ਕੋਰੋਨਾਵਾਇਰਸ ਵੈਕਸੀਨ: ਭਾਰਤ ਦੀ ਸਵਦੇਸ਼ੀ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਕਾਹਲ ਕੀ ਸੀ

ਤਸਵੀਰ ਸਰੋਤ, Reuters
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਕੋਈ ਵੈਕਸੀਨ, ਜੋ ਹਾਲੇ "ਕਲੀਨੀਕਲ ਟਰਾਇਲਾਂ" ਦੇ ਪੜਾਅ 'ਤੇ ਹੈ, ਨੂੰ ਉਨ੍ਹਾਂ ਲੱਖਾਂ ਲੋਕਾਂ ਨੂੰ ਐਮਰਜੈਂਸੀ 'ਚ ਲਗਾਉਣ ਦੀ ਮਨਜ਼ੂਰੀ ਕਿਵੇਂ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਲਾਗ ਲੱਗਣ ਦਾ ਵੱਧ ਖ਼ਤਰਾ ਹੈ?
ਭਾਰਤ ਦੇ ਮਸ਼ਹੂਰ ਵੈਕਸੀਨ ਮਾਹਰਾਂ ਵਿੱਚੋਂ ਇੱਕ ਡਾ. ਗਗਨਦੀਪ ਕਹਿੰਦੇ ਹਨ, "ਕੁਝ ਨਹੀਂ ਪਤਾ। ਜਾਂ ਤਾਂ ਤੁਸੀਂ ਇੱਕ ਕਲੀਨੀਕਲ ਟਰਾਇਲ ਕਰ ਰਹੇ ਹੋ ਜਾਂ ਨਹੀਂ।"
ਕਲੀਨੀਕਲ ਟਰਾਇਲ ਤੀਜੇ ਗੇੜ ਦੀ ਪ੍ਰੀਕਿਰਿਆ ਹੈ, ਜੋ ਇਹ ਨਿਰਧਾਰਿਤ ਕਰਦੀ ਹੈ ਕਿ ਵੈਕਸੀਨ ਇੱਕ ਚੰਗਾ ਪ੍ਰਤੀਰੋਧਕ ਪ੍ਰਤੀਕਰਨ ਪੈਦਾ ਕਰਦੀ ਹੈ ਅਤੇ ਜਾਂ ਫ਼ਿਰ ਇਸ ਨਾਲ ਕੋਈ ਨਾ ਸਵਿਕਾਰਨਯੋਗ ਮਾੜੇ ਪ੍ਰਭਾਵ ਪੈ ਰਹੇ ਹਨ।
ਇਹ ਵੀ ਪੜ੍ਹੋ
ਐਤਵਾਰ ਦੇ ਦਿਨ, ਭਾਰਤ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਕੋਵਿਡ-19 ਦੇ ਇਲਾਜ ਲਈ ਟਰਾਇਲ ਮੁਕੰਮਲ ਹੋਣ ਤੋਂ ਪਹਿਲਾਂ ਹੀ ਕੋਵੈਕਸੀਨ ਨਾਮ ਦੀ ਇੱਕ ਸਥਾਨਕ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ।
ਇਹ ਵੈਕਸੀਨ ਸਰਕਾਰੀ ਸਹਿਯੋਗ ਪ੍ਰਾਪਤ ਭਾਰਤ ਬਾਇਓਟੈਕ ਵਲੋਂ ਤਿਆਰ ਕੀਤੀ ਗਈ ਹੈ। ਭਾਰਤ ਬਾਇਓਟੈਕ ਪਿਛਲੇ 24 ਸਾਲਾਂ ਤੋਂ ਵੈਕਸੀਨ ਨਿਰਮਾਣ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ, ਅਤੇ ਇਸ ਕੰਪਨੀ ਦੁਆਰਾ 16 ਵੈਕਸੀਨਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕੰਪਨੀ ਵਲੋਂ 123 ਮੁਲਕਾਂ ਨੂੰ ਕਈ ਟੀਕਿਆਂ ਦਾ ਨਿਰਯਾਤ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Reuters
ਕੋਵੈਕਸੀਨ ਅਤੇ ਤੀਜੇ ਗੇੜ ਦੇ ਟਰਾਇਲ
ਰੈਗੂਲੇਟਰਾਂ ਦਾ ਕਹਿਣਾ ਹੈ ਵੈਕਸੀਨ ਨੂੰ ਮਨਜ਼ੂਰੀ "ਐਮਰਜੈਂਸੀ ਸਥਿਤੀ ਵਿੱਚ ਲੋਕ ਹਿੱਤ ਲਈ ਬਹੁਤ ਜ਼ਿਆਦਾ ਸਾਵਧਾਨੀ ਨਾਲ, ਕਲੀਨੀਕਲ ਟਰਾਇਲ ਰੂਪ ਵਿੱਚ, ਖ਼ਾਸਕਰ ਬਦਲਣ ਵਾਲੇ ਸਟ੍ਰੇਨ ਦੁਆਰਾ ਹੋਈ ਇੰਨਫ਼ੈਕਸ਼ਨ ਦੇ ਸੰਦਰਭ ਵਿੱਚ ਬਹੁਤ ਹੀ ਸੀਮਤ ਵਰਤੋਂ ਦੀ ਪ੍ਰਵਾਨਗੀ ਦਿੱਤੀ ਗਈ ਹੈ"। (ਰੈਗੂਲੇਟਰਾਂ ਨੇ ਗਲੋਬਲ ਐਸਟ੍ਰਾਜ਼ੈਨੇਕਾ ਆਕਸਫੋਰਡ ਵੈਕਸੀਨ ਨੂੰ ਵੀ ਮਨਜ਼ੂਰੀ ਦਿੱਤੀ ਹੈ, ਇਸ ਨੂੰ ਵੀ ਭਾਰਤ ਵਿੱਚ ਹੀ ਤਿਆਰ ਕੀਤਾ ਗਿਆ ਹੈ।)
ਇਹ ਸਭ ਇਸ ਤੱਥ ਦੇ ਬਾਵਜੂਦ ਹੋਇਆ ਜਦੋਂ ਕੋਵੈਕਸੀਨ ਦੇ ਤੀਜੇ ਗੇੜ ਦੇ ਟਰਾਇਲ ਹਾਲੇ ਹੋ ਰਹੇ ਹਨ, ਜਿਸ ਤਹਿਤ ਹਜ਼ਾਰਾਂ ਲੋਕਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਵੈਕਸੀਨ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਸੰਬੰਧੀ ਪਰਖ਼ ਕੀਤੀ ਜਾਂਦੀ ਹੈ।
ਰੈਗੂਲੇਟਰਾਂ ਵਲੋਂ ਇਹ ਭਰੋਸਾ ਦਿਵਾਉਣਾ ਕਿ ਵੈਕਸੀਨ ਸੁਰੱਖਿਅਤ ਹੈ ਅਤੇ ਪ੍ਰਤੀਰੋਧਕ ਪ੍ਰਤੀਕਿਰਿਆ ਨੂੰ ਵਧਾਏਗੀ, ਬਹੁਤ ਸਾਰੇ ਵਿਗਿਆਨੀਆਂ ਅਤੇ ਸਿਹਤ ਮਾਹਰਾਂ ਨੂੰ ਤਸੱਲੀ ਨਹੀਂ ਦਿਵਾਉਂਦੀ।
ਆਲ ਇੰਡੀਆ ਡਰੱਗ ਐਕਸ਼ਨ ਨੈੱਟਵਰਕ ਦਾ ਕਹਿਣਾ ਹੈ ਕਿ, "ਉਹ ਇਸ ਪਿਛਲੀ ਵਿਗਿਆਨਕ ਦਲੀਲ ਨੂੰ ਸਮਝਣ ਲਈ ਹੈਰਾਨ ਹੈ ਕਿ ਕਿਸੇ ਅਧੂਰੇ ਅਧਿਐਨ ਵਾਲੀ ਵੈਕਸੀਨ ਨੂੰ ਪ੍ਰਵਾਨਗੀ ਮਿਲ ਗਈ।"
ਭਾਰਤ ਬਾਇਓਟੈਕ ਦਾ ਕਹਿਣਾ ਹੈ ਕਿ ਕੋਵੈਕਸੀਨ ਦੀਆਂ 2 ਕਰੋੜ ਖ਼ੁਰਾਕਾਂ ਦਾ ਭੰਡਾਰ ਹੈ ਅਤੇ ਇਸ ਦਾ ਟੀਚਾ ਸਾਲ ਦੇ ਆਖ਼ੀਰ ਤੱਕ ਦੋ ਸ਼ਹਿਰਾਂ ਵਿੱਚ ਸਥਾਪਿਤ ਇਸ ਦੀਆਂ ਚਾਰ ਸਹਿਯੋਗੀ ਸੰਸਥਾਵਾਂ ਜ਼ਰੀਏ 70 ਕਰੋੜ ਖ਼ੁਰਾਕਾਂ ਬਣਾਉਣ ਦਾ ਹੈ।
ਫ਼ਰਮ ਦੇ ਚੇਅਰਮੈਨ ਡਾ. ਕ੍ਰਿਸ਼ਨਾ ਏਲਾ ਨੇ ਕਿਹਾ, "ਸਾਡੀ ਵੈਕਸੀਨ 200 ਫ਼ੀਸਦ ਸੁਰੱਖਿਅਤ ਹੈ।"
ਡਾ. ਏਲਾ ਨੇ ਪ੍ਰਵਾਨਗੀ ਦਾ ਪੱਖ ਪੂਰਿਆ। ਉਨ੍ਹਾਂ ਨੇ ਕਿਹਾ, ਪਹਿਲੀ ਗੱਲ ਇਹ ਕਿ ਭਾਰਤੀ ਕਲੀਨੀਕਲ ਟਰਾਇਲ ਕਾਨੂੰਨ ਦੇਸ ਵਿੱਚ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਲਈ ਦੂਜੇ ਗੇੜ ਦੇ ਟਰਾਇਲਾਂ ਤੋਂ ਬਾਅਦ ਦਵਾਈ ਦੀ ਵਰਤੋਂ ਲਈ ਤੇਜ਼ੀ ਨਾਲ ਮਨਜ਼ੂਰੀ ਦੀ ਆਗਿਆ ਦਿੰਦਾ ਹੈ।"
ਇਸ ਤੱਥ ਕਿ ਉਨ੍ਹਾਂ ਦੀ ਵੈਕਸੀਨ ਕੋਰੋਨਾਵਾਇਰਸ ਦੇ ਸਰਗਰਮ ਸਰੂਪ 'ਤੇ ਆਧਾਰਿਤ ਹੈ- ਇੱਕ ਭਰੋਸੇਯੋਗ ਅਤੇ ਸਮੇਂ ਸਮੇਂ ਕੀਤੀ ਪਰਖ਼ ਨੇ ਵੀ ਮਦਦ ਕੀਤੀ ਹੈ।
ਡਾ. ਏਲਾ ਦਾ ਕਹਿਣਾ ਹੈ, ਬਾਂਦਰਾਂ ਅਤੇ ਹੈਮਸਟਰਾਂ (ਚੂਹਿਆਂ ਵਰਗੇ ਜਨਵਰਾਂ) 'ਤੇ ਕੀਤੇ ਗਏ ਨਰੀਖਣ ਦਰਸਾਉਂਦੇ ਹਨ ਕਿ ਕੋਵੈਕਸੀਨ ਇੰਨਫ਼ੈਕਸ਼ਨ ਵਿਰੁੱਧ ਕਾਫ਼ੀ ਸੁਰੱਖਿਆ ਦਿੰਦੀ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ 26000 ਵਲੰਟੀਅਰਾਂ ਵਿੱਚੋਂ ਤਕਰੀਬਨ 24000 ਵਲੰਟੀਅਰ ਪਹਿਲਾਂ ਹੀ ਤੀਜੇ ਗੇੜ ਦੇ ਚੱਲ ਰਹੇ ਟਰਾਇਲਾਂ ਵਿੱਚ ਹਿੱਸਾ ਲੈ ਚੁੱਕੇ ਹਨ, ਅਤੇ ਫ਼ਰਮ ਕਾਰਗੁਜ਼ਾਰੀ ਸੰਬੰਧੀ ਅੰਕੜਿਆਂ ਦੇ ਫ਼ਰਵਰੀ ਤੱਕ ਆਉਣ ਦੀ ਉਮੀਦ ਕਰਦੀ ਹੈ।
ਇਹ ਵੀ ਪੜ੍ਹੋ

ਤਸਵੀਰ ਸਰੋਤ, EPA
ਵਿਗਿਆਨੀ ਸ਼ੱਕ ਕਰਦੇ ਹਨ
ਇੱਕ ਪ੍ਰਮੁੱਖ ਵਾਇਰੋਲੋਜਿਸਟ ਡਾ. ਸ਼ਾਹਿਦ ਜਮੀਲ ਨੇ ਮੈਨੂੰ ਦੱਸਿਆ, "ਕਿਉਂਕਿ ਤੀਜੇ ਗੇੜ ਦੇ ਟਰਾਇਲਾਂ ਦਾ ਕੋਈ ਵੀ ਡਾਟਾ ਨਹੀਂ ਹੈ, ਸਾਨੂੰ ਨਹੀਂ ਪਤਾ ਇਹ ਵੈਕਸੀਨ ਕਿੰਨੀ ਕੁ ਅਸਰਦਾਰ ਹੈ।"
"ਦੋ ਗੇੜਾਂ ਦੇ ਸੀਮਤ ਟਰਾਇਲਾਂ ਤੋਂ ਅਸੀਂ ਜਾਣਦੇ ਹਾਂ ਇਹ ਸੁਰੱਖਿਅਤ ਹੈ। ਪਰ ਕੀ ਹੋਵੇ ਜੇ ਅਸੀਂ ਕਿਸੇ ਵੈਕਸੀਨ ਜਿਸਦੇ ਪ੍ਰਭਾਵਸ਼ਾਲੀ ਹੋਣ ਬਾਰੇ ਨਹੀਂ ਪਤਾ ਨੂੰ ਲਗਾਉਂਦੇ ਹਾਂ ਅਤੇ ਬਾਅਦ ਵਿੱਚ ਪਤਾ ਲੱਗਦਾ ਹੈ ਇਹ ਸਿਰਫ਼ 50 ਫ਼ੀਸਦ ਅਸਰਦਾਰ ਹੈ? ਕੀ ਇਹ ਉਨ੍ਹਾਂ ਲੋਕਾਂ ਨਾਲ ਠੀਕ ਹੋਵੇਗਾ ਜਿਨ੍ਹਾਂ ਨੇ ਇਹ ਟੀਕਾ ਲਵਾਇਆ?"
ਇਸ ਬਾਰੇ ਵੀ ਹਾਲੇ ਸਪੱਸ਼ਟ ਨਹੀਂ ਹੈ ਕਿ ਰੈਗੂਲੇਟਰਾਂ ਦੇ ਇਹ ਕਹਿਣ ਦਾ ਕਿ ਵੈਕਸੀਨ ਹਾਲੇ "ਕਲੀਨੀਕਲ ਟਰਾਇਲ ਰੂਪ" ਵਿੱਚ ਹੀ ਲਗਾਈ ਜਾਵੇਗੀ, ਕੀ ਅਰਥ ਹੈ?
ਰਵਾਇਤੀ ਟਰਾਇਲਾਂ ਵਿੱਚ ਵਲੰਟੀਅਰਾਂ ਨੂੰ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਨੂੰ ਵੈਕਸੀਨ ਦਿੱਤੀ ਗਈ ਹੈ ਜਾਂ ਇੱਕ ਪਲੇਸੀਬੋ ਅਤੇ ਕਈਆਂ ਨੂੰ ਹਿੱਸਾ ਲੈਣ ਤੋਂ ਪਹਿਲਾਂ ਹੀ ਬਾਹਰ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਦੀ ਮੌਜੂਦਾ ਸਿਹਤ ਦੇ ਆਧਾਰ 'ਤੇ।
ਡਾ. ਏਲਾ ਕਹਿੰਦੇ ਹਨ ਉਨ੍ਹਾਂ ਦੀ ਫ਼ਰਮ ਕੋਵੈਕਸੀਨ ਟੀਕਾ ਲਵਾਉਣ ਵਾਲੇ ਲੋਕਾਂ ਦੀ ਨਿਗਰਾਨੀ ਕਰੇਗੀ। ਇਹ ਟੀਕਾਕਰਨ ਪ੍ਰੋਗਰਾਮ ਨੂੰ ਲੋੜੀਂਦੀ ਲਾਜ਼ਮੀ ਵਿਵਸਥਾ ਵਿੱਚ ਜੋੜਨ ਦੀ ਸੰਭਾਵਨਾ ਹੈ।

ਤਸਵੀਰ ਸਰੋਤ, Getty Images
ਵੈਕਸੀਨ ਦਾ ਇਸਤੇਮਾਲ ਐਮਰਜੈਂਸੀ ਹਾਲਾਤਾਂ ਵਿੱਚ
ਫੈਡਰਲ ਕੋਵਿਡ-19 ਟਾਸਕਫ਼ੋਰਸ ਦੇ ਇੱਕ ਸੀਨੀਅਰ ਮੈਂਬਰ ਨੇ ਪਾਣੀ ਨੂੰ ਇਹ ਕਹਿ ਕਿ ਹੋਰ ਗੰਧਲਾ ਕਰ ਦਿੱਤਾ ਕਿ ਮਾਮਲਿਆਂ ਦੇ ਭਾਰੀ ਵਾਧੇ ਦੀ ਸੂਰਤ ਵਿੱਚ ਕੋਵੈਕਸੀਨ ਬੈਕਅੱਪ ਵਜੋਂ ਲਈ ਜਾਵੇਗੀ।
ਮਹਾਂਮਾਰੀ ਮਾਹਰਾਂ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਨੇ ਕਿਹਾ ਕਿ ਉਹ ਹੈਰਾਨ ਹਨ। ਇੱਕ ਸੀਨੀਅਰ ਮਹਾਂਮਾਰੀ ਮਾਹਰ ਨੇ ਕਿਹਾ, "ਕੀ ਇਸਦਾ ਅਰਥ ਇਹ ਹੈ ਕਿ ਮਾਮਲਿਆਂ ਦੇ ਵਾਧੇ ਮੌਕੇ ਕੋਝ ਲੋਕਾਂ ਨੂੰ ਅਜਿਹੀ ਵੈਕਸੀਨ ਲਗਾ ਦਿੱਤੀ ਜਾਵੇਗੀ ਜਿਸ ਦੀ ਕਾਰਗਰਤਾ ਸਿੱਧ ਨਹੀਂ ਹੈ?"
ਹਾਲਾਂਕਿ, ਯੂਨੀਵਰਸਿਟੀ ਆਫ਼ ਕੁਈਨਜ਼ਲੈਂਡ ਦੇ ਲਾਗ ਨਾਲ ਸੰਬੰਧਿਤ ਬਿਮਾਰੀਆਂ ਦੇ ਮਾਹਰ ਪ੍ਰੋਫ਼ੈਸਰ ਪੌਲ ਗ੍ਰਿਫ਼ਨ, ਦਾ ਕਹਿਣਾ ਹੈ, ਇਹ ਗੱਲ ਅਣਸੁਣੀ ਨਹੀਂ ਹੈ ਕਿ ਵੈਕਸੀਨ ਦੀ ਵਰਤੋਂ ਐਮਰਜੈਂਸੀ ਹਾਲਾਤ ਵਿੱਚ ਯੋਜਨਾਬੱਧ ਤਰੀਕੇ ਨਾਲ ਕਲੀਨੀਕਲ ਟਰਾਇਲਾਂ ਦੇ ਢਾਂਚੇ ਵਿੱਚ ਕੀਤੀ ਜਾਵੇ।
ਉਨ੍ਹਾਂ ਨੇ ਮੈਨੂੰ ਦੱਸਿਆ, ਇਹ ਉਸ ਸਮੇਂ ਕੀਤਾ ਜਾਂਦਾ ਹੈ ਜੇ ਚੱਲ ਰਹੇ ਟਰਾਇਲ ਮਜ਼ਬੂਤ ਹੁੰਦੇ ਹਨ ਅਤੇ ਜੇ ਪਹਿਲੇ ਟਰਾਇਲਾਂ ਦਾ ਡਾਟਾ ਵੈਕਸੀਨ ਦੇ ਫ਼ੈਲਾਅ ਦਾ ਸੁਰੱਖਿਆ ਅਤੇ ਅਸਰ ਦੇ ਪੱਖ ਤੋਂ ਸਮਰਥਨ ਕਰਦਾ ਹੈ।
ਇੱਕ ਕਰੋੜ ਤੋਂ ਵੀ ਵੱਧ ਕੋਰੋਨਾਵਾਇਰਸ ਦੇ ਮਾਮਲਿਆਂ ਨਾਲ ਭਾਰਤ ਵਿੱਚ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਮਾਮਲੇ ਹਨ।
ਮਹਾਂਮਾਰੀ ਨੇ ਇਸ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ ਦੀ ਜਨਵਰੀ ਅਤੇ ਜੁਲਾਈ ਦਰਮਿਆਨ 30 ਕਰੋੜ ਲੋਕਾਂ ਦਾ ਟੀਕਾਕਰਨ ਕਰਨ ਦੀ ਯੋਜਨਾ ਹੈ।
ਪਰ ਵੈਕਸੀਨ ਉਸ ਸਮੇਂ ਆਈ ਹੈ ਜਦੋਂ ਮਾਮਲਿਆਂ ਦੀ ਗਿਣਤੀ ਵਿੱਚ ਅਹਿਮ ਕਮੀ ਦੇਖੀ ਗਈ ਹੈ।
ਭਾਰਤ ਬਾਇਓਟੈਕ ਇੱਕ ਮਸ਼ਹੂਰ ਵੈਕਸੀਨ ਨਿਰਮਾਤਾ ਹੈ, ਜਿਸਦਾ 20 ਦੇਸਾਂ ਵਿੱਚ, 700000 ਤੋਂ ਵੀ ਵੱਧ ਵਲੰਟੀਅਰਾਂ ਨਾਲ ਕਲੀਨੀਕਲ ਟਰਾਇਲਾਂ ਦਾ ਰਿਕਾਰਡ ਹੈ।
ਫ਼ਿਰ ਭਾਰਤ ਨੇ ਕੁਝ ਹੋਰ ਹਫ਼ਤੇ ਅੰਤਮ ਟਰਾਇਲਾਂ ਦੇ ਖ਼ਤਮ ਹੋਣ ਦੀ ਉਡੀਕ ਕਿਉਂ ਨਹੀਂ ਕੀਤੀ ਅਤੇ ਕਾਰਗਰਤਾ ਸਿੱਧ ਵੈਕਸੀਨ ਨੂੰ ਪ੍ਰਵਾਨਗੀ ਕਿਉਂ ਨਹੀਂ ਦਿੱਤੀ? ਇਹ ਕਾਹਲੀ ਕਿਉਂ?
ਵਿਰੋਧੀ ਧਿਰ ਦੇ ਸੀਨੀਅਰ ਸਿਆਸਤਦਾਨ ਅਤੇ ਮੈਂਬਰ ਪਾਰਲੀਮੈਂਟ ਸ਼ਸ਼ੀ ਥਰੂਰ ਨੇ ਮੈਨੂੰ ਦੱਸਿਆ, "ਇਹ ਸਮਝ ਤੋਂ ਬਾਹਰ ਦੀ ਗੱਲ ਹੈ।"
ਥਰੂਰ ਨੇ ਇਸ ਅਣਉਚਿਤ ਕਾਹਲ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ 'ਤੇ ਇਲਜ਼ਾਮ ਲਾਇਆ ਕਿ "ਜੋ ਕੰਮ ਕਰਨ ਦੀ ਥਾਂ ਨਾਹਰੇ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ"।
ਇਸ ਮਾਮਲੇ ਵਿੱਚ ਉਹ ਕਹਿੰਦੇ ਹਨ, "ਵੈਕਸੀਨ ਰਾਸ਼ਟਰਵਾਦ ਨੂੰ ਪ੍ਰਧਾਨ ਮੰਤਰੀ ਦੇ ਸਵੈਨਿਰਭਰ ਭਾਰਤ ਨਾਲ ਜੋੜਿਆ ਗਿਆ ਹੈ। ਇਹ ਆਮ ਸਮਝ ਅਤੇ ਸਥਾਪਿਤ ਵਿਗਿਆਨਿਕ ਪ੍ਰੋਟੋਕੋਲ ਤੋਂ ਵੱਖ ਹੈ।"
ਭਾਰਤ ਦੁਨੀਆਂ ਦੇ ਕੁੱਲ ਨਿਰਮਾਣ ਵਿੱਚੋਂ 60 ਫ਼ੀਸਦ ਵੈਕਸੀਨ ਬਣਾ ਕੇ ਵੈਕਸੀਨ ਨਿਰਮਾਣ ਖੇਤਰ ਦਾ ਪਾਵਰਹਾਊਸ ਹੈ।
ਇਹ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਚਲਾਉਂਦਾ ਹੈ ਜਿਸ ਤਹਿਤ 5.5 ਕਰੋੜ ਲੋਕਾਂ, ਮੁੱਖ ਤੌਰ 'ਤੇ ਨਵਜਨਮੇਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ।
ਇਨ੍ਹਾਂ ਨੂੰ ਹਰ ਸਾਲ ਇੱਕ ਦਰਜਨ ਬਿਮਾਰੀਆਂ ਤੋਂ ਬਚਾਅ ਲਈ ਕਰੀਬ 39 ਕਰੋੜ ਮੁਫ਼ਤ ਖ਼ੁਰਾਕਾਂ ਮੁਹੱਈਆ ਕਰਵਾਈਆ ਜਾਂਦੀਆਂ ਹਨ।

ਤਸਵੀਰ ਸਰੋਤ, Reuters
ਕੋਵੈਕਸੀਨ ਕਾਰਨ ਹੋਏ ਵਿਵਾਦ ਅੰਦਰ ਭਾਰਤ ਲਈ ਕਈ ਸਬਕ ਹਨ।
ਜਿਵੇਂ ਕਿ ਵਾਇਰਸ ਇੰਨਫ਼ੈਕਸ਼ਨ ਵਧਾਉਣ ਲਈ ਕਈ ਰੂਪ ਅਖ਼ਿਤਆਰ ਕਰ ਰਿਹਾ ਹੈ, ਸ਼ਾਇਦ ਪ੍ਰਭਾਵਿਤ ਲੋਕਾਂ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਲਈ ਕਈ ਵੈਕਸੀਨਾਂ ਦੀ ਲੋੜ ਪਵੇ।
ਪਬਲਿਕ ਹੈਲਥ ਫ਼ਾਉਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਕੇ ਸ੍ਰੀਨਾਥ ਰੈਡੀ ਨੇ ਮੈਨੂੰ ਦੱਸਿਆ, "ਹਰ ਇੱਕ ਵੈਕਸੀਨ ਨੂੰ ਮਨਜ਼ੂਰੀ ਉਸਦੀ ਸਿੱਧ ਹੋਈ ਕਾਰਗਰੀ ਅਤੇ ਸੁਰੱਖਿਆ ਦੇ ਲੋੜੀਂਦੇ ਸਬੂਤਾਂ ਦੇ ਆਧਾਰ 'ਤੇ ਹੀ ਮਿਲਣੀ ਚਾਹੀਦੀ ਹੈ। ਇਸ ਪ੍ਰਸੰਗ ਵਿੱਚ ਪਰਖੀਆਂ ਗਈਆਂ ਅਤੇ ਮਨਜ਼ੂਰਸ਼ੁਦਾ ਖ਼ੁਰਾਕਾਂ ਅਤੇ ਖ਼ੁਰਾਕ ਦੇਣ ਦੇ ਨਿਰਧਾਰਿਤ ਪ੍ਰੋਗਰਾਮ ਬਾਰੇ ਵੀ ਸਪੱਸ਼ਟਾ ਦੀ ਲੋੜ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇਹ ਵਿਗਿਆਨ ਅਤੇ ਜਨਤਕ ਭਰੋਸੇ ਦੇ ਪੱਖ ਵਿੱਚ ਹੈ ਕਿ ਕਿਸੇ ਵੈਕਸੀਨ ਨਾਲ ਸੰਬੰਧਿਤ ਸਾਰੀਆਂ ਚਿੰਤਾਵਾਂ ਨੂੰ ਸਹੀ ਤਰੀਕੇ ਨਾਲ ਸੰਬੋਧਿਤ ਕੀਤਾ ਜਾਵੇ। ਅਸੀਂ ਜੰਗ ਨਹੀਂ ਜਿੱਤ ਸਕਾਂਗੇ, ਜੇ ਅਸੀਂ ਸਾਨੂੰ ਦਿੱਤੇ ਗਏ ਹਥਿਆਰਾਂ 'ਤੇ ਹੀ ਸ਼ੱਕ ਕਰਦੇ ਹਾਂ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












