ਡੌਨਲਡ ਟਰੰਪ ਨੇ ਅਧਿਕਾਰੀ ਨੂੰ ਫੋਨ ਕਰਕੇ ਕਿਹਾ ਮੈਨੂੰ 11780 ਵੋਟਾਂ ਦੀ ਲੋੜ ਹੈ, ਫੋਨ ਰਿਕਾਰਡਿੰਗ 'ਚ ਖੁਲਾਸਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਇੱਕ ਫੋਨ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿੱਚ ਉਹ ਜੌਰਜੀਆ ਸੂਬੇ ਦੇ ਸੀਨੀਅਰ ਚੋਣ ਅਧਿਕਾਰੀ ਨੂੰ ਆਪਣੀਆਂ ਜਿੱਤਣ ਲਾਇਕ ਵੋਟਾਂ ਦਾ ਇੰਤਜ਼ਾਮ ਕਰਨ ਲਈ ਕਹਿ ਰਹੇ ਹਨ।

ਵਾਸ਼ਿੰਗਟਨ ਪੋਸਟ ਨੇ ਇਹ ਰਿਕਾਰਡਿੰਗ ਜਾਰੀ ਕੀਤੀ ਹੈ। ਇਸ ਵਿੱਚ ਰਾਸ਼ਟਰਪਤੀ ਟਰੰਪ ਰਿਪਬਲੀਕਨ ਸੈਕਟਰੀ ਸਟੇਟ ਬ੍ਰੇਡ ਰੇਫ਼ੇਨਸਪਰਜਰ ਨੂੰ ਕਹਿ ਰਹੇ ਹਨ, "ਮੈਂ ਸਿਰਫ 11780 ਵੋਟਾਂ ਚਾਹੁੰਦਾ ਹਾਂ।"

ਰੇਫ਼ੇਨਸਪਰਜਰ ਟਰੰਪ ਨੂੰ ਦੱਸ ਰਹੇ ਹਨ ਕਿ ਜੌਰਜੀਆ ਦੇ ਨਤੀਜੇ ਸਹੀ ਹਨ।

ਇਹ ਵੀ ਪੜ੍ਹੋ

ਸੂਬੇ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕਰੇਟ ਉਮੀਦਵਾਰ ਜੋਅ ਬਾਈਡਨ ਜੇਤੂ ਰਹੇ। ਉਨ੍ਹਾਂ ਨੇ ਕੁਲ 306 ਇਲੈਕਟੋਰਲ ਵੋਟਾਂ ਜਿੱਤੀਆਂ ਸੀ ਜਦੋਂ ਕਿ ਟਰੰਪ ਨੇ 232 ਵੋਟਾਂ ਹਾਸਲ ਕੀਤੀਆਂ ਸਨ।

ਹਾਲਾਂਕਿ ਵੋਟ ਪਾਉਣ ਤੋਂ ਬਾਅਦ ਤੋਂ ਹੀ ਰਾਸ਼ਟਰਪਤੀ ਟਰੰਪ ਚੋਣਾਂ ਵਿੱਚ ਵੱਡੇ ਪੱਧਰ 'ਤੇ ਧੋਖਾਧੜੀ ਦਾ ਇਲਜ਼ਾਮ ਲਗਾ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।

ਅਮਰੀਕਾ ਦੇ ਸਾਰੇ 50 ਸੂਬਿਆਂ ਨੇ ਹੁਣ ਚੋਣ ਨਤੀਜਿਆਂ ਦੀ ਤਸਦੀਕ ਕਰ ਦਿੱਤੀ ਹੈ। ਇਹ ਕੁਝ ਸੂਬਿਆਂ ਵਿੱਚ ਮੁੜ ਗਿਣਤੀ ਕਰਨ ਅਤੇ ਅਪੀਲ ਕਰਨ ਤੋਂ ਬਾਅਦ ਕੀਤਾ ਗਿਆ ਹੈ।

ਯੂਐੱਸ ਦੀਆਂ ਅਦਾਲਤਾਂ ਹੁਣ ਤੱਕ ਜੋਅ ਬਾਇਡਨ ਦੀ ਜਿੱਤ ਦੇ ਵਿਰੁੱਧ ਦਾਇਰ 60 ਪਟੀਸ਼ਨਾਂ ਨੂੰ ਰੱਦ ਕਰ ਚੁੱਕੀਆਂ ਹਨ।

ਯੂਐੱਸ ਕਾਂਗਰਸ 6 ਜਨਵਰੀ ਨੂੰ ਚੋਣ ਨਤੀਜਿਆਂ ਨੂੰ ਸਵੀਕਾਰ ਕਰੇਗੀ। ਜੋਅ ਬਾਈਡਨ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ।

ਦੂਜੇ ਪਾਸੇ, ਮੰਗਲਵਾਰ ਨੂੰ ਜੌਰਜੀਆ ਵਿੱਚ ਸੈਨੇਟ ਦੀਆਂ ਦੋ ਸੀਟਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਸੀਟਾਂ ਦਾ ਨਤੀਜਾ ਸੂਬੇ ਵਿੱਚ ਸ਼ਕਤੀ ਦੇ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਜੇ ਡੈਮੋਕ੍ਰੇਟ ਪਾਰਟੀ ਦੇ ਦੋਵੇਂ ਉਮੀਦਵਾਰ ਜਿੱਤ ਜਾਂਦੇ ਹਨ ਤਾਂ ਦੋਵਾਂ ਰਿਪਬਲੀਕਨ ਅਤੇ ਡੈਮੋਕਰੇਟ ਪਾਰਟੀਆਂ ਦੇ ਸੈਨੇਟ ਵਿੱਚ ਬਰਾਬਰ ਦੇ ਨੁਮਾਇੰਦੇ ਹੋਣਗੇ ਅਤੇ ਫਿਰ ਫੈਸਲਾ ਲੈਣ ਵਾਲੀ ਵੋਟ ਉਪ-ਰਾਸ਼ਟਰਪਤੀ ਕਮਲਾ ਹੈਰਿਸ ਕੋਲ ਹੋਵੇਗੀ।

ਡੈਮੋਕਰੇਟਸ ਕੋਲ ਪਹਿਲਾਂ ਹੀ ਕਾਂਗਰਸ ਦੇ ਹੇਠਲੇ ਸਦਨ ਵਿੱਚ ਬਹੁਮਤ ਹੈ।

ਕਾਲ ਰਿਕਾਰਡਿੰਗ ਵਿੱਚ ਕੀ ਹੈ?

ਵਾਸ਼ਿੰਗਟਨ ਪੋਸਟ ਨੇ ਇੱਕ ਕਾਲ ਰਿਕਾਰਡਿੰਗ ਜਾਰੀ ਕੀਤੀ ਹੈ। ਇਸ ਵਿੱਚ, ਰਾਸ਼ਟਰਪਤੀ ਟਰੰਪ ਨੂੰ ਜੌਰਜੀਆ ਦੇ ਸੈਕਟਰੀ ਸਟੇਟ ਉੱਤੇ ਦਬਾਅ ਬਣਾਉਂਦੇ ਸੁਣਿਆ ਜਾ ਸਕਦਾ ਹੈ।

ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਜੌਰਜੀਆ ਦੀ ਚੋਣ ਜਿੱਤ ਲਈ ਹੈ ਅਤੇ ਇਹ ਕਹਿਣ ਵਿੱਚ ਕੋਈ ਗਲਤ ਗੱਲ ਨਹੀਂ ਹੋਵੇਗੀ ਕਿ ਮੁੜ ਗਿਣਤੀ ਕੀਤੀ ਗਈ ਹੈ।

ਰੇਫ਼ੇਨਸਪਰਜਰ ਇਸਦਾ ਜਵਾਬ ਦਿੰਦੇ ਕਹਿੰਦੇ ਹਨ, 'ਰਾਸ਼ਟਰਪਤੀ ਸਾਬ੍ਹ, ਤੁਹਾਡੇ ਸਾਹਮਣੇ ਚੁਣੌਤੀ ਇਹ ਹੈ ਕਿ ਜੋ ਡਾਟਾ ਤੁਸੀਂ ਦਿਖਾ ਰਹੇ ਹੋ ਉਹ ਗ਼ਲਤ ਹੈ।'

ਰਾਸ਼ਟਰਪਤੀ ਟਰੰਪ ਨੇ ਇਸ ਅਧਿਕਾਰੀ ਨੂੰ ਸੰਭਾਵਿਤ ਕਾਨੂੰਨੀ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ।

ਉਹ ਕਹਿੰਦੇ ਹਨ, 'ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੈ ਅਤੇ ਇਸ ਬਾਰੇ ਜਾਣਕਾਰੀ ਨਾ ਦੇਣਾ ਗ਼ੁਨਾਹ ਹੈ। ਤੁਸੀਂ ਅਜਿਹਾ ਹੋਣ ਨਹੀਂ ਦੇ ਸਕਦੇ ਹੋ। ਇਹ ਤੁਹਾਡੇ ਅਤੇ ਤੁਹਾਡੇ ਵਕੀਲ ਰਿਆਨ ਲਈ ਇਕ ਵੱਡਾ ਖ਼ਤਰਾ ਹੈ।'

ਰਾਸ਼ਟਰਪਤੀ ਟਰੰਪ ਨੇ ਰੇਫ਼ੇਨਸਪਰਜਰ ਨੂੰ ਸੂਬੇ ਦੇ ਨਤੀਜਿਆਂ ਦੀ ਮੁੜ ਪੜਤਾਲ ਕਰਨ ਲਈ ਕਿਹਾ।

ਵ੍ਹਾਈਟ ਹਾਊਸ ਨੇ ਅਜੇ ਤੱਕ ਕਾਲ ਰਿਕਾਰਡਿੰਗ ਨੂੰ ਜਾਰੀ ਕਰਨ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ

ਸਾਬਕਾ ਰੱਖਿਆ ਮੰਤਰੀਆਂ ਦੀ ਟਰੰਪ ਤੋਂ ਅਪੀਲ

ਅਮਰੀਕਾ ਵਿੱਚ ਰਹਿੰਦੇ ਸਾਰੇ ਦਸ ਸਾਬਕਾ ਰੱਖਿਆ ਮੰਤਰੀਆਂ ਨੇ ਰਾਸ਼ਟਰਪਤੀ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਨਤੀਜਿਆਂ 'ਤੇ ਸਵਾਲ ਨਾ ਉਠਾਉਣ ਅਤੇ ਵਿਵਾਦ ਵਿੱਚ ਫੌਜ ਨੂੰ ਸ਼ਾਮਲ ਨਾ ਕਰਨ।

ਵਾਸ਼ਿੰਗਟਨ ਪੋਸਟ ਲਈ ਲਿਖੇ ਲੇਖ ਵਿੱਚ ਸਾਬਕਾ ਮੰਤਰੀਆਂ ਨੇ ਕਿਹਾ ਕਿ ਚੋਣ ਵਿਵਾਦ ਨੂੰ ਸੁਲਝਾਉਣ ਵਿੱਚ ਅਮਰੀਕੀ ਫੌਜ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਦੇਸ਼ ਨੂੰ ਖ਼ਤਰਨਾਕ, ਗ਼ੈਰ ਕਾਨੂੰਨੀ ਅਤੇ ਸੰਵਿਧਾਨਕ ਜ਼ਮੀਨਾਂ ਵੱਲ ਲੈ ਜਾਣਗੀਆਂ।

ਲੇਖ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਰੱਖਿਆ ਵਿਭਾਗ ਵਿੱਚ ਸੱਤਾ ਦੀ ਤਬਦੀਲੀ ਦਾ ਪਾਰਦਰਸ਼ੀ ਢੰਗ ਨਾਲ ਹੋਣਾ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)