ਕੋਰੋਨਾ ਕਾਲ ਵਿੱਚ ਛਾਤੀ ਦਾ ਕੈਂਸਰ ਕਿਵੇਂ ਵੱਡਾ ਖ਼ਤਰਾ ਬਣ ਕੇ ਉਭਰ ਰਿਹਾ ਹੈ

- ਲੇਖਕ, ਨੀਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਇੱਕ ਪੁਰਾਣੀ ਕਲੋਨੀ ਹੈ ਗੁਰੂ ਨਾਨਕਪੁਰਾ, ਜਿਸ ਅੰਦਰ ਪਹੁੰਚਣ ਲਈ ਤੁਹਾਨੂੰ ਤੰਗ ਗਲੀਆਂ ਵਿੱਚੋਂ ਪੈਦਲ ਜਾਣਾ ਪੈਂਦਾ ਹੈ।
ਬਿਜਲੀ ਦੀਆਂ ਤਾਰਾਂ ਦੇ ਗੁੱਛਿਆਂ ਨਾਲ ਢੱਕੀ ਇੱਕ ਤੰਗ ਗਲੀ ਦੇ ਤਿੰਨ ਮੰਜਲਾ ਮਕਾਨ ਦੀ ਛੱਤ 'ਤੇ ਖੜੀ ਇੱਕ ਔਰਤ ਸਾਡੀ ਉਡੀਕ ਕਰ ਰਹੀ ਸੀ।
34 ਸਾਲਾ ਰਾਧਾ ਰਾਨੀ ਨੇ ਇਸੇ ਸਾਲ ਅਗਸਤ ਮਹੀਨੇ ਦੂਸਰੀ ਮੰਜਲ 'ਤੇ ਇੱਕ ਛੋਟਾ ਜਿਹਾ ਘਰ ਕਿਰਾਏ 'ਤੇ ਲਿਆ ਹੈ, ਇਥੇ ਉਨ੍ਹਾਂ ਦੇ ਦੋ ਬੱਚੇ ਵੀ ਨਾਲ ਰਹਿ ਰਹੇ ਹਨ।
ਇਹ ਵੀ ਪੜ੍ਹੋ
ਉਨ੍ਹਾਂ ਨੇ ਦੱਸਿਆ, "ਲੌਕਡਾਊਨ ਖ਼ਤਮ ਹੋਣ ਦੇ ਦੋ ਮਹੀਨੇ ਬਾਅਦ ਹੀ ਮੈਨੂੰ ਛਾਤੀ ਦਾ ਕੈਂਸਰ ਹੋਣ ਬਾਰੇ ਪਤਾ ਲੱਗਿਆ। ਅਸੀਂ ਜੰਮੂ ਵਿੱਚ ਸੀ ਜਿਥੇ ਡਾਕਟਰ ਨੇ ਦਿੱਲੀ ਆ ਕੇ ਪਹਿਲਾਂ ਸਰਜਰੀ ਅਤੇ ਫ਼ਿਰ ਇਲਾਜ਼ ਕਰਵਾਉਣ ਦੀ ਸਲਾਹ ਦਿੱਤੀ।"
ਰਾਧਾ ਰਾਣੀ ਦੇ ਪਤੀ ਨੌਕਰੀ ਕਰਦੇ ਹਨ ਅਤੇ ਇਨ੍ਹਾਂ ਦਿਨ੍ਹਾਂ ਵਿੱਚ ਸ਼੍ਰੀਨਗਰ ਤੈਨਾਤ ਹਨ। ਦਿੱਲੀ ਵਿੱਚ ਕਿਰਾਏ 'ਤੇ ਮਕਾਨ ਲੈ ਕੇ ਇਲਾਜ ਕਰਵਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਪਰ ਮੁਸ਼ਕਿਲਾਂ ਹੋਰ ਵੀ ਸਨ।
ਉਨ੍ਹਾਂ ਦੱਸਿਆ, "ਰਿਸ਼ਤੇਦਾਰਾਂ ਨੇ ਕਿਹਾ ਦਿੱਲੀ ਇਲਾਜ ਨਹੀਂ ਕਰਵਾਉਣਾ ਚਾਹੀਦਾ, ਕੋਰੋਨਾ ਫ਼ੈਲਿਆ ਹੋਇਆ ਹੈ। ਪਰ ਅਸੀਂ ਇਲਾਜ ਕਰਵਾਉਣਾ ਸੀ, ਅਸੀਂ ਆ ਗਏ। ਸਰਜਰੀ ਤੋਂ ਬਾਅਦ ਮੇਰੀ ਕੀਮੋਥੈਰੇਪੀ ਸ਼ੁਰੂ ਹੋਣੀ ਸੀ ਪਰ ਉਸ ਤੋਂ ਪਹਿਲਾਂ ਮੇਰਾ ਕੋਵਿਡ ਟੈਸਟ ਪੌਜ਼ਿਟਿਵ ਆ ਗਿਆ। ਇਸ ਦੇ ਚੱਲਦਿਆਂ ਮੇਰੀ ਥੈਰੇਪੀ ਇੱਕ ਮਹੀਨਾਂ ਅੱਗੇ ਪਾਉਣੀ ਪਈ।"

ਤਸਵੀਰ ਸਰੋਤ, SIRONA DIAGNOSTICS
ਕੋਰੋਨਾ ਵਾਇਰਸ ਅਤੇ ਛਾਤੀ ਕੈਂਸਰ
ਇਸ ਸਾਲ ਜਨਵਰੀ ਮਹੀਨੇ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਨੇ ਦਸਤਕ ਦਿੱਤੀ ਸੀ ਜਿਸਦੇ ਚੱਲਦਿਆਂ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਕੀਤਾ ਸੀ।
ਇੱਕ ਪਾਸੇ ਜਿਥੇ ਹਸਪਤਾਲਾਂ ਅਤੇ ਸਿਹਤ ਕਰਮੀਆਂ ਦਾ ਤਕਰੀਬਨ ਪੂਰਾ ਧਿਆਨ ਇਸ ਕੌਮਾਂਤਰੀ ਮਹਾਂਮਾਰੀ ਦੀ ਰੋਕਥਾਮ ਵਿੱਚ ਲੱਗਿਆ ਸੀ, ਉਥੇ ਦੂਸਰੇ ਪਾਸੇ ਨਾਗਰਿਕਾਂ ਨੂੰ ਲਾਗ਼ ਤੋਂ ਬਚੇ ਰਹਿਣ ਲਈ ਹਦਾਇਤਾਂ ਦਿੱਤੀਆਂ ਗਈਆਂ।
ਇਸ ਪ੍ਰਕਿਰਿਆ ਵਿੱਚ ਦੂਸਰੀਆਂ ਜਾਨਲੇਵਾ ਬੀਮਾਰੀਆਂ ਦਾ ਇਲਾਜ ਕਰਵਾ ਰਹੇ ਲੋਕਾਂ 'ਤੇ ਬਹੁਤ ਅਸਰ ਪਿਆ ਅਤੇ ਅੰਦਾਜ਼ਾ ਹੈ ਕਿ ਕੈਂਸਰ, ਖ਼ਾਸ ਤੌਰ 'ਤੇ ਛਾਤੀ ਦੇ ਕੈਂਸਰ ਨਾਲ ਜੁੜੇ ਕਰੀਬ 40 ਫ਼ੀਸਦ ਆਪਰੇਸ਼ਨ ਲਟਕ ਗਏ।
ਸਰਕਾਰੀ ਅੰਕੜਿਆ ਮੁਤਾਬਿਕ ਸਾਲ 2018 ਦੌਰਾਨ ਭਾਰਤ ਵਿੱਚ ਬ੍ਰੈਸਟ ਕੈਂਸਰ ਨਾਲ ਕਰੀਬ 87 ਹਜ਼ਾਰ ਮੌਤਾਂ ਹੋਈਆਂ। ਜਦੋਂ ਕਿ ਔਰਤਾਂ ਨੂੰ ਹੋਣ ਵਾਲੇ ਕੈਂਸਰ ਦੇ 28 ਫ਼ੀਸਦ ਮਾਮਲੇ ਛਾਤੀ ਦੇ ਕੈਂਸਰ ਦੇ ਹੀ ਸਨ। ਵੱਧਦੇ ਅੰਕੜਿਆਂ ਦਰਮਿਆਨ ਕੋਰੋਨਾ ਆ ਗਿਆ।
ਦਿੱਲੀ ਦੇ ਮਨੀਪਾਲ ਹਸਪਤਾਲ ਦੇ ਸਰਜੀਕਲ ਅਕੋਲੋਜੀ ਮੁਖੀ ਅਤੇ ਬ੍ਰੈਸਟ ਕੈਂਸਰ ਦੇ ਮਾਹਰ ਡਾਕਟਰ ਵੇਦਾਂਤ ਕਾਬਰਾ ਕਹਿੰਦੇ ਹਨ, "ਭਾਰਤ ਵਿੱਚ ਅਮਰੀਕਾ, ਇੰਗਲੈਂਡ ਜਾਂ ਕੈਨੇਡਾ ਵਰਗੇ ਵਿਕਸਿਤ ਦੇਸਾਂ ਦੀ ਤਰ੍ਹਾਂ ਕੋਈ ਸਰਕਾਰੀ ਸਕਰੀਨਿੰਗ ਪ੍ਰੋਗਰਾਮ ਨਹੀਂ ਹੈ ਇਸ ਕਾਰਨ 60 ਤੋਂ 70 ਫ਼ੀਸਦ ਬ੍ਰੈਸਟ ਕੈਂਸਰ ਦੇ ਮਰੀਜ਼ ਸਾਡੇ ਕੋਲ ਤੀਸਰੀ ਚੌਥੀ ਸਟੇਜ ਵਿੱਚ ਪਹੁੰਚਦੇ ਹਨ।"
ਉਨ੍ਹਾਂ ਨੇ ਦੱਸਿਆ, "ਕੋਵਿਡ ਆਉਣ ਨਾਲ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਉਹ ਤਾਂ ਵੈਸੇ ਹੀ ਬੈਠੇ ਹੋਏ ਸਨ ਪਰ ਜਿਨ੍ਹਾਂ ਨੂੰ ਜਾਣਕਾਰੀ ਸੀ ਉਹ ਵੀ ਬ੍ਰੈਸਟ ਕੈਂਸਰ ਜਾਂ ਉਨ੍ਹਾਂ ਦੇ ਲੱਛਣਾਂ ਬਾਰੇ ਕੋਵਿਡ ਕਰਕੇ ਇੰਨਾਂ ਜ਼ਿਆਦਾ ਡਰ ਗਏ ਕਿ ਲੱਛਣਾਂ ਦੇ ਬਾਵਜੂਦ ਹਸਪਤਾਲ ਨਹੀਂ ਆ ਰਹੇ ਸਨ।"
ਯੂਕੇ ਦੀ ਬ੍ਰੈਸਟ ਕੈਂਸਰ ਨਾਉ ਨਾਮਕ ਚੈਰਿਟੀ ਸੰਸਥਾ ਮੁਤਾਬਿਕ ਕੋਵਿਡ-19 ਮਹਾਂਮਾਰੀ ਦੌਰਾਨ ਕਰੀਬ ਦਸ ਲੱਖ ਬਰਤਾਨਵੀਂ ਔਰਤਾਂ ਨੂੰ ਆਪਣੀ ਸਾਲਾਨਾਂ ਬ੍ਰੈਸਟ ਕੈਂਸਰ ਸਕਰੀਨਿੰਗ ਜਾਂਚ ਛੱਡਣੀ ਪਈ ਅਤੇ ਅਮਰੀਕਾ ਤੇ ਯੂਰਪ ਤੋਂ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ
ਭਾਰਤ ਵਿੱਚ ਛਾਤੀ ਕੈਂਸਰ ਦੀ ਸਥਿਤੀ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ ਕਿਉਂਕਿ ਪਹਿਲਾਂ ਹੀ ਇਸਦੀ ਪ੍ਰਤੀਸ਼ਤਤਾ ਔਰਤਾਂ ਵਿੱਚ ਜ਼ਿਆਦਾ ਹੈ ਅਤੇ ਜਾਣਕਾਰਾਂ ਦਾ ਮੰਨਨਾ ਹੈ ਕਿ ਅਗਲੇ ਦਸ ਸਾਲਾਂ ਵਿੱਚ ਬ੍ਰੈਸਟ ਕੈਂਸਰ ਬਾਕੀ ਸਭ ਕੈਂਸਰਾਂ ਨੂੰ ਪਿੱਛੇ ਛੱਡ ਸਕਦਾ ਹੈ।

ਭਾਰਤ ਵਿੱਚ ਕੈਂਸਰ ਖੋਜ ਨਾਲ ਸ਼ੁਰੂਆਤ ਤੋਂ ਜੁੜੇ ਰਹੇ ਅਤੇ ਗੰਗਾਰਾਮ, ਅਪੋਲੋ ਅਤੇ ਆਰਟੇਮਿਸ ਵਰਗੇ ਹਸਪਤਾਲਾਂ ਵਿੱਚ ਔੰਕੋਲੋਜੀ ਵਿਭਾਗ ਦੀ ਲਗਾਮ ਸੰਭਾਲ ਚੁੱਕੇ ਡਾ. ਰਾਕੇਸ਼ ਚੋਪੜਾ ਕਹਿੰਦੇ ਹਨ, "ਸਾਲ 2019 ਦੇ ਮੁਕਾਬਲੇ ਇਸ ਸਾਲ ਅੱਧੇ ਤੋਂ ਵੀ ਘੱਟ ਕੈਂਸਰ ਆਪਰੇਸ਼ਨ ਹੋਏ ਅਤੇ ਇਨਾਂ ਵਿੱਚ ਛਾਤੀ ਦੇ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਬਹੁਤ ਹੈ।"
ਉਨ੍ਹਾਂ ਨੇ ਕਿਹਾ ਕਿ, "ਕੈਂਸਰ ਦੇ ਮਰੀਜ਼ਾਂ ਦੀ ਇਮੀਊਨਿਟੀ ਯਾਨੀ ਬੀਮਾਰੀਆਂ ਨਾਲ ਲੜਨ ਦੀ ਸਰੀਰਕ ਸਮਰੱਥਾ ਦੂਸਰਿਆਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਇਸ ਡਰ ਤੋਂ ਇਲਾਵਾ ਜੇ ਛਾਤੀ ਦੇ ਕੈਂਸਰ ਦੇ ਲਿਹਾਜ਼ ਤੋਂ ਦੇਖੀਏ ਤਾਂ ਅੱਜ ਵੀ ਪੇਂਡੂ ਖੇਤਰਾਂ ਜਾਂ ਛੋਟੇ ਸ਼ਹਿਰਾਂ ਵਿੱਚ ਔਰਤਾਂ ਖ਼ਾਸ ਕਰ ਵਿਆਹੀਆਂ ਹੋਈਆਂ, ਆਪਣੀਆਂ ਬੀਮਾਰੀਆਂ ਤੋਂ ਜ਼ਿਆਦਾ ਆਪਣੇ ਪਰਿਵਾਰ, ਬੱਚਿਆਂ ਵੱਲ ਧਿਆਨ ਦਿੰਦੀਆਂ ਹਨ। ਉਪਰੋਂ ਕੋਰੋਨਾਵਾਇਰਸ ਦਾ ਡਰ ਬਣਿਆ ਰਿਹਾ ਜਿਸ ਨਾਲ ਹਾਲਾਤ ਹੋਰ ਖ਼ਰਾਬ ਹੁੰਦੇ ਚਲੇ ਗਏ।"
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਉ ਦੇ ਰਹਿਣ ਵਾਲੇ ਅਨੁਪਮਾ (ਬਦਲਿਆ ਹੋਇਆ ਨਾਮ) ਦੋ ਸਾਲ ਪਹਿਲਾਂ ਆਪਣਾ ਇਲਾਜ ਕਰਵਾਉਣ ਸ਼ਹਿਰ ਦੇ ਸੰਜੇ ਗਾਂਧੀ ਪੀਜੀਆਈ ਹਸਪਤਾਲ ਜਾਇਆ ਕਰਦੇ ਸਨ।
ਗੱਲਾਂ ਗੱਲਾਂ ਵਿੱਚ ਇੱਕ ਦਿਨ ਉਨ੍ਹਾਂ ਨੇ ਆਪਣੀ ਸੱਸ ਦੀ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰ ਨੂੰ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਉਨ੍ਹਾਂ ਦਾ ਭਾਰ ਆਪਣੇ-ਆਪ ਸਾਢੇ ਚਾਰ ਕਿਲੋ ਘੱਟ ਹੋਇਆ ਹੈ।

ਤਸਵੀਰ ਸਰੋਤ, Science Photo Library
ਡਾਕਟਰ ਨੇ ਤੁਰੰਤ ਉਨ੍ਹਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਸਰੀਰ ਵਿੱਚ ਕਈ ਹਿੱਸਿਆਂ ਵਿੱਚ ਛੋਟੀਆਂ ਛੋਟੀਆਂ ਗੰਢਾਂ ਮਿਲਣ ਤੋਂ ਬਾਅਦ ਉਸੇ ਸ਼ਾਮ ਮੈਮੋਗ੍ਰਾਫ਼ੀ ਕਰਵਾਈ ਤਾਂ ਉਨ੍ਹਾਂ ਨੂੰ ਸਟੇਜ-3 ਬ੍ਰੈਸਟ ਕੈਂਸਰ ਨਿਕਲਿਆ।
ਛਾਤੀ ਕੱਟਣ ਦੀ ਸਰਜਰੀ ਤੋਂ ਬਾਅਦ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦਿੱਤੀ ਗਈ ਪਰ ਇਸ ਸਾਲ ਫ਼ਰਵਰੀ ਵਿੱਚ ਹੋਈ ਸਕੈਨ ਵਿੱਚ ਦੁਬਾਰਾ ਕੈਂਸਰ ਸੈੱਲ ਨਜ਼ਰ ਆਏ।
ਇਸ ਵਾਰ ਉਨ੍ਹਾਂ ਦਾ ਇਲਾਜ ਦਿੱਲੀ ਵਿੱਚ ਸ਼ੁਰੂ ਹੋਇਆ ਪਰ ਇਸੇ ਦੌਰਾਨ ਲੌਕਡਾਊਨ ਦਾ ਐਲਾਨ ਹੋ ਗਿਆ ਅਤੇ ਇਲਾਜ਼ ਰੋਕਣਾ ਪਿਆ।
ਅਨੂਪਮਾ ਨੇ ਦੱਸਿਆ, "ਜੂਨ ਦੇ ਪਹਿਲੇ ਹਫ਼ਤੇ ਵਿੱਚ ਦਿੱਲੀ ਦੇ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਵਿੱਚ ਆਉਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਕੈਂਸਰ ਹੁਣ ਫ਼ੇਫੜਿਆਂ ਤੱਕ ਫ਼ੈਲ ਚੁੱਕਾ ਸੀ। ਹਾਲਾਂਕਿ ਕੁਝ ਕੈਂਸਰ ਮਰੀਜ਼ਾਂ ਦਾ ਇਲਾਜ ਲੌਕਡਾਊਨ ਵਿੱਚ ਵੀ ਹੁੰਦਾ ਰਿਹਾ ਪਰ ਸ਼ਾਇਦ ਅਸੀਂ ਲੋਕ ਹੀ ਜ਼ਿਆਦਾ ਡਰ ਗਏ ਸੀ। ਹੁਣ ਪਤਾ ਨਹੀਂ ਕੀ ਹੋਵੇਗਾ?"
ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਛਾਤੀ ਕੈਂਸਰ ਦੇ ਮਾਹਰ ਡਾ. ਆਰ ਸਰੀਨ ਮੁਤਾਬਿਕ, "ਲੌਕਡਾਊਨ ਤੋਂ ਪਹਿਲਾਂ ਤੱਕ ਹਰ ਮਹੀਨੇ ਕਰੀਬ 200 ਛਾਤੀ ਦੇ ਕੈਂਸਰ ਦੇ ਮਰੀਜ਼ ਸਾਡੇ ਕੋਲ ਇਥੇ ਇਲਾਜ ਤੋਂ ਬਾਅਦ ਦੇ ਫ਼ੌਲੋਅੱਪ ਲਈ ਆਉਂਦੇ ਸਨ ਪਰ ਹੁਣ ਇਨਾਂ ਵਿੱਚ 70 ਫ਼ੀਸਦ ਗਿਰਾਵਟ ਦਿਖੀ ਹੈ।"

ਤਸਵੀਰ ਸਰੋਤ, SIRONA DIAGNOSTICS
ਭਾਰਤ ਵਿੱਚ ਕੋਰੋਨਾਵਾਇਰਸ ਫ਼ੈਲਣ ਦੇ ਸ਼ੁਰੂਆਤੀ ਦਿਨਾਂ ਵਿੱਚ ਮਰੀਜ਼ਾਂ ਦੇ ਨਾਮ ਪਤੇ ਜਨਤਕ ਕਰਨ ਦੌਰਾਨ ਛਾਤੀ ਦੇ ਕੈਂਸਰ ਵਰਗੀ ਆਮ ਹੁੰਦੀ ਬੀਮਾਰੀ ਨੂੰ ਵੀ ਵੱਡਾ ਝਟਕਾ ਲੱਗਿਆ। ਸਪੱਸ਼ਟ ਹੈ ਇਸ ਵਿੱਚ ਜਾਗਰੂਕਤਾ ਦੀ ਬਹੁਤ ਲੋੜ ਹੈ ਜਿਸ 'ਤੇ ਪਿਛਲੇ ਕੁਝ ਸਾਲਾਂ ਤੋਂ ਕੰਮ ਤਾਂ ਜਾਰੀ ਹੈ ਪਰ ਅਸਰ ਹਾਲੇ ਵੀ ਘੱਟ ਨਜ਼ਰ ਆਉਂਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੱਛਮੀ ਦਿੱਲੀ ਵਿੱਚ ਰਹਿਣ ਵਾਲੇ ਸ਼ਮੀਮ ਖ਼ਾਨ ਨੇ ਜਿਸ ਦੌਰਾਨ ਉਨ੍ਹਾਂ ਦੇ ਆਪਣੇ ਪਰਿਵਾਰ ਵਿੱਚ ਇਸ ਬੀਮਾਰੀ ਨੇ ਦਸਤਕ ਦਿੱਤੀ, ਇੱਕ ਕੈਂਸਰ ਸਹਾਇਤਾ ਗਰੁੱਪ ਦੀ ਸ਼ੁਰੂਆਤ ਕੀਤੀ।
ਸ਼ਮੀਮ ਦੱਸਦੇ ਹਨ, "ਛਾਤੀ ਦਾਂ ਕੈਂਸਰ ਹੋਵੇ ਤਾਂ ਭਾਰਤ ਵਿੱਚ ਅੱਜ ਵੀ ਇਸ 'ਤੇ ਪਰਦਾ ਰੱਖਿਆ ਜਾਂਦਾ ਹੈ। ਇੱਕ ਤਾਂ ਸਾਡੇ ਵਿੱਚ ਝਿਜਕ ਬਹੁਤ ਹੈ, ਸ਼ਰਮ ਬਹੁਤ ਹੈ, ਅਸੀਂ ਡਾਕਟਰ ਨੂੰ ਨਹੀਂ ਦੱਸਦੇ, ਆਪਣੇ ਘਰਾਂ ਵਿੱਚ ਵੀ ਨਹੀਂ ਦੱਸਦੇ ਕਿ ਛਾਤੀ ਦਾ ਕੈਂਸਰ ਹੋਇਆ ਹੈ। ਜਦੋਂ ਹੁੰਦਾ ਹੈ ਤਾਂ ਇੱਧਰ ਉੱਧਰ, ਹਕੀਮ-ਵਕੀਮ ਕੋਲ ਜਾਂਦੇ ਹਾਂ। ਯਾਨੀ ਜਾਗਰੁਕਤਾ ਦੀ ਕਮੀ ਹੈ।"
ਲਿਮਫ਼ੋਮਾ ਸਹਾਇਤਾ ਗਰੁੱਪ ਦੇ ਸਹਿ ਸੰਸਥਾਪਕ ਸ਼ਮੀਮ ਨੇ ਕਿਹਾ, "ਮੈਂ ਝੁੱਗੀ ਝੌਂਪੜੀਆਂ ਵਿੱਚ ਕੰਮ ਕਰਦੀ ਹਾਂ ਅਤੇ ਅੱਜ ਵੀ ਔਰਤਾਂ ਕਹਿੰਦੀਆਂ ਹਨ,ਅਸੀਂ ਆਪਣੀ ਛਾਤੀ ਕਿਵੇਂ ਦਿਖਾਈਏ, ਕਿਵੇਂ ਦੱਸੀਏ ਕਿ ਉਸ ਵਿੱਚੋਂ ਖ਼ੂਨ ਰਿਸ ਰਿਹਾ ਹੈ ਜਾਂ ਬਦਲਾਅ ਹੋ ਰਹੇ ਹਨ।"

ਤਸਵੀਰ ਸਰੋਤ, Science Photo Library
ਆਸ ਦੀ ਕਿਰਨ
ਯੂਕੇ ਦੇ ਮਸ਼ਹੂਰ ਰਸਾਲੇ 'ਦ ਲੈਂਸੇਟ' ਮੁਤਾਬਿਕ ਭਾਰਤ ਵਿੱਚ ਹਰ ਸਾਲ ਕੈਂਸਰ ਦੇ ਤਕਰੀਬਨ ਦਸ ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਕੋਰੋਨਾ ਕਾਲ ਵਿੱਚ ਇਨਾਂ 'ਤੇ ਗਹਿਰਾ ਅਸਰ ਪਵੇਗਾ।
ਪਰ ਹਸਪਤਾਲਾਂ ਅਤੇ ਮਾਹਰਾਂ ਨੇ ਇਸ ਦੌਰਾਨ ਕੈਂਸਰ ਇਲਾਜ ਵਿੱਚ ਵੀ ਕੁਝ ਸਫ਼ਲ ਪ੍ਰਯੋਗ ਕੀਤੇ ਹਨ।
ਡਾ. ਵੇਦਾਂਤ ਕਾਬਰਾ ਮੁਤਾਬਿਕ, "ਭਾਰਤੀ ਔਰਤਾਂ ਵਿੱਚ ਛਾਤੀ ਅਤੇ ਸਰਵਾਈਕਲ ਕੈਂਸਰ ਸਭ ਤੋਂ ਜ਼ਿਆਦਾ ਹੈ ਅਤੇ ਮਾਹਰਾਂ ਨੇ ਕੋਰੋਨਾਵਾਇਰਸ ਨੂੰ ਦੇਖਦੇ ਹੋਏ ਇਲਾਜ ਵਿੱਚ ਜ਼ਰੂਰੀ ਬਦਲਾਅ ਕੀਤੇ ਹਨ। ਮਰੀਜ਼ਾਂ ਦੇ ਹਸਪਤਾਲ ਆਉਣ ਵਿੱਚ ਕਮੀ ਲਿਆਉਣ ਤੋਂ ਲੈ ਕੇ ਥੈਰੇਪੀ ਦੇਣ ਦੀ ਗਿਣਤੀ ਤੋਂ ਇਲਾਵਾ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣਾ ਕਿ ਸਰਜਰੀ ਕਰਨਾ ਸੁਰੱਖਿਅਤ ਹੈ, ਉਸ ਤੋਂ ਬਚਣ ਵਿੱਚ ਨੁਕਸਾਨ ਵੱਧ ਹੈ।"
ਡਾਕਟਰ ਰਾਕੇਸ਼ ਚੋਪੜਾ ਮੁਤਾਬਿਕ, "ਕੋਰੋਨਾ ਦੌਰ ਵਿੱਚ ਹੀ ਕੈਂਸਰ ਮਾਹਰਾਂ ਦਾ ਇੱਕ ਵੱਡਾ ਗਰੁੱਪ ਬਣਾਇਆ ਗਿਆ, ਖ਼ਾਸਤੌਰ 'ਤੇ ਉਨ੍ਹਾਂ ਮਰੀਜ਼ਾਂ ਲਈ ਜੋ ਦੂਰ ਦਰਾਡੇ ਤੋਂ ਦਿੱਲੀ ਜਾਂ ਮੁੰਬਈ ਜਾਂ ਵੱਡੇ ਸ਼ਹਿਰਾਂ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਸਨ। ਭਾਵੇਂ ਉਨ੍ਹਾਂ ਕੋਲ ਸੁਵਿਧਾਵਾਂ ਦਾ ਪੱਧਰ ਵੱਡੇ ਸ਼ਹਿਰਾਂ ਵਰਗਾ ਨਾ ਹੋਵੇ ਪਰ ਅਸੀਂ ਲੋਕ ਉਨ੍ਹਾਂ ਦੇ ਸਥਾਨਕ ਡਾਕਟਰਾਂ ਨਾਲ ਲਗਾਤਾਰ ਗੱਲ ਕਰਦੇ ਹੋਏ, ਇਹ ਕੋਸ਼ਿਸ਼ ਕਰਦੇ ਹਾਂ ਕਿ ਇਲਾਜ ਵਿੱਚ ਰੁਕਾਵਟ ਨਾ ਆਏ।"
ਭਾਰਤ ਸਰਕਾਰ ਦੀ ਆਯੁਸ਼ਮਾਨ ਸਿਹਤ ਯੋਜਨਾ ਤਹਿਤ ਸਾਲ 2020 ਦੀ ਸ਼ੁਰੂਆਤ ਤੱਕ, ਤਕਰੀਬਨ 70 ਲੱਖ ਔਰਤਾਂ ਛਾਤੀ ਕੈਂਸਰ ਅਤੇ 30 ਲੱਖ ਔਰਤਾਂ ਦੀ ਸਰਵਾਈਕਲ ਕੈਂਸਰ ਲਈ ਸਕਰੀਨਿੰਗ ਜਾਂ ਜਾਂਚ ਹੋ ਚੁੱਕੀ ਹੈ।

ਤਸਵੀਰ ਸਰੋਤ, SPL
ਤਕਰੀਬਨ ਹਰ ਕੈਂਸਰ ਮਾਹਰ ਦੀ ਇਹ ਧਾਰਨਾ ਹੈ ਕਿ ਇਸ ਨੂੰ ਹੁਣ ਕਈ ਗੁਣਾ ਤੇਜ਼ੀ ਨਾਲ ਵਧਾਉਣ ਦੀ ਲੋੜ ਹੈ।
ਵੈਸੇ ਭਾਰਤ ਸਰਕਾਰ ਨੇ ਇਸ ਗੱਲ ਨੂੰ ਵੀ ਸ਼ੁਰੂ ਵਿੱਚ ਹੀ ਸਪੱਸ਼ਟ ਕਹਿ ਰੱਖਿਆ ਹੈ ਕਿ ਮਰੀਜ਼ਾਂ ਦੀ ਆਵਾਜਾਈ ਜਾਂ ਇਲਾਜ 'ਤੇ ਲੌਕਡਾਊਨ ਜਾਂ ਉਸ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਲਗਾਈ ਜਾਏਗੀ। ਪਰ ਜਾਣਕਾਰਾਂ ਦਾ ਮੰਨਨਾ ਹੈ ਕਿ ਸਰਕਾਰ ਨੂੰ ਵੀ ਕੋਰੋਨਾ ਤੋਂ ਇੱਕ ਸਬਕ ਲੈਣ ਦੀ ਲੋੜ ਹੈ।
ਡਾ. ਰਾਕੇਸ਼ ਚੋਪੜਾ ਕਹਿੰਦੇ ਹਨ, "ਸਰਕਾਰ ਨੇ ਜਿਵੇਂ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਉਣ ਦੀ ਮੁਹਿੰਮ ਪੂਰੇ ਦੇਸ ਵਿੱਚ ਚਲਾਈ ਉਸ ਨਾਲ ਜਾਗਰੂਕਤਾ ਰਾਤੋ ਰਾਤ ਵੱਧੀ ਅਤੇ ਕਾਮਯਾਬ ਸਾਬਿਤ ਹੋਈ। ਛਾਤੀ ਦੇ ਕੈਂਸਰ ਵਰਗੀਆਂ ਬੀਮਾਰੀਆਂ ਬਾਰੇ ਵੀ ਜੇ ਇਸਦਾ 50 ਫ਼ੀਸਦ ਵੀ ਦੋਹਰਾ ਲੈਣਗੇ ਤਾਂ ਵੀ ਛਾਤੀ ਦੇ ਕੈਂਸਰ ਦੀ ਆਉਣ ਵਾਲੀ ਸੁਨਾਮੀ ਤੋਂ ਬਚਿਆ ਜਾ ਸਕੇਗਾ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












