ਕੋਰੋਨਾਵਾਇਰਸ: ਮੋਦੀ ਸਰਕਾਰ ਨੇ ਜਿਨ੍ਹਾਂ ਦੋ ਵੈਕਸੀਨਾਂ ਨੂੰ ਮਨਜ਼ੂਰੀ ਦਿੱਤੀ ਹੈ, ਉਨਾਂ 'ਤੇ ਐਨੇ ਸਵਾਲ ਕਿਉਂ

ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਐਤਵਾਰ ਨੂੰ ਕੋਵਿਡ -19 ਦੇ ਇਲਾਜ ਲਈ ਦੋ ਵੈਕਸੀਨਾਂ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ।

ਇਹ ਦੋ ਵੈਕਸੀਨ ਹਨ - ਕੋਵੀਸ਼ੀਲਡ ਅਤੇ ਕੋਵੈਕਸੀਨ। ਹਾਲਾਂਕਿ ਕੋਵੀਸ਼ੀਲਡ ਅਸਲ ਵਿੱਚ ਆਕਸਫੋਰਡ-ਐਸਟ੍ਰਾਜ਼ੈਨੇਕਾ ਦਾ ਭਾਰਤੀ ਸੰਸਕਰਣ ਹੈ, ਉੱਥੇ ਹੀ ਕੋਵੈਕਸੀਨ ਪੂਰੀ ਤਰ੍ਹਾਂ ਭਾਰਤ ਦੀ ਆਪਣੀ ਵੈਕਸੀਨ ਹੈ, ਜਿਸ ਨੂੰ 'ਸਵਦੇਸ਼ੀ ਵੈਕਸੀਨ' ਵੀ ਕਿਹਾ ਜਾ ਰਿਹਾ ਹੈ।

ਕੋਵੀਸ਼ੀਲਡ ਨੂੰ ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਕੰਪਨੀ ਵੱਲੋਂ ਬਣਾਇਆ ਜਾ ਰਿਹਾ ਹੈ। ਉਸੇ ਸਮੇਂ, ਕੋਵੈਕਸੀਨ ਨੂੰ ਭਾਰਤੀ ਬਾਇਓਟੈਕ ਕੰਪਨੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ

ਯੂਕੇ ਵਿਚ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਤੋਂ ਬਾਅਦ ਅਜਿਹੀ ਪੂਰੀ ਸੰਭਾਵਨਾ ਸੀ ਕਿ ਕੋਵੀਸ਼ੀਲਡ ਨੂੰ ਭਾਰਤ ਵਿੱਚ ਮਨਜ਼ੂਰੀ ਮਿਲ ਜਾਵੇਗੀ ਅਤੇ ਅੰਤ ਵਿੱਚ ਇਹ ਇਜਾਜ਼ਤ ਮਿਲ ਗਈ।

ਪਰ ਇਸਦੇ ਨਾਲ, ਕਿਸੇ ਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਭਾਰਤ ਵਿੱਚ ਕੋਵੈਕਸੀਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ।

ਕੋਵੈਕਸੀਨ ਨੂੰ ਇੰਨੀ ਜਲਦੀ ਇਜਾਜ਼ਤ ਦੇਣ ਤੋਂ ਬਾਅਦ, ਕਾਂਗਰਸ ਪਾਰਟੀ ਸਣੇ ਕੁਝ ਸਿਹਤ ਕਰਮਚਾਰੀਆਂ ਨੇ ਇਸ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਕਿਹੜੇ ਮੁੱਦਿਆਂ 'ਤੇ ਉੱਠੇ ਸਵਾਲ

ਐਤਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕਈ ਲੋਕਾਂ ਨੇ ਸਵਾਲ ਚੁੱਕੇ ਕਿ ਦੋਵਾਂ ਨੂੰ ਤੀਜੇ ਟਰਾਇਲਾਂ ਦੇ ਅੰਕੜੇ ਜਾਰੀ ਕੀਤੇ ਬਿਨ੍ਹਾਂ ਹੀ ਪ੍ਰਵਾਨਗੀ ਕਿਵੇਂ ਦਿੱਤੀ ਗਈ।

ਤੀਜੇ ਗੇੜ ਦੇ ਟਰਾਇਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਤੇ ਉਸ ਦਵਾਈ ਦਾ ਟੈਸਟ ਕੀਤਾ ਜਾਂਦਾ ਹੈ ਅਤੇ ਫਿਰ ਉਸਦੇ ਨਤੀਜਿਆਂ ਦੇ ਅਧਾਰ 'ਤੇ ਪਤਾ ਲਾਇਆ ਜਾਂਦਾ ਹੈ ਕਿ ਦਵਾਈ ਕਿੰਨੇ ਫ਼ੀਸਦ ਲੋਕਾਂ 'ਤੇ ਅਸਰ ਕਰ ਰਹੀ ਹੈ।

ਪੂਰੀ ਦੁਨੀਆਂ 'ਚ ਜਿਨ੍ਹਾਂ ਤਿੰਨ ਵੈਕਸੀਨਾਂ ਫ਼ਾਈਡ਼ਰ ਬਾਇਓਇਨਟੈਕ, ਆਕਸਫੋਰਡ ਐਸਟ੍ਰਾਜ਼ੇਨੇਕਾ ਅਤੇ ਮੌਡਰਨਾ ਦੀ ਚਰਚਾ ਹੈ, ਉਨਾਂ ਦੇ ਤੀਜੇ ਗੇੜ ਦੇ ਟਰਾਇਲਾਂ ਦੇ ਅੰਕੜੇ ਵੱਖੋ-ਵੱਖਰੇ ਹਨ। ਆਕਸਫੋਰਡ ਵੈਕਸੀਨ ਨੂੰ 70 ਫ਼ੀਸਦ ਤੱਕ ਕਾਰਗਰ ਦੱਸਿਆ ਗਿਆ ਹੈ।

ਭਾਰਤ ਵਿੱਚ ਕੋਵੈਕਸੀਨ ਤੋਂ ਇਲਾਵਾ ਕੋਵੀਸ਼ੀਲਡ ਕਿੰਨੇ ਲੋਕਾਂ 'ਤੇ ਕਾਰਗਰ ਹੈ ਇਸ 'ਤੇ ਸਵਾਲ ਉੱਠੇ ਹਨ ਪਰ ਆਕਸਫੋਰਡ ਦੀ ਵੈਕਸੀਨ ਹੋਣ ਕਰਕੇ ਇਸ ਨੂੰ ਉਸ ਸ਼ੱਕ ਦੀ ਨਿਗ੍ਹਾ ਨਾਲ ਨਹੀਂ ਦੇਖਿਆ ਜਾ ਰਿਹਾ ਜਿੰਨਾ ਕਿ ਕੋਵੈਸਕੀਨ ਨੂੰ ਦੇਖਿਆ ਜਾ ਰਿਹਾ ਹੈ।

ਕੋਵੀਸ਼ੀਲਡ ਦੇ ਭਾਰਤ ਵਿੱਚ 1600 ਵਲੰਟੀਅਰਾਂ 'ਤੇ ਹੋਏ ਤੀਜੇ ਗੇੜ ਦੇ ਟਰਾਇਲਾਂ ਦੇ ਅੰਕੜੇ ਹਾਲੇ ਜਾਰੀ ਨਹੀਂ ਕੀਤੇ ਗਏ।

ਉੱਥੇ ਹੀ, ਕੋਵੈਕਸੀਨ ਦੇ ਪਹਿਲੇ ਅਤੇ ਦੂਜੇ ਗੇੜ ਦੇ ਟਰਾਇਲਾਂ ਵਿੱਚ 800 ਵਲੰਟਰੀਅਰਾਂ 'ਤੇ ਇਸ ਦਾ ਟਰਾਇਲ ਹੋਇਆ ਸੀ ਜਦਕਿ ਤੀਸਰੇ ਗੇੜ ਦੇ ਟਰਾਇਲਾਂ ਵਿੱਚ 22,500 ਲੋਕਾਂ ਦੇ ਇਸ ਨੂੰ ਪਰਖਣ ਦੀ ਗੱਲ ਕਹੀ ਸੀ। ਪਰ ਇਸ ਦੇ ਅੰਕੜੇ ਜਨਤਕ ਨਹੀਂ ਕੀਤੇ ਗਏ।

ਕੌਣ ਚੁੱਕ ਰਿਹਾ ਹੈ ਸਵਾਲ

ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਕਿਹਾ ਕਿ ਕੋਵੈਸਕੀਨ ਦਾ ਹਾਲੇ ਤੀਜੇ ਗੇੜ ਦਾ ਟਰਾਇਲ ਨਹੀਂ ਹੋਇਆ ਹੈ, ਬਿਨਾਂ ਸੋਚੇ ਸਮਝੇ ਇਜਾਜ਼ਤ ਦੇ ਦਿੱਤੀ ਗਈ ਹੈ ਜੋ ਕਿ ਖ਼ਤਰਨਾਕ ਹੋ ਸਕਦੀ ਹੈ।

ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਟੈਗ ਕਰਦਿਆਂ ਲਿਖਿਆ, "ਡਾਕਟਰ ਹਰਸ਼ਵਰਧਨ ਕ੍ਰਿਪਾ ਕਰਕੇ ਇਸ ਗੱਲ ਨੂੰ ਸਪੱਸ਼ਟ ਕਰੋ। ਸਾਰੇ ਨਰੀਖਣ ਹੋਣ ਤੱਕ ਇਸ ਦੇ ਇਸਤੇਮਾਲ ਤੋਂ ਬਚਿਆ ਜਾਣਾ ਚਾਹੀਦਾ ਹੈ। ਉਸ ਸਮੇਂ ਤੱਕ ਭਾਰਤ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਨਾਲ ਸ਼ੁਰੂਆਤ ਕਰ ਸਕਦਾ ਹੈ।"

ਕਾਂਗਰਸੀ ਨੇਤਾ ਦੇ ਟਵੀਟ ਕਰਨ ਦੀ ਦੇਰ ਸੀ ਕਿ ਸਾਰੇ ਦੇਸ ਵਿੱਚ ਵੈਕਸੀਨ ਸਬੰਧੀ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ। ਕਾਂਗਰਸ ਨੇਤਾ ਜੈਰਾਮ ਰਮੇਸ਼ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਵੀ ਕੋਵੈਕਸੀਨ ਅਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।

ਮੁੰਬਈ ਵਿੱਚ ਲਾਗ ਸਬੰਧੀ ਰੋਗਾਂ ਦੇ ਅਧਿਐਨਕਰਤਾ ਡਾ. ਸਵਪਨਿਲ ਪਾਰਿਖ਼ ਕਹਿੰਦੇ ਹਨ ਕਿ ਡਾਕਟਰ ਇਸ ਵੇਲੇ ਮੁਸ਼ਕਿਲ ਸਥਿਤੀ ਵਿੱਚ ਹਨ।

ਉਨ੍ਹਾਂ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਇਹ ਸਮਾਂ ਰੈਗੂਲੈਟਰੀ ਰੁਕਾਵਟਾਂ ਨੂੰ ਦੂਰ ਕਰਕੇ ਛੇਤੀ ਤੋਂ ਛੇਤੀ ਪ੍ਰਕਿਰਿਆ ਪੂਰੀ ਕਰਨ ਦਾ ਹੈ।"

ਡਾ. ਪਾਰਿਖ ਨੇ ਕਿਹਾ, "ਸਰਕਾਰ ਅਤੇ ਰੈਗੂਲੈਟਰਾਂ ਦੀ ਡਾਟਾ ਨੂੰ ਲੈ ਕੇ ਪਾਰਦਰਸ਼ਤਾ ਦੀ ਜ਼ਿੰਮੇਵਾਰੀ ਹੈ, ਜਿਸਦੀ ਉਨ੍ਹਾਂ ਨੇ ਵੈਕਸੀਨ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਸਮੀਖਿਆ ਕੀਤੀ, ਕਿਉਂਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਲੋਕਾਂ ਦੇ ਭਰੋਸੇ ਨੂੰ ਪ੍ਰਭਾਵਿਤ ਕਰੇਗਾ।"

ਵਿਰੋਧੀ ਧਿਰ ਅਤੇ ਕਈ ਸਿਹਤਕਰਮੀਆਂ ਦੇ ਸਵਾਲਾਂ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਸਾਹਮਣੇ ਆਏ ਅਤੇ ਉਨ੍ਹਾਂ ਨੇ ਲਗਾਤਾਰ ਕਈ ਟਵੀਟ ਕਰਦਿਆਂ ਕੋਵੈਕਸੀਨ ਦੇ ਅਸਰਦਾਰ ਹੋਣ ਸਬੰਧੀ ਦਲੀਲਾਂ ਦਿੱਤੀਆਂ।

ਸਭ ਤੋਂ ਪਹਿਲੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, " ਇਸ ਤਰ੍ਹਾਂ ਦੇ ਗੰਭੀਰ ਮੁੱਦੇ ਦਾ ਸਿਆਸੀਕਰਨ ਕਰਨਾ ਕਿਸੇ ਲਈ ਵੀ ਸ਼ਰਮਨਾਕ ਹੈ। ਸ਼ਸ਼ੀ ਥਰੂਰ, ਅਖਿਲੇਸ਼ ਯਾਦਵ ਅਤੇ ਜੈਰਾਮ ਰਮੇਸ਼ ਕੋਵਿਡ-19 ਵੈਕਸੀਨ ਨੂੰ ਪ੍ਰਵਾਨਗੀ ਦੇਣ ਲਈ ਵਿਗਿਆਨਿਕ ਸਹਿਯੋਗੀ ਪ੍ਰੋਟੋਕਾਲ ਦਾ ਪਾਲਣ ਕੀਤਾ ਗਿਆ ਹੈ ਜਿਸਨੂੰ ਬਦਨਾਮ ਨਾ ਕਰੋ। ਜਾਗੋ ਅਤੇ ਮਹਿਸੂਸ ਕਰੋ ਕਿ ਤੁਸੀਂ ਸਿਰਫ਼ ਆਪਣੇ ਆਪ ਨੂੰ ਬਦਨਾਮ ਕਰ ਰਹੇ ਹੋ।"

ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਨੇ ਕੋਵੈਕਸੀਨ ਦੇ ਸਮਰਥਨ ਵਿੱਚ ਕਈ ਦਲੀਲਾਂ ਦਿੰਦਿਆਂ ਕਈ ਟਵੀਟ ਕੀਤੇ ਹਾਲਾਂਕਿ ਉਨ੍ਹਾਂ ਨੇ ਤੀਸਰੇ ਗੇੜ ਦੇ ਟਰਾਇਲਾਂ ਦੇ ਅੰਕੜਿਆਂ ਦਾ ਜ਼ਿਕਰ ਇਨ੍ਹਾਂ ਟਵੀਟਾਂ ਵਿੱਚ ਵੀ ਨਹੀਂ ਕੀਤਾ।

ਉਨ੍ਹਾਂ ਨੇ ਲਿਖਿਆ ਕਿ ਪੂਰੀ ਦੁਨੀਆਂ ਵਿੱਚ ਵੈਕਸੀਨ ਨੂੰ, ਜਿਨਾਂ ਇੰਨਕੋਡਿੰਗ ਸਪਾਈਕ ਪ੍ਰੋਟੀਨ ਦੇ ਆਧਾਰ 'ਤੇ ਇਜਾਜ਼ਤ ਦਿੱਤੀ ਜਾ ਰਹੀ ਹੈ ਜਿਸਦਾ ਅਸਰ 90 ਫ਼ੀਸਦ ਤੱਕ ਹੈ ਉਥੇ ਹੀ ਕੋਵੈਕਸੀਨ ਵਿੱਚ ਸਰਗਰਮ ਵਾਇਰਸ ਦੇ ਆਧਾਰ 'ਤੇ ਸਪਾਈਕ ਪ੍ਰੋਟੀਨ ਤੋਂ ਇਲਾਵਾ ਹੋਰ ਐਂਟੀਜੈਨਿਕ ਐਪੀਸੋਡ ਹੁੰਦੇ ਹਨ ਤਾਂ ਇਹ ਸੁਰੱਖਿਅਤ ਹੁੰਦੇ ਹੋਏ ਉਨੀ ਹੀ ਅਸਰਦਾਰ ਹੈ ਜਿਨੀਆਂ ਬਾਕੀਆਂ ਨੇ ਦੱਸਿਆ ਹੈ।

ਇਹ ਵੀ ਪੜ੍ਹੋ:

ਇਸਦੇ ਨਾਲ ਹੀ ਡਾ. ਹਰਸ਼ਵਰਧਨ ਨੇ ਦੱਸਿਆ ਕਿ ਕੋਵੈਕਸੀਨ ਕੋਰੋਨਾ ਵਾਇਰਸ ਦੇ ਨਵੇਂ ਰੂਪ (ਵੇਰੀਐਂਟ) 'ਤੇ ਵੀ ਅਸਰਦਾਰ ਹੈ।

ਕੇਂਦਰੀ ਮੰਤਰੀ ਨੇ ਟਵੀਟ ਕਰਕੇ ਇਹ ਵੀ ਦੱਸਿਆ ਕਿ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ (ਈਯੂਏ) ਸ਼ਰਤਾਂ ਦੇ ਆਧਾਰ 'ਤੇ ਦਿੱਤੀ ਗਈ ਹੈ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, " ਜਿਹੜੇ ਅਫ਼ਵਾਹਾਂ ਫ਼ੈਲਾਅ ਰਹੇ ਹਨ ਉਹ ਜਾਣ ਲੈਣ ਕਿ ਕਲੀਨੀਕਲ ਟਰਾਇਲ ਮੋਡ ਵਿੱਚ ਵੈਕਸੀਨ ਲਈ ਏਯੂਏ ਸ਼ਰਤਾਂ ਸਹਿਤ ਦਿੱਤਾ ਗਿਆ ਹੈ। ਕੋਵੈਕਸੀਨ ਨੂੰ ਮਿਲੀ ਈਯੂਏ ਕੋਵਿਡਸ਼ੀਲਡ ਤੋਂ ਬਿਲਕੁਲ ਅਲੱਗ ਹੈ ਕਿਉਂਕਿ ਇਹ ਕਲੀਨੀਕਲ ਟਰਾਇਲ ਮੋਡ ਵਿੱਚ ਇਸਤੇਮਾਲ ਹੋਵੇਗੀ। ਕੋਵੈਕਸੀਨ ਲੈਣ ਵਾਲੇ ਸਾਰੇ ਲੋਕਾਂ ਨੂੰ ਟਰੈਕ ਕੀਤਾ ਜਾਵੇਗਾ ਉਨ੍ਹਾਂ ਦੀ ਮੌਨੀਟਰਿੰਗ ਹੋਵੇਗੀ, ਜੇ ਉਹ ਟਰਾਇਲ ਵਿੱਚ ਹਨ।"

ਭਾਰਤ ਬਾਇਓਟੈਕ ਦਾ ਕੀ ਕਹਿਣਾ ਹੈ

ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਦੇ ਚੇਅਰਮੈਨ ਕ੍ਰਿਸ਼ਨ ਇਲਾ ਨੇ ਬਿਆਨ ਜਾਰੀ ਕੀਤਾ ਹੈ, " ਸਾਡਾ ਟੀਚਾ ਉਸ ਆਬਾਦੀ ਤੱਕ ਗਲੋਬਲ ਪਹੁੰਚ ਲੈ ਜਾਣਾ ਹੈ, ਜਿਸ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੈ।"

ਉਨ੍ਹਾਂ ਨੇ ਬਿਆਨ ਵਿੱਚ ਕਿਹਾ, "ਕੋਵੈਕਸੀਨ ਨੇ ਸ਼ਾਨਦਾਰ ਸੁਰੱਖਿਆ ਅੰਕੜੇ ਦਿੱਤੇ ਹਨ ਜਿਸ ਵਿੱਚ ਕਈ ਵਾਇਰਲ ਪ੍ਰੋਟੀਨਜ਼ ਨੇ ਮਜ਼ਬੂਤ ਪ੍ਰਤੀਰੋਧਕ ਪ੍ਰੀਕਿਰਿਆ ਦਿੱਤੀ ਹੈ।"

ਹਾਲਾਂਕਿ ਕੰਪਨੀ ਅਤੇ ਡੀਸੀਜੀਆਈ ਨੇ ਵੀ ਕੋਈ ਅਜਿਹੇ ਅੰਕੜੇ ਜਾਰੀ ਨਹੀਂ ਕੀਤੇ ਜੋ ਦੱਸ ਸਕਣ ਕਿ ਵੈਕਸੀਨ ਕਿੰਨੀ ਅਸਰਦਾਰ ਅਤੇ ਸੁਰੱਖਿਅਤ ਹੈ ਪਰ ਸਮਾਚਾਰ ਏਜੰਸੀ ਰਾਇਟਰਜ਼ ਦੇ ਇੱਕ ਸੂਤਰ ਨੇ ਦੱਸਿਆ ਕਿ ਇਸ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਾ ਅਸਰ 60 ਫ਼ੀਸਦ ਤੋਂ ਜ਼ਿਆਦਾ ਹੈ।

ਦਿੱਲੀ ਏਮਜ਼ ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਇੱਕ ਸਮਾਚਾਰ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਉਹ ਐਮਰਜੈਂਸੀ ਸਥਿਤੀ ਵਿੱਚ ਹੀ ਕੋਵੈਕਸੀਨ ਨੂੰ ਇੱਕ ਬੈਕਅੱਪ ਦੇ ਰੂਪ ਵਿੱਚ ਦੇਖਦੇ ਹਨ ਅਤੇ ਹਾਲ ਦੀ ਘੜੀ ਕੋਵੀਸ਼ੀਲਡ ਮੁੱਖ ਵੈਕਸੀਨ ਦੇ ਰੂਪ ਵਿੱਚ ਇਸਤੇਮਾਲ ਹੋਵੇਗੀ।

ਗੁਲੇਰੀਆ ਦੇ ਇਸ ਬਿਆਨ 'ਤੇ ਸੀਨੀਅਰ ਪੱਤਰਕਾਰ ਤਲਵੀਨ ਸਿੰਘ ਨੇ ਰੀਟਵੀਟ ਕਰਦਿਆਂ ਲਿਖਿਆ ਹੈ, ''ਇਸਦਾ ਕੀ ਮਤਲਬ ਹੈ? ਜੇ ਟੀਕਾਕਰਣ ਦੇ ਬੈਕਅੱਪ ਦੀ ਲੋੜ ਹੈ ਤਾਂ ਫ਼ਿਰ ਵੈਕਸੀਨ ਦਾ ਕੀ ਮਤਲਬ ਹੈ।''

ਉਨ੍ਹਾਂ ਨੇ ਕਿਹਾ ਉਸ ਸਮੇਂ ਤੱਕ ਕੋਵੈਕਸੀਨ ਦੀਆਂ ਹੋਰ ਦਵਾਈਆਂ ਤਿਆਰ ਹੋਣਗੀਆਂ ਅਤੇ ਤੀਜੇ ਗੇੜ ਦੇ ਮਜ਼ਬੂਤ ਡਾਟਾ ਦਾ ਇਸਤੇਮਾਲ ਕਰਨਗੇ ਜੋ ਦੱਸੇਗਾ ਕਿ ਇਹ ਕਿੰਨੀ ਸੁਰੱਖਿਅਤ ਅਤੇ ਅਸਰਦਾਰ ਹੈ ਪਰ ਸ਼ੁਰੂਆਤੀ ਹਫ਼ਤੇ ਲਈ ਕੋਵੀਸ਼ੀਲਡ ਦੀ ਵਰਤੋਂ ਕੀਤੀ ਜਾਵੇਗੀ ਜਿਸਦੀਆਂ ਪੰਜ ਕਰੋੜ ਖ਼ੁਰਾਕਾਂ ਮੌਜੂਦ ਹਨ।

ਵੈਕਸੀਨ ਦੇ ਸਵਦੇਸ਼ੀ ਹੋਣ ਅਤੇ ਰਾਸ਼ਟਰਵਾਦ ਦਾ ਸਬੰਧ

ਵੈਕਸੀਨ ਦੇ ਨਿਰਮਾਣ ਤੇ ਸਮੇਂ ਤੋਂ ਇੱਕ ਤਬਕਾ ਇਸ ਨੂੰ 'ਸਵਦੇਸ਼ੀ ਵੈਕਸੀਨ' ਕਹਿ ਰਿਹਾ ਹੈ। ਕੋਵੀਸ਼ੀਲਡ ਵੀ ਭਾਰਤ ਵਿੱਚ ਬਣ ਰਹੀ ਹੈ ਪਰ ਉਹ ਮੂਲ ਰੂਪ ਵਿੱਚ ਆਕਸਫੋਰਡ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਹੈ।

ਦੋਵਾਂ ਵੈਕਸੀਨਾਂ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਵਿੱਚ ਲਿਖਿਆ ਕਿ ਜਿਨ੍ਹਾਂ ਵੈਕਸੀਨਾਂ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ, ਉਹ ਦੋਵੇਂ ਹੀ ਮੇਡ ਇੰਨ ਇੰਡੀਆ ਹਨ, ਇਹ ਆਤਮਨਿਰਭਰ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਸਾਡੇ ਵਿਗਿਆਨਿਕ ਭਾਈਚਾਰੇ ਦੀ ਇੱਛਾਸ਼ਕਤੀ ਨੂੰ ਦਰਸਾਉਂਦਾ ਹੈ।

ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਵੀ ਵੈਕਸੀਨ ਰਾਸ਼ਟਰਵਾਦ ਸਬੰਧੀ ਕਿਹਾ, ''ਚੀਨ ਅਤੇ ਰੂਸ ਨੇ ਲੱਖਾਂ ਲੋਕਾਂ ਨੂੰ ਤੀਜੇ ਗੇੜ ਜਾ ਡਾਟਾ ਜਨਤਕ ਕੀਤੇ ਬਿਨਾਂ ਵੈਕਸੀਨ ਲਾਈ ਅਤੇ ਹੁਣ ਭਾਰਤ ਨੇ ਵੀ ਤੀਸਰੇ ਟਰਾਇਲ ਦੀ ਸਮੀਖਿਆ ਕੀਤੇ ਬਿਨਾ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਖ਼ਤਰਨਾਕ ਹੈ। ਇੱਕ ਗ਼ਲਤੀ ਨਾਲ ਵੈਕਸੀਨ ਦੇ ਭਰੋਸੇ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।''

ਪ੍ਰਧਾਨ ਮੰਤਰੀ ਨੇ ਜਿਥੇ ਵੈਕਸੀਨ ਨੂੰ 'ਮੇਡ ਇੰਨ ਇੰਡੀਆ' ਦੱਸਦੇ ਹੋਏ ਇਸ 'ਤੇ ਮਾਣ ਕਰਨ ਦੀ ਗੱਲ ਕਹੀ। ਉਥੇ ਹੀ ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਟਵੀਟ ਕਰਕੇ ਵਿਰੋਧੀ ਧਿਰ 'ਤੇ ਹੀ ਨਿਸ਼ਾਨਾ ਕੀਤਾ।

ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਵਿਰੋਧੀ ਅਤੇ ਕਾਂਗਰਸ ਕਿਸੇ ਵੀ ਭਾਰਤੀ ਚੀਜ਼ 'ਤੇ ਮਾਣ ਨਹੀਂ ਕਰਦੇ।

ਉਨ੍ਹਾਂ ਨੇ ਲਿਖਿਆ, "ਕਾਂਗਰਸ ਅਤੇ ਵਿਰੋਧੀ ਧਿਰ ਕਿਸੇ ਵੀ ਭਾਰਤੀ 'ਤੇ ਮਾਣ ਨਹੀਂ ਕਰਦੇ। ਉਨ੍ਹਾਂ ਨੂੰ ਆਤਮਨਿਰੀਖਣ ਕਰਨਾ ਚਾਹੀਦਾ ਹੈ ਕਿ ਕੋਵਿਡ-19 ਵੈਕਸੀਨ ਸਬੰਧੀ ਉਨ੍ਹਾਂ ਦੇ ਝੂਠ ਦੀ ਵਰਤੋਂ ਬੇਹੱਦ ਸਵਾਰਥੀ ਸਮੂਹਾਂ ਦੁਆਰਾ ਆਪਣੇ ਏਜੰਡੇ ਲਈ ਕਿਵੇਂ ਕੀਤੀ ਜਾਵੇਗੀ। ਭਾਰਤ ਦੇ ਲੋਕ ਇਸ ਤਰ੍ਹਾਂ ਦੀ ਸਿਆਸਤ ਨੂੰ ਖ਼ਾਰਜ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਹੀ ਕਰਦੇ ਰਹਿਣਗੇ।"

ਡੀਸੀਜੀਆਈ ਦੇ ਵੀਜੀ ਸੋਮਾਨੂ ਨੇ ਦੋਵਾਂ ਵੈਕਸੀਨਾਂ ਨੂੰ 110 ਫ਼ੀਸਦ ਸੁਰੱਖਿਅਤ ਦੱਸਿਆ ਹੈ।

ਹੁਣ ਇਨਾਂ ਦੋਵਾਂ ਵੈਕਸੀਨਾਂ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ, ਸਭ ਤੋਂ ਪਹਿਲਾਂ ਸਿਹਤਕਰਮੀਆਂ ਅਤੇ ਫ਼ਰੰਟਵਾਈਨ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ।

ਭਾਰਤ ਦਾ ਟੀਚਾ ਇਸ ਸਾਲ ਜੁਲਾਈ ਤੱਕ 30 ਕਰੋੜ ਲੋਕਾਂ ਦਾ ਕੋਰੋਨਾ ਵਿਰੁੱਧ ਟੀਕਾਕਰਨ ਕਰਨ ਦਾ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)