ਕਿਸਾਨ ਅੰਦੋਲਨ: ਸਿੱਧੂ ਨੇ ਕਿਹਾ,'ਕੇਂਦਰ ਪਹਿਲਾਂ ਦਿੱਲੀ ਬਾਰਡਰ 'ਤੇ ਮਰ ਰਹੇ ਕਿਸਾਨਾਂ ਦੀ ਫਿਕਰ ਕਰੇ, ਪੰਜਾਬ ਠੀਕ ਹੈ'

ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਅਸੀਂ ਤੁਹਾਨੂੰ ਇਸ ਪੇਜ ਰਾਹੀਂ ਅਪਡੇਟ ਦੇਵਾਂਗੇ। ਕਿਸਾਨਾਂ ਨੇ ਲੋਹੜੀ ਦੇ ਤਿਉਹਾਰ ਨੂੰ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਉੱਪਰ ਰਾਜਧਰਮ ਚੇਤੇ ਕਰਵਾਇਆ ਹੈ।

ਉੱਥੇ ਹੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਿੱਧੂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪਹਿਲਾਂ ਦਿੱਲੀ ਬਾਰਡਰ 'ਤੇ ਮਰ ਰਹੇ ਕਿਸਾਨਾਂ ਦੀ ਫਿਕਰ ਕਰੇ, ਪੰਜਾਬ ਠੀਕ ਹੈ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਟਵੀਟ ਕੀਤੀ ਅਤੇ ਇਸ ਲਿਖਿਆ, "ਪੰਜਾਬ 'ਚ ਕਾਨੂੰਨ-ਵਿਵਸਥਾ ਸੰਬੰਧੀ ਕੋਈ ਵੀ ਸਮੱਸਿਆ ਨਹੀਂ ਹੈ। ਸਰਕਾਰ ਨੂੰ ਪਹਿਲੀ ਫ਼ਿਕਰ ਦਿੱਲੀ ਬਾਰਡਰ 'ਤੇ ਮਰ ਰਹੇ ਕਿਸਾਨਾਂ ਦੀ ਹੋਣੀ ਚਾਹੀਦੀ ਹੈ। ਪਰ ਸਰਕਾਰ ਪੰਜਾਬੀਆਂ ਨੂੰ ਦੇਸ਼ ਵਿਰੋਧੀ ਆਖ ਲੋਕਾਂ ਦੀ ਆਵਾਜ਼ ਕੁਚਲ ਕੇ ਕੁਝ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਹਿੱਤ ਬਚਾਉਣ ਤੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਉਣ ਦਾ ਬਹਾਨਾ ਲੱਭ ਰਹੀ ਹੈ।"

ਇਹ ਵੀ ਪੜ੍ਹੋ:

ਕਿਸਾਨਾਂ ਦਾ ਲੋਹੜੀ ਦੇ ਤਿਉਹਾਰ ਨੂੰ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਮਨਾਉਣ ਦਾ ਐਲਾਨ

ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਗੱਲਾਂ

  • 13 ਜਨਵਰੀ ਤੱਕ ਜੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਕਾਨੂੰਨਾਂ ਦੀਆਂ ਕਾਪੀਆਂ ਨੂੰ ਬਦੀ ਦੀ ਜੜ੍ਹ ਵਾਂਗ ਸਾੜ ਕੇ ਮਨਾਈ ਜਾਵੇਗੀ।
  • 16-20 ਤਰੀਕ ਤੱਕ ਦੇਸ਼ ਭਰ ਵਿੱਚ ਜਿਵੇਂ ਵੀ ਲੋਕ ਚਾਹੁਣ ਕਿਸਾਨਾਂ ਦੇ ਪੱਖ ਵਿੱਚ ਪ੍ਰਦਰਸ਼ਨ ਕਰਨ।
  • ਮੋਗਾ ਵਿੱਚ ਭਾਜਪਾ ਆਗੂ ਦੇ ਘਰ ਦਾ ਘਿਰਾਓ ਕਰਨ ਗਏ ਕਿਸਾਨਾਂ ਉੱਪਰ ਲਾਠੀਚਾਰਜ ਦੀ ਕਿਸਾਨ ਜਥੇਬੰਦੀਆਂ ਨੇ ਨਿੰਦਾ ਕੀਤੀ।
  • ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗੋਹੇ ਦੀ ਟਰਾਲੀ ਸੁੱਟਣ ਵਾਲਿਆਂ ਖ਼ਿਲਾਫ਼ ਫ਼ੌਜਦਾਰੀ ਪਰਚੇ ਦਰਜ ਕਰਵਾਉਣਾ ਗਲਤ ਹੈ।
  • ਕਿਸਾਨ ਜਥੇਬੰਦੀਆਂ ਨੇ ਤੀਕਸ਼ਣ ਸੂਦ ਉੱਪਰ ਭੱਦੀ ਸ਼ਬਦਾਵਲੀ ਵਰਤਣ ਲਈ ਪਰਚਾ ਦਰਜ ਕੀਤੇ ਜਾਣ ਦੀ ਮੰਗ ਕੀਤੀ।

ਸੋਨੀਆ ਗਾਂਧੀ ਨੇ ਮੋਦੀ ਸਰਕਾਰ ਨੂੰ ‘ਰਾਜ ਧਰਮ’ ਚੇਤੇ ਕਰਵਾਇਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਇੱਕ ਹੰਕਾਰੀ ਸਰਕਾਰ ਸੱਤਾ ਵਿੱਚ ਆਈ ਹੈ, ਜਿਸ ਨੂੰ ਅੰਨਦਾਤਿਆਂ ਦੇ ਤਕਲੀਫ਼ ਨਹੀਂ ਦਿਖ ਰਹੀ। ਉਨ੍ਹਾਂ ਨੇ ਫੌਰੀ ਬਿਨਾਂ ਕਿਸੇ ਸ਼ਰਤ ਤੋਂ ਤਿੰਨੇ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਸਰਕਾਰ ਤੋਂ ਮੰਗ ਕੀਤੀ ਹੈ।

ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਅਤੇ ਉਸ ਦੇ ਆਗੂ ਲੋਕਤੰਤਰ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਅਣਦੇਖਿਆਂ ਕਰ ਕੇ ਜ਼ਿਆਦਾ ਦਿਨਾਂ ਤੱਕ ਨਹੀਂ ਚੱਲ ਸਕਦੇ ਹਨ ਅਤੇ ਹੁਣ ਇਹ ਸਾਫ਼ ਹੋ ਗਿਆ ਹੈ ਕਿ ਕਿਸਾਨ ਸਰਕਾਰ ਦੀ ਥਕਾ ਕੇ ਅੰਦੋਲਨ ਤੋੜਨ ਦੀ ਨੀਤੀ ਦੇ ਸਾਹਮਣੇ ਝੁਕਣ ਵਾਲੇ ਨਹੀਂ ਹਨ।

ਉਨ੍ਹਾਂ ਨੇ ਕਿਹਾ,"ਹਾਲੇ ਵੀ ਵੇਲਾ ਹੈ, ਮੋਦੀ ਸਰਕਾਰ ਨੂੰ ਸੱਤਾ ਦਾ ਆਪਣਾ ਹੰਕਾਰ ਛੱਡ ਦੇਣਾ ਚਾਹੀਦਾ ਹੈ ਅਤੇ ਫੌਰਨ ਤਿੰਨੇਂ ਕਾਲੇ ਕਾਨੂੰਨਾਂ ਨੂੰ ਬਿਨਾਂ ਸ਼ਰਤ ਵਾਪਸ ਲੈ ਕੇ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਨੂੰ ਖ਼ਤਮ ਕਰਨਾ ਚਾਹੀਦਾ ਹੈ ਜਿਹੜੇ ਠੰਢ ਅਤੇ ਮੀਂਹ ਵਿੱਚ ਮਰ ਰਹੇ ਹਨ। ਇਹ ਰਾਜਧਰਮ ਹੋਵੇਗਾ ਅਤੇ ਮਾਰੇ ਗਏ ਕਿਸਾਨਾਂ ਦੇ ਪ੍ਰਤੀ ਸ਼ਰਧਾਂਜਲੀ ਹੋਵੇਗੀ।"

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਤੰਤਰ ਦਾ ਮਤਲਬ ਜਨਤਾ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਹੁੰਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ,"ਦੇਸ਼ ਦੇ ਲੋਕਾਂ ਦੇ ਨਾਲ ਮੈਂ ਵੀ 39 ਦਿਨਾਂ ਤੋਂ ਦਿੱਲੀ ਦੀ ਕੜਾਕੇ ਦੀ ਠੰਢ ਅਤੇ ਮੀਂਹ ਵਿੱਚ ਅੰਦੋਲਨ ਕਰ ਰਹੇ ਅੰਨਦਾਤਿਆਂ ਦੇ ਹਾਲਾਤ ਨੂੰ ਦੇਖ ਕੇ ਫਿਕਰਮੰਦ ਹਾਂ।"

ਅਸ਼ਵਨੀ ਸ਼ਰਮਾ ਖ਼ਿਲਾਫ਼ ਹੋਈ ਨਾਅਰੇਬਾਜ਼ੀ

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਅੱਜ ਮੋਗਾ ਪਹੁੰਚਣ ਉੱਤੇ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਗਿਆ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਹਮੋ ਸਾਹਮਣੇ ਹੋ ਗਏ। ਦੋਵਾਂ ਧਿਰਾਂ ਨੇ ਇੱਕ ਦੂਜੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ।

ਅਸ਼ਵਨੀ ਸ਼ਰਮਾ ਇੱਥੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਉਨ੍ਹਾਂ ਦਾ ਹਾਲ ਚਾਲ ਪੁੱਛਣ ਆਏ ਸਨ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦੇ ਘਰ ਨੂੰ ਪਿਛਲੇ ਕਈ ਦਿਨਾਂ ਤੋਂ ਘੇਰਿਆ ਹੋਇਆ ਹੈ।

ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਲੁਕਾ ਰਹੀ ਹੈ - ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਨੇ ਪ੍ਰੈੱਸ ਨੂੰ ਸੰਬੋਧਨ ਕਰਕੇ ਕਿਹਾ ਕਿ ਭਾਜਪਾ ਆਗੂਆਂ ਦਾ ਵਿਰੋਧ ਕਰਨ ਵਾਲੇ ਲੋਕ ਕਿਸਾਨ ਨਹੀਂ ਹਨ ਸਗੋਂ ਉਹ ਸ਼ਰਾਰਤ ਅਨਸਰ ਹਨ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ, “ਜੇ ਧਰਨੇ ਲਗਾਉਣ ਦਾ ਅਧਿਕਾਰ ਸਾਰਿਆਂ ਨੂੰ ਹੈ ਤਾਂ ਭਾਜਪਾ ਨੂੰ ਵੀ ਧਰਨੇ ਲਗਾਉਣ ਦਾ ਹੱਕ ਹੈ। 90-90 ਦਿਨਾਂ ਤੋਂ ਸਾਡੇ ਘਰਾਂ ਦੇ ਬਾਹਰ ਧਰਨੇ ਲਗਵਾਏ ਜਾ ਰਹੇ ਹਨ। ਕੀ ਸਾਨੂੰ ਪੰਜਾਬ ਦੇ ਡੀਜੀਪੀ ਸਾਨੂੰ ਆਪਣੇ ਘਰ ਦੇ ਬਾਹਰ ਧਰਨੇ ਲਗਾਉਣ ਦੇਣਗੇ?”

“ਅਸੀਂ ਕਿਸਾਨਾਂ ਨੂੰ ਲੈ ਕੇ ਪੂਰੇ ਸੰਵੇਦਨਸ਼ੀਲ ਹਾਂ ਪਰ ਕੁਝ ਲੋਕ ਕਿਸਾਨਾਂ ਦੀ ਆੜ ਵਿੱਚ ਗਲਤ ਫਾਇਦਾ ਚੁੱਕਣਾ ਚਾਹੁੰਦੇ ਹਨ। ਜੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹਿਤੈਸ਼ੀ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ। ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਤੇ ਹਰ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।”

“ਅੰਦੋਲਨ ਕਰਨਾ ਭਾਜਪਾ ਦਾ ਘਿਰਾਓ ਕਰਨਾ ਨਹੀਂ ਹੈ। ਤੁਸੀਂ ਆਪਣਾ ਮੰਚ ਲਗਾਓ ਤੇ ਭਾਜਪਾ ਨੂੰ ਆਪਣਾ ਮੰਚ ਲਗਾਉਣ ਦਿਓ। ਪੰਜਾਬ ਦੀ ਜਨਤਾ ਤੈਅ ਕਰੇਗੀ ਕੀ ਕੌਣ ਸਹੀ ਹੈ ਤੇ ਕੌਣ ਗਲਤ।”

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਹਨ ਕਿ ਭਾਜਪਾ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਨ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਵੱਲੋਂ ਸਿਆਸੀ ਆਗੂਆਂ ਦੇ ਘਰਾਂ ਵਿੱਚ ਜ਼ਬਰਦਸਤੀ ਵੜ੍ਹਨ ਦੀ ਵੀ ਨਿਖੇਧੀ ਕੀਤੀ ਸੀ।

ਠੰਡ ’ਚ ਬਾਰਡਰਾਂ ‘ਤੇ ਡਟੇ ਕਿਸਾਨ

ਤੜਕੇ ਦਿੱਲੀ ਅਤੇ ਐਨਸੀਆਰ ਵਿੱਚ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ।

ਦਿੱਲੀ ਤੇ ਯੂਪੀ ਦੇ ਬਾਰਡਰਾਂ 'ਤੇ ਡਟੇ ਕਿਸਾਨ ਮੀਂਹ ਪੈਣ ਕਾਰਨ ਦਿੱਕਤਾਂ ਝੱਲ ਰਹੇ ਹਨ। ਪਰ ਅਜਿਹੇ 'ਚ ਵੀ ਕਿਸਾਨ ਆਪਣੇ ਸੰਘਰਸ਼ ਕਾਰਨ ਮਜ਼ਬੂਤੀ ਨਾਲ ਡਟੇ ਹੋਏ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)