ਗੱਲ ਦਾ ਪ੍ਰਚਾਰ ਕਰ ਰਿਹਾ ਹੈ ਕਿ ਕੋਵਿਡ-19 'ਤੇ ਜਿੱਤ ਦਾ ਅਰਥ ਹੈ ਕਿ ਉਨ੍ਹਾਂ ਦਾ ਰਾਜਨੀਤਿਕ ਮਾਡਲ ਪੱਛਮੀ ਮਾਡਲ ਮੁਕਾਬਲੇ ਵਧੇਰੇ ਸਫ਼ਲ ਹੈ।

ਸ਼ੁਰੂਆਤ ਵਿੱਚ ਤਾਂ ਚੀਨ ਦਾ ਮੀਡੀਆ ਖ਼ੁਦ 'ਵੁਹਾਨ ਵਾਇਰਸ' ਟਰਮ ਦੀ ਵਰਤੋਂ ਕਰ ਰਿਹਾ ਸੀ ਪਰ ਹੁਣ ਗੱਲ ਉਸਤੋਂ ਬਹੁਤ ਅੱਗੇ ਨਿੱਕਲ ਚੁੱਕੀ ਹੈ।

ਹੁਣ ਇਸ ਟਰਮ ਦਾ ਤਾਂ ਖਾਤਮਾ ਹੀ ਕਰ ਦਿੱਤਾ ਗਿਆ ਹੈ ਬਲਕਿ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਰੱਖੀਆਂ ਜਾ ਰਹੀਆਂ ਹਨ ਕਿ ਕੋਰੋਨਾਵਾਇਰਸ ਪੱਛਮ ਤੋਂ ਵੀ ਸ਼ੁਰੂ ਹੋਇਆ ਹੋ ਸਕਦਾ ਹੈ।

ਚੀਨ ਦੇ ਮੀਡੀਆ ਨੇ ਪੂਰੇ ਸਾਲ ਅਮਰੀਕਾ ਅਤੇ ਕੁਝ ਹੱਦ ਤੱਕ ਯੂਕੇ ਦਾ ਨਾਮ ਲੈਣ ਦਾ ਕੋਈ ਮੌਕਾ ਨਹੀਂ ਛੱਡਿਆ ਕਿ ਕਿਵੇਂ ਇਹ ਦੇਸ ਕੋਰੋਨਾ ਨਾਲ ਸਹੀ ਤਰੀਕੇ ਨਾਲ ਨਜਿੱਠ ਨਹੀਂ ਪਾ ਰਹੇ।

ਇਹ ਇਸ ਹੱਦ ਤੱਕ ਹੋਇਆ ਕਿ ਚੀਨੀ ਇੰਟਰਨੈੱਟ ਯੂਜ਼ਰਜ਼ ਕੋਵਿਡ-19 ਨੂੰ 'ਅਮਰੀਕੀ ਵਾਇਰਸ' ਜਾਂ 'ਟਰੰਪ ਵਾਇਰਸ' ਕਹਿਣ ਲੱਗੇ।

ਚੀਨੀ ਅਖ਼ਬਾਰ ਅਤੇ ਮੀਡੀਆ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਅਮਰੀਕੀ ਆਗੂਆਂ ਨੇ ਚੋਣ ਮੁਹਿੰਮਾਂ 'ਤੇ ਸਿਹਤ ਸੰਭਾਲ ਖੇਤਰ ਦੇ ਮੁਕਾਬਲੇ ਵੱਧ ਖ਼ਰਚਾ ਕਰਨ ਨੂੰ ਤਰਜ਼ੀਹ ਦਿੱਤੀ ਅਤੇ ਕਿਵੇਂ ਇੱਕ ਲੰਬੀਆਂ ਚੋਣਾਂ ਦੀ ਵਜ੍ਹਾ ਨਾਲ ਸਿਆਸੀ ਧਰੁਵੀਕਰਨ ਹੋਇਆ।

ਜੇ ਇੱਕ ਸੁਨੇਹਾ ਜੋ ਚੀਨ 2021 ਵਿੱਚ ਲੈ ਕੇ ਜਾਣਾ ਚਾਹੇਗਾ, ਉਹ ਇਹ ਹੋਵੇਗਾ ਕਿ ਦੇਸ ਇਸ ਸਾਲ ਨੂੰ ਏਕੇ ਅਤੇ ਖ਼ੁਸ਼ਹਾਲੀ ਦੇ ਨਾਲ ਖ਼ਤਮ ਕਰ ਰਿਹਾ ਹੈ। ਉੱਥੇ ਹੀ ਦੂਜੇ ਦੇਸਾਂ ਵਿੱਚ ਵੰਡ ਅਤੇ ਅਸਥਿਰਤਾ ਦਾ ਡਰ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)