ਪੰਜਾਬ 'ਚ ਆਪਣੀ ਜਾਨ ਲੈ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਦਰਦ, 'ਪੁੱਤ ਤੇ ਨੂੰਹ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਪਣੀ ਜਾਨ ਲੈ ਲਈ'

- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਤੋਂ ਖੇਤੀ ਸਬੰਧੀ ਨਵੇਂ ਆਰਡੀਨੈਂਸ ਜਾਰੀ ਹੋਏ ਹਨ, ਉਦੋਂ ਤੋਂ ਪੰਜਾਬ ਵਿੱਚ ਇਨ੍ਹਾਂ ਖਿਲਾਫ਼ ਸੰਘਰਸ਼ ਸ਼ੁਰੂ ਹੋ ਗਿਆ ਸੀ ਅਤੇ ਇਨ੍ਹਾਂ ਆਰਡੀਨੈਂਸਾਂ ਦੇ ਕਾਨੂੰਨ ਬਣਨ ਨਾਲ ਇਹ ਸੰਘਰਸ਼ ਵੀ ਦਿਨ ਪ੍ਰਤੀਦਿਨ ਤਿੱਖਾ ਹੋਇਆ।
ਇਸ ਸੰਘਰਸ਼ ਦੌਰਾਨ ਹਰ ਰੋਜ਼ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਦੀ ਖ਼ਬਰ ਸੁਨਣ ਨੂੰ ਮਿਲ ਜਾਂਦੀ ਹੈ।
ਦੇਸ਼ ਵਿਆਪੀ ਬਣ ਚੁੱਕੇ ਇਸ ਸੰਘਰਸ਼ ਦਾ ਸਾਰਥੀ ਬਣ ਰਹੇ ਪੰਜਾਬ ਅੰਦਰ ਇਸ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਆਪਣੀ ਜਾਨ ਲੈਣ ਦੀਆਂ ਘਟਨਾਵਾਂ ਵੀ ਥਮੀਆਂ ਨਹੀਂ।
ਕਿਸਾਨ ਯੂਨੀਅਨਾਂ ਵਲੋਂ ਇੱਕਠੇ ਕੀਤੇ ਗਏ ਅੰਕੜਿਆਂ ’ਚ ਇਨਾਂ ਖੁਦਕੁਸ਼ੀਆਂ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਪੰਜਾਬ ਸਰਕਾਰ ਕੋਲ ਅਜਿਹਾ ਕੋਈ ਡਾਟਾ ਉਪਲਬਧ ਨਹੀਂ ਹੈ।
ਇਹ ਵੀ ਪੜ੍ਹੋ:
ਆਪਣੀ ਜਾਨ ਲੈਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦਾ ਦਰਦ

ਸੰਗਰੂਰ ਦੇ ਲੌਂਗੋਵਾਲ ਨੇੜੇ ਪਿੰਡ ਲੋਹਾ ਖੇੜਾ ਦਾ ਇੱਕ ਸਧਾਰਨ ਜਿਹਾ ਕਿਸਾਨ ਪਰਿਵਾਰ, ਇਕੱਠੇ ਦੋ ਜੀਆਂ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਹੈ। ਪਰਿਵਾਰ ਵਿੱਚ ਹੁਣ ਬਜੁਰਗ ਦਾਦਾ-ਦਾਦੀ ਅਤੇ ਨੌਜਵਾਨ ਪੋਤਾ ਹੈ।
ਬਜ਼ੁਰਗ ਜੋੜਾ ਪਹਿਲਾਂ ਆਪਣੇ ਦੂਜੇ ਪੁੱਤਰ ਵੱਲ ਰਹਿੰਦਾ ਸੀ, ਪਰ ਇਸ ਪੁੱਤਰ-ਨੂੰਹ ਦੀ ਮੌਤ ਤੋਂ ਬਾਅਦ ਜਦੋਂ ਨੌਜਵਾਨ ਪੋਤਾ ਇਕੱਲਾ ਹੋ ਗਿਆ ਤਾਂ ਪੋਤੇ ਨਾਲ ਆ ਕੇ ਰਹਿਣ ਲੱਗ ਗਏ।
ਜਦੋਂ ਅਸੀਂ ਇਨ੍ਹਾਂ ਦੇ ਘਰ ਪਹੁੰਚੇ ਤਾਂ ਬਜ਼ੁਰਗ ਬਹਾਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਘਰ ਦੇ ਵਿਹੜੇ ਵਿੱਚ ਬੈਠੇ ਸੀ। ਪਰਿਵਾਰ ਨਾਲ ਦੁੱਖ ਦੀਆਂ ਘੜੀਆਂ ਕਟਾਉਣ ਇੱਕ ਰਿਸ਼ਤੇਦਾਰ ਵੀ ਘਰ ਆਈ ਹੋਈ ਸੀ।
ਜਦੋਂ ਅਸੀਂ ਪਰਿਵਾਰ ਵਿੱਚ ਹੋਈ ਦੋਹਰੀ ਖੁਦਕੁਸ਼ੀ ਬਾਰੇ ਪੁੱਛਿਆ ਤਾਂ ਬਜ਼ੁਰਗਾਂ ਦੀਆਂ ਅੱਖਾਂ ਭਰ ਆਈਆਂ ਅਤੇ ਕੁਝ ਪਲਾਂ ਲਈ ਚੁੱਪ ਹੋ ਕੇ ਫਿਰ ਦੱਸਣਾ ਸ਼ੁਰੂ ਕੀਤਾ।
ਬਹਾਦਰ ਸਿੰਘ ਨੇ ਦੱਸਿਆ, "ਮੇਰੇ ਪੁੱਤਰ ਜਗਮੇਲ ਸਿੰਘ ਅਤੇ ਨੂੰਹ ਮਨਜੀਤ ਕੌਰ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕੁਝ ਖਾ ਕੇ ਖੁਦਕੁਸ਼ੀ ਕਰ ਲਈ ਸੀ।"
"ਸਾਲ ਪਹਿਲਾਂ ਹੀ ਇਨ੍ਹਾਂ ਨੇ ਆਪਣੇ ਧੀ ਦਾ ਵਿਆਹ ਕੀਤਾ ਸੀ। ਹੁਣ ਸਾਡਾ ਵੀਹ-ਇੱਕੀ ਸਾਲ ਦਾ ਪੋਤਾ ਹੈ, ਉਹਦਾ ਬੜਾ ਫਿਕਰ ਹੈ। ਸਰਕਾਰ ਕੋਈ ਮਦਦ ਕਰ ਦੇਵੇ ਤਾਂ ਸਾਡਾ ਪੋਤਾ ਬਚਿਆ ਰਹੇ।"
ਇਸੇ ਦਰਮਿਆਨ ਬਹਾਦਰ ਸਿੰਘ ਦੀ ਪਤਨੀ ਨੇ ਕਿਸੇ ਹੱਥ ਸੁਨੇਹਾ ਭੇਜ ਕੇ ਖੇਤ ਕੰਮ ਕਰਨ ਗਏ ਆਪਣੇ ਪੋਤੇ ਨੂੰ ਸੱਦ ਲਿਆ ਸੀ।
ਬਲਦ-ਗੱਡੀ 'ਤੇ ਪਸ਼ੂਆਂ ਦਾ ਚਾਰਾ ਲੈ ਕੇ ਆਇਆ ਨੌਜਵਾਨ ਚੁੱਪ-ਚਾਪ ਆ ਕੇ ਕੋਲ ਪਏ ਮੰਜੇ 'ਤੇ ਬਹਿ ਗਿਆ। ਉਸ ਦੇ ਚਿਹਰੇ ਤੋਂ ਉਸ ਦਾ ਦੁੱਖ, ਚਿੰਤਾਵਾਂ ਸਾਫ਼ ਝਲਕ ਰਹੀਆਂ ਸੀ।
ਬਹਾਦਰ ਸਿੰਘ ਨੇ ਫਿਰ ਦੱਸਣਾ ਸ਼ੁਰੂ ਕੀਤਾ।
ਉਹਨਾਂ ਕਿਹਾ, "ਜਿਸ ਦਿਨ ਘਟਨਾ ਵਾਪਰੀ ਮੈਂ ਮੰਡੀ ਵਿੱਚ ਜੀਰੀ ਕੋਲ ਸੀ। ਮੇਰਾ ਪੁੱਤਰ ਜਗਮੇਲ ਸਿੰਘ ਵੀ ਮੰਡੀ ਵਿੱਚ ਆਇਆ, ਪਰ ਗੇੜਾ ਮਾਰ ਕੇ ਬਿਨ੍ਹਾਂ ਕੁਝ ਕਹੇ ਘਰ ਆ ਗਿਆ।"
"ਪੁੱਤਰ ਅਤੇ ਨੂੰਹ ਨੇ ਮੇਰੇ ਪੋਤੇ ਨੂੰ ਦੁੱਧ ਪਾਉਣ ਭੇਜ ਦਿੱਤਾ। ਜਦੋਂ ਮੇਰਾ ਪੋਤਾ ਘਰ ਵਾਪਸ ਆਇਆ ਤਾਂ ਦੋਹੇਂ ਜੀਅ ਵਿਹੜੇ ਵਿੱਚ ਤੜਫ ਰਹੇ ਸੀ ਅਤੇ ਉਲਟੀਆਂ ਕਰ ਰਹੇ ਸੀ। ਮੇਰਾ ਪੋਤਾ ਤੁਰੰਤ ਆਪਣੀ ਦਾਦੀ ਨੂੰ ਸੱਦ ਲਿਆਇਆ। ਮੈਨੂੰ ਪਤਾ ਲੱਗਾ ਫਿਰ ਮੈਂ ਵੀ ਆ ਗਿਆ। ਉਸ ਵੇਲੇ ਹਨੇਰਾ ਹੋ ਰਿਹਾ ਸੀ।"
ਇਨ੍ਹਾਂ ਕਹਿੰਦਿਆਂ ਬਹਾਦਰ ਸਿੰਘ ਦਾ ਗਲਾ ਫਿਰ ਭਰ ਆਇਆ ਅਤੇ ਉਹ ਕੁਝ ਸਮੇਂ ਲਈ ਚੁੱਪ ਹੋ ਗਏ। ਫਿਰ ਉਨ੍ਹਾਂ ਦੱਸਿਆ ਕਿ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਪਰ ਦੋਹਾਂ ਦੀ ਮੌਤ ਹੋ ਗਈ।
ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੇਟਿਆਂ ਨੂੰ ਤਿੰਨ-ਤਿੰਨ ਕਿੱਲੇ ਆਉਂਦੇ ਨੇ। ਆਪਣੀ ਜਾਨ ਲੈਣ ਵਾਲੇ ਜਗਮੇਲ ਨੂੰ ਵੀ ਤਿੰਨ ਕਿੱਲੇ ਆਉਂਦੇ ਸੀ।
ਬਜ਼ੁਰਗ ਨੇ ਅੱਗੇ ਦੱਸਿਆ ਕਿ ਜਗਮੇਲ ਸਿੰਘ ਦੇ ਸਿਰ 10-15 ਲੱਖ ਤੋਂ ਵੱਧ ਦਾ ਕਰਜ਼ ਸੀ। ਕੁਝ ਬੈਂਕਾ ਦਾ, ਕੁਝ ਆੜਤੀਆਂ ਦਾ।
ਉਨ੍ਹਾਂ ਕਿਹਾ ਕਿ ਪਹਿਲਾਂ ਜਗਮੇਲ ਸਿੰਘ ਨੇ ਇਸ ਪਰੇਸ਼ਾਨੀ ਬਾਰੇ ਕਦੇ ਜਿਕਰ ਨਹੀਂ ਕੀਤਾ ਸੀ। ਮਰਨ ਤੋਂ ਪੰਦਰਾਂ ਕੁ ਦਿਨ ਪਹਿਲਾਂ, ਉਹ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ, ਜਿੱਥੋਂ ਉਨ੍ਹਾਂ ਦੇ ਪੋਤੇ ਨੂੰ ਇਸ ਚਿੰਤਾ ਬਾਰੇ ਪਤਾ ਲੱਗਿਆ ਸੀ।
ਅਸੀਂ ਬਜ਼ੁਰਗ ਦੇ ਪੋਤੇ ਲਵਪ੍ਰੀਤ ਸਿੰਘ ਵੱਲ ਦੇਖਿਆ ਅਤੇ ਉਸ ਨੂੰ ਜਗਮੇਲ ਸਿੰਘ ਅਤੇ ਮਨਜੀਤ ਕੌਰ ਦੀ ਚਿੰਤਾ ਬਾਰੇ ਪੁੱਛਿਆ। ਪਰ ਨੌਜਵਾਨ ਇਸ ਹਾਦਸੇ ਤੋਂ ਇੰਨ੍ਹਾ ਟੁੱਟ ਚੁੱਕਿਆ ਜਾਪਿਆ ਕਿ ਉਸ ਨੇ ਕੁਝ ਵੀ ਬੋਲਣ-ਦੱਸਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਹੁਣ ਇਨ੍ਹਾਂ ਗੱਲਾਂ ਦਾ ਕੋਈ ਫਾਇਦਾ ਨਹੀਂ।
ਇਸ ਘਰ ਤੋਂ ਚੱਲ ਕੇ ਫਿਰ ਅਸੀਂ ਲੌਂਗੋਵਾਲ ਥਾਣੇ ਪਹੁੰਚੇ। ਜਿੱਥੇ ਪੁਲਿਸ ਨੇ ਸਾਰੀ ਘਟਨਾ ਦੀ ਰਿਕਾਰਡ ਮੁਤਾਬਕ ਪੁਸ਼ਟੀ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਕਿਸਾਨ ਦੀ ਖੁਦਕੁਸ਼ੀ

ਤਸਵੀਰ ਸਰੋਤ, Surinder Mann/BBC
ਮੇਰੇ ਸਹਿਯੋਗੀ ਸੁਰਿੰਦਰ ਮਾਨ ਨੇ ਫਿਰੋਜ਼ਪੁਰ ਤੋਂ ਇੱਕ ਘਟਨਾ ਬਾਰੇ ਰਿਪੋਰਟ ਕੀਤੀ, ਜਿਸ ਮੁਤਾਬਕ ਪਿੰਡ ਕਰੀ ਕਲਾਂ ਦੇ ਕਿਸਾਨ ਕੁਲਬੀਰ ਸਿੰਘ ਨੇ ਦਿੱਲੀ ਧਰਨੇ ਤੋਂ ਆਉਣ ਬਾਅਦ ਆਪਣੀ ਜਾਨ ਲੈ ਲਈ।
ਕੁਲਬੀਰ ਸਿੰਘ ਦੇ ਭਤੀਜੇ ਗੁਰਪ੍ਰੀਤ ਸਿੰਘ ਮੁਤਾਬਕ ਕੁਲਬੀਰ ਸਿੰਘ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਧਰਨਿਆਂ ਪ੍ਰਦਰਸ਼ਨਾਂ ਵਿੱਚ ਲਗਾਤਾਰ ਸ਼ਾਮਲ ਹੋ ਰਿਹਾ ਸੀ।
ਉਨ੍ਹਾਂ ਕਿਹਾ, "ਪੰਜਾਬ ਅੰਦਰ ਲੱਗੇ ਧਰਨਿਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਹੁਣ 11 ਦਸੰਬਰ ਨੂੰ ਦਿੱਲੀ ਬਾਰਡਰ 'ਤੇ ਧਰਨੇ ਵਿੱਚ ਗਏ ਸੀ ਤੇ 20 ਦਸੰਬਰ ਨੂੰ ਵਾਪਸ ਆ ਗਏ।"
"ਘਰ ਆ ਕੇ ਫਿਕਰ ਜਤਾ ਰਹੇ ਸੀ ਕਿ ਜੇ ਸਾਡੀਆਂ ਫਸਲਾਂ ਦੇ ਮੁੱਲ ਨਾ ਮਿਲੇ, ਜੇ ਸਾਡੀਆਂ ਜ਼ਮੀਨਾਂ ਖੋਹ ਲਈਆਂ ਫਿਰ ਕਰਜ਼ਾ ਕਿਵੇਂ ਉਤਾਰਾਂਗੇ ਅਤੇ ਘਰ ਕਿਵੇਂ ਚਲਾਵਾਂਗੇ। ਫਿਰ ਉਹ ਸੌਣ ਚਲੇ ਗਏ, ਸਾਨੂੰ ਨਹੀਂ ਪਤਾ ਕਦੋਂ ਉੱਠੇ ਕਦੋਂ ਨਹੀਂ। ਸਾਨੂੰ ਸਵੇਰੇ ਪਤਾ ਲੱਗਾ ਕਿ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।"
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਲਬੀਰ ਸਿੰਘ ਇਨ੍ਹਾਂ ਮਿਹਨਤੀ ਸੀ ਕਿ ਖੇਤੀ ਦਾ ਹਰ ਕੰਮ ਖੁਦ ਕਰਦਾ ਸੀ ਤਾਂ ਕਿ ਕੁਝ ਬਚਤ ਹੋਵੇ। ਗੁਰਪ੍ਰੀਤ ਸਿੰਘ ਮੁਤਾਬਕ ਹੁਣ ਪਰਿਵਾਰ ਵਿੱਚ ਕੁਲਬੀਰ ਸਿੰਘ ਦੀ ਪਤਨੀ ਅਤੇ ਨਬਾਲਿਗ ਬੇਟਾ ਹਨ।
ਕੁਲਬੀਰ ਸਿੰਘ ਦੇ ਇੱਕ ਹੋਰ ਭਤੀਜੇ ਹਰਪ੍ਰੀਤ ਸਿੰਘ ਨੇ ਦੱਸਿਆ, "ਇਨ੍ਹਾਂ ਦੇ ਘਰ ਦੀ ਆਰਥਿਕ ਹਾਲਾਤ ਕਾਫੀ ਕਮਜੋਰ ਹੈ। ਢਾਈ ਕਿੱਲੇ ਜਮੀਨ ਹੈ ਅਤੇ ਸਿਰ ਕਾਫੀ ਕਰਜ਼ ਹੈ। ਕੁਝ ਸਮਾਂ ਪਹਿਲਾਂ ਇਨ੍ਹਾਂ ਦੇ ਡੰਗਰ-ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋ ਗਿਆ ਸੀ।”
“ਧਰਨਿਆਂ ਤੋਂ ਪਹਿਲਾਂ ਵੀ ਘਰ ਦੀ ਮਾੜੀ ਆਰਥਿਕਤਾ ਬਾਰੇ ਇਨ੍ਹਾਂ ਨੂੰ ਚਿੰਤਾ ਹੋ ਜਾਂਦੀ ਸੀ। ਹੁਣ ਧਰਨਿਆਂ ਦੌਰਾਨ ਵੀ ਇਹੀ ਕਹਿੰਦੇ ਸੀ ਕਿ ਸਰਕਾਰ ਗਰੀਬ ਕਿਸਾਨਾਂ ਬਾਰੇ ਕੁਝ ਸੋਚ ਨਹੀਂ ਰਹੀ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, Surinder Mann/BBC
ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਦੇ ਅੰਕੜੇ
ਪੰਜਾਬ ਅੰਦਰ ਕਿਸਾਨ ਖੁਦਕੁਸ਼ੀਆਂ ਵਿੱਚ ਆਏ ਦਿਨ ਨਵੇਂ ਅੰਕੜੇ ਜੁੜਦੇ ਹਨ। ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ, ਪੰਜਾਬੀ ਯੁਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੀ ਸਾਂਝੀ ਰਿਪੋਰਟ ਮੁਤਾਬਕ, ਪੰਜਾਬ ਵਿੱਚ ਸਾਲ 2000 ਤੋਂ ਸਾਲ 2016 ਤੱਕ 16,606 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ।
ਇੱਕ ਸਾਲ ਵਿੱਚ ਔਸਤਨ ਹਜ਼ਾਰ ਖੁਦਕੁਸ਼ੀਆਂ ਦੀ ਇਹ ਰਿਪੋਰਟ ਚੌਂਕਾ ਦੇਣ ਵਾਲੀ ਸੀ। ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਦੇ ਅੰਕੜੇ ਹਰ ਸਾਲ ਬਦਲਦੇ ਰਹਿੰਦੇ ਹਨ। ਕਿਸਾਨ ਯੁਨੀਅਨਾਂ ਇੱਕ ਦਿਨ ਵਿੱਚ ਘੱਟੋ ਘੱਟ ਇੱਕ ਕਿਸਾਨ ਜਾਂ ਖੇਤ ਮਜ਼ਦੂਰ ਦੀ ਖੁਦਕੁਸ਼ੀ ਦਾ ਦਾਅਵਾ ਕਰਦੀਆਂ ਹਨ।
ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਲਈ ਤਾਜ਼ਾ ਅੰਕੜੇ ਸੰਜੋਨ ਵਾਲੇ ਜਥੇਬੰਦੀ ਦੇ ਲਹਿਰਾਗਾਗਾ ਬਲਾਕ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸੌਰ ਨੇ ਦੱਸਿਆ, "ਜੂਨ ਮਹੀਨੇ ਤੋਂ 205 ਦਿਨਾਂ ਵਿੱਚ ਪੰਜਾਬ ਅੰਦਰ 188 ਕਿਸਾਨ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ।"
"ਖੇਤੀ ਕਾਨੂੰਨਾਂ ਖਿਲਾਫ ਤੇਜ਼ ਹੋਏ ਪ੍ਰਦਰਸ਼ਨਾਂ ਦੌਰਾਨ 19 ਅਕਤੂਬਰ ਤੋਂ 10 ਦਸੰਬਰ ਤੱਕ 95 ਕਿਸਾਨ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਅਸੀਂ ਜਥੇਬੰਦੀਆਂ ਦੀਆਂ ਇਕਾਈਆਂ ਤੋਂ ਹਰ ਰੋਜ਼ ਮਿਲਦੀ ਜਾਣਕਾਰੀ ਅਤੇ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਦੇ ਅਧਾਰ 'ਤੇ ਇਹ ਰਿਕਾਰਡ ਰਖਦੇ ਹਾਂ।"
ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵੈਸੇ ਤਾਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਪੰਜਾਬ ਭਰ ਵਿੱਚੋਂ ਹੀ ਆਉਂਦੀਆਂ ਹਨ, ਪਰ ਮਾਲਵੇ ਦੇ ਕੁਝ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਜ਼ਿਆਦਾ ਖੁਦਕੁਸ਼ੀਆਂ ਹੁੰਦੀਆਂ ਹਨ।
ਇਨ੍ਹਾਂ ਅੰਕੜਿਆਂ ਬਾਰੇ ਅਸੀਂ ਸਰਕਾਰ ਅਤੇ ਪੁਲਿਸ ਤੋਂ ਵੀ ਜਾਨਣ ਦੀ ਕੋਸ਼ਿਸ਼ ਕੀਤੀ। ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ ਪਬਲਿਕ ਰਿਲੇਸ਼ਨਜ਼ ਵਿਭਾਗ ਤੋਂ ਪਤਾ ਲੱਗਾ ਕਿ ਫਿਲਹਾਲ ਇਸ ਸਾਲ ਦਾ ਅਜਿਹਾ ਅੰਕੜਾ ਸਰਕਾਰ ਕੋਲ ਨਹੀਂ ਹੈ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ, ਪਰ ਉੱਥੋਂ ਵੀ ਅੰਕੜੇ ਨਹੀਂ ਮਿਲ ਸਕੇ। ਪੰਜਾਬ ਦੇ ਖੇਤੀਬਾੜੀ ਵਿਭਾਗ ਕੋਲੋਂ ਵੀ ਕੋਈ ਤਸੱਲੀਬਖਸ਼ ਜਾਣਕਾਰੀ ਹਾਸਿਲ ਨਹੀਂ ਹੋ ਸਕੀ।
ਆਪਣੀ ਜਾਨ ਲੈ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ
ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਵੱਡਾ ਸਮਾਜਿਕ ਮਸਲਾ ਵੀ ਹੈ ਅਤੇ ਸਿਆਸੀ ਵੀ।
ਪੰਜਾਬ ਵਿੱਚ ਆਪਣੀ ਜਾਨ ਲੈ ਚੁੱਕੇ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਸਕੀਮ ਹੈ।
ਡਿਪਟੀ ਕਮਿਸ਼ਨਰ ਦੀ ਸਿਫਾਰਸ਼ 'ਤੇ ਪੀੜਤ ਪਰਿਵਾਰਾਂ ਨੂੰ ਇਹ ਮੁਆਵਜ਼ਾ ਮਿਲਦਾ ਹੈ।
ਸਰਕਾਰ ਕੋਲ ਕੋਈ ਅੰਕੜਾ ਨਹੀਂ
ਇਨ੍ਹਾਂ ਅੰਕੜਿਆਂ ਬਾਰੇ ਅਸੀਂ ਸਰਕਾਰ ਅਤੇ ਪੁਲਿਸ ਤੋਂ ਵੀ ਜਾਨਣ ਦੀ ਕੋਸ਼ਿਸ਼ ਕੀਤੀ। ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਅਰੁਣ ਸੇਖੜੀ ਨਾਲ ਕਈ ਕੋਸ਼ਿਸ਼ਾਂ ਬਾਅਦ ਵੀ ਗੱਲ ਨਹੀਂ ਹੋ ਸਕੀ।
ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ ਪਬਲਿਕ ਰਿਲੇਸ਼ਨਜ਼ ਦੀ ਡਿਪਟੀ ਡਾਇਰੈਕਟਰ ਡਾ. ਸੇਨੂ ਦੁੱਗਲ ਤੋਂ ਪਤਾ ਲੱਗਾ ਕਿ ਫਿਲਹਾਲ ਇਸ ਸਾਲ ਦਾ ਅਜਿਹਾ ਅੰਕੜਾ ਸਰਕਾਰ ਕੋਲ ਨਹੀਂ ਹੈ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਜਿਵੇਂ ਕਿ ਡੀ.ਆਈ.ਜੀ ਹੈਡਕੁਆਟਰਜ਼ ਗੁਰਪ੍ਰੀਤ ਸਿੰਘ ਤੂਰ, ਏਡੀਜੀਪੀ (ਬਿਉਰੋ ਆਫ ਇਨਵੈਸਟੀਗੇਸ਼ਨ) ਅਰਪਿਤ ਸ਼ੁਕਲਾ, ਏਡੀਜੀਪੀ (ਲਾਅ ਐਂਡ ਆਰਡਰ) ਈਸ਼ਵਰ ਸਿੰਘ ਅਤੇ ਏਡੀਜੀਪੀ (ਪਬਲਿਕ ਰਿਲੇਸ਼ਨਜ਼ ਐਂਡ ਨਿਊ ਏਜ ਮੀਡੀਆ) ਏ.ਐਸ.ਰਾਏ ਨਾਲ ਗੱਲ ਕੀਤੀ ਗਈ, ਪਰ ਉੱਥੋਂ ਵੀ ਅੰਕੜੇ ਨਹੀਂ ਮਿਲ ਸਕੇ।
ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਰਾਜੇਸ਼ ਵਸ਼ਿਸ਼ਟ ਅਤੇ ਜੁਆਇੰਟ ਡਾਇਰੈਕਟਰ ਡਾ. ਸੁਖਦੇਵ ਸਿੰਘ ਕੋਲੋਂ ਵੀ ਕੋਈ ਤਸੱਲੀਬਖਸ਼ ਜਾਣਕਾਰੀ ਹਾਸਿਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












