ਭਾਰਤ-ਪਾਕਿਸਤਾਨ ਹਰ ਸਾਲ ਆਪਣੇ ਪਰਮਾਣੂ ਕੇਂਦਰਾਂ ਦੀ ਸੂਚੀ ਇੱਕ-ਦੂਜੇ ਨਾਲ ਕਿਉਂ ਸਾਂਝਾ ਕਰਦੇ ਹਨ

ਸ਼ੁੱਕਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਸਰੇ ਨਾਲ ਆਪੋ-ਆਪਣੀਆਂ ਪਰਮਾਣੂ ਸਥਾਪਨਾਵਾਂ ਦੀ ਸੂਚੀ ਸਾਂਝੀ ਕੀਤੀ। ਅਸਲ ਵਿੱਚ ਇਹ ਹਰ ਸਾਲ ਹੋਣ ਵਾਲੀ ਇੱਕ ਪ੍ਰਕਿਰਿਆ ਹੈ ਜੋ ਦੋਵਾਂ ਦੇਸਾਂ ਦਰਮਿਆਨ ਇੱਕ ਸਮਝੋਤੇ ਤਹਿਤ ਕੀਤੀ ਜਾਂਦੀ ਹੈ।

ਭਾਰਤ ਦੇ ਵਿਦੇਸ਼ ਵਿਭਾਗ ਵੱਲੋਂ ਪਹਿਲੀ ਜਨਵਰੀ ਨੂੰ ਜਾਰੀ ਕੀਤੇ ਗਏ ਇੱਕ ਪ੍ਰੈਸ ਰਿਲੀਜ਼ ਮੁਤਾਬਕ, " ਭਾਰਤ ਅਤੇ ਪਾਕਿਸਤਾਨ ਵਿੱਚ ਅੱਜ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿੱਚ ਇੱਕੋ ਸਮੇਂ ਕੁਟਨੀਤਕਾਂ ਜ਼ਰੀਏ ਉਨਾਂ ਪਰਮਾਣੂ ਸਥਾਪਨਾਵਾਂ ਅਤੇ ਫ਼ੈਸੀਲੀਟੀਜ਼ ਦੀ ਸੂਚੀ ਦਾ ਅਦਾਨ ਪ੍ਰਦਾਨ ਕੀਤਾ ਗਿਆ ਜਿਹੜੀਆਂ ਭਾਰਤ ਪਾਕਿਸਤਾਨ ਦਰਮਿਆਨ ਹੋਈ ਪਰਮਾਣੂ ਸਥਾਪਨਾ ਅਤੇ ਫ਼ੈਸੀਲੀਟੀਜ਼ ਦੇ ਖ਼ਿਲਾਫ਼ ਹਮਲੇ ਦੀ ਮਨਾਹੀ ਸੰਧੀ ਅਧੀਨ ਆਉਂਦੀਆਂ ਹਨ।"

ਇਹ ਵੀ ਪੜ੍ਹੋ:

"ਇਹ ਸੰਧੀ 31 ਦਸੰਬਰ, 1988 ਨੂੰ ਹੋਈ ਸੀ ਅਤੇ 27 ਜਨਵਰੀ, 1991 ਤੋਂ ਲਾਗੂ ਹੈ। ਇਸ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਆਉਣ ਵਾਲੀਆਂ ਪਰਮਾਣੂ ਸਥਾਪਨਾਵਾਂ ਬਾਰੇ ਹਰ ਸਾਲ ਇੱਕ ਜਨਵਰੀ ਨੂੰ ਇੱਕ ਦੂਸਰੇ ਨੂੰ ਦੱਸਦੇ ਹਨ। ਪਹਿਲੀ ਵਾਰ, ਇੱਕ ਜਨਵਰੀ 1992 ਨੂੰ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲਗਾਤਾਰ 30 ਵਾਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।"

ਇਸ ਸੰਧੀ ਮੁਤਾਬਿਕ ਦੋਵੇਂ ਦੇਸ ਇੱਕ ਦੂਸਰੇ ਦੀਆਂ ਪਰਮਾਣੂ ਸਥਪਾਨਾਵਾਂ 'ਤੇ ਹਮਲਾ ਨਹੀਂ ਕਰ ਸਕਦੇ।

ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਦੱਸਿਆ ਕਿ ਇੱਕ ਜਨਵਰੀ ਦੀ ਸਵੇਰ 11 ਵਜੇ (ਪਾਕਿਸਤਾਨ ਸਮੇਂ ਮੁਤਬਿਕ) ਭਾਰਤੀ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਇਹ ਲਿਸਟ ਸੌਂਪੀ ਗਈ ਅਤੇ ਦਿੱਲੀ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਵੇਰੇ 11 ਵਜੇ (ਭਾਰਤੀ ਸਮੇਂ ਮੁਤਾਬਿਕ) ਪਾਕਿਸਤਾਨ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਪਰਮਾਣੂ ਸਥਾਪਨਾਵਾਂ ਦੀ ਲਿਸਟ ਸੌਂਪ ਦਿੱਤੀ।

ਤਣਾਅਪੂਰਣ ਸਬੰਧ ਅਤੇ ਪਰਮਾਣੂ ਹਥਿਆਰ

ਇਹ ਪ੍ਰੀਕਿਰਿਆ ਅਜਿਹੇ ਸਮੇਂ ਹੋਈ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਚੱਲ ਰਿਹਾ ਹੈ। ਫ਼ਰਵਰੀ 2019 ਵਿੱਚ ਪੁਲਵਾਮਾ ਹਮਲੇ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰਸਟ੍ਰਾਈਕ ਦੇ ਬਾਅਦ ਤੋਂ ਹੀ ਦੋਵਾਂ ਦੇਸਾਂ ਵਿੱਚ ਸਥਿਤੀ ਤਣਾਅਪੂਰਣ ਬਣੀ ਹੋਈ ਹੈ।

ਇਹ ਤਣਾਅ ਉਸ ਸਮੇਂ ਹੋਰ ਵੱਧ ਗਿਆ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਉਂਦੇ ਹੋਏ ਇਸ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਦਿੱਤਾ।

ਪਾਕਿਸਤਾਨ ਨੇ ਉਸ ਸਮੇਂ ਭਾਰਤੀ ਹਾਈ ਕਮਿਸ਼ਨ ਨੂੰ ਕੱਢ ਦਿੱਤਾ ਸੀ।

ਭਾਰਤ ਨੇ ਇਸ ਫ਼ੈਸਲੇ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਦਿਆਂ ਕਸ਼ਮੀਰ ਦੇ ਲਾਈਆਂ ਪਾਬੰਦਆਂ ਨੂੰ ਜਾਇਜ਼ ਠਹਿਰਾਇਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਕਿਸ ਕੋਲ ਕਿੰਨੇ ਪਰਮਾਣੂ ਹਥਿਆਰ

ਪਿਛਲੇ ਦਸ ਸਾਲਾਂ ਦੌਰਾਨ ਭਾਰਤ ਅਤੇ ਪਾਕਿਸਤਾਨ ਕੋਲ ਪਰਮਾਣੂ ਬੰਬਾਂ ਦੀ ਗਿਣਤੀ ਦੁਗਣੀ ਤੋਂ ਵੀ ਵਧ ਗਈ ਹੈ ਅਤੇ ਹਾਲੀਆ ਸਾਲਾਂ ਵਿੱਚ ਪਾਕਿਸਤਾਨ ਨੇ ਭਾਰਤ ਦੀ ਤੁਲਣਾ ਵਿੱਚ ਵਧੇਰੇ ਪਰਮਾਣੂ ਬੰਬ ਬਣਾਏ ਹਨ।

ਦੁਨੀਆਂ ਵਿੱਚ ਹਥਿਆਰਾਂ ਦੀ ਸਥਿਤੀ ਅਤੇ ਵਿਸ਼ਵੀ ਸੁਰੱਖਿਆ ਦੀ ਸਮੀਖਿਆ ਕਰਨ ਵਾਲੇ ਸਵੀਡਨ ਦੀ ਸੰਸਥਾ ' ਸਕਾਟਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ' ਨੇ ਆਪਣੀ ਨਵੀਂ ਸਲਾਨਾ ਰਿਪੋਰਟ ਵਿੱਚ ਇਹ ਗੱਲ ਕਹੀ ਸੀ।

ਇੰਸਟੀਚਿਊਟ ਦੇ ਪਰਮਾਣੂ ਨਿਹੱਥੇਕਰਨ, ਹਥਿਆਰ ਨਿਯੰਤਰਣ ਅਤੇ ਗ਼ੈਰ-ਪ੍ਰਸਾਰ ਪ੍ਰੋਗਰਾਮ ਦੇ ਨਿਰਦੇਸ਼ਕ ਸ਼ੈਨਨ ਕਾਈਲ ਨੇ ਬੀਬੀਸੀ ਪੱਤਰਕਾਰ ਨੂੰ ਦੱਸਿਆ ਸੀ ਕਿ ਦੁਨੀਆਂ ਵਿੱਚ ਪਰਮਾਣੂ ਹਥਿਆਰਾਂ ਦਾ ਕੁੱਲ ਉਤਪਾਦ ਘੱਟ ਹੋ ਗਿਆ ਹੈ ਪਰ ਦੱਖਣ ਏਸ਼ੀਆ ਵਿੱਚ ਇਹ ਵੱਧ ਰਿਹਾ ਹੈ।

ਉਨ੍ਹਾਂ ਨੇ ਕਿਹਾ ਸੀ, "ਸਾਲ 2009 ਵਿੱਚ ਅਸੀਂ ਦੱਸਿਆ ਸੀ ਕਿ ਭਾਰਤ ਕੋਲ 60 ਤੋਂ 70 ਪਰਮਾਣੂ ਬੰਬ ਹਨ। ਉਸ ਸਮੇਂ ਪਾਕਿਸਤਾਨ ਕੋਲ ਕਰੀਬ 60 ਪਰਮਾਣੂ ਬੰਬ ਸਨ, ਪਰ ਦਸ ਸਾਲਾਂ ਦੌਰਾਨ ਦੋਵਾਂ ਦੇਸਾਂ ਨੇ ਆਪਣੇ ਪਰਮਾਣੂ ਬੰਬਾਂ ਦੀ ਗਿਣਤੀ ਦੁਗਣੀ ਤੋਂ ਵੀ ਵੱਧ ਕਰ ਲਈ ਹੈ।"

ਸ਼ੈਨਨ ਕਾਈਲ ਨੇ ਕਿਹਾ ਸੀ, ''ਪਾਕਿਸਤਾਨ ਕੋਲ ਹੁਣ ਭਾਰਤ ਦੇ ਮੁਕਾਬਲੇ ਵਧੇਰੇ ਪਰਮਾਣੂ ਬੰਬ ਹਨ। ਵੱਖ ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਹੁਣ 130 ਤੋਂ 140 ਪਰਮਾਣੂ ਬੰਬ ਹਨ ਜਦੋਂ ਕਿ ਪਾਕਿਸਤਾਨ ਕੋਲ 150 ਤੋਂ 160 ਪਰਮਾਣੂ ਬੰਬ ਹਨ।''

ਉਨ੍ਹਾਂ ਅੱਗੇ ਕਿਹਾ, '' ਮੌਜੂਦਾ ਸਮੇਂ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਆਪਣੇ ਸਿਖ਼ਰ 'ਤੇ ਹੈ ਅਤੇ ਇਹ ਪਰਮਾਣੂਆਂ ਦੀ ਗਿਣਤੀ ਵਧਾਏ ਜਾਣ ਵੱਲ ਸੰਕੇਤ ਦਿੰਦਾ ਹੈ। ਹਾਲਾਂਕਿ ਦੋਵਾਂ ਦੇਸਾਂ ਦਰਮਿਆਨ ਪਰਮਾਣੂ ਹਥਿਆਰਾਂ ਦੀ ਅਜਿਹੀ ਕੋਈ ਦੌੜ ਨਹੀਂ ਹੈ ਜੋ ਸ਼ੀਤ ਯੁੱਧ ਦੌਰਾਨ ਅਮਰੀਕਾ ਅਤੇ ਰੂਸ ਦਰਮਿਆਨ ਦੇਖਣ ਨੂੰ ਮਿਲੀ ਸੀ।''

ਸ਼ੈਨਨ ਨੇ ਕਿਹਾ ਸੀ, "ਮੈਂ ਇਸ ਨੂੰ ਸਟ੍ਰੈਟੇਜਿਕ ਆਰਮੀ ਕੰਮਪੀਟੀਸ਼ਨ ਜਾਂ ਰਿਵਰਸ ਮੋਸ਼ਨ ਨਿਊਕਲੀਅਰ ਆਰਮੀ ਰੇਸ ਕਹਾਂਗਾ। ਮੈਨੂੰ ਲੱਗਦਾ ਹੈ ਕਿ ਨੇੜਲੇ ਭਵਿੱਖ ਵਿੱਚ ਇਸ ਸਥਿਤੀ ਵਿੱਚ ਕੋਈ ਬਲਦਾਅ ਦੇਖਣ ਨੂੰ ਨਹੀਂ ਮਿਲੇਗਾ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)